1. Home
  2. ਖੇਤੀ ਬਾੜੀ

ਸੋਇਆਬੀਨ ਦੀ ਸਫ਼ਲ ਕਾਸ਼ਤ ਲਈ ਸੁਧਰੇ ਢੰਗ

ਸੋਇਆਬੀਨ 'ਗੋਲਡਨ ਬੀਨ' ਦੇ ਨਾਂ ਨਾਲ ਜਾਣੀ ਜਾਣ ਵਾਲੀ ਸੰਸਾਰ ਦੀ ਇੱਕ ਅਹਿਮ ਤੇਲਬੀਜ ਫ਼ਸਲ ਹੈ। ਸਾਰੇ ਸੋਇਆਬੀਨ ਉਤਪਾਦਕ ਦੇਸ਼ਾਂ ਵਿੱਚੋਂ, ਅਮਰੀਕਾ ਪਹਿਲੇ ਸਥਾਨ ਤੇ ਹੈ ਜਿੱਥੇ ਸੰਸਾਰ ਦਾ ਕੁੱਲ 40% ਉਤਪਾਦਨ ਹੁੰਦਾ ਹੈ। ਇਸ ਤੋਂ ਬਾਅਦ ਬਰਾਜ਼ੀਲ, ਅਰਜਿਨਟਾਇਨਾ ਦਾ ਸਥਾਨ ਹੈ। ਸੰਸਾਰ ਵਿੱਚ ਹੋਣ ਵਾਲੇ ਕੁੱਲ ਸੋਇਆਬੀਨ ਉਤਪਾਦਨ ਵਿੱਚੋਂ ਭਾਰਤ ਵਿੱਚ 3% ਉਤਪਾਦਨ ਹੁੰਦਾ ਹੈ ਅਤੇ ਇਸਦਾ ਉਤਪਾਦਨ ਵਿੱਚ ਪੰਜਵਾਂ ਸਥਾਨ ਹੈ। ਇਹ ਪ੍ਰੋਟੀਨ ਦਾ ਇੱਕ ਸਸਤਾ ਸ੍ਰੋਤ ਹੈ। ਸੋਇਆਬੀਨ ਵਿੱਚ ਤਕਰੀਬਨ 40% ਪ੍ਰੋਟੀਨ ਅਤੇ 20% ਤੇਲ ਦੀ ਮਾਤਰਾ ਪਾਈ ਜਾਂਦੀ ਹੈ। ਸੋਇਆਬੀਨ ਦੇ ਦਾਣਿਆਂ ਵਿੱਚ ਆਈਸੋਫਲੈਵੋਨਸ, ਟੋਕੋਫਿਰੋਲਸ, ਲੈਸੀਥਿਨ, ਵਿਟਾਮਿਨ, ਖਣਿਜ ਪਦਾਰਥ, ਪ੍ਰੋਟੀਏਜ਼ ਇਨਹਿਬਿਟਰਸ, ਸੈਪੋਨਿਨਸ, ਟਰਪੀਨਸ ਆਦਿ ਹੁੰਦੇ ਹਨ ਜੋ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ। ਤੇਲ, ਦੁੱਧ, ਪਨੀਰ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਅਤੇ ਤਾਜ਼ੀ ਹਰੀ ਸੋਇਆਬੀਨ ਦੇ ਤੌਰ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੁਪੋਸ਼ਣ ਨੁੰ ਦੂਰ ਕਰਨ ਵਿੱਚ ਸਹਾਈ ਹੈ। ਅਪਣੀ ਰੋਜ਼ਾਨਾ ਦੀ ਖੁਰਾਕ ਵਿੱਚ

KJ Staff
KJ Staff

ਸੋਇਆਬੀਨ 'ਗੋਲਡਨ ਬੀਨ' ਦੇ ਨਾਂ ਨਾਲ ਜਾਣੀ ਜਾਣ ਵਾਲੀ ਸੰਸਾਰ ਦੀ ਇੱਕ ਅਹਿਮ ਤੇਲਬੀਜ ਫ਼ਸਲ ਹੈ। ਸਾਰੇ ਸੋਇਆਬੀਨ ਉਤਪਾਦਕ ਦੇਸ਼ਾਂ ਵਿੱਚੋਂ, ਅਮਰੀਕਾ ਪਹਿਲੇ ਸਥਾਨ ਤੇ ਹੈ ਜਿੱਥੇ ਸੰਸਾਰ ਦਾ ਕੁੱਲ 40% ਉਤਪਾਦਨ ਹੁੰਦਾ ਹੈ। ਇਸ ਤੋਂ ਬਾਅਦ ਬਰਾਜ਼ੀਲ, ਅਰਜਿਨਟਾਇਨਾ ਦਾ ਸਥਾਨ ਹੈ। ਸੰਸਾਰ ਵਿੱਚ ਹੋਣ ਵਾਲੇ ਕੁੱਲ ਸੋਇਆਬੀਨ ਉਤਪਾਦਨ ਵਿੱਚੋਂ ਭਾਰਤ ਵਿੱਚ 3% ਉਤਪਾਦਨ ਹੁੰਦਾ ਹੈ ਅਤੇ ਇਸਦਾ ਉਤਪਾਦਨ ਵਿੱਚ ਪੰਜਵਾਂ ਸਥਾਨ ਹੈ। ਇਹ ਪ੍ਰੋਟੀਨ ਦਾ ਇੱਕ ਸਸਤਾ ਸ੍ਰੋਤ ਹੈ। ਸੋਇਆਬੀਨ ਵਿੱਚ ਤਕਰੀਬਨ 40% ਪ੍ਰੋਟੀਨ ਅਤੇ 20% ਤੇਲ ਦੀ ਮਾਤਰਾ ਪਾਈ ਜਾਂਦੀ ਹੈ। ਸੋਇਆਬੀਨ ਦੇ ਦਾਣਿਆਂ ਵਿੱਚ ਆਈਸੋਫਲੈਵੋਨਸ, ਟੋਕੋਫਿਰੋਲਸ, ਲੈਸੀਥਿਨ, ਵਿਟਾਮਿਨ, ਖਣਿਜ ਪਦਾਰਥ, ਪ੍ਰੋਟੀਏਜ਼ ਇਨਹਿਬਿਟਰਸ, ਸੈਪੋਨਿਨਸ, ਟਰਪੀਨਸ ਆਦਿ ਹੁੰਦੇ ਹਨ ਜੋ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ। ਤੇਲ, ਦੁੱਧ, ਪਨੀਰ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਅਤੇ ਤਾਜ਼ੀ ਹਰੀ ਸੋਇਆਬੀਨ ਦੇ ਤੌਰ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੁਪੋਸ਼ਣ ਨੁੰ ਦੂਰ ਕਰਨ ਵਿੱਚ ਸਹਾਈ ਹੈ। ਅਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸੋਇਆਬੀਨ ਦੀ ਵਰਤੋਂ ਨਾਲ ਭਿਆਨਕ ਬੀਮਾਰਿਆਂ ਜਿਵੇਂ ਕਿ ਸ਼ੂਗਰ ਰੋਗ, ਛਾਤੀ ਦਾ ਕੈਂਸਰ, ਦਿਲ ਦੇ ਰੋਗ, ਔਸਟਿਉਪੌਰੀਸਿਸ ਆਦਿ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸਦੇ ਇਲਾਵਾ ਸੋਇਆਬੀਨ ਦੀ ਵਰਤੋਂ ਨਾਲ ਬਲੱਡ ਪਰੈਸ਼ਰ ਅਤੇ ਕੌਲਿਸਟਰੌਲ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਦੀ ਕਾਸ਼ਤ ਹਵਾ ਵਿੱਚੋਂ ਨਾਈਟ੍ਰੋਜਨ ਜ਼ਮੀਨ ਵਿੱਚ ਜਮਾਂ ਕਰਦੀ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੱਕਣ ਤੇ ਇਸਦੇ ਝੜੇ ਪੱਤੇ ਜ਼ਮੀਨ ਦੀ ਜੈਵਿਕ ਮਾਤਰਾ ਵਧਾਉਂਦੇ ਹਨ।

ਪੰਜਾਬ ਵਿੱਚ ਝੋਨਾ-ਕਣਕ ਫ਼ਸਲੀ ਚੱਕਰ ਕਾਫੀ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ ਅਤੇ ਜ਼ਹਿਰੀਲੀ ਦਵਾਈਆਂ ਦੀ ਵਰਤੋਂ ਕਾਰਣ, ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ਹੈ। ਇਸ ਲਈ ਇਸ ਫ਼ਸਲੀ ਚੱਕਰ ਨੂੰ ਬਦਲਣ ਦੀ ਲੋੜ ਹੈ। ਸੋਇਆਬੀਨ ਦੇ ਸੰਭਾਵੀ ਅਤੇ ਅਸਲੀ ਝਾੜ ਵਿੱਚ ਕਾਫੀ ਫਰਕ ਹੈ। ਇਸ ਫਰਕ ਨੂੰ ਘੱਟ ਕਰਣ ਲਈ ਸੋਇਆਬੀਨ ਦੀ ਕਾਸ਼ਤ ਲਈ ਹੇਠ ਲਿਖੀਆਂ ਸਿਫ਼ਾਰਸ਼ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ।

ਸੁਧਰੀਆਂ ਅਤੇ ਸਿਫ਼ਾਰਸ਼ ਕਿਸਮਾਂ

ਫ਼ਸਲ ਤੋਂ ਵੱਧ ਝਾੜ ਲੈਣ ਲਈ ਸੁਧਰੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੰਜਾਬ ਵਿੱਚ ਬਿਜਾਈ ਲਈ ਸੋਇਆਬੀਨ ਦੀਆਂ ਤਿੰਨ ਕਿਸਮਾਂ - ਐੱਸ ਐੱਲ 958, ਐੱਸ ਐੱਲ 744 ਅਤੇ ਐੱਸ ਐੱਲ 525 ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਹਨਾਂ ਕਿਸਮਾਂ ਵਿੱਚ ਤਕਰੀਬਨ 37-42 ਪ੍ਰਤੀਸ਼ਤ ਪ੍ਰੋਟੀਨ ਅਤੇ 20-22 ਪ੍ਰਤੀਸ਼ਤ ਤੇਲ ਹੁੰਦਾ ਹੈ। ਇਹ ਕਿਸਮਾਂ 139-144 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਇਹਨਾਂ ਦਾ ਔਸਤਨ ਝਾੜ 6.1-7.3 ਕੁਇੰਟਲ ਪ੍ਰਤੀ ਏਕੜ ਹੈ।

ਜ਼ਮੀਨ ਦੀ ਤਿਆਰੀ

ਖੇਤ ਨੂੰ 2-3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਵੇ ।

ਬੀਜ ਨੂੰ ਟੀਕਾ ਲਾਉਣਾ

ਸੋਇਆਬੀਨ ਦੇ ਇੱਕ ਏਕੜ ਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ ਬਰੈਡੀਰਾਈਜ਼ੋਬੀਅਮ ਕਲਚਰ (ਐੱਲ ਐੱਸ ਆਰ ਬੀ 3) ਲਾ ਲੈਣਾ ਚਾਹੀਦਾ ਹੈ । ਇਸ ਨਾਲ ਤਕਰੀਬਨ 8 ਪ੍ਰਤੀਸ਼ਤ ਝਾੜ ਵਿੱਚ ਵਾਧਾ ਹੁੰਦਾ ਹੈ । ਜੀਵਾਣੂ ਖਾਦ ਦਾ ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਬੀਜਾਂ ਦੀ ਦੁਕਾਨ, ਗੇਟ ਨੰ. 1 ਅਤੇ ਵੱਖੋ-ਵੱਖਰੇ ਜ਼ਿਲਿਆਂ ਵਿੱਚ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ।

ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ

ਸੋਇਆਬੀਨ ਰੂੜੀ ਦੀ ਖਾਦ ਨੂੰ ਕਾਫੀ ਮੰਨਦੀ ਹੈ। ਇਸ ਦਾ ਵਧੇਰੇ ਝਾੜ ਲੈਣ ਲਈ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ। ਜੇਕਰ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ, ਜਿਸ ਨੂੰ ਫ਼ਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ, ਤਾਂ 150 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਕਾਫੀ ਹੈ। ਇਸ ਤੋਂ ਇਲਾਵਾ 2% ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ) ਬਿਜਾਈ ਤੋਂ 60 ਅਤੇ 75 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਝਾੜ ਵਿਚ ਵਾਧਾ ਹੁੰਦਾ ਹੈ। ਜਿੱਥੇ ਸਣ ਨੂੰ ਹਰੀ ਖਾਦ ਦੇ ਰੂਪ ਵਿਚ ਵਰਤਿਆ ਹੋਵੇ ਉਥੇ ਸੋਇਆਬੀਨ ਦਾ ਵਧੇਰੇ ਝਾੜ ਲੈਣ ਲਈ ਨਾਈਟ੍ਰੋਜਨ ਖਾਦ ਦੀ ਪੂਰੀ ਮਾਤਰਾ (28 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ) ਪਾਉਣੀ ਚਾਹੀਦੀ ਹੈ।

ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ

ਬਿਜਾਈ ਲਈ 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸੋਇਆਬੀਨ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਬੀਜ 2.5-5.0 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਫ਼ਾਸਲਾ ਹੋਣਾ ਚਾਹੀਦਾ ਹੈ।

ਬਿਨਾਂ ਵਹਾਈ ਬਿਜਾਈ

ਸੋਇਆਬੀਨ ਦੀ ਬਿਜਾਈ ਕਣਕ ਪਿਛੋਂ ਬਿਨਾਂ ਵਹਾਈ ਕੀਤੇ ਜ਼ੀਰੋ ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨਾਂ ਦੀ ਸਮਸਿਆ ਹੋਵੇ ਉਥੇ ਅਧਾ ਲਿਟਰ ਗਰੈਮਕਸੋਨ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਬੈੱਡਾਂ ਉਤੇ ਬਿਜਾਈ

ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉਤੇ ਸੋਇਆਬੀਨ ਦੀ ਬੈੱਡ ਉਤੇ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈੱਡ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ 20-30% ਪਾਣੀ ਦੀ ਬੱਚਤ ਹੁੰਦੀ ਹੈ।

ਨਮੀਂ ਦੀ ਸੰਭਾਲ

ਸੋਇਆਬੀਨ ਵਿਚ ਨਮੀਂ ਦੀ ਸੰਭਾਲ ਲਈ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੀ ਵਰਤੋਂ ਕਰਕੇ ਕਤਾਰਾਂ ਨੂੰ ਢੱਕ ਕੇ ਕੀਤੀ ਜਾ ਸਕਦੀ ਹੈ ਜਿਸ ਨਾਲ ਬੀਜ ਚੰਗੀ ਤਰ੍ਹਾਂ ਉੱਗ ਜਾਂਦਾ ਹੈ ਅਤੇ ਬੂਟੇ ਠੀਕ ਨਿਕਲਦੇ ਹਨ।

ਨਦੀਨਾਂ ਦੀ ਰੋਕਥਾਮ

ਨਦੀਨ ਫ਼ਸਲ ਦਾ ਬਹੁਤ ਨੁਕਸਾਨ ਕਰਦੇ ਹਨ। ਨਦੀਨਾਂ ਦੀ ਰੋਕਥਾਮ ਗੋਡੀ ਜਾਂ ਨਦੀਨਨਾਸ਼ਕਾਂ ਰਾਹੀਂ ਕੀਤੀ ਜਾ ਸਕਦੀ ਹੈ। ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ, ਪਹਿਲੀ ਬਿਜਾਈ ਤੋਂ 20 ਅਤੇ ਦੂਜੀ 40 ਦਿਨਾਂ ਬਾਅਦ, ਕਰਨੀਆਂ ਚਾਹੀਦੀਆਂ ਹਨ। ਜਾਂ ਸਟੌਂਪ 30 ਈ ਸੀ 600 ਮਿ. ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 1-2 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਿਜਾਈ ਦੇ 15-20 ਦਿਨਾਂ ਬਾਅਦ 300 ਮਿਲੀਲਿਟਰ ਪਰੀਮੇਜ਼ 10 ਐੱਸ ਐੱਲ (ਇਮੇਜ਼ਥਾਪਾਇਰ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਘਾਹ, ਚੌੜੀ ਪੱਤੀ ਅਤੇ ਮੋਥਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਿੰਚਾਈ

ਸੋਇਆਬੀਨ ਨੂੰ 3-4 ਪਾਣੀ ਚਾਹੀਦੇ ਹੁੰਦੇ ਹਨ। ਜੇ ਵਰਖਾ ਚੰਗੀ ਅਤੇ ਠੀਕ ਸਮੇਂ ਤੇ ਹੋਵੇ ਤਾਂ ਇਸ ਨੂੰ ਕੋਈ ਵੀ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਹੈ। ਪਰੰਤੂ ਇੱਕ ਪਾਣੀ ਫ਼ਲੀਆਂ ਵਿੱਚ ਦਾਣੇ ਪੈਣ ਸਮੇਂ ਦੇਣਾ ਬਹੁਤ ਜ਼ਰੂਰੀ ਹੈ।

ਵਾਢੀ

ਫ਼ਸਲ ਦੀ ਕਟਾਈ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਬਹੁਤ ਸਾਰੇ ਪੱਤੇ ਝੜ ਜਾਣ ਅਤੇਂ ਫ਼ਲੀਆਂ ਦਾ ਰੰਗ ਬਦਲ ਜਾਵੇ। ਗਹਾਈ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ਸਲ ਨੂੰ ਬਹੁਤਾ ਕੁਟਿਆ ਜਾਂ ਲਿਤਾੜਿਆ ਨਾ ਜਾਵੇ ਜਿਸ ਨਾਲ ਫ਼ਸਲ ਦੀ ਕੁਆਲਟੀ ਅਤੇ ਬੀਜ ਦੀ ਉਗਣ ਸ਼ਕਤੀ ਘਟਦੀ ਹੈ।

 

ਗੁਰਇਕਬਾਲ ਸਿੰਘ ਅਤੇ ਹਰਪ੍ਰੀਤ ਕੌਰ ਵਿਰਕ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

Summary in English: Improved methods for successful cultivation of soybean

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters