ਆਲੂ ਵਿਸ਼ਵ ਦੀ ਇੱਕ ਮੱਹਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਇਹ ਇੱਕ ਸਸਤੀ ਅਤੇ ਆਰਥਿਕ ਫਸਲ ਹੈ, ਜਿਸ ਕਰਕੇ ਇਸਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਹ ਫਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿੱਚ ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਆਲੂ ਲਗਭਗ ਸਾਰੇ ਰਾਜਾਂ ਵਿੱਚ ਉਗਾਏ ਜਾਂਦੇ ਹਨ। ਇਹ ਫਸਲ ਸਬਜੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫਸਲ ਸਟਾਰਚ ਅਤੇ ਸ਼ਰਾਬ ਬਣਾੳਣ ਲਈ ਵਰਤੀ ਜਾਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਆਲੂ ਉਗਾਏ ਜਾਂਦੇ ਹਨ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ।
ਮਿੱਟੀ
ਇਹ ਫਸਲ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਵੇਂ ਕਿ ਰੇਤਲੀ, ਲੂਣੀ, ਦੋਮਟ ਅਤੇ ਚੀਕਣੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ। ਵਧੀਆ ਜਲ ਨਿਕਾਸ ਵਾਲੀ, ਜੈਵਿਕ ਤੱਤ ਭਰਪੂਰ, ਰੇਤਲੀ ਤੋਂ ਦਰਮਿਆਨੀ ਜ਼ਮੀਨ ਵਿੱਚ ਫਸਲ ਵੱਧ ਝਾੜ ਦਿੰਦੀ ਹੈ। ਇਹ ਫਸਲ ਲੂਣ ਵਾਲੀਆਂ ਤੇਜ਼ਾਬੀ ਜ਼ਮੀਨਾਂ ਵਿੱਚ ਵੀ ਉਗਾਈ ਜਾ ਸਕਦੀ ਹੈ। ਪਰ ਬਹੁਤ ਜ਼ਿਆਦਾ ਪਾਣੀ ਖੜਨ ਵਾਲੀ ਅਤੇ ਖਾਰੀ ਜਾਂ ਲੂਣੀ ਜ਼ਮੀਨ ਇਸ ਫਸਲ ਦੀ ਖੇਤੀ ਲਈ ਉਚਿੱਤ ਨਹੀਂ ਹੁੰਦੀ ਹੈ।
ਪ੍ਰਸਿੱਧ ਕਿਸਮਾਂ ਅਤੇ ਝਾੜ
Kufri Alankar: ਇਹ ਫਸਲ ਦੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਉਣ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਫਸਲ ਮੈਦਾਨੀ ਇਲਾਕਿਆਂ ਵਿੱਚ 75 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 140 ਦਿਨਾਂ ਵਿੱਚ ਪੱਕਦੀ ਹੈ। ਇਸਦੇ ਆਲੂ ਗੋਲਾਕਾਰ ਹੁੰਦੇ ਹਨ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Kufri Ashoka: ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਕਿਸਮ 70-80 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਆਲੂ ਵੱਡੇ, ਗੋਲਾਕਾਰ, ਚਿੱਟੇ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਪਿਛੇਤੇ ਝੁਲਸ ਰੋਗ ਨੂੰ ਸਹਾਰਨਯੋਗ ਕਿਸਮ ਹੈ।
Kufri Badshah: ਇਸਦੇ ਪੌਦੇ ਲੰਬੇ ਅਤੇ 4-5 ਤਣੇ ਪ੍ਰਤੀ ਪੌਦਾ ਹੁੰਦੇ ਹਨ। ਇਸਦੇ ਆਲੂ ਗੋਲ, ਵੱਡੇ ਤੋਂ ਦਰਮਿਆਨੇ, ਗੋਲਾਕਾਰ ਅਤੇ ਫਿੱਕੇ ਚਿੱਟੇ ਰੰਗ ਦੇ ਹੁੰਦੇ ਹਨ। ਇਸਦੇ ਆਲੂ ਸਵਾਦ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਕੋਹਰੇ ਨੂੰ ਸਹਿਣਯੋਗ ਹੈ ਅਤੇ ਪਿਛੇਤੇ ਅਤੇ ਅਗੇਤੇ ਝੁਲਸ ਰੋਗ ਦੀ ਰੋਧਕ ਹੈ।
Kufri Bahar: ਇਸ ਕਿਸਮ ਦੇ ਪੌਦੇ ਲੰਬੇ ਅਤੇ ਤਣੇ ਮੋਟੇ ਹੁੰਦੇ ਹਨ। ਤਣਿਆਂ ਦੀ ਸੰਖਿਆ 4-5 ਪ੍ਰਤੀ ਪੌਦਾ ਹੁੰਦੀ ਹੈ। ਇਸਦੇ ਆਲੂ ਵੱਡੇ, ਚਿੱਟੇ ਰੰਗ ਦੇ, ਗੋਲਾਕਾਰ ਤੋਂ ਅੰਡਾਕਾਰ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਹ ਪਿਛੇਤੇ ਅਤੇ ਅਗੇਤੇ ਝੁਲਸ ਰੋਗ ਅਤੇ ਪੱਤਾ ਮਰੋੜ ਰੋਗ ਦੀ ਰੋਧਕ ਹੈ।
Kufri Chamatkar: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਫੈਲਣ ਵਾਲੇ ਅਤੇ ਜ਼ਿਆਦਾ ਤਣਿਆਂ ਵਾਲਾ ਹੁੰਦੇ ਹਨ। ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 110-120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 150 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਦੇ ਆਲੂ ਗੋਲਾਕਾਰ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆਂ ਵਿੱਚ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ।
Kufri Chipsona 2: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਗੂੜੇ ਹਰੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਆਲੂ ਚਿੱਟੇ, ਦਰਮਿਆਨੇ ਆਕਾਰ ਦੇ, ਗੋਲਾਕਾਰ, ਅੰਡਾਕਾਰ ਅਤੇ ਨਰਮ ਹੁੰਦੇ ਹਨ। ਇਸਦਾ ਔਸਤਨ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਚਿਪਸ ਅਤੇ ਫਰੈਂਚ ਫਰਾਈਜ਼ ਬਣਾਉਣ ਲਈ ਉਚਿੱਤ ਹੈ।
Kufri Chandramukhi: ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ। ਆਲੂ ਅੰਡਾਕਾਰ, ਚਿੱਟੇ ਅਤੇ ਹਲਕੇ ਚਿੱਟੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਹ ਕਿਸਮ ਵੱਧ ਸਮੇਂ ਲਈ ਸਟੋਰ ਕਰਕੇ ਰੱਖੀ ਜਾ ਸਕਦੀ ਹੈ। ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 80-90 ਦਿਨਾਂ ਅਤੇ ਪਹਾੜੀ ਇਲਾਕਿਆਂ ਵਿੱਚ 120 ਦਿਨਾਂ ਵਿੱਚ ਪੱਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆ ਵਿੱਚ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ।
Kufri Jawahar: ਇਸਦੇ ਬੂਟੇ ਛੋਟੇ, ਸਿੱਧੇ, ਮੋਟੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਦਰਮਿਆਨੇ ਆਕਾਰ ਦੇ, ਗੋਲਾਕਾਰ ਤੋਂ ਅੰਡਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ, ਅਤੇ ਪੱਕਣ ਲਈ 80-90 ਦਿਨ ਲੈਂਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ।
Kufri Pukhraj: ਇਸਦੇ ਬੂਟੇ ਲੰਬੇ ਅਤੇ ਤਣੇ ਸੰਖਿਆ ਵਿੱਚ ਘੱਟ ਅਤੇ ਦਰਮਿਆਨੇ ਮੋਟੇ ਹੁੰਦੇ ਹਨ। ਆਲੂ ਚਿੱਟੇ, ਵੱਡੇ, ਗੋਲਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 70-90 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ। ਇਹ ਅਗੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ ਅਤੇ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਨਹੀਂ ਹੈ।
Kufri Sutlej: ਇਸ ਕਿਸਮ ਦੇ ਪੌਦੇ ਸੰਘਣੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਵੱਡੇ ਆਕਾਰ ਦੇ, ਗੋਲਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਖਾਣ ਲਈ ਵਧੀਆ ਅਤੇ ਸੁਆਦੀ ਹੁੰਦੀ ਹੈ। ਇਨ੍ਹਾਂ ਆਲੂਆਂ ਨੂੰ ਪਕਾਉਣਾ ਆਸਾਨ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ।
Kufri Sindhuri: ਇਸ ਕਿਸਮ ਦੇ ਪੌਦੇ ਲੰਬੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਆਲੂ ਗੋਲ ਅਤੇ ਹਲਕੇ ਲਾਲ ਰੰਗ ਦੇ ਦਿਖਾਈ ਦਿੰਦੇ ਹਨ। ਇਸਦਾ ਗੁੱਦਾ ਹਲਕੇ ਸਫੇਦ ਰੰਗ ਦਾ ਹੁੰਦਾ ਹੈ। ਇਸ ਨੂੰ ਜ਼ਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ ਇਹ 120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਕੋਹਰੇ, ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਹੈ।
ਖੇਤ ਦੀ ਤਿਆਰੀ
ਖੇਤ ਨੂੰ ਇੱਕ ਵਾਰ 20-25 ਸੈ.ਮੀ. ਡੂੰਘਾ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ। ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਫਿਰ 2-3 ਵਾਰ ਸੁਹਾਗਾ ਫੇਰੋ। ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ। ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ:
1.ਵੱਟਾਂ ਅਤੇ ਖਾਲੀਆਂ ਵਾਲਾ ਢੰਗ
2. ਪੱਧਰੇ ਬੈਂਡਾਂ ਵਾਲਾ ਢੰਗ
ਬਿਜਾਈ
ਬਿਜਾਈ ਦਾ ਸਮਾਂ
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।
ਫਾਸਲਾ
ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ। ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ।
ਬੀਜ ਦੀ ਡੂੰਘਾਈ
6-8 ਇੰਚ ਡੂੰਘੀ ਖਾਲੀ ਪੁੱਟੋ। ਫਿਰ ਇਨ੍ਹਾਂ ਵਿੱਚ ਆਲੂ ਰੱਖੋ ਅਤੇ ਥੋੜਾ ਜਿਹਾ ਜ਼ਮੀਨ ਤੋਂ ਬਾਹਰ ਰਹਿਣ ਦਿਓ।
ਬਿਜਾਈ ਦਾ ਢੰਗ
ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।
ਬੀਜ
ਬੀਜ ਦੀ ਮਾਤਰਾ
ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ।
ਬੀਜ ਦੀ ਸੋਧ
ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ। ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ। ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ। ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ। ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ। ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ। ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ।
ਨਦੀਨਾਂ ਦੀ ਰੋਕਥਾਮ
ਆਲੂਆਂ ਦੇ ਪੁੰਗਰਨ ਤੋਂ ਪਹਿਲਾਂ ਮੈਟਰੀਬਿਊਜ਼ੀਨ 70 ਡਬਲਿਊ ਪੀ 200 ਗ੍ਰਾਮ ਜਾਂ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ। ਜੇਕਰ ਨਦੀਨਾਂ ਦਾ ਹਮਲਾ ਘੱਟ ਹੋਵੇ ਤਾਂ ਬਿਜਾਈ ਤੋਂ 25 ਦਿਨ ਬਾਅਦ ਮੈਦਾਨੀ ਇਲਾਕਿਆਂ ਵਿੱਚ ਅਤੇ 40-45 ਦਿਨ ਬਾਅਦ ਪਹਾੜੀ ਇਲਾਕਿਆਂ ਵਿੱਚ ਜਦੋਂ ਫਸਲ 8-10 ਸੈ.ਮੀ. ਕੱਦ ਦੀ ਹੋ ਜਾਵੇ, ਤਾਂ ਨਦੀਨਾਂ ਨੂੰ ਹੱਥੀਂ ਪੁੱਟ ਦਿਓ। ਆਮ ਤੌਰ ਤੇ ਆਲੂਆਂ ਦੀ ਫਸਲ ਵਿੱਚ ਨਦੀਨ-ਨਾਸ਼ਕਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੜਾਂ ਨੂੰ ਮਿੱਟੀ ਲਾਉਣ ਨਾਲ ਸਾਰੇ ਨਦੀਨ ਨਸ਼ਟ ਹੋ ਜਾਂਦੇ ਹਨ। ਨਦੀਨਾਂ ਦੇ ਹਮਲੇ ਨੂੰ ਘਟਾਉਣ ਲਈ ਅਤੇ ਮਿੱਟੀ ਦੀ ਨਮੀਂ ਨੂੰ ਬਚਾਉਣ ਲਈ ਮਲਚਿੰਗ ਦਾ ਤਰੀਕਾ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਮਿੱਟੀ ਤੇ ਝੋਨੇ ਦੀ ਪਰਾਲੀ ਅਤੇ ਖੇਤ ਦੀ ਰਹਿੰਦ-ਖੂੰਹਦ ਵਿਛਾਈ ਜਾ ਸਕਦੀ ਹੈ। ਬਿਜਾਈ ਤੋਂ 20-25 ਦਿਨ ਬਾਅਦ ਮਲਚਿੰਗ ਨੂੰ ਹਟਾ ਦਿਓ।
ਸਿੰਚਾਈ
ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ। ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ। ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ। ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ। ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ।
Summary in English: How to grow potatoes in a modern way