ਅੱਜ ਜੇ ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਵਿਕਾਸ ਦੇ ਨਾਂ ’ਤੇ ਰੱੁਖਾਂ ਦੀ ਧੜਾਧੜ ਕਟਾਈ ਕੀਤੀ ਜਾ ਰਹੀ ਹੈ। ਸੜਕਾਂ ਨੂੰ ਖੁੱਲ੍ਹਾ ਕਰਨ ਅਤੇ ਪੁਲ ਬਣਾਉਣ ਕਰਕੇ ਸੜਕਾਂ ਦੇ ਆਸੇ-ਪਾਸੇ ਸਾਲਾਂ ਪੁਰਾਣੇ ਵਿਸ਼ਾਲ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ।
ਪੁਰਾਣੇ ਤੋਂ ਪੁਰਾਣੇ ਰੁੱਖਾਂ ਨੂੰ ਬਹੁਤ ਹੀ ਆਸਾਨੀ ਨਾਲ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਕੱਟ ਕੇ ਮਿੰਟਾਂ ਵਿਚ ਢੇਰ ਕਰ ਦਿੱਤਾ ਜਾ ਰਿਹਾ ਹੈ।
ਪੰਜਾਬ ਵਿਚ ਵੀ ਹੁਣ ਜੰਗਲਾਤ ਅਧੀਨ ਰਕਬਾ ਬਹੁਤ ਘੱਟ ਰਿਹਾ ਹੈ। ਹਰ ਸਾਲ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਨੂੰ ਮਨਾਉਣ ਲਈ ਬੂਟੇ ਲਾਉਣਾ ਸਿਰਫ਼ ਇਕ ਸ਼ੋਸ਼ੇਬਾਜ਼ੀ ਹੁੰਦੀ ਹੈ ਜਦ ਤਕ ਉਨ੍ਹਾਂ ਬੂਟਿਆਂ ਦੀ ਪੂਰੀ ਸੰਭਾਲ ਨਾ ਕੀਤੀ ਜਾਵੇ। ਦੇਖਿਆ ਜਾਵੇ ਤਾਂ ਲੋਹੇ ਤੋਂ ਤਿਆਰ ਹੋਣ ਵਾਲਾ ਸਾਮਾਨ ਬਹੁਤ ਮਹਿੰਗਾ ਹੋਣ ਕਰਕੇ ਹੁਣ ਲੱਕੜੀ ਦਾ ਸਾਮਾਨ ਬਹੁਤ ਜ਼ਿਆਦਾ ਬਣਨ ਲੱਗ ਪਿਆ ਹੈ, ਜਿਸ ਕਰਕੇ ਰੁੱਖਾਂ ਦੀ ਨਿਰੰਤਰ ਕਟਾਈ ਹੋਣ ਲੱਗ ਪਈ ਹੈ।
ਸਾਡੀ ਸ਼ਿ੍ਰਸ਼ਟੀ ਵਿਚ ਬਹੁਤ ਸਾਰੇ ਪਸ਼ੂ-ਪੰਛੀ ਅਤੇ ਹੋਰ ਜੀਵ-ਜੰਤੂ ਹਨ, ਜੋ ਸਿਰਫ਼ ਇਨ੍ਹਾਂ ਰੁੱਖਾਂ ’ਤੇ ਹੀ ਆਪਣੇ ਜੀਵਨ ਨੂੰ ਬਿਤਾਉਂਦੇ ਹਨ। ਬਰਸਾਤ ਹੋਣ ਪਿੱਛੇ ਵੀ ਇਨ੍ਹਾਂ ਰੁੱਖਾਂ ਦਾ ਹੀ ਵੱਡਾ ਸਹਿਯੋਗ ਹੁੰਦਾ ਹੈ। ਹੁਣ ਕੁਝ ਰੁੱਖ ਲਾਏ ਤਾਂ ਜਾਂਦੇ ਹਨ ਪਰ ਵੱਡੇ ਰੁੱਖਾਂ ਨੂੰ ਕੱਟ ਕੇ ਸੜਕਾਂ ਦੇ ਆਲੇ-ਦੁਆਲੇ ਛੋਟੇ ਅਤੇ ਝਾੜੀਆਂ ਵਰਗੇ ਬੂਟੇ ਲਾਏ ਜਾ ਰਹੇ ਹਨ, ਜਿਨਾਂ ਦਾ ਸਾਡੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਲਾਭ ਨਹੀਂ ਮਿਲਦਾ।
ਕਾਗ਼ਜ਼ ਦੀ ਵਰਤੋਂ ਵਿਚ ਵਾਧਾ ਹੋਣ ਕਰਕੇ ਵੀ ਰੁੱਖਾਂ ਦੀ ਕਟਾਈ ਵਿਚ ਵਾਧਾ ਹੋ ਰਿਹਾ ਹੈ। ਪਰਿਵਾਰਾਂ ਦੇ ਛੋਟੇ ਹੋਣ ਅਤੇ ਸਾਂਝੇ ਪਰਿਵਾਰ ਖ਼ਤਮ ਹੋਣ ਕਰਕੇ ਵੀ ਇਮਾਰਤਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ, ਜਿਸ ਕਰਕੇ ਰੁੱਖਾਂ ਦੀ ਨਿਰੰਤਰ ਕਟਾਈ ਕੀਤੀ ਜਾ ਰਹੀ ਹੈ। ਹੁਣ ਤਾਂ ਪੰਜਾਬ ਦੇ ਪਿੰਡਾਂ ਵਿਚ ਵੀ ਲੋੜ ਹੈ ਕਿ ਖੇਤਾਂ ਦੇ ਚਾਰ-ਚੁਫੇਰੇ ਵੀ ਵਧੇਰੇ ਰੁੱਖ ਲਾਏ ਜਾਣ ਤਾਂ ਜੋ ਸਾਡੇ ਪੰਜਾਬ ਦਾ ਵਾਤਾਵਰਨ ਸਾਫ਼-ਸੁਥਰਾ ਤੇ ਸਿਹਤਮੰਦ ਹੋਵੇ। ਸ਼ਹਿਰਾਂ ਵਿਚ ਇਨ੍ਹਾਂ ਰੁੱਖਾਂ ਨੂੰ ਲਾਉਣ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸ਼ਹਿਰਾਂ ਵਿਚ ਪ੍ਰਦੂਸ਼ਣ ਜ਼ਿਆਦਾ ਫੈਲਦਾ ਹੈ। ਸੜਕਾਂ ’ਤੇ ਚੱਲਦੇ ਵਾਹਨ ਤੇ ਫੈਕਟਰੀਆਂ ਦਾ ਧੂੰਆਂ ਸਾਡੇ ਵਾਤਾਵਰਨ ਨੂੰ ਦਿਨ-ਰਾਤ ਪਲੀਤ ਕਰਦਾ ਰਹਿੰਦਾ ਹੈ।
ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਵੀ ਕਿਤੇ ਨਾ ਕਿਤੇ ਰੁੱਖਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਸੜਕਾਂ ਨੂੰ ਚੌੜਾ ਕਰਨ ਲਈ ਵੀ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕਿਸੇ ਘਰ ਵਿਚ ਜੇ ਪੁਰਾਣਾ ਰੁੱਖ ਲੱਗਿਆ ਹੋਵੇ ਤਾਂ ਨਵਾਂ ਕਮਰਾ ਪਾਉਣ ਲਈ ਉਸ ਪੁਰਾਣੇ ਲੱਗੇ ਰੁੱਖ ਨੂੰ ਕੱਟਣ ਦੀ ਨੌਬਤ ਆ ਜਾਂਦੀ ਹੈ। ਵੱਡੇ ਤੇ ਅਮੀਰ ਲੋਕਾਂ ਦੇ ਘਰਾਂ ਵਿਚ ਰੱੁਖਾਂ ਨੂੰ ਕੱਟ ਕੇ ਹੁਣ ਗਮਲਿਆਂ ਵਿਚ ਬੂਟੇ ਲਾਉਣ ਦਾ ਬਹੁਤ ਚਲਨ ਚੱਲ ਪਿਆ ਹੈ। ਭਾਵੇਂ ਸਾਡਾ ਵਣ ਵਿਭਾਗ ਨਵੇਂ ਬੂਟੇ ਲਾਉਣ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਪਰ ਇਸ ਦੇ ਨਾਲ-ਨਾਲ ਹੁਣ ਕੁਝ ਗ਼ੈਰ- ਸਰਕਾਰੀ ਸੰਸਥਾਵਾਂ ਵੱਲੋਂ ਵੀ ਰੁੱਖ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਸਾਡਾ ਵਾਤਾਵਰਨ ਸਾਫ਼-ਸੁਥਰਾ ਬਣਾਇਆ ਜਾ ਸਕੇ।
ਕੁਝ ਸੰਸਥਵਾਵਾਂ ਵਿਚ ਕੰਮ ਕਰ ਰਹੇ ਲੋਕ ਮਸ਼ਹੂਰ ਹੋਣ ਲਈ ਬਸ ਬੂਟੇ ਲਾ ਤਾਂ ਰਹੇ ਹਨ ਪਰ ਉਨ੍ਹਾਂ ਬੂਟਿਆਂ ਦੀ ਸੰਭਾਲ ਲਈ ਉਹ ਆਪਣੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਸ ਕਾਰਨ ਉਹ ਛੋਟੇ ਬੂਟੇ ਜਾਂ ਤਾਂ ਕੋਈ ਜਾਨਵਰ ਖਾ ਜਾਂਦਾ ਹੈ ਅਤੇ ਜਾਂ ਕਿਸੇ ਵਹੀਕਲ ਦੇ ਟਕਰਾਉਣ ਨਾਲ ਉਹ ਬੂਟਾ ਦਮ ਤੋੜ ਜਾਂਦਾ ਹੈ। ਕਈ ਵਾਰ ਤਾਂ ਪਾਣੀ ਨਾ ਮਿਲਣ ਕਰਕੇ ਛੋਟੇ ਬੂਟੇ ਮਰ ਜਾਂਦੇ ਹਨ। ਸਰਕਾਰ ਭਾਵੇਂ ਬਹੁਤ ਕੁਝ ਇਸ ਬਾਰੇ ਸੋਚ ਤੇ ਕਰ ਰਹੀ ਹੈ ਪਰ ਅਜੇ ਇਹ ਸਭ ਬਹੁਤ ਘੱਟ ਹੈ। ਸਰਕਾਰ ਨੂੰ ਇਸ ਪ੍ਰਤੀ ਹੋਰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਹੈ।
ਗ਼ੈਰ- ਕਾਨੂੰਨੀ ਢੰਗ ਨਾਲ ਰੁੱਖਾਂ ਦੀ ਕਟਾਈ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਮਜ਼ਬੂਤ ਕਾਨੂੰਨ ਲਾਗੂ ਕਰ ਕੇ ਅਪਰਾਧੀਆਂ ਨੂੰ ਬਣਦੀ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਜ਼ਰੂਰੀ ਹੈ। ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਤੇ ਕੁਦਰਤੀ ਢੰਗ ਨਾਲ ਮਨੁੱਖ ਦੀ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਘੱਟੋ-ਘੱਟ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਸਲਾਮ ਹੈ ਉਨ੍ਹਾਂ ਵਾਤਾਵਰਨ ਪ੍ਰੇਮੀਆਂ ਨੂੰ ਜੋ ਬਿਨਾਂ ਕਿਸੇ ਲਾਲਚ ਤੋਂ ਬੂਟੇ ਲਾ ਰਹੇ ਹਨ ਅਤੇ ਹੋਰ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਘਰਾਂ ਵਿਚ ਹੋਰ ਨਹੀਂ ਤਾਂ ਕੋਈ ਫ਼ਲਦਾਰ ਰੁੱਖ ਹੀ ਲਾ ਦੇਣਾ ਚਾਹੀਦਾ ਹੈ ਤਾਂ ਜੋ ਸ਼ੁੱਧ ਹਵਾ ਦੇ ਨਾਲ- ਨਾਲ
ਕੁਦਰਤੀ ਅਤੇ ਮੌਸਮੀ ਫ਼ਲ ਵੀ ਖਾਣ ਨੂੰ ਮਿਲਦੇ ਰਹਿਣ।
ਨਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ ’ਤੇ ਵੀ ਰੁੱਖ ਲਾਉਣ ਲਈ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਜਿਸ ਤਰ੍ਹਾਂ ਹੁਣ ਮੌਸਮ ਬਹੁਤ ਗਰਮ ਹੋ ਰਿਹਾ ਹੈ, ਇਸ ਗਰਮੀਂ ਤੋਂ ਥੋੜ੍ਹੀ ਰਾਹਤ ਪਾਉਣ ਲਈ ਭਾਵ ਠੰਢੀ ਥਾਂ ਤੇ ਛਾਂ ਲਈ ਰੁੱਖਾਂ ਦੀ ਲੁਆਈ ਬਹੁਤ ਜ਼ਰੂਰੀ ਹੈ।
ਸਾਡੇ ਵਿੱਸਰ ਚੁੱਕੇ ਪੁਰਾਣੇ ਰੁੱਖ ਜਿਵੇਂ ਪਿੱਪਲ, ਬੋਹੜ, ਟਾਹਲੀ, ਨਿੰਮ, ਡੇਕ ਆਦਿ ਰੁੱਖਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਕੁਝ ਕਿਸਾਨਾਂ ਵੱਲੋਂ ਵਣ ਖੇਤੀ ਦੀ ਸ਼ੁਰੂਆਤ ਵੀ ਕੀਤੀ ਜਾਣ ਲੱਗੀ ਹੈ, ਜੋ ਭਾਵੇਂ ਪੁਰਾਣੇ ਰੁੱਖ ਵੱਢ ਕੇ ਵੇਚ ਦਿੰਦੇ ਹਨ ਪਰ ਉਸੇ ਸਮੇਂ ਓਨੇ ਹੀ ਨਵੇਂ ਰੁੱਖ ਵੀ ਜ਼ਰੂਰ ਲਾ ਦਿੰਦੇ ਹਨ। ਸ਼ਹਿਰਾਂ ਵਿਚ ਵੀ ਗਲੀਆਂ ਅਤੇ ਪਾਰਕਾਂ ਵਿਚ ਰੁੱਖਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਹੈ। ਧਾਰਮਿਕ ਸਥਾਨਾਂ ’ਤੇ ਵੀ ਰੁੱਖਾਂ ਨੂੰ ਲਾਇਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ।
ਰੁੱਖਾਂ ਦੀ ਘਾਟ ਕਾਰਨ ਆਈ ਆਕਸੀਜਨ ਦੀ ਕਮੀ
ਵਾਤਾਵਰਨ ਦੀ ਸ਼ੁੱਧਤਾ ਲਈ ਸਾਡੇ ਆਲੇ-ਦੁਆਲੇ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਜਿਸ ਦੀ ਅੱਜ ਦੇ ਸਮੇਂ ਵਿਚ ਵੱਡੀ ਘਾਟ ਦਿਖਾਈ ਦੇ ਰਹੀ ਹੈ। ਇਸ ਦਾ ਕਾਰਨ ਸਿਰਫ਼ ਇਹੀ ਹੈ ਕਿ ਮਨੁੱਖ ਆਪਣੇ ਸੁਆਰਥ ਅਤੇ ਆਰਥਿਕ ਮੁਨਾਫ਼ੇ ਲਈ ਰੱੁਖਾਂ ਦੀ ਕਟਾਈ ਤਾਂ ਕਰੀ ਜਾ ਰਿਹਾ ਹੈ ਪਰ ਇਸ ਦਾ ਹਰਜਾਨਾ ਸਾਨੂੰ ਆਪਣੀ ਜ਼ਿੰਦਗੀ ਦੇ ਕੇ ਚੁਕਾਉਣਾ ਪੈ ਰਿਹਾ ਹੈ। ਹਰ ਸਾਲ ਹਜ਼ਾਰਾਂ- ਲੱਖਾਂ ਬੂਟੇ ਨਵੇਂ ਲੱਗਦੇ ਹਨ ਪਰ ਇਨ੍ਹਾਂ ਬੂਟਿਆਂ ਦੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸੰਭਾਲ ਨਹੀਂ ਕੀਤੀ ਜਾਂਦੀ।
- ਦਿਨੇਸ਼ ਦਮਾਥੀਆ
94177-14390
Summary in English: Greenery visible all around