1. Home
  2. ਖੇਤੀ ਬਾੜੀ

ਨਿੰਬੂ ਨੂੰ ਕੀੜਿਆਂ ਅਤੇ ਰੋਗਾਂ ਤੋਂ ਕਿਵੇਂ ਬਚਾਈਏ! ਜਾਣੋ ਸਹੀ ਤਰੀਕਾ

ਨਿੰਬੂ ਨੂੰ ਕੌਣ ਨਹੀਂ ਜਾਣਦਾ...ਇਹ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੀ ਦੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ।

KJ Staff
KJ Staff
Lemon Farming

Lemon Farming

ਨਿੰਬੂ ਨੂੰ ਕੌਣ ਨਹੀਂ ਜਾਣਦਾ...ਇਹ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੀ ਦੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਵਿਸ਼ਵ ਭਰ ਵਿੱਚ ਇਸਨੂੰ ਭੋਜਨ ਅਤੇ ਜੂਸ ਦੇ ਤੌਰ ਤੇ ਵਰਤਿਆ ਜਾਂਦਾ ਹੈ। ਅੱਜ ਅੱਸੀ ਤੁਹਾਨੂੰ ਨਿੰਬੂ 'ਤੇ ਲੱਗਣ ਵਾਲ਼ੇ ਕੀੜਿਆਂ ਅਤੇ ਰੋਗਾਂ ਤੋਂ ਬਚਾਵ ਬਾਰੇ ਦੱਸਣ ਜਾ ਰਹੇ ਹਾਂ...

ਨਿੰਬੂ ਜਾਤੀ ਦੇ ਫਲਾਂ ਦੀ ਫਸਲ ਇੱਕ ਮਹੱਤਵਪੂਰਨ ਕਿਸਮ ਹੈ। ਇਸ ਜਾਤੀ ਵਿੱਚੋਂ ਲੈਮਨ ਇੱਕ ਮਹੱਤਵਪੂਰਨ ਫਲ ਹੈ। ਇਹ ਪੂਰੇ ਵਿਸ਼ਵ ਵਿੱਚ ਆਪਣੇ ਗੁੱਦੇ ਅਤੇ ਰਸ ਕਾਰਨ ਮੰਨਿਆ ਜਾਂਦਾ ਹੈ। ਵਿਸ਼ਵ ਭਰ ਵਿੱਚ ਇਸਨੂੰ ਭੋਜਨ ਅਤੇ ਜੂਸ ਦੇ ਤੌਰ ਤੇ ਵਰਤਿਆ ਜਾਂਦਾ ਹੈ। ਭਾਰਤ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 923 ਹਜ਼ਾਰ ਹੈਕਟੇਅਰ ਦੇ ਖੇਤਰ ਤੇ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 8608 ਹਜ਼ਾਰ ਮੈਟ੍ਰਿਕ ਟਨ ਹੈ। ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 39.20 ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ।

ਕੀੜੇ-ਮਕੌੜੇ ਅਤੇ ਉਨ੍ਹਾਂ ਦੀ ਰੋਕਥਾਮ

1. ਨਿੰਬੂ ਜਾਤੀ ਦੇ ਫਲਾਂ ਦਾ ਸਿੱਲਾ: ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਮੁੱਖ ਤੌਰ ਤੇ ਛੋਟੇ ਕੀਟ ਜ਼ਿਆਦਾ ਨੁਕਸਾਨ ਕਰਦੇ ਹਨ। ਇਹ ਪੌਦੇ ਅੰਦਰ ਇੱਕ ਜ਼ਹਿਰੀਲਾ ਤਰਲ ਛੱਡਦਾ ਹੈ, ਜਿਸ ਨਾਲ ਪੱਤੇ ਅਤੇ ਫਲ ਦਾ ਛਿਲਕਾ ਝੁਲਸ ਜਾਂਦਾ ਹੈ। ਇਸ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਪੱਕਣ ਤੋਂ ਪਹਿਲਾਂ ਝੜ ਜਾਂਦੇ ਹਨ। ਇਸ ਦੀ ਰੋਕਥਾਮ ਪ੍ਰਭਾਵਿਤ ਪੱਤਿਆਂ ਨੂੰ ਕੱਟ ਕੇ ਅਤੇ ਸਾੜ ਕੇ ਕੀਤੀ ਜਾ ਸਕਦੀ ਹੈ। ਮੋਨੋਕਰੋਟੋਫੋਸ 0.025% ਜਾਂ ਕਾਰਬਰਿਲ 0.1% ਦੀ ਸਪਰੇਅ ਵੀ ਇਸ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ।

2. ਪੱਤੇ ਦਾ ਸੁਰੰਗੀ ਕੀੜਾ: ਇਸਦਾ ਲਾਰਵਾ ਨਵੇਂ ਪੱਤਿਆਂ ਦੇ ਉੱਪਰ ਜਾਂ ਹੇਠਾਂ ਹਮਲਾ ਕਰਕੇ ਪੱਤਿਆਂ ਨੂੰ ਮਰੋੜ ਦਿੰਦਾ ਹੈ ਅਤੇ ਪੱਤੇ ਖਰਾਬ ਦਿਖਾਈ ਦਿੰਦੇ ਹਨ। ਇਸਦੇ ਹਮਲੇ ਨਾਲ ਪੌਦੇ ਦੇ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਇਸਦੇ ਪ੍ਰਬੰਧਨ ਦਾ ਸਭ ਤੋਂ ਆਸਾਨ ਤਰੀਕਾ ਹੈ, ਕਿ ਪੌਦੇ ਨੂੰ ਉਸੇ ਹਾਲਤ ਵਿੱਚ ਛੱਡ ਦਿਓ, ਜਿਸ ਨਾਲ ਕੁਦਰਤੀ ਦੁਸ਼ਮਣ ਉਨ੍ਹਾਂ ਨੂੰ ਖਾ ਲੈਣਗੇ ਅਤੇ ਲਾਰਵੇ ਨੂੰ ਨਸ਼ਟ ਕਰ ਦੇਣਗੇ। ਇਸਦੀ ਰੋਕਥਾਮ ਲਈ ਫੋਸਫੋਮਿਡੋਨ 1 ਮਿ.ਲੀ. ਜਾਂ ਮੋਨੋਕਰੋਟੋਫੋਸ 1.5 ਮਿ.ਲੀ. ਦੀਆਂ 3-4 ਸਪਰੇਆਂ 15 ਦਿਨਾਂ ਦੇ ਫਾਸਲੇ ਤੇ ਕਰੋ। ਇਨ੍ਹਾਂ ਦੀ ਜਾਂਚ ਲਈ ਫਿਰੋਮੋਨ ਕਾਰਡ ਵੀ ਵਰਤੇ ਜਾਂਦੇ ਹਨ।

3. ਸਕੇਲ ਕੀਟ: ਇਹ ਕੀੜੇ ਛੋਟੇ ਆਕਾਰ ਦੇ ਹੁੰਦੇ ਹਨ, ਜੋ ਪੌਦੇ ਅਤੇ ਫਲਾਂ ਦਾ ਰਸ ਚੂਸਦੇ ਹਨ। ਇਹ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਕੀੜੀਆਂ ਲਈ ਭੋਜਨ ਦਾ ਕੰਮ ਕਰਦਾ ਹੈ। ਇਨ੍ਹਾਂ ਦਾ ਮੂੰਹ ਵਾਲਾ ਭਾਗ ਜ਼ਿਆਦਾ ਨਹੀਂ ਹੁੰਦਾ। ਇਨ੍ਹਾਂ ਦੀ ਰੋਕਥਾਮ ਲਈ ਘਰਘੀਣੀ ਭੂੰਡੀ ਨੂੰ ਛੱਡਿਆ ਜਾ ਸਕਦਾ ਹੈ। ਇਨ੍ਹਾਂ ਦੇ ਵਿਰੁੱਧ ਨਿੰਮ ਦਾ ਤੇਲ ਵੀ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਪੈਰਾਥਿਆਨ (0.03%) ਘੋਲ, ਡਾਈਮੈਥੋਏਟ 150 ਮਿ.ਲੀ. ਜਾਂ ਮੈਲਾਥਿਆਨ 0.1% ਦੀ ਸਪਰੇਅ ਪ੍ਰਤੀ ਏਕੜ ਤੇ ਕਰੋ।

4. ਚੇਪਾ ਅਤੇ ਮਿਲੀ ਬੱਗ: ਇਹ ਛੋਟੇ ਰਸ ਚੂਸਣ ਵਾਲੇ ਕੀਟ ਹਨ। ਬੱਗ ਪੱਤਿਆਂ ਦੇ ਹੇਠਲੇ ਪਾਸੇ ਮੌਜੂਦ ਹੁੰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਸਿੰਥੈਟਿਕ ਪਾਇਰੀਥਿਰਿਓਡਜ਼ ਜਾਂ ਕੀਟਨਾਸ਼ਕ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

1. ਨਿੰਬੂ ਜਾਤੀ ਦੇ ਫਲਾਂ ਦਾ ਕੋਹੜ ਰੋਗ: ਇਸ ਬਿਮਾਰੀ ਨਾਲ ਪੌਦੇ ਦੇ ਤਣੇ, ਪੱਤਿਆਂ ਅਤੇ ਫਲਾਂ ਤੇ ਧੱਬੇ ਬਣ ਜਾਂਦੇ ਹਨ ਅਤੇ ਭੂਰੇ ਰੰਗ ਦੀਆਂ ਪਾਣੀ ਵਾਲੀਆਂ ਧਾਰੀਆਂ ਬਣ ਜਾਂਦੀਆਂ ਹਨ। ਇਹ ਬਿਮਾਰੀ ਪੌਦੇ ਦੇ stomata ਦੁਆਰਾ ਪੱਤਿਆਂ ਵਿੱਚ ਚਲਾ ਜਾਂਦਾ ਹੈ। ਨਵੇਂ ਪੱਤਿਆਂ ਤੇ ਇਹ ਬਿਮਾਰੀ ਜ਼ਿਆਦਾ ਹਮਲਾ ਕਰਦੀ ਹੈ। ਇਨ੍ਹਾਂ ਧੱਬਿਆਂ ਵਿੱਚੋਂ ਵਿਸ਼ਾਣੂ ਨਿਕਲਦੇ ਹਨ, ਜੋ ਹਵਾ ਰਾਹੀਂ ਦੂਜੇ ਤੰਦਰੁਸਤ ਪੌਦਿਆਂ ਵਾਲੇ ਇਲਾਕੇ ਵਿੱਚ ਫੈਲਦੇ ਹਨ। ਇਹ ਬਿਮਾਰੀ ਪ੍ਰਭਾਵਿਤ ਸੰਦਾਂ ਦੁਆਰਾ ਵੀ ਫੈਲਦੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਪ੍ਰਭਾਵਿਤ ਟਹਿਣੀਆਂ ਨੂੰ ਹਟਾ ਦਿਓ। ਬੋਰਡਿਓਕਸ ਘੋਲ 1% ਦੀ ਸਪਰੇਅ ਕਰੋ। ਐਕਿਊਅਸ ਘੋਲ 550 ਪੀ ਪੀ ਐੱਮ, ਸਟ੍ਰੈਪਟੋਮਾਈਸਿਨ ਸਲਫੇਟ ਵੀ ਇਸ ਬਿਮਾਰੀ ਦੇ ਹਮਲੇ ਲਈ ਲਾਭਦਾਇਕ ਹੈ।

2. ਗੂੰਦੀਆ ਰੋਗ: ਇਸ ਬਿਮਾਰੀ ਦਾ ਮੁੱਖ ਲੱਛਣ ਸੱਕ ਵਿੱਚੋਂ ਗੂੰਦ ਨਿਕਲਣਾ ਹੈ। ਪ੍ਰਭਾਵਿਤ ਪੌਦੇ ਦੇ ਪੱਤੇ ਪੀਲੇ ਪੈ ਜਾਂਦੇ ਹਨ। ਗੂੰਦ ਪੱਤਿਆਂ ਦੀ ਸਤਹਿ ਅਤੇ ਤਣੇ ਤੇ ਆਮ ਦਿਖਾਈ ਦਿੰਦੀ ਹੈ। ਗੰਭੀਰ ਹਾਲਾਤਾਂ ਵਿੱਚ ਪੌਦੇ ਦਾ ਸੱਕ ਗਲ਼ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ। ਪੌਦਾ ਫਲ ਪੱਕਣ ਤੋਂ ਪਹਿਲਾਂ ਨਸ਼ਟ ਹੋ ਜਾਂਦਾ ਹੈ। ਇਸ ਬਿਮਾਰੀ ਨੂੰ ਜੜ੍ਹ ਗਲਣ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਮਿੱਟੀ ਵਿੱਚ 0.2% ਮੈਟਾਲੈਕਸਿਲ ਐੱਮ ਜ਼ੈੱਡ-72+0.5% ਟ੍ਰਾਈਕੋਡਰਮਾ ਵਿਰਾਈਡ ਮਿੱਟੀ ਵਿੱਚ ਪਾਓ। ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੌਦੇ ਤੇ ਜ਼ਮੀਨ ਤੋਂ 50-75 ਸੈ.ਮੀ. ਉੱਚਾਈ ਤੱਕ ਬੋਰਡਿਓਕਸ ਘੋਲ ਪਾਓ।

3. ਪੱਤਿਆਂ ਦੇ ਸਫੇਦ ਧੱਬੇ: ਇਸ ਬਿਮਾਰੀ ਨਾਲ ਪੱਤਿਆਂ 'ਤੇ ਚਿੱਟੇ ਰੂੰ ਵਰਗਾ ਪਾਊਡਰ ਦਿਖਾਈ ਦਿੰਦਾ ਹੈ। ਪੱਤਿਆਂ 'ਤੇ ਵੱਟ ਪੈ ਜਾਂਦੇ ਹਨ ਅਤੇ ਇਹ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਵਿੱਚਲੀਆਂ ਧਾਰੀਆਂ ਵੀ ਕਰੂਪ ਹੋ ਜਾਂਦੀਆਂ ਹਨ। ਇਸ ਨਾਲ ਪੱਤਿਆਂ ਦਾ ਉੱਪਰੀ ਹਿੱਸਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਫਲ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ, ਜਿਸ ਕਾਰਨ ਪੈਦਾਵਾਰ ਵਿੱਚ ਗਿਰਾਵਟ ਆਉਂਦੀ ਹੈ। ਇਸਦੀ ਰੋਕਥਾਮ ਲਈ ਪ੍ਰਭਾਵਿਤ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। 20-22 ਦਿਨਾਂ ਦੇ ਫਾਸਲੇ 'ਤੇ ਤਿੰਨ ਵਾਰ ਕਾਰਬੈਂਡਾਜ਼ਿਮ ਦੀ ਸਪਰੇਅ ਕਰੋ।

4. ਫਲਾਂ ਤੇ ਕਾਲੇ ਧੱਬੇ: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ। ਇਸ ਨਾਲ ਫਲਾਂ ਤੇ ਗੋਲ ਅਤੇ ਕਾਲੇ ਰੰਗ ਦੇ ਧੱਬੇ ਬਣ ਜਾਂਦੇ ਹਨ। ਇਸਦੇ ਬਚਾਅ ਲਈ ਬਸੰਤ ਦੇ ਸ਼ੁਰੂਆਤ ਵਿੱਚ ਪੱਤਿਆਂ ਤੇ ਕੋਪਰ ਦੀ ਸਪਰੇਅ ਕਰੋ ਅਤੇ 6 ਮਹੀਨੇ ਬਾਅਦ ਇਹ ਸਪਰੇਅ ਦੋਬਾਰਾ ਕਰੋ।

5. ਧੱਫੜੀ ਰੋਗ: ਇਹ ਬਿਮਾਰੀ ਮੈਂਡਰਿਨ ਦੀਆਂ ਕੁੱਝ ਕਿਸਮਾਂ ਅਤੇ ਲੈਮਨ ਦੇ ਫਲਾਂ ਤੇ ਹਮਲਾ ਕਰਦੀ ਹੈ। ਇਸ ਨਾਲ ਪੌਦੇ ਦੀਆਂ ਸ਼ਾਖਾਂ, ਫਲਾਂ ਅਤੇ ਪੱਤਿਆਂ ਤੇ ਸਲੇਟੀ ਰੰਗ ਦੇ ਧੱਬੇ ਬਣ ਜਾਂਦੇ ਹਨ ਅਤੇ ਫਲ ਬੇਢੰਗੇ ਹੋ ਜਾਂਦੇ ਹਨ। ਫਲ ਵਿਕਸਿਤ ਹੋਣ ਤੋਂ ਪਹਿਲਾਂ ਝੜਨਾ ਸ਼ੁਰੂ ਹੋ ਜਾਂਦੇ ਹਨ। ਇਹ ਬਿਮਾਰੀ ਫੰਗਸ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਬਚਾਅ ਲਈ ਕੋਪਰ ਸਪਰੇਅ ਨੂੰ ਸਫੇਦ ਤੇਲ ਨਾਲ ਮਿਲਾ ਕੇ ਸਪਰੇਅ ਕਰੋ। 5 ਲੀਟਰ ਕੋਪਰ ਸਪਰੇਅ ਦੇ ਘੋਲ ਵਿੱਚ 2 ਚਮਚ ਸਫੇਦ ਤੇਲ ਨੂੰ 2 ਲੀਟਰ ਪਾਣੀ ਵਿੱਚ ਘੋਲ ਕੇ ਪਾਓ।

6. ਤਣਾ ਗਲਣ: ਇਹ ਵੀ ਫੰਗਸ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਮੁੱਖ ਤੌਰ ਤੇ ਪੌਦੇ ਦੇ ਤਣੇ ਦੇ ਸੱਕ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਜ਼ਮੀਨ ਦੇ ਬਿਲਕੁਲ ਨੇੜਲੇ ਤਣੇ ਵਾਲੇ ਭਾਗ ਤੇ ਇੱਕ ਘੇਰਾ ਬਣ ਜਾਂਦਾ ਹੈ ਅਤੇ ਤਣਾ ਗਲਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਇਹ ਘੇਰੇ ਪੂਰੇ ਤਣੇ ਤੇ ਫੈਲ ਜਾਂਦੇ ਹਨ। ਤਣਾ ਗਲਣ ਤੋਂ ਬਚਾਅ ਲਈ ਨਰਮ ਅਤੇ ਪ੍ਰਭਾਵਿਤ ਸੱਕ ਨੂੰ ਹਟਾ ਕੇ ਤਣੇ ਨੂੰ ਸਾਫ ਕਰੋ। ਕੋਪਰ ਸਪਰੇਅ ਜਾਂ ਬੋਰਡਿਓਕਸ ਦਾ ਘੋਲ ਨੁਕਸਾਨੇ ਭਾਗਾਂ ਤੇ ਲਾਓ। ਪੌਦੇ ਨੂੰ ਸਹੀ ਹਵਾਦਾਰ ਬਣਾਉਣ ਲਈ ਕਮਜ਼ੋਰ, ਪ੍ਰਭਾਵਿਤ ਅਤੇ ਸੰਘਣੀਆਂ ਟਹਿਣੀਆਂ ਨੂੰ ਹਟਾ ਦਿਓ।

7. ਜ਼ਿੰਕ ਦੀ ਕਮੀ: ਨਿੰਬੂ ਜਾਤੀ ਦੇ ਫਲਾਂ ਵਿੱਚ ਇਹ ਕਮੀ ਆਮ ਪਾਈ ਜਾਂਦੀ ਹੈ। ਇਸ ਨਾਲ ਪੌਦਿਆਂ ਦੀਆਂ ਉੱਪਰੀ ਟਹਿਣੀਆਂ ਅਤੇ ਪੱਤਿਆਂ ਵਿੱਚਲੀਆਂ ਨਾੜੀਆਂ ਦਾ ਰੰਗ ਪੀਲਾ ਹੋ ਜਾਂਦਾ ਹੈ। ਇਸ ਨਾਲ ਨਵੀਆਂ ਟਹਿਣੀਆਂ ਮਰ ਜਾਂਦੀਆਂ ਹਨ ਅਤੇ ਸੰਘਣੀਆਂ ਟਹਿਣੀਆਂ ਦਾ ਵਿਕਾਸ ਰੁੱਕ ਜਾਂਦਾ ਹੈ, ਜਿਸ ਕਾਰਨ ਇਹ ਝਾੜੀਆਂ ਵਾਂਗ ਨਜ਼ਰ ਆਉਂਦੀਆਂ ਹਨ। ਇਸਦੀ ਕਮੀ ਦੇ ਇਲਾਜ ਲਈ ਸਹੀ ਮਾਤਰਾ ਵਿੱਚ ਖਾਦਾਂ ਪਾਓ। 10 ਲੀਟਰ ਪਾਣੀ ਵਿੱਚ 2 ਚਮਚ ਜ਼ਿੰਕ ਸਲਫੇਟ ਘੋਲ ਕੇ ਪਾਓ। ਇਸ ਘੋਲ ਦੀ ਸਪਰੇਅ ਪੌਦੇ ਦੀਆਂ ਸਾਰੀਆਂ ਟਹਿਣੀਆਂ ਅਤੇ ਪੱਤਿਆਂ ਤੇ ਸਪਰੇਅ ਕਰੋ। ਇਸਦਾ ਇਲਾਜ ਗਾਂ ਜਾਂ ਭੇਡ ਦੇ ਗੋਬਰ ਤੋਂ ਤਿਆਰ ਖਾਦ ਦੁਆਰਾ ਵੀ ਕੀਤਾ ਜਾ ਸਕਦਾ ਹੈ।

8. ਲੋਹੇ ਦੀ ਕਮੀ: ਇਸ ਨਾਲ ਪੱਤਿਆਂ ਦਾ ਰੰਗ ਹਰਾ-ਪੀਲਾ ਹੋ ਜਾਂਦਾ ਹੈ। ਪੌਦੇ ਨੂੰ ਆਇਰਨ ਚਿਲੇਟ ਪਾਓ। ਇਸਦਾ ਇਲਾਜ ਗਾਂ ਜਾਂ ਭੇਡ ਦੇ ਗੋਬਰ ਤੋਂ ਤਿਆਰ ਖਾਦ ਦੁਆਰਾ ਵੀ ਕੀਤਾ ਜਾ ਸਕਦਾ ਹੈ। ਲੋਹੇ ਦੀ ਕਮੀ ਜ਼ਿਆਦਾਤਰ ਖਾਰੀ ਮਿੱਟੀ ਵਿੱਚ ਆਉਂਦੀ ਹੈ।

ਇਹ ਵੀ ਪੜ੍ਹੋ ਜੈਵਿਕ ਖੇਤੀ ਦੇ ਫਾਇਦੇ ਅਤੇ ਨੁਕਸਾਨ! ਜਾਣੋ ਪੂਰੀ ਖ਼ਬਰ

Summary in English: How to protect lemons from pests and diseases! Learn the right way

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters