ਗਾਜਰ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵੇਂ ਤਰਾਂ ਕੀਤੀ ਜਾਂਦੀ ਹੈ। ਇਸ ਵਿੱਚ ਐਟੀਂਆਕਸੀਡੈਂਟਸ ਅਤੇ ਖੁਰਾਕੀ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਲਾਲ ਗਾਜਰ ਵਿਚ ਲਾਈਕੋਪੀਨ ਤੱਤ ਅਤੇ ਕਾਲੀਆਂ ਗਾਜਰਾਂ ਵਿੱਚ ਐਂਥੋਸਾਇਨਿਨ ਤੱਤ ਜਿਆਦਾ ਹੁੰਦਾ ਹੈ। ਜੋ ਕਿ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹਨ ਅਤੇ ਮਨੁੱਖ ਨੂੰ ਦਿਲ ਦੀਆਂ ਬਿਮਾਰੀਆਂ, ਕੈਂਸਰ, ਮੋਟਾਪਾ ਆਦਿ ਤੋਂ ਬਚਾਉਂਦੇ ਹਨ। ਕਾਲੀਆਂ ਗਾਜਰਾਂ ਵਿੱਚ ਲੋਹੇ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਅਨੀਮੀਏ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਕਾਲੀਆਂ ਗਾਜਰਾਂ ਤੋਂ ਕਾਂਜੀ ਬਣਾਈ ਜਾਂਦੀ ਹੈ ਜੋ ਭੁੱਖ ਨੂੰ ਚਮਕਾਉਂਦੀ ਹੈ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ।
ਜਲਵਾਯੂ ਅਤੇ ਮਿੱਟੀ: ਗਾਜਰ ਦੇ ਉਗਣ ਲਈ 7-24 ਅਤੇ ਵਾਧੇ ਲਈ 18-24 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਗਾਜਰਾਂ ਦਾ ਵਧੀਆ ਰੰਗ 15 ਤੋਂ 20 ਡਿਗਰੀ ਸੈਂਟੀਗਰੇਡ ਤੇ ਬਣਦਾ ਹੈ। ਜੇਕਰ ਤਾਪਮਾਨ 30 ਡਿਗਰੀ ਤੋਂ ਉਪਰ ਹੋ ਜਾਂਦਾ ਹੈ ਤਾਂ ਗਾਜਰਾਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ ਅਤੇ ਜੜ੍ਹਾਂ ਸਖਤ ਹੋ ਜਾਂਦੀਆਂ ਹਨ। ਗਾਜਰਾਂ ਵਾਸਤੇ ਡੂੰਘੀ, ਪੋਲੀ, ਚੀਕਣੀ ਮੈਰਾ ਜ਼ਮੀਨ ਜ਼ਿਆਦਾ ਚੰਗੀ ਹੁੰਦੀ ਹੈ ਕਿਉਂਕਿ ਇਸ ਵਿੱਚ ਗਾਜਰਾਂ ਠੀਕ ਵਧਦੀਆਂ ਹਨ। ਭਾਰੀਆਂ ਜ਼ਮੀਨਾਂ ਜੜ੍ਹਾਂ ਦੇ ਵਾਧੇ ਨੂੰ ਰੋਕਦੀਆਂ ਹਨ ਅਤੇ ਜੜ੍ਹਾਂ ਨੂੰ ਦੁਸਾਂਗੜ ਬਣਾ ਦਿੰਦੀਆਂ ਹਨ। ਜਿਸ ਜ਼ਮੀਨ ਦੀ ਪੀ ਐਚ 6.5 ਹੋਵੇ, ਉਹ ਫ਼ਸਲ ਦੀ ਵਧੀਆ ਪੈਦਾਵਾਰ ਲਈ ਠੀਕ ਮੰਨੀ ਜਾਂਦੀ ਹੈ।
ਉਨਤ ਕਿਸਮਾਂ: ਪੰਜਾਬ ਐਗਰੀਕਲਚਰਲ ਯੂਨਿਵਰਸਿਟੀ, ਲੁਧਿਆਣਾ ਵਲੋਂ ਗਾਜਰ ਦੀ ਪੀ. ਸੀ.-161, ਪੰਜਾਬ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ.ਸੀ.-34 ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ: ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਲਈ ਅਗਸਤ-ਸਤੰਬਰ ਢੁੱਕਵਾਂ ਸਮਾਂ ਹੈ। ਅੰਗਰੇਜੀ ਕਿਸਮਾਂ ਦੀ ਬਿਜਾਈ ਅਕਤੂਬਰ-ਨਵੰਬਰ ਵਿੱਚ ਕੀਤੀ ਜਾਂਦੀ ਹੈ। ਇਸ ਫ਼ਸਲ ਲਈ ਬੀਜ ਦੀ ਮਾਤਰਾ 4 ਤੋਂ 5 ਕਿਲੋਗ੍ਰਾਮ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਦਾ ਫਾਸਲਾ 7.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਚੰਗੀ ਕੁਆਲਿਟੀ ਦੀ ਗਾਜਰ ਤਿਆਰ ਕਰਨ ਲਈ ਬੂਟਿਆਂ ਨੂੰ ਇੱਕ ਮਹੀਨੇ ਬਾਅਦ ਵਿਰਲਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਵਪਾਰਕ ਪੱਧਰ ਤੇ ਗਾਜਰ ਦੀ ਫ਼ਸਲ ਦੀ ਬਿਜਾਈ ਮਸ਼ੀਨ ਨਾਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਮਸ਼ੀਨ 67.5 ਸੈਂਟੀਮੀਟਰ ਦੇ ਫਾਸਲੇ ਤੇ ਇੱਕੋ ਵਾਰੀ 3 ਬੈਡ ਬਣਾ ਕੇ ਇੱਕ ਬੈਡ ਤੇ 4 ਲਾਈਨਾਂ ਵਿੱਚ ਗਾਜਰ ਦੀ ਬਿਜਾਈ ਕਰਦੀ ਹੈ।
ਖਾਦਾਂ: ਗਾਜਰ ਦੀ ਫ਼ਸਲ ਵਾਸਤੇ ਇੱਕ ਏਕੜ ਪਿੱਛੇ 15 ਟਨ ਗਲੀ ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿੱਚ ਮਿਲਾ ਦਿਓ। ਇਸ ਤੋਂ ਇਲਾਵਾ 25 ਕਿਲੋ ਨਾਈਟਰੋਜਨ (55 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋਗ੍ਰਾਮ ਸੁਪਰਫਾਸਫੇਟ) ਅਤੇ 30 ਕਿਲੋਗ੍ਰਾਮ ਪੋਟਾਸ਼ (50 ਕਿਲੋਗ੍ਰਾਮ ਮਿਉਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਗਾਜਰ ਦਾ ਵਧੀਆ ਰੰਗ ਬਣਾਉਣ ਲਈ ਪੋਟਾਸ਼ ਦਾ ਪਾਉਣਾ ਅਤਿ ਜ਼ਰੂਰੀ ਹੈ। ਸਾਰੀ ਦੀ ਸਾਰੀ ਖਾਦ ਬਿਜਾਈ ਸਮੇਂ ਪਾ ਦਿਓ।
ਪਾਣੀ: ਬਿਜਾਈ ਤੋਂ ਫੌਰਨ ਬਾਅਦ ਪਹਿਲਾ ਪਾਣੀ ਲਾਉ ਅਤੇ ਵੱਧ ਤੋਂ ਵੱਧ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਗਾਜਰ ਨੂੰ ਬਹੁਤਾ ਪਾਣੀ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਆਕਾਰ ਵਿਗੜ ਜਾਂਦਾ ਹੈ। ਗਾਜਰ ਦਾ ਰੰਗ ਨਹੀਂ ਬਣਦਾ ਅਤੇ ਪੱਤੇ ਵੀ ਜ਼ਿਆਦਾ ਆ ਜਾਂਦੇ ਹਨ।
ਨਦੀਨਾਂ ਦੀ ਰੋਕਥਾਮ: ਗਾਜਰ ਦੀ ਫ਼ਸਲ ਸ਼ੁਰੁ ਵਿੱਚ ਹੌਲੀ-ਹੌਲੀ ਵੱਧਦੀ ਹੈ, ਜਿਸ ਕਾਰਨ ਸ਼ੁਰੂ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ। ਗਾਜਰ ਦੀ ਫਸਲ ਦੀ ਸਮੇਂ ਸਿਰ ਗੋਡੀ ਕਰਦੇ ਰਹੋ ਤਾਂ ਕਿ ਉਸ ਵਿੱਚ ਹਵਾ ਦਾ ਸੰਚਾਰ ਹੁੰਦਾ ਰਹੇ। ਜੇਕਰ ਗਾਜਰ ਦਾ ਉਤਲਾ ਹਿੱਸਾ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਉਹ ਹਰਾ ਹੋ ਜਾਂਦਾ ਹੈ ਅਤੇ ਗਾਜਰਾਂ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਇਸ ਲਈ ਗਾਜਰਾਂ ਬਣਨ ਸਮੇਂ ਮਿੱਟੀ ਦਾ ਚਾੜ੍ਹਨਾ ਬਹੁਤ ਜ਼ਰੂਰੀ ਹੈ।
ਪੁਟਾਈ: ਗਾਜਰਾਂ ਕਿਸਮ ਅਨੁਸਾਰ 85-100 ਦਿਨਾਂ ਬਾਅਦ ਪੁਟਾਈ ਯੋਗ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ ਅਤੇ ਮੰਡੀਕਰਨ ਅਨੁਸਾਰ ਆਕਾਰ ਯੋਗ ਹੋਣ ਤਾਂ ਪੁਟੱੀਆਂ ਜਾ ਸਕਦੀਆਂ ਹਨ। ਲੇਬਰ ਨਾਲ ਪੁਟਾਈ ਅਤੇ ਚੁਗਾਈ ਦਾ ਖਰਚਾ ਜ਼ਿਆਦਾ ਆਉਂਦਾ ਹੈ। ਜਿਸ ਕਰਕੇ ਵੱਡੇ ਪੱਧਰ ਤੇ ਗਾਜਰ ਦੀ ਪੁਟਾਈ ਮਸ਼ੀਂਨਾਂ ਨਾਲ ਕਰਨੀ ਚਾਹੀਦੀ ਹੈ। ਇਹ ਮਸ਼ੀਨ 67.5 ਸੈਂਟੀਮੀਟਰ ਦੀ ਵਿੱਥ ਤੇ ਵੱਟਾਂ ਤੇ ਲੱਗੀਆਂ ਗਾਜਰਾਂ ਦੀ ਪੁਟਾਈ 0.62 ਏਕੜ ਪ੍ਰਤੀ ਘੰਟੇ ਵਿੱਚ ਕਰ ਸਕਦੀ ਹੈ।
ਪ੍ਰੋਸੈਸਿੰਗ: ਇੱਕ ਅਜਿਹੀ ਤਕਨੀਕ ਤਿਆਰ ਕੀਤੀ ਗਈ ਹੈ, ਜਿਸ ਅਨੁਸਾਰ ਮੌਸਮੀ ਗਾਜਰ ਅਤੇ ਆਂਵਲੇ ਦੇ ਸੁਮੇਲ ਤੋਂ ਖਮੀਰ ਨਾਲ ਤਿਆਰ ਕੀਤੀ ਬੈਵਰੇਜ (ਪੇਅ ਪਦਾਰਥ) ਬਣਾਇਆ ਗਿਆ ਹੈ। ਜਿਸ ਨੂੰ ਤਿਆਰ ਕਰਨ ਦੀ ਵਿਧੀ ਛੋਟੇ ਅਤੇ ਵੱਡੇ ਪੱਧਰ ਤੇ ਹੋ ਸਕਦੀ ਹੈ। ਇਸ ਪੇਅ ਪਦਾਰਥ ਨੂੰ 3 ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ ਅਤੇ ਇਸ ਵਿੱਚ ਖੁਰਾਕੀ ਤੱਤ ਵੀ ਪੂਰੇ ਰਹਿੰਦੇ ਹਨ। ਇਸ ਤਕਨੀਕ ਨਾਲ ਗਾਜਰ ਦੇ ਮੌਸਮ ਵਿੱਚ ਮੰਡੀ ਵਿੱਚ ਆਈ ਵਧੇਰੇ ਗਾਜਰ ਨੂੰ ਪੀਣ ਵਾਲੇ ਪਦਾਰਥ ਵਿੱਚ ਵਰਤ ਕੇ ਗਾਜਰ ਦੀ ਸਹੀ ਵਰਤੋਂ ਹੋ ਜਾਂਦੀ ਹੈ ਅਤੇ ਖੁਰਾਕੀ ਤੱਤ ਵੀ ਲੰਮੇ ਸਮੇਂ ਤੱਕ ਲਏ ਜਾ ਸਕਦੇ ਹਨ। ਖਾਣ ਵਾਲੀ ਗਾਜਰ ਦੀ ਫਸਲ ਉਤੇ ਕੋਈ ਵੀ ਭਿਆਨਕ ਕੀੜੇ-ਮਕੌੜੇ ਅਤੇ ਬਿਮਾਰੀ ਦਾ ਹਮਲਾ ਨਹੀਂ ਹੁੰਦਾ ਅਤੇ ਖੇਤੀ ਰਸਾਇਣਾਂ ਦੇ ਛਿੜਕਾਅ ਤੋਂ ਬਗੈਰ ਇਸਦੀ ਪੈਦਾਵਾਰ ਕੀਤੀ ਜਾਂਦੀ ਹੈ।
ਦੁਸਗੜਾਂ ਨਿਕਲਣਾ: ਦੁਸਾਗੜਾਂ ਨਿਕਲਣ ਨਾਲ ਗਾਜਰਾਂ ਦੀ ਕਵਾਲਿਟੀ ਮਾੜੀ ਪੈ ਜਾਂਦੀ ਹੈ ਅਤੇ ਮੰਡੀਕਰਨ ਯੋਗ ਨਹੀਂ ਰਹਿੰਦੀਆਂ।ਤਾਜ਼ੀ ਰੂੜੀ ਪਾਉਣ ਕਰਕੇ ਭਾਰੀਆ ਜ਼ਮੀਨਾ ਵਿੱਚ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਵਧੀਆ ਕਿਸਮ ਹੋਣੀ ਚਾਹੀਦੀ ਹੈ ਅਤੇ ਗਾਜਰ ਦੀ ਬਿਜਾਈ ਡੂੰਘੀ ਪੋਲੀ ਅਤੇ ਰੇਤਲੀ ਮੈਰਾ ਜ਼ਮੀਨ ਵਿੱਚ ਕਰਨੀ ਚਾਹੀਦੀ ਹੈ।
ਗਾਜਰਾਂ ਦਾ ਪਾਟਣਾ: ਗਾਜਰਾਂ ਪਾਟਣ ਦੀ ਸਮੱਸਿਆ ਕਈ ਕਾਰਨਾਂ ਕਰਕੇ ਆ ਜਾਂਦੀਂ ਹੈ ਜਿਵੇਂ ਕਿ ਬ੍ਹੂਟਿਆਂ ਵਿੱਚ ਜ਼ਿਆਦਾ ਫਾਸਲਾ, ਅਗੇਤੀ ਬਿਜਾਈ ਅਤੇ ਪੁਟਾਈ ਲੇਟ ਕਰਨੀ। ਇਸ ਨੂੰ ਰੋਕਣ ਲਈ ਖੇਤ ਵਿੱਚ ਇਕਸਾਰ ਨਮੀ ਦਾ ਰਹਿਣਾ, ਸਮੇਂ ਸਿਰ ਬਿਜਾਈ ਕਰਨਾ ਅਤੇ ਪੁਟਾਈ ਕਰਨਾ ਅਤਿ ਜ਼ਰੂਰੀ ਹੈ।
ਇਨ੍ਹਾਂ ਨੁਕਤਿਆਂ ਨੂੰ ਧਿਆਨ ਵਿੱਚ ਰਖਦੇ ਹੋਏ ਗਾਜਰ ਦੀ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ।
ਰੂਮਾ ਦੇਵੀ
ਸਬਜ਼ੀ ਵਿਗਿਆਨ ਵਿਭਾਗ
Summary in English: Important tips for successful cultivation of carrots