ਜੈਵਿਕ ਖੇਤੀ ਦੀ ਸਫ਼ਲਤਾ ਵਿੱਚ ਫ਼ਸਲਾਂ ਦੇ ਖੁਰਾਕ ਪ੍ਰਬੰਧ ਤੌਂ ਬਾਅਦ ਕੀਟ-ਪ੍ਰਬੰਧ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ । ਜੈਵਿਕ ਫਸਲਾਂ ਵਿੱਚ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਕੇਵਲਫ਼ਸਲੀ ਚੱਕਰਾਂ, ਫ਼ਸਲੀ ਰਹਿੰਦ-ਖੂੰਹਦ, ਜੈਵਿਕ ਖਾਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਵਰਤੀ ਜਾਂਦੀ ਹੈ।
ਇਸੇ ਤਰਾਂ ਕੀਟ ਪ੍ਰਬੰਧ ਲਈ ਵੀ ਸਿਰਫ਼ ਜੈਵਿਕ ਤਰੀਕਿਆਂ,ਕੁਦਰਤੀ ਰਸਾਇਣਾਂ ਦੇ ਛਿੜਕਾਅ ਜਾਂ ਘਰੇਲੂ ਤੌਰ-ਤਰੀਕਿਆਂ ਨੂੰਹੀ ਵਰਤਿਆ ਜਾ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਗੈਰ-ਕੁਦਰਤੀ ਰਸਾਇਣ ਵਰਤਣ ਦੀ ਮਨਾਹੀ ਹੈ ।
ਕਣਕ ਤੇ ਚੇਪੇ ਦਾ ਹਮਲਾ
ਇਹ ਕੀੜਾ ਕਣਕ ਦੇ ਪੱਤਿਆਂ ਅਤੇ ਸਿੱਟੇ ‘ਚ ਬਣ ਰਹੇ ਦਾਣਿਆਂ ਦਾ ਰਸ ਚੂਸ ਕੇ ਫ਼ਸਲ ਦਾ ਭਾਰੀ ਨੁਕਸਾਨ ਕਰਦਾ ਹੈ । ਇਸ ਦੇ ਪ੍ਰਭਾਵ ਹੇਠ ਆਈ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤਿਆਂ ਉੱਪਰ ਕਾਲੇ ਰੰਗ ਦੀ ਉੱਲੀ ਲੱਗ ਜਾਂਦੀ ਹੈ। ਦਾਣਿਆਂ ਦਾ ਰਸ ਚੂਸੇ ਜਾਣ ਕਰਕੇ ਉਹ ਬਰੀਕ ਪੈ ਜਾਂਦੇ ਹਨ । ਇਹ ਹਲਕੇ ਦਾਣੇ ਕਣਕ ਕੱਢਣ ਵੇਲੇ ਥਰੈਸ਼ਰ ਰਾਹੀਂ ਤੂੜੀ ਵਿੱਚ ਚਲੇ ਜਾਂਦੇ ਹਨ ਅਤੇ ਫ਼ਸਲ ਦਾ ਝਾੜ ਘੱਟ ਨਿਕਲਦਾ ਹੈ । ਕਣਕ ਵਿੱਚ ਤੇਲੇ ਦੇ ਹਮਲੇ ਦੀ ਸ਼ੁਰੂਆਤ ਪਹਿਲਾਂ ਬੰਨਿਆਂ ਤੋਂ ਹੁੰਦੀ ਹੈ ਖਾਸ ਕਰਕੇ ਜਿੱਧਰ ਦਰੱਖਤ ਲਗਾਏ ਗਏ ਹੋਣ । ਇਹ ਕੀੜਾ ਪਹਿਲਾਂ ਪੱਤਿਆਂ ਤੇ ਹਮਲਾ ਕਰਦਾ ਹੈ ਅਤੇ ਬਾਅਦ ਵਿੱਚ ਫ਼ਸਲ ਨਿਸਰਨ ਤੇ ਸਿੱਟਿਆਂ ਤੇ ਚਲਾ ਜਾਂਦਾ ਹੈ । ਬਹੁਤੇ ਕਿਸਾਨ ਵੀਰ ਪੱਤਿਆਂ ਉੱਪਰ ਆਏ ਤੇਲੇ ਨੂੰ ਮਾਰਨ ਲਈ ਛਿੜਕਾਅ ਕਰਦੇ ਦੇਖੇ ਗਏ ਹਨ । ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪੱਤਿਆਂ ਉੱਪਰ ਆਇਆ ਤੇਲਾ ਫ਼ਸਲ ਨੂੰ ਆਰਥਿਕ ਤੌਰ ਤੇ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਜਦ ਇਹ ਸਿੱਟਿਆਂ ਉੱਪਰ ਚਲਾ ਜਾਂਦਾ ਹੈ ਤਾਂ ਹੀ ਫ਼ਸਲ ਦੀ ਪੈਦਾਵਾਰ ਨੂੰ ਨੁਕਸਾਨ ਪਹੁੰਚਦਾ ਹੈ । ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਚੇਪੇ ਦੀ ਰੋਕਥਾਮ ਸਿੱਟੇ ਪੈਣ ਵੇਲੇ ਕਰੋ ਅਤੇ ਉਹ ਵੀ ਉੱਦੋਂ ਜਦੋਂ 5 ਚੇਪੇ ਪ੍ਰਤੀ ਸਿੱਟਾ ਹੋਣ (ਇੱਕ ਏਕੜ ਖੇਤ ਦੇ ਹਰੇਕ ਚਾਰ ਹਿੱਸਿਆਂ ਵਿੱਚੋਂ ਚੁਣੇ 10-10 ਸਿੱਟਿਆਂ ਦੇ ਆਧਾਰ ਤੇ)। ਕਣਕ ਤੇ ਚੇਪੇ ਦੀਰੋਕਥਾਮ ਲਈ 2 ਲਿਟਰ ਪੀ.ਏ. ਯੂ. ਦੁਆਰਾ ਸਿਫ਼ਾਰਿਸ਼ ਘਰ ਦਾ ਬਣਾਇਆ ਨਿੰਮ ਦੇ ਘੋਲ ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾਅ ਕਰੋ । ਮੋਟਰ ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲਿਟਰ ਤੱਕ ਘਟਾਈ ਜਾ ਸਕਦੀ ਹੈ ।
ਛੋਲਿਆਂ ਦੀ ਫ਼ਲੀ ਛੇਦਕ ਸੁੰਡ
ਇਸ ਕੀੜਾ ਛੋੋਲਿਆਂ ਤੋਂ ਇਲਾਵਾ ਨਰਮਾ/ਕਪਾਹ, ਟਮਾਟਰ, ਮਟਰ, ਬਰਸੀਮ, ਪਛੇਤੀ ਕਣਕ, ਸੱਠੀ ਮੂੰਗੀ, ਮਸਰ, ਸੱਠੇ ਮਾਂਹ ਅਤੇ ਸੂਰਜਮੁਖੀ ਆਦਿ ਕਈ ਫ਼ਸਲਾਂ ਤੇ ਪਾਇਆ ਜਾਂਦਾ ਹੈ । ਇਸ ਕਰਕੇ ਇਹ ਸੁੰਡੀ ਵੱਖਰੇ- ਵੱਖਰੇ ਰੰਗਾਂ ਵਿੱਚ ਮਿਲਦੀ ਹੈ । ਇਸ ਦੇ ਸਰੀਰ ਉੱਪਰ ਇੱਕ ਸਿੱਧੀ ਅਤੇ ਦੋ ਅਸਿਧੀਆਂ ਧਾਰੀਆਂ ਅਤੇ ਵਿਰਲੇ- ਵਿਰਲੇ ਵਾਲ ਹੁੰਦੇ ਹਨ । ਇਹ ਕੀੜਾ ਫ਼ਸਲ ਦਾ ਭਾਰੀ ਨੁਕਸਾਨ੍ਹ ਕਰਦਾ ਹੈ । ਇਸ ਦੀ ਮਾਦਾ ਪਤੰਗਾ ਨਰਮ ਪੱਤਿਆਂ, ਟਾਹਣੀਆਂ ਅਤੇ ਫ਼ੁੱਲਆਂ ਵਿੱਚ ਅੰਡੇ ਦਿੰਦੀ ਹੈ ।ਇਹ ਫ਼ਸਲ ਦੀਆਂ ਨਰਮ ਕਰੂੰਬਲਾਂ, ਫ਼ੁੱਲ, ਫ਼ਲੀਆਂ ਅਤੇ ਫ਼ਲੀ ਅੰਦਰ ਬਣ ਰਹੇ ਬੀਜ ਆਦਿ ਨੂੰ ਖਾ ਕੇ ਛੋਲਿਆਂ ਦਾ ਭਾਰੀ ਨੁਕਸਾਨ੍ਹ ਕਰਦੀ ਹੈ । ਇਹ ਬਣ ਰਹੇ ਦਾਣੇ ਖਾ ਜਾਂਦੀ ਹੈ ਜਿਸ ਨਾਲ ਫ਼ਸਲ ਦਾ ਝਾੜ ਘਟ ਜਾਂਦਾ ਹੈ ।ਇਸ ਕੀੜੇ ਦੀ ਰੋਕਥਾਮ ਹਿੱਤਫ਼ਸਲ ਨੂੰ ਟਮਾਟਰ, ਬਰਸੀਮ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ । ਹਮਲਾ ਹੋਣ ਦੀ ਸੂਰਤ ਵਿੱਚ 800 ਗ੍ਰਾਮ ਬੀ.ਟੀ. 0.5 ਡਬਲਜ਼ੂ.ਪੀ. ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।
ਸਰੋਂ ਤੇ ਚੇਪੇ ਅਤੇ ਭੱਬੂ- ਕੁੱਤੇ ਦਾ ਹਮਲਾ
ਚੇਪੇ ਦਾ ਹਮਲਾ ਆਮ ਕਰਕੇ ਫ਼ਸਲ ਉੱਪਰ ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਖੀਰ ਮਾਰਚ ਤਕ ਰਹਿੰਦਾ ਹੈ । ਚੇਪੇ ਦੇ ਜੀਅ ਬਹੁਤ ਜ਼ਿਆਦਾ ਗਿਣਤੀ ਵਿੱਚ ਇਕੱਠੇ ਹੋ ਕੇ ਫੁੱਲਾਂ ਅਤੇ ਫ਼ਲੀਆਂ ਨੂੰ ਢੱਕ ਲੈਂਦੇ ਹਨ । ਦੋਵੇਂ ਬੱਚੇ ਅਤੇ ਜਵਾਨ ਪੱਤਿਆਂ, ਟਾਹਣੀਆਂ, ਫ਼ੁੱਲਾਂ ਅਤੇ ਫ਼ਲੀਆਂ ਤੋਂ ਰਸ ਚੂਸਦੇ ਹਨ । ਬੂਟੇ ਦਾ ਰਸ ਚੂਸਣ ਕਰਕੇ ਪੱਤੇ ਮੁੜਨ ਲਗਦੇ ਅਤੇ ਅੱਗੇ ਚੱਲ ਕੇ ਹਮਲਾਗ੍ਰਸਤ ਬੂਟੇ ਸੁੱਕ ਕੇ ਮਰ ਜਾਂਦੇ ਹਨ । ਹਮਲਾਗ੍ਰਸਤ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਫ਼ਲੀਆਂ ਸੁੱਕੜ ਜਾਂਦੀਆਂ ਹਨ ਜਿੰਨ੍ਹਾਂ ਅੰਦਰ ਬੀਜ ਵੀ ਨਹੀਂ ਬਣਦੇ। ਬੂਟੇ ਦਾਤਰੀ ਦੀ ਤਰ੍ਹਾਂ ਅਤੇ ਝੁਲਸੇ ਹੋਏ ਨਜ਼ਰ ਆਉਂਦੇ ਹਨ ।ਚੇਪੇ ਦੇ ਜੀਅ ਕਾਫ਼ੀ ਮਾਤਰਾ ਵਿੱਚ ਸ਼ਹਿਦ ਵਰਗਾ ਪਦਾਰਥ ਛਡਦੇ ਹਨ ਜਿਸ ਕਰਕੇ ਪੱਤਿਆਂ ਉੱਪਰ ਕਾਲੀ ਉੱਲੀ ਦੀ ਤਹਿ ਬੱਝ ਜਾਂਦੀ ਹੈ ਜੋ ਬੂਟੇ ਦੀ ਸੂਰਜ਼ ਦੀ ਰੌਸ਼ਨੀ ਵਿੱਚ ਭੋਜਨ ਬਨਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ । ਚੇਪੇ ਦੇ ਵਾਧੇ ਲਈ 8-24º ਸੈਂਟੀਗਰੇਟਡ ਤਾਪਮਾਨ ਬੜਾ ਉਚਿੱਤ ਮੰਨਿਆ ਗਿਆ ਹੈ । ਬਾਰਿਸ਼ ਅਤੇ ਨਮੀਂ ਵਾਲਾ ਮੌਸਮ ਵੀ ਇਸ ਕੀੜੇ ਦੇ ਵਾਧੇ ਲਈ ਸਹਾਈ ਹੁੰਦਾ ਹੈ ।ਕੀੜੇ ਦੀ ਸੁਚੱਜੀ ਰੋਕਥਾਮ ਹਿੱਤ ਫ਼ਸਲ ਦੀ ਬਿਜਾਈ ਸਿਫ਼ਾਰਸ਼ ਕੀਤੇ ਸਮੇਂ ਤੇ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ । ਕੀੜੇ ਦੀ ਜੰਨ-ਸੰਖਿਆ ਦਾ ਜ਼ਾਇਜਾ ਲੈਣ ਲਈ ਪੀਲੇ ਚਿਪਕਣ ਵਾਲੇ ਟਰੈਪਾਂ ਦੀ ਵਰਤੋਂ ਕਰੋ ।ਹੋ ਸਕੇ ਤਾਂ ਫ਼ਸਲ ਤੇ ਲਡੀ ਬਰਡ ਬੀਟਲ ਜਾਂ ਹੋਰ ਮਿੱਤਰ ਕੀੜਿਆਂ ਦੇ ਬਚਾਅ ਦੇ ਯਤਨ ਕਰਨੇ ਚਾਹੀਦੇ ਹਨ।ਅਫਰੀਕਨ ਸਰੋਂ ਦੀ ਪੀ ਸੀ ੬ ਕਿਸਮ ਨੂੰ ਚੇਪੇ ਦਾ ਹਮਲਾ ਘੱਟ ਹੁੰਦਾ ਹੈ ।
ਭੱਬੂ- ਕੁੱਤੇ ਦੀ ਮਾਦਾ ਦੇ ਅੰਡਿਆਂ ਚੋਂ ਨਿਕਲੀਆ ਸੁੰਡੀਆਂ ਦਾ ਬੱਚ ਪੱਤਿਆਂ ਦਾ ਹਰਾ ਮਾਦਾ ਉਤਾਰ ਕੇ ਜਾਂ ਪੱਤਿਆਂ ਦੀ ਹੇਠਲੀ ਸਤਹ ਤੋਂ ਖਾ ਕੇ ਭਿਆਨਕ ਨੁਕਸਾਨ ਕਰਦਾ ਹੈ ਜਿਸ ਨਾਲ ਪੱਤਿਆਂ ਦੀਆਂ ਸਿਰਫ਼ ਨਾੜਾਂ ਹੀ ਬਾਕੀ ਬਚਦੀਆਂ ਹਨ।ਭਿਆਨਕ ਹਾਲਤਾਂ ਵਿੱਚ ਇਹ ਸੁੰਡੀ ਪੱਤਿਆਂ, ਨਰਮ ਕਰੂੰਬਲਾਂ ਅਤੇ ਹਰੀਆਂ ਫਲੀਆਂ ਦਾ ਬਹੁਤ ਨੁਕਸਾਨ ਕਰਦੀ ਹੈ ।ਛੋਟੀ ਉਮਰ ਵਿੱਚ ਸੁੰਡੀਆਂ ਝੁੰਡਾਂ ਵਿਚ ਪੌਦਿਆਂ ਨੂੰ ਖਾਂਦੀਆਂ ਹਨ ਅਤੇ ਵੱਡੀਆਂ ਹੋ ਕੇ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਚਲੀਆਂ ਜਾਂਦੀਆਂ ਹਨ ।ਕਈ ਵਾਰ ਨੁਕਸਾਨੇ ਖੇਤ ਦੀ ਹਾਲਤ ਪੱਤਾ ਰਹਿਤ ਹੋ ਜਾਂਦੀ ਹੈ ਅਤੇ ਇਵੇਂ ਲਗਦੀ ਜਿਵੇਂ ਕਿਸੇ ਨੇ ਫ਼ਸਲ ਚ’ ਪਸ਼ੂ ਚਰਾਏ ਹੋਣ ।ਕੀੜੇ ਦੀ ਰੋਕਥਾਮ ਲਈ ਅੰਡਿਆਂ ਦੇ ਸਮੂਹਾਂ ਅਤੇ ਸੁੰਡੀਆਂ ਦੇ ਹਮਲੇ ਵਾਲੇ ਪੱਤਿਆਂ ਨੂੰ ਜਿਨ੍ਹਾਂ ਤੇ ਇਹ ਸੁੰਡੀਆਂ ਝੁੰਡਾਂ ਵਿੱਚ ਹੁੰਦੀਆਂ ਹਨ, ਤੋੜ ਕੇ ਖ਼ਤਮ ਕਰਨ ਨਾਲ ਕਾਬੂ ਕੀਤੀਆਂ ਜਾ ਸਕਦੀਆਂ ਹਨ । ਇਸੇ ਤਰਾਂ 20-24 ਦਿਨ ਲਗਾਤਾਰ ਰੋਸ਼ਨੀ ਯੰਤਰ ਵਰਤ ਕੇ ਅਤੇ ਉਨ੍ਹਾਂ ਵਿੱਚ ਫ਼ਸੇ ਜਵਾਨ ਪਤੰਗਿਆਂ ਨੂੰ ਇਕੱਠੇ ਕਰਕੇ ਅਤੇ ਮਾਰ ਕੇ ਇਸ ਕੀੜੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ ।
ਬਹਾਰ/ਪੱਤਝੜ ਰੁੱਤ ਦੇ ਕਮਾਦਤੇ ਗੜੂੰਏ ਦਾ ਹਮਲਾ
ਅਗੇਤੀ ਫੋਟ ਦੇ ਗੜੂੰਏਦਾ ਹਮਲਾਫਸਲ ਤੇ ਅਪ੍ਰੈਲ ਤੋਂ ਜੂਨ ਦੌਰਾਨ ਪਾਇਆ ਜਾਂਦਾ ਹੈ।ਸੁੰਡੀਆਂ ਬੂਟੇ ਦੀ ਵਿਚਕਾਰਲੀ ਗੋਭ ਅੰਦਰ ਵੜ ਕੇ ਖਾਂਦੀਆਂ ਹਨ ।ਨੁਕਸਾਨੇ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ ਜਿਨ੍ਹਾਂ ਨੂੰ ਸੌਖਿਆਂ ਹੀ ਬਾਹਰ ਖਿੱਚਿਆ ਜਾ ਸਕਦਾ ਹੈ।ਗੰਨੇ ਦਾ ਨੁਕਸਾਨਿਆਂ ਹਿੱਸਾ ਗਲ ਸੜ ਕੇ ਗੰਦੀ ਬਦਬੂ ਮਾਰਨ ਲਗਦਾ ਹੈ ।ਰੋਕਥਾਮ ਲਈਟ੍ਰਾਈਕੋਗ੍ਰਾਮਾ ਕਿਲੋਨਸ ਦੇ ੩ ਦਿਨ ਪਹਿਲਾਂ ਪ੍ਰਜੀਵੀ ਕੀਤੇ ਕੌਰਸਾਇਰਾ ਦੇ ਲੱਗਪਗ 20,000 ਆਂਡੇ ਪ੍ਰਤੀ ਏਕੜ ਅੱਧ ਅਪ੍ਰੈਲ ਤੋਂ ਅਖੀਰ ਜੂਨ ਤੱਕ 10 ਦਿਨ ਦੇ ਫ਼ਰਕ ਨਾਲ ਵਰਤੋ ।ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ਲੱਗਪਗ 500 ਆਂਡੇ ਹੋਣ ।ਇਨ੍ਹਾਂ ਨੂੰ ਪੱਤਿਆਂ ਦੇ ਹੇਠਲੇ ਪਾਸੇ ਇੱਕ ਏਕੜ ਵਿੱਚ ਬਰਾਬਰ ਦੂਰੀ ਤੇ 40 ਥਾਵਾਂ ਤੇ ਸ਼ਾਮ ਵੇਲੇ ਨੱਥੀ ਕਰੋ ।ਇਹ ਕਿਰਿਆ 8 ਵਾਰ ਦੁਹਰਾਉਣ ਦੀ ਲੋੜ ਪੈਂਦੀ ਹੈ ਅਤੇਬਾਰਿਸ਼ ਦੇ ਮੌਸਮ ਚ’ ਇਹ ਕਾਰਡ ਨਾ ਵਰਤੋ ।
ਆਗ ਦਾ ਗੜੂੰਆਂਮਾਰਚ ਤੋਂ ਅਕਤੂਬਰ ਦੌਰਾਨ ਫ਼ਸਲ ਤੇ ਹਮਲਾ ਕਰਦਾ ਹੈ । ਸੁੰਡੀਆਂ ਆਮ ਕਰਕੇ ਗੰਨੇਂ ਦੇ ਉੱਪਰਲੇ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ । ਹਮਲੇ ਕਰਕੇ ਗੰਨੇ ਦੇ ਸਿਰੇ ਤੇ ਗੋਭ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਕਾਲੇ ਰੰਗ ਦਾ ਹੋ ਜਾਂਦਾ ਹੈ ।ਹਮਲਾ ਕਰਕੇ ਇਹ ਆਗ ਵਿਚ ਮੋਰੀਆਂ ਕਰ ਦਿੰਦਾ ਹੈ, ਪੱਤੇ ਦੀ ਰੀੜ੍ਹ ਤੇ ਉਪਰਲੇ ਸਿਰੇ ਵੱਲ ਚਿੱਟੀਆਂ ਜਾਂ ਲਾਲ ਧਾਰੀਆਂ ਪੈ ਜਾਂਦੀਆਂ ਹਨ ਅਤੇ ਗੰਨਾ ਛਾਂਗਾ ਹੋ ਜਾਂਦਾ ਹੈ ।ਰੋਕਥਾਮ ਲਈ ਟ੍ਰਾਈਕੋਗ੍ਰਾਮਾ ਜਪੋਨੀਕਮ ਰਾਹੀਂ 7 ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਲੱਗਪਗ 20,000 ਆਂਡੇ ਪ੍ਰਤੀ ਏਕੜ ਅੱਧ ਅਪ੍ਰੈਲ ਤੋਂ ਅਖੀਰ ਜੂਨ ਤੱਕ 10 ਦਿਨ ਦੇ ਫਰਕ ਨਾਲ ਵਰਤੋ ।
ਇਹ ਕਿਰਿਆ 10-12 ਵਾਰ ਦੁਹਰਾਉਣੀ ਪੈਂਦੀ ਹੈ। ਵੈਸੇ ਤਾਂ ਗੈਰ-ਕੁਦਰਤੀ ਖੇਤੀ ਦੇ ਮੁਕਾਬਲੇ ਜੈਵਿਕ ਫ਼ਸਲਾਂ ਉੱਪਰ ਮੌਜ਼ੂਦਾ ਸਮੇਂ ਬਹੁਤ ਘੱਟ ਕੀਟ-ਪ੍ਰਬੰਧ ਸਿਫ਼ਾਰਸ਼ਾਂ ਉਪਲੱਬਧ ਹਨ । ਫ਼ਿਰ ਵੀ ਉਮੀਦ ਕੀਤੀ ਜਾਂਦੀ ਹੈ ਕਿ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਉੱਪਰ ਹੇਠ ਦਿੱਤੀਆਂ ਕੁਝ ਕੁ ਕੀਟ-ਪ੍ਰਬੰਧ ਸਿਫ਼ਾਰਸ਼ਾਂ ਜੈਵਿਕ ਖੇਤੀ ਅਪਨਾਉਣ ਵਾਲੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ।
ਸੁਬਾਸ਼ ਸਿੰਘ ਅਤੇ ਚਰਨਜੀਤ ਸਿੰਘ ਔਲਖ
ਫ਼ੋਨ: 996450766
ਸਕੂਲ ਆਫ ਆਰਗੈਨਿਕ ਫਾਰਮਿੰਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- ਕਿੰਨੂ ਦੀ ਸੁਚੱਜੇ ਤਰੀਕੇ ਨਾਲ ਤੁੜਾਈ ਅਤੇ ਤੁੜਾਈ ਉਪਰੰਤ ਸਾਂਭ-ਸੰਭਾਲ ਕਿਵੇਂ ਕਰੀਏ
Summary in English: How to control pests on organic crops during the rabi?