1. Home
  2. ਖੇਤੀ ਬਾੜੀ

ਕਿਸਾਨ, ਵਪਾਰੀ ਅਤੇ ਖਪਤਕਾਰ ਲਈ ਸਹਾਈ – ਐਗਮਾਰਕ

ਐਗਮਾਰਕ ਭਾਰਤ ਸਰਕਾਰ ਦੀ ਕਵਾਲਿਟੀ ਪ੍ਰਮਾਣਿਕਤਾ ਸਕੀਮ ਹੈ ਜਿਸ ਅਧੀਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ (ਬਾਗਬਾਨੀ, ਪਸ਼ੂ ਧੰਨ, ਮਧੂ ਮੱਖੀ ਪਾਲਣ) ਤੋਂ ਪ੍ਰਾਪਤ ਉਤਪਾਦਾਂ ਦੀ ਕਵਾਲਿਟੀ ਦੇ ਅਧਾਰ ਤੇ ਦਰਜਾਬੰਦੀ ਕਰਕੇ ਪੈਕਿੰਗ ਅਤੇ ਮਾਰਕਿੰਗ ਕਰਵਾਈ ਜਾਂਦੀ ਹੈ। ਇਹ ਸਕੀਮ ਕਾਨੂੰਨੀ ਤੌਰ ਤੇ ਐਗਰੀਕਲਚਰ ਪ੍ਰੋਡਿਊਸ (ਗ੍ਰੇਡਿੰਗ ਐਂਡ ਮਾਰਕਿੰਗ) ਐਕਟ 1937 ਅਧੀਨ ਸ਼ੁਰੂ ਕੀਤੀ ਗਈ ਸੀ ।

KJ Staff
KJ Staff

Punjab Farmers

ਐਗਮਾਰਕ ਭਾਰਤ ਸਰਕਾਰ ਦੀ ਕਵਾਲਿਟੀ ਪ੍ਰਮਾਣਿਕਤਾ ਸਕੀਮ ਹੈ ਜਿਸ ਅਧੀਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ (ਬਾਗਬਾਨੀ, ਪਸ਼ੂ ਧੰਨ, ਮਧੂ ਮੱਖੀ ਪਾਲਣ) ਤੋਂ ਪ੍ਰਾਪਤ ਉਤਪਾਦਾਂ ਦੀ ਕਵਾਲਿਟੀ ਦੇ ਅਧਾਰ ਤੇ ਦਰਜਾਬੰਦੀ ਕਰਕੇ ਪੈਕਿੰਗ ਅਤੇ ਮਾਰਕਿੰਗ ਕਰਵਾਈ ਜਾਂਦੀ ਹੈ। ਇਹ ਸਕੀਮ ਕਾਨੂੰਨੀ ਤੌਰ ਤੇ ਐਗਰੀਕਲਚਰ ਪ੍ਰੋਡਿਊਸ (ਗ੍ਰੇਡਿੰਗ ਐਂਡ ਮਾਰਕਿੰਗ) ਐਕਟ 1937 ਅਧੀਨ ਸ਼ੁਰੂ ਕੀਤੀ ਗਈ ਸੀ ।

ਐਗਮਾਰਕ ਦੀ ਜ਼ਰੂਰਤ

ਐਗਮਾਰਕ ਸਰਟੀਫਿਕੇਸ਼ਨ ਖਾਸ ਤੌਰ ਤੇ ਖਪਤਕਾਰਾਂ ਨੂੰ ਸ਼ੁੱਧ, ਮਿਆਰੀ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਸੀ ਕਿਉਂਕਿ ਸਾਡੇ ਦੇਸ਼ ਵਿੱਚ ਮਿਲਾਵਟਖੋਰੀ ਦਾ ਧੰਦਾ ਬਹੁਤ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਪਦਾਰਥਵਾਦ ਦੀ ਦੌੜ ਵਿੱਚ ਅੰਨ੍ਹਾ ਹੋਇਆ ਮਨੁੱਖ ਜ਼ਹਿਰਾਂ ਦਾ ਵਪਾਰੀ ਬਣ ਗਿਆਂ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਹੋਣ ਵਾਲੇ ਭੋਜਨ ਪਦਾਰਥਾਂ ਵਿੱਚ ਧੜੱਲੇ ਨਾਲ ਮਿਲਾਵਟ ਕਰਦਾ ਹੈ ਜੋ ਬਹੁਤ ਹੀ ਘਾਤਕ ਅਤੇ ਲਾਇਲਾਜ਼ ਬਿਮਾਰੀਆਂ ਦਾ ਕਾਰਣ ਬਣ ਰਹੀ ਹੈ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਖਾਦ ਪਦਾਰਥ ਜਿਵੇਂ ਕਿ ਸਰ੍ਹੋਂ ਦੇ ਤੇਲ ਵਿੱਚ ਆਰਜੀਮੋਨ ਤੇਲ, ਦੇਸੀ ਘਿਓ ਵਿੱਚ ਮਿਨਰਲ ਤੇਲ ਅਤੇ ਬਨਸਪਤੀ ਤੇਲ, ਹਲਦੀ ਵਿੱਚ ਲੈਡ ਕਰੋਮੇਟ, ਲਾਲ ਮਿਰਚਾਂ ਵਿੱਚ ਇੱਟਾਂ ਤੇ ਨਾਰੀਅਲ ਦਾ ਬੂਰਾ, ਦੁੱਧ ਵਿੱਚ ਯੂਰੀਆ, ਕਾਸਟਿਕ ਸੋਡਾ ਤੇ ਫਾਰਮਾਲਿਨ, ਫਲ ਅਤੇ ਸਬਜ਼ੀਆਂ ਵਿੱਚ ਨਕਲੀ ਰੰਗ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਜਿਵੇਂ ਕਿ ਅੰਧਰਾਤਾ, ਅਧਰੰਗ, ਦਿਲ ਦਾ ਦੌਰਾ, ਦਿਮਾਗ ਦੇ ਰੋਗ, ਨਾੜੀਆਂ ਅਤੇ ਅੰਤੜੀਆਂ ਦੇ ਰੋਗ ਆਦਿ ਦਾ ਮੁੱਖ ਕਾਰਣ ਬਣ ਰਹੀਆਂ ਹਨ ।

ਸਿਹਤ ਸਮੱਸਿਆਵਾਂ ਤੋਂ ਬਿਨ੍ਹਾਂ ਮਿਲਾਵਟਖੋਰੀ ਕਿਸੇ ਵੀ ਸੂਬੇ / ਰਾਜ ਦੀ ਨਿਰਯਾਤ ਸਮਰੱਥਾ ਲਈ ਵੀ ਘਾਤਕ ਹੈ, ਇਹ ਉਤਪਾਦਕਾਂ/ਕਿਸਾਨਾਂ ਵਿੱਚ ਨਿਰਾਸ਼ਤਾ ਪੈਦਾ ਕਰਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ਸ਼ੁੱਧ ਮਿਆਰੀ ਪਰੋਡਕਟਸ ਦਾ ਵੀ ਪੂਰਾ ਮੁੱਲ ਨਹੀਂ ਮਿਲਦਾ। ਵਪਾਰੀ ਲਈ ਵੀ ਮੰਡੀਕਰਨ ਦੀ ਸਮੱਸਿਆ ਵੱਧ ਜਾਂਦੀ ਹੈ। ਸੋ ਕਿਸਾਨਾਂ ਨੂੰ ਉਹਨਾਂ ਦੇ ਉਤਪਾਦਾਂ ਦਾ ਪੂਰਾ ਮੁੱਲ ਦਿਵਾਉਣ ਅਤੇ ਖਪਤਕਾਰਾਂ ਨੂੰ ਸ਼ੁੱਧ ਮਿਆਰੀ ਭੋਜਨ ਮੁਹੱਈਆ ਕਰਾਉਣ ਲਈ ਖਾਦ ਪਦਾਰਥਾਂ ਦੀ ਕਵਾਲਿਟੀ ਸਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ।

ਐਗਮਾਰਕ ਅਧੀਨ ਗ੍ਰੇਡ ਕੀਤੀਆਂ ਜਾਣ ਵਾਲੀਆਂ ਜਿਣਸਾਂ

ਭਾਰਤ ਵਿੱਚ ਐਗਮਾਰਕ ਸਕੀਮ ਤਹਿਤ ਖੇਤੀਬਾੜੀ, ਪਸ਼ੂਧੰਨ, ਬਾਗਬਾਨੀ ਅਤੇ ਬੀਕੀਪਿੰਗ ਆਦਿ ਨਾਲ ਸਬੰਧਿਤ ਲਗਭਗ 250 ਜਿਣਸਾਂ ਦੀ ਟੈਸਟਿੰਗ, ਦਰਜਾਬੰਦੀ, ਪੈਕਿੰਗ ਅਤੇ ਮਾਰਕਿੰਗ ਕੀਤੀ ਜਾਂਦੀ ਹੈ। ਇਹਨਾਂ ਜਿਣਸਾਂ ਵਿੱਚ ਮੁੱਖ ਤੌਰ ਤੇ ਅਨਾਜ, ਫ਼ਲ ਅਤੇ ਸਬਜ਼ੀਆਂ, ਮਸਾਲੇ, ਬਨਸਪਤੀ ਤੇਲ, ਤੇਲ ਬੀਜ, ਰੇਸ਼ੇਦਾਰ ਫ਼ਸਲਾਂ, ਖਾਣਯੋਗ ਗਿਰੀਆਂ, ਡੇਅਰੀ ਅਤੇ ਪੋਲਟਰੀ ਪ੍ਰੋਡਕਟਸ, ਤੇਲ ਕੇਕ, ਜ਼ਰੂਰੀ ਤੇਲ ਅਤੇ ਕਈ ਹੋਰ ਪ੍ਰੋਡਕਟਸ ਸ਼ਾਮਿਲ ਹਨ। ਇਸ ਅਧੀਨ ਦੋਨੋਂ ਤਰ੍ਹਾਂ ਦੇ ਪਰੋਡਕਟਸ; ਪ੍ਰੋਸੈਸਡ (ਆਟਾ, ਵੇਸਣ, ਤੇਲ, ਘਿਓ, ਮਸਾਲੇ, ਸ਼ਹਿਦ ਆਦਿ) ਅਤੇ ਸਾਬਤ (ਫ਼ਲ, ਸਬਜ਼ੀਆਂ, ਅਨਾਜ, ਦਾਲਾਂ, ਅੰਡੇ ਆਦਿ) ਦੀ ਗ੍ਰੇਡਿੰਗ ਅਤੇ ਪ੍ਰਮਾਣਿਕਤਾ ਦਿੱਤੀ ਜਾਂਦੀ ਹੈ ।

ਐਗਮਾਰਕ ਸਰਟੀਫਿਕੇਸ਼ਨ ਲੈਣ ਦੀ ਵਿਧੀ / ਤਰੀਕਾ

ਪੰਜਾਬ ਵਿੱਚ ਇਹ ਸਕੀਮ ਸੰਨ 1967 ਤੋਂ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸੈਕਸ਼ਨ ਦੀ ਦੇਖ ਰੇਖ ਵਿੱਚ ਚੱਲ ਰਹੀ ਹੈ। ਐਗਮਾਰਕ ਪ੍ਰਮਾਣਿਕਤਾ ਦੇ ਚਾਹਵਾਨ ਕਿਸਾਨ / ਪ੍ਰੋਸੈਸਰਜ਼ ਆਪਣੇ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਵਿੰਗ ਦੇ ਅਧਿਕਾਰੀਆਂ ਨਾਲ ਰਾਫ਼ਤਾ ਕਾਇਮ ਕਰਕੇ ਐਗਮਾਰਕ ਦਾ ਸੀ.ਏ.-ਸਰਟੀਫਿਕੇਟ ਆਫ ਆਥੋਰਾਈਜੇਸ਼ਨ (ਅਧਿਕਾਰ ਪੱਤਰ) ਪ੍ਰਾਪਤ ਕਰ ਸਕਦੇ ਹਨ। ਮਾਰਕੀਟਿੰਗ ਵਿੰਗ ਇਹ ਅਧਿਕਾਰ ਪੱਤਰ ਭਾਰਤ ਸਰਕਾਰ ਦੇ ਡੀ.ਐੱਮ.ਆਈ. (ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇਨਸਪੈਕਸ਼ਨ) ਵਿਭਾਗ ਵੱਲੋਂ ਜਾਰੀ ਕਰਵਾਉਂਦਾ ਹੈ। ਜਿਸ ਦੀ ਫੀਸ 10,000/- ਰੁਪਏ ਹੈ ਅਤੇ ਇਸ ਦੀ ਮਿਆਦ 5 ਸਾਲ ਦੀ ਹੈ ਜੋ ਬਾਅਦ ਵਿੱਚ ਰੀਨਿਊ ਕਰਵਾਇਆ ਜਾ ਸਕਦਾ ਹੈ। ਪੰਜਾਬ ਵਿੱਚ ਐਗਮਾਰਕ ਟੈਸਟਿੰਗ ਅਤੇ ਗ੍ਰੇਡਿੰਗ ਲਈ 3 ਲੈਬੋਰਟਰੀਆਂ ਅੰਮ੍ਰਿਤਸਰ, ਲੁਧਿਆਣਾ ਅਤੇ ਫਰੀਦਕੋਟ ਸਥਾਪਿਤ ਹਨ। ਅਧਿਕਾਰ ਪੱਤਰ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰਫਾਰਮਿਆਂ ਵਿੱਚ ਬਿਨੈ-ਪੱਤਰ, ਉਸ ਸਥਾਨ ਦਾ ਪਤਾ ਜਿੱਥੇ ਪ੍ਰੋਸੈਸਿੰਗ ਅਤੇ ਪੈਕਿੰਗ ਹੋਈ ਹੈ ਅਤੇ ਉਸ ਦੀ ਮਲਕੀਅਤ ਬਾਰੇ, ਪੈਕਿੰਗ ਮੈਟੀਰੀਅਲ ਅਤੇ ਪ੍ਰੋਡਕਟ ਤੇ ਲੱਗਣ ਵਾਲੇ ਬ੍ਰਾਂਡ ਨਾਮ, ਐਫ.ਐੱਸ.ਐੱਸ.ਏ.ਆਈ. ਨੰਬਰ ਦੀ ਜਾਣਕਾਰੀ ਦੇਣੀ ਹੁੰਦੀ ਹੈ। ਇਹ ਸਾਰੇ ਦਸਤਾਵੇਜ਼ ਡੀ.ਐੱਮ.ਆਈ. ਦੇ ਦਫ਼ਤਰ ਜਮ੍ਹਾਂ ਕਰਵਾਏ ਜਾਂਦੇ ਜੋ 15-20 ਦਿਨਾਂ ਦੇ ਅੰਦਰ ਉਤਪਾਦਕ / ਪ੍ਰੋਸੈਸਰ ਨੂੰ ਐਗਮਾਰਕ ਅਧਿਕਾਰ ਪੱਤਰ (ਸੀ.ਏ.) ਜਾਰੀ ਕਰ ਦਿੰਦੇ ਹਨ। ਇਹ ਸੀ.ਏ. ਨੰਬਰ ਉਸ ਦੇ ਪ੍ਰੋਡਕਟ ਦੀ ਹਰ ਪੈਕਿੰਗ ਉੱਪਰ ਪ੍ਰਿੰਟ ਹੋਵੇਗਾ ।

ਦਰਜਾਬੰਦੀ, ਪੈਕਿੰਗ ਅਤੇ ਮਾਰਕਿੰਗ

ਕਿਸਾਨ/ਪ੍ਰੋਸੈਸਰ ਨੂੰ ਅਧਿਕਾਰ ਪੱਤਰ ਇਸ਼ੂ ਹੋਣ ਤੋਂ ਬਾਅਦ ਮਾਰਕੀਟਿੰਗ ਸੈਕਸ਼ਨ ਵੱਲੋਂ ਉਹਨਾਂ ਦੇ ਪ੍ਰੋਡਕਟ ਲਾਟ ਵਿੱਚੋਂ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਨਿਰੀਖਣ ਲਈ ਭੇਜਿਆ ਜਾਂਦਾ ਹੈ ਜਿਸ ਦੀ ਫੂਡ ਐਕਟ ਅਨੁਸਾਰ ਟੈਸਟਿੰਗ ਅਤੇ ਗ੍ਰੇਡਿੰਗ ਹੁੰਦੀ ਹੈ। ਪ੍ਰੋਡਕਟ ਦੀ ਕਵਾਲਿਟੀ ਦੇ ਅਧਾਰ ਤੇ ਉਸ ਦੀ ਦਰਜਾਬੰਦੀ (ਸਪੈਸ਼ਲ ਗ੍ਰੇਡ/ਸਟੈਂਡਰਡ ਗ੍ਰੇਡ/ਗ੍ਰੇਡ 1/ਗ੍ਰੇਡ 2) ਕੀਤੀ ਜਾਂਦੀ ਹੈ । ਮਾਰਕੀਟਿੰਗ ਸੈਕਸ਼ਨ ਦੇ ਅਧਿਕਾਰੀਆਂ ਦੀ ਦੇਖ-ਭਾਲ ਵਿੱਚ ਉਸ ਲਾਟ ਦੀ ਪੈਕਿੰਗ ਅਤੇ ਲੇਬਲੰਿਗ ਹੁੰਦੀ ਹੈ। ਹਰ ਪੈਕ ਉੱਪਰ ਲਬਾਰਟਰੀ ਵੱਲੋਂ ਜਾਰੀ ਕੀਤਾ ਲਾਟ ਨੰਬਰ, ਗ੍ਰੇਡ, ਡੇਟ ਪੈਕਿੰਗ, ਡੇਟ ਆਫ ਐਕਸਪਾਇਰੀ, ਪ੍ਰੋਡਕਟ ਦੀ ਮਾਤਰਾ, ਵੈਜ-ਨਾਨ ਵੈਜ ਦਾ ਚਿੰਨ, ਪ੍ਰੋਸੈਸਰ/ਉਤਪਾਦਕ ਦਾ ਨਾਮ ਤੇ ਪਤਾ, ਐਗਮਾਰਕ ਲੋਗੋ, ਸੀ.ਏ. ਨੰਬਰ, ਐੱਫ.ਐੱਸ.ਐੱਸ.ਏ.ਆਈ. ਨੰਬਰ, ਬਰਾਂਡ ਦਾ ਨਾਮ, ਡੀ.ਐੱਮ.ਆਈ. ਵੱਲੋਂ ਜਾਰੀ ਕੀਤਾ ਸੀਰੀਅਲ ਨੰਬਰ ਦੀ ਮਾਰਕਿੰਗ ਹੁੰਦੀ ਹੈ ।

ਸੋ ਐਗਮਾਰਕ ਸਰਟੀਫਿਕੇਸ਼ਨ ਪ੍ਰੋਸੈਸਰਜ/ਕਿਸਾਨਾਂ ਨੂੰ ਕਾਇਦੇ ਅਨੁਸਾਰ ਸਹੀ ਤਰੀਕੇ ਨਾਲ ਪੈਕਡ, ਲੇਬਲਡ, ਬਰਾਂਡਿਡ ਅਤੇ ਕਵਾਲਿਟੀ ਪ੍ਰਮਾਣਿਤ ਪ੍ਰੋਡਕਟ ਪੇਸ਼ ਕਰਦਾ ਹੈ।

ਐਗਮਾਰਕ ਦੇ ਫਾਇਦੇ

ਉਤਪਾਦਕ/ਪ੍ਰੋਸੈਸਰਜ਼ ਆਪਣੇ ਪ੍ਰਮਾਣਿਤ ਪ੍ਰੋਡਕਟਜ਼ ਦਾ ਬਹੁਤ ਚੰਗਾ ਮੁੱਲ ਪਾਉਂਦੇ ਹਨ। ਭਾਰਤ ਸਰਕਾਰ ਦਾ ਕਵਾਲਿਟੀ ਮਾਰਕਾ ਲੱਗਿਆ ਹੋਣ ਕਾਰਣ ਉਹ ਆਪਣੇ ਪ੍ਰੋਡਕਟ ਨੂੰ ਕਿਸੇ ਵਪਾਰੀ ਦੇ ਹੱਥ ਨਾ ਦੇ ਕੇ ਸਵੈ ਮੰਡੀਕਰਨ ਲਈ ਪ੍ਰੇਰਿਤ ਹੁੰਦੇ ਹਨ ਅਤੇ ਉਸਦਾ ਮੁੱਲ ਖੁਦ ਤੈਅ ਕਰਦੇ ਹਨ ਜਿਸ ਨਾਲ ਉਹਨਾਂ ਵਿੱਚ ਮਲਕੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਉਹਨਾਂ ਦਾ ਆਤਮ ਵਿਸ਼ਵਾਸ਼ ਵਧਾਉਦਾ ਹੈ । ਸਰਟੀਫਾਈਡ ਹੋਣ ਕਾਰਣ ਉਹ ਲੋਕਲ ਮੰਡੀਆਂ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਵਪਾਰ ਕਰ ਸਕਦੇ ਹਨ, ਜਿਸ ਨਾਲ ਉੱਦਮੀਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ ।

ਖਪਤਕਾਰਾਂ ਨੂੰ ਸ਼ੁੱਧ, ਮਿਆਰੀ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮਿਲਦੇ ਹਨ। ਵਪਾਰੀਆਂ ਲਈ ਸਰਟੀਫਾਈਡ ਪ੍ਰੋਡਕਟਸ ਦੀ ਮਾਰਕੀਟਿੰਗ ਸੁਖਾਲੀ ਹੋ ਜਾਂਦੀ ਹੈ।

ਕਿਸਾਨ ਦਾ ਉੱਦਮੀਕਰਨ ਜਗਾਵੇ
ਵਪਾਰੀ ਦਾ ਵਪਾਰ ਚਮਕਾਵੇ ।
ਖਪਤਕਾਰ ਦੀ ਸਿਹਤ ਬਣਾਏ ।
ਪੈਦਾਵਾਰ ਦਾ ਸੁਚੱਜਾ ਮੰਡੀਕਰਨ ਕਰਾਵੇ ।

ਸੋ ਜਿੱਥੇ ਅਸੀਂ ਕੱਪੜੇ, ਜੁੱਤੀਆਂ, ਕਾਰਾਂ ਅਤੇ ਮਸ਼ੀਨਰੀ ਆਦਿ ਖ੍ਰੀਦਣ ਵੇਲੇ ਕਵਾਲਿਟੀ ਅਤੇ ਬਰਾਂਡ ਦਾ ਪੂਰਾ ਧਿਆਨ ਰੱਖਦੇ ਹਾਂ, ਉੱਤੇ ਭੋਜਨ ਪਦਾਰਥਾਂ ਜਿਹਨਾਂ ਦਾ ਸਾਡੀ ਸਿਹਤ ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਦੀ ਸ਼ੁੱਧਤਾ ਅਤੇ ਮਿਆਰ ਦਾ ਖਿਆਲ ਰੱਖਣਾ ਸਭ ਤੋਂ ਵੱਧ ਲਾਜ਼ਮੀ ਹੈ। ਜਿੱਥੇ ਉਤਪਾਦਕ ਦੇ ਤੌਰ ਤੇ ਵੱਧ ਮੁਨਾਫਾ ਲੈਣ ਲਈ ਪ੍ਰੋਡਕਟਸ ਦੀ ਐਗਮਾਰਕ ਪ੍ਰਮਾਣਿਕਤਾ ਜ਼ਰੁਰੀ ਹੈ; ਉੱਥੇ ਖਪਤਕਾਰ ਦੇ ਤੌਰ ਤੇ ਐਗਮਾਰਕ ਪ੍ਰਮਾਣਿਤ ਪ੍ਰੋਡਕਟ (ਜਿਹਨਾਂ ਤੇ ਐਗਮਾਰਕ ਲੋਗੋ ਲੱਗਿਆ ਹੋਵੇ) ਖ੍ਰੀਦਣੇ ਚਾਹੀਦੇ ਹਨ।

ਡਾ. ਮਨਮੀਤ ਮਾਨਵ
ਖੇਤੀਬਾੜੀ ਵਿਕਾਸ ਅਫ਼ਸਰ, ਸਟੇਟ ਐਗਮਾਰਕ ਲੈਬ, ਲੁਧਿਆਣਾ ।

Summary in English: Help for farmers, traders and consumers - Agmark

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters