1. Home
  2. ਖੇਤੀ ਬਾੜੀ

BL44, BL43 ਅਤੇ BL42 ਬਰਸੀਮ ਦੀਆਂ ਸੁਧਰੀਆਂ ਕਿਸਮਾਂ, ਜਾਣੋ ਬੀਜ ਉਤਪਾਦਨ ਸੰਬਧੀ ਜਰੂਰੀ ਨੁਕਤੇ

ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਅਜਿਹੇ 'ਚ ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।

Gurpreet Kaur Virk
Gurpreet Kaur Virk

ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਅਜਿਹੇ 'ਚ ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।

ਬਰਸੀਮ ਦੇ ਬੀਜ ਉਤਪਾਦਨ ਸੰਬਧੀ ਜਰੂਰੀ ਨੁਕਤੇ

ਬਰਸੀਮ ਦੇ ਬੀਜ ਉਤਪਾਦਨ ਸੰਬਧੀ ਜਰੂਰੀ ਨੁਕਤੇ

ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਇਸਦੇ ਫੁੱਲ ਪੀਲੇ-ਚਿੱਟੇ ਰੰਗ ਦੇ ਹੁੰਦੇ ਹਨ। ਬਰਸੀਮ ਨੂੰ ਇਕੱਲਿਆਂ ਜਾਂ ਹੋਰ ਕਿਸਮਾਂ ਦੇ ਚਾਰਿਆਂ ਨਾਲ ਮਿਲਾ ਕੇ ਵੀ ਉਗਾਇਆ ਜਾ ਸਕਦਾ ਹੈ। ਇਸਨੂੰ ਵਧੀਆ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਰਾਈ ਘਾਹ ਜਾਂ ਜਵੀਂ ਨਾਲ ਰਲਾਇਆ ਜਾ ਸਕਦਾ ਹੈ।

ਬਰਸੀਮ ਹਾੜੀ ਵਿੱਚ ਵੱਧ ਕਟਾਈਆਂ ਅਤੇ ਗੁਣਵਤਾ ਭਰਪੂਰ ਚਾਰਾ ਦੇਣ ਵਾਲੀ ਫਸਲ ਹੈ ਜਿਹੜੀ ਨਵੰਬਰ ਤੋਂ ਲੈਕੇ ਜੂਨ ਅੱਧ ਤੱਕ ਪਸ਼ੂਆਂ ਲਈ ਬਹੁਤ ਪੌਸ਼ਟਿਕ ਅਤੇ ਸੁਆਦੀ ਚਾਰਾ ਦਿੰਦੀ ਹੈ। ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।

ਬਰਸੀਮ ਦੀਆਂ ਵਧੀਆ ਕਿਸਮਾਂ

ਬੀਐਲ 44, ਬੀਐਲ 43 ਬੀਐਲ 42 ਅਤੇ ਬੀਐਲ 10 ਬਰਸੀਮ ਦੀਆਂ ਸੁਧਰੀਆਂ ਕਿਸਮਾਂ ਹਨ। ਬੀਐਲ 10 ਇਕ ਲੰਮਾਂ ਸਮਾਂ ਲੈਣ ਵਾਲੀ ਕਿਸਮ ਹੈ। ਬੀਐਲ 44, ਬੀਐਲ 43 ਅਤੇ ਬੀਐਲ 42 ਗੁਣਵਤਾ ਪੱਖੋਂ ਵਧਿਆ ਕਿਸਮਾਂ ਹਨ। ਹਰ ਸਾਲ ਕਿਸਾਨ ਵੀਰਾਂ ਵਿੱਚ ਇਨ੍ਹਾਂ ਕਿਸਮਾਂ ਦੇ ਬੀਜ ਦੀ ਭਾਰੀ ਮੰਗ ਰਹਿੰਦੀ ਹੈ ਅਤੇ ਬੀਜ ਦੀ ਘਾਟ ਹੋਣ ਕਰਕੇ ਕਿਸਾਨ ਵੀਰ ਮਹਿੰਗੇ ਅਤੇ ਘਟ ਮਿਆਰੀ ਬੀਜ ਬਾਜ਼ਾਰ ਵਿਚੋਂ ਖਰੀਦਦੇ ਹਨ ਅਤੇ ਬਹੁਤ ਘੱਟ ਕਿਸਾਨ ਹੀ ਬਰਸੀਮ ਦਾ ਬੀਜ ਆਪ ਤਿਆਰ ਕਰਦੇ ਹਨ।ਕਿਸਾਨ ਵੀਰ ਹੇਠ ਲਿਖੀ ਜਾਣਕਾਰੀ ਦੁਆਰਾ ਬਰਸੀਮ ਦਾ ਵਧੀਆ ਬੀਜ ਆਪ ਪੈਦਾ ਕਰ ਸਕਦੇ ਹਨ।

ਬਰਸੀਮ ਦੀ ਕਾਸ਼ਤ ਦਾ ਤਰੀਕਾ:

ਜ਼ਮੀਨ ਦੀ ਤਿਆਰੀ

ਬੀਜ ਦੇ ਵੱਧ ਝਾੜ ਲਈ ਜ਼ਮੀਨ ਉਪਜਾੳ ਹੋਣੀ ਚਾਹੀਦੀ ਹੈ। ਇਸ ਲਈ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਬਹੁਤ ਚੰਗੀਆਂ ਹਨ।ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ 2-3 ਵਾਰ ਵਾਹ ਕੇ, ਸੁਹਾਗਾ ਫੇਰ ਕੇ ਘਾਹ ਫੁਸ ਤੋ ਮੁਕਤ ਕਰਨਾ ਚਾਹੀਦਾ ਹੈ।

ਬਿਜਾਈ ਦਾ ਸਮਾਂ

ਬਰਸੀਮ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਲੈਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ ਅਤੇ ਪ੍ਰਤੀ ਏਕੜ 8-10 ਕਿਲੋ ਬੀਜ ਕਾਫੀ ਹੈ।ਬੀਜ ਲਈ ਬਰਸੀਮ ਦੀ ਬਿਜਾਈ ਜਨਵਰੀ ਦੇ ਪਹਿਲੇ ਪੰਦਰਵਾੜੇ ਤਕ ਵੀ ਕੀਤੀ ਜਾ ਸਕਦੀ ਹੈ। ਬਿਜਾਈ ਲਈ ਬੀਜ ਕਿਸੇ ਭਰੋਸੇਯੋਗ ਵਸੀਲੇ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਤੋੋ ਹੀ ਲਿਆ ਜਾਵੇ। ਬਰਸੀਮ ਦੀ ਕਿਸੇ ਵੀ ਕਿਸਮ ਦੇ ਸ਼ੁੱਧ ਬੀਜ ਉਤਪਾਦਨ ਲਈ ਬੀਜ ਵਾਲੇ ਖੇਤ ਦੀ ਬਰਸੀਮ ਦੀਆਂ ਦੁਜੀਆਂ ਕਿਸਮਾਂ ਨਾਲੋਂ ਦੂਰੀ ਘਟੋ ਘਟ 100 ਮੀਟਰ ਸਰਟੀਫਾਈਡ ਬੀਜ ਲਈ ਅਤੇ 400 ਮੀਟਰ ਫਾਊਂਡੇਸ਼ਨ ਬੀਜ ਲਈ ਹੋਣੀ ਚਾਹੀਦੀ ਹੈ ।ਬਿਜਾਈ ਖੜੇ ਪਾਣੀ ਵਿਚ ਛੱਟੇ ਨਾਲ ਕੀਤੀ ਜਾ ਸਕਦੀ ਹੈ।ਬਰਸੀਮ ਦਾ ਬੀਜ ਨੂੰ ਕਾਸ਼ਨੀ ਦੇ ਬੀਜ ਤੋਂ ਰਹਿਤ ਕਰਨ ਲਈ ਬੀਜ ਨੂੰ ਪਾਣੀ ਵਿਚ ਡੋਬ ਕੇ ਛਾਨਣਾ ਚਾਹੀਦਾ ਹੈ।

ਖਾਦਾਂ ਦੀ ਵਰਤੋਂ

ਬਿਜਾਈ ਸਮੇ 6 ਟਨ ਰੂੜ੍ਹੀ ਦੀ ਖਾਦ ਅਤੇ 20 ਕਿਲੋ ਫਾਸਫੋਰਸ ਤੱਤ (125 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ।ਜੇਕਰ ਦੇਸੀ ਰੂੜ੍ਹੀ ਦੀ ਵਰਤੋ ਨਾ ਕੀਤੀ ਗਈ ਹੋਵੇ ਤਾਂ 10 ਕਿਲੋਂ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤ 30 ਕਿਲੋ ਫਾਸਫੋਰਸ ਤੱਤ (185 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਵਰਤੋਂ। ਮੈਗਨੀਜ਼ ਦੀ ਘਾਟ ਆਮ ਤੌਰ ਤੇ ਹਲਕੀਆਂ ਰੇਤਲੀਆਂ ਜਮੀਨਾਂ ਵਿੱਚ ਆਉਂਦੀ ਹੈ, ਜਿੱਥੇ ਬਰਸੀਮ ਝੋਨੇ ਪਿੱਛੋਂ ਬੀਜਿਆ ਜਾਵੇ। ਇਸ ਲਈ 0.5% ਮੈਗਨੀਜ਼ ਸਲਫੇਟ (ਇਕ ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਵਿੱਚ) ਦਾ ਘੋਲ ਧੁੱਪ ਵਾਲੇ ਦਿਨ ਹਫਤੇ ਦੇ ਫਰਕ ਨਾਲ ਦੋ ਤਿੰਨ ਵਾਰ ਛਿੜਕੇ। ਇਹ ਛਿੜਾਕਅ ਕਟਾਈ ਕਰਨ ਤੋਂ 2 ਹਫਤੇ ਬਾਅਦ ਕਰੋ।

ਸਿੰਚਾਈ ਦਾ ਤਰੀਕਾ

ਬਰਸੀਮ ਦੇ ਬੀਜ ਦਾ ਚੰਗਾ ਝਾੜ ਲਈ ਫਸਲ ਨੂੰ ਸਮੇਂ ਸਿਰ ਪਾਣੀ ਲਾੳਣਾ ਚਾਹੀਦਾ ਹੈ।ਖਾਸ ਤੌਰ ਤੇ ਫੁੱਲ ਪੈਣ ਸਮੇਂ ਪਾਣੀ ਦੀ ਘਾਟ ਨਹੀਂ ਆੳਣ ਦੇਣੀ ਚਾਹੀਦੀ। ਪਹਿਲਾ ਪਾਣੀ ਬਹੁਤ ਜਰੂਰੀ ਹੈ ਅਤੇ ਚੰਗੇਰੀ ਫਸਲ ਲਈ ਇਹ ਪਾਣੀ ਛੇਤੀ ਦੇਣਾ ਚਾਹੀਦਾ ਹੈ।ਇਸ ਨਾਲ ਬੀਜ ਨੂੰ ਉੱਗਣ ਵਿਚ ਸਹਾਇਤਾ ਮਿਲਦੀ ਹੈ ਅਤੇ ਇਸ ਤੋਂ ਬਾਅਦ ਪਾਣੀ 6-8 ਦਿਨਾਂ ਪਿਛੋਂ ਲਾੳ।

ਇਹ ਵੀ ਪੜ੍ਹੋ : Barseem Cultivation: ਇਸ ਨਵੇਕਲੇ ਢੰਗ ਨਾਲ ਬਰਸੀਮ ਦੀ ਕਾਸ਼ਤ ਕਰਕੇ ਪਾਓ ਵੱਧ ਝਾੜ

ਪੌਦ ਸੁਰਖਿਆ

ਕਾਲੇ ਕੀੜੇ, ਭੱਬੂ ਕੁੱਤਾ, ਛੋਲਿਆਂ ਦੀ ਸੁੰਡੀ ਅਤੇ ਕੁੰਡਮਾਰ ਸੁੰਡੀ ਬਰਸੀਮ ਦੇ ਮੁੱਖ ਕੀੜੇ ਹਨ।ਕਾਲੇ ਕੀੜੇ, ਜਦੋਂ ਬੀਜ ਉੱਗਦਾ ਹੈ, ਚੁੱਕ ਕੇ ਲੈ ਜਾਂਦੇ ਹਨ। ਕੀੜਿਆਂ ਦੇ ਭੌਣ ਨਸ਼ਟ ਕਰ ਦਿਉ। ਭੱਬੂ ਕੁੱਤਾ ਬਰਸੀਮ ਦੀ ਫ਼ਸਲ ਤੇ, ਮੌਸਮ ਵਿੱਚ ਦੋ ਵਾਰ ਹਮਲਾ ਕਰਦਾ ਹੈ। ਸਤੰਬਰ-ਅਕਤੂਬਰ ਵਿਚ ਇਸ ਦੀਆਂ ਸੁੰਡੀਆਂ ਸ਼ੁਰੂ ਵਿਚ ਹੀ ਫ਼ਸਲ ਦਾ ਬਹੁਤ ਨੁਕਸਾਨ ਕਰਦੀਆਂ ਹਨ ਜਿਸ ਕਰਕੇ ਕਿਸਾਨਾਂ ਨੂੰ ਇਸ ਦੀ ਬਿਜਾਈ ਦੁਬਾਰਾ ਕਰਨੀ ਪੈ ਸਕਦੀ ਹੈ । ਮਾਰਚ-ਅਪ੍ਰੈਲ ਵਿਚ ਇਹ ਫ਼ਸਲ ਦੇ ਪੱਤੇ ਖਾ ਕੇ ਬਹੁਤ ਹੀ ਨੁਕਸਾਨ ਕਰਦਾ ਹੈ। ਗੁਤ ਪੁੱਟਣਾ, ਬਾਥੂ, ਭੰਗ, ਜੰਗਲੀ ਪਾਲਕ ਅਤੇ ਜੰਗਲੀ ਰਿੰਡ ਵਰਗੇ ਨਦੀਨਾਂ ਉੱਤੇ ਭੱਬੂ ਕੁੱਤਾ ਝੁੰਡਾਂ ਵਿਚ ਪਲਦਾ ਰਹਿੰਦਾ ਹੈ ਅਤੇ ਬਾਅਦ ਵਿਚ ਇਹ ਕੀੜਾ ਬਰਸੀਮ ਦੀ ਫ਼ਸਲ ਤੇ ਚਲਾ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬਰਸੀਮ ਦੀ ਬਿਜਾਈ ਤੋਂ ਪਹਿਲਾਂ ਖੇਤ ਦੇ ਆਲੇ ਦੁਆਲਿਉਂ ਨਦੀਨਾਂ ਦਾ ਨਾਸ਼ ਕਰ ਦਿਓ।

ਛੋਲਿਆਂ ਦੀ ਸੁੰਡੀ ਬੀਜ ਵਾਲੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਬਣ ਰਹੇ ਦਾਣੇ ਖਾ ਜਾਂਦੀ ਹੈ ।ਬਰਸੀਮ ਦੀ ਬੀਜ ਵਾਲੀ ਫ਼ਸਲ ਨੂੰ ਟਮਾਟਰ, ਛੋਲੇ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ। ਇਨ੍ਹਾਂ ਫ਼ਸਲਾਂ ਤੇ ਇਹ ਸੁੰਡੀ ਵੱਧ-ਫੁੱਲ ਕੇ ਬਾਅਦ ਵਿਚ ਬਰਸੀਮ ਦੀ ਪਕਾਵੀਂ ਫ਼ਸਲ ਤੇ ਆ ਜਾਂਦੀ ਹੈ ਅਤੇ ਨੁਕਸਾਨ ਕਰਦੀ ਹੈ। ਜੇਕਰ ਇਹ ਨਾ ਹੋ ਸਕੇ ਤਾਂ ਉੱਪਰ ਲਿਖੀਆਂ ਨੇੜੇ ਬੀਜੀਆਂ ਗਈਆਂ ਫ਼ਸਲਾਂ ਤੇ ਸੁੰਡੀ ਦੀ ਰੋਕਥਾਮ ਚੰਗੀ ਤਰ੍ਹਾਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਨਾਲ ਕਰੋ। ਕੁੰਡਮਾਰ ਹਰੀ ਸੁੰਡੀ ਮਾਰਚ-ਅਪ੍ਰੈਲ ਵਿਚ ਬਰਸੀਮ ਦਾ ਕਾਫ਼ੀ ਨੁਕਸਾਨ ਕਰਦੀ ਹੈ । ਇਸ ਦੀ ਰੋਕਥਾਮ ਲਈ ਮਾਰਚ-ਅਪ੍ਰੈਲ ਵਿਚ ਚਾਰੇ ਦੀ ਕਟਾਈ 30 ਦਿਨਾਂ ਦੇ ਵਕਫੇ ਤੇ ਕਰੋ ਤਾਂ ਕਿ ਫ਼ਸਲ ਢਹਿ ਨਾ ਜਾਵੇ । ਇਸ ਤਰ੍ਹਾਂ ਕਰਨ ਨਾਲ ਕੀੜੇ ਦਾ ਵਾਧਾ ਘੱਟ ਹੁੰਦਾ ਹੈ ਅਤੇ ਪੰਛੀ ਇਸ ਦੀਆਂ ਸੁੰਡੀਆਂ ਨੂੰ ਅਸਾਨੀ ਨਾਲ ਖਾ ਲੈਂਦੇ ਹਨ ।

ਤਣੇ ਦਾ ਗਲਣਾ ਬਿਮਾਰੀ ਦੀਆਂ ਨਿਸ਼ਾਨੀਆਂ ਜਨਵਰੀ-ਫਰਵਰੀ ਮਹੀਨੇ ਨਜ਼ਰ ਆਉਂਦੀਆਂ ਹਨ।ਬਿਮਾਰੀ ਵਾਲੇ ਖੇਤ ਨੂੰ ਗਰਮੀਆਂ ਵਿੱਚ ਭਰਵਾਂ ਪਾਣੀ ਦਿਉ ਤਾਂ ਕਿ ਜ਼ਮੀਨ ਵਿੱਚ ਉੱਲੀ ਦੇ ਕਣ ਨਸ਼ਟ ਹੋ ਜਾਣ।ਫ਼ਸਲ ਛੇਤੀ ਕੱਟੋ ਤਾਂ ਜੋ ਖੇਤ ਅਤੇ ਮੁੱਢਾਂ ਨੂੰ ਧੁੱਪ ਲੱਗ ਸਕੇ।ਬੁਰੀ ਤਰ੍ਹਾਂ ਬਿਮਾਰੀ ਦੇ ਹੱਲੇ ਵਾਲੇ ਖੇਤ ਵਿੱਚ 3-4 ਸਾਲ ਬਰਸੀਮ ਦੀ ਫ਼ਸਲ ਨਾ ਬੀਜੋ।

ਅਖੀਰਲ਼ੀ ਕਟਾਈ

ਬਰਸੀਮ ਦੇ ਬੀਜ ਦਾ ਝਾੜ ਫਸਲ ਦੀ ਅਖੀਰਲ਼ੀ ਕਟਾਈ ਦੇ ਸਮੇ ਅਤੇ ਉਸ ਪਿਛੋਂ ਬੀਜ ਪੈਦਾ ਕਰਨ ਲਈ ਛੜਣ ਤੇ ਨਿਰਭਰ ਕਰਦਾ ਹੈ।ਇਹ ਫੈਸਲਾ ਕਿਸਮ, ਭੂਮੀ ਅਤੇ ਮੌਸਮ ਅਨੁਸਾਰ ਕੀਤਾ ਜਾਂਦਾ ਹੈ।ਘਟ ਨਮੀ ਵਾਲੇ ਇਲਾਕਿਆਂ ਵਿਚ ਆਖਰੀ ਲ਼ੌਅ ਕੁਝ ਅਗੇਤਾ ਅਤੇ ਵਧੇਰੇ ਨਮੀ ਵਾਲੇ ਇਲਾਕੇ ਵਿਚ ਪਛੇਤਾ ਲਉ।ਬੀਅੇੇਲ 44,ਬੀਐਲ 43 ਅਤੇ ਬੀਐਲ 42 ਕਿਸਮਾਂ ਨੂੰ ਬੀਜ ਲਈ ਛੜਣ ਦਾ ਸਮਾਂ ਅਪ੍ਰੈਲ ਦਾ ਪਹਿਲਾ ਪੰਦਰਵਾੜਾ ਹੈ ਜਦਕਿ ਬੀਐਲ 10 ਕਿਸਮ ਨੂੰ ਬੀਜ ਲਈ ਛੜਣ ਦਾ ਸਮਾਂ ਅਪ੍ਰੈਲ ਦਾ ਦੂਜਾ ਪੰਦਰਵਾੜਾ ਹੈ।ਕਾਸ਼ਨੀ ਅਤੇ ਹੋਰ ਘਾਹ ਫੁਸ ਨੂੰ ਖੇਤ ਵਿਚੋਂ ਕੱਢਦੇ ਰਹਿਣਾ ਚਾਹੀਦਾ ਹੈ।

ਬਰਸੀਮ ਦੇ ਬੀਜ ਦਾ ਵੱਧ ਝਾੜ ਲੈਣ ਲਈ 2% ਪੋਟਾਸ਼ਿਅਮ ਨਾਈਟਰੇਟ (13:0:45) (2 ਕਿਲੋ ਪੋਟਾਸ਼ਿਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੀਆਂ ਦੋ ਸਪਰੇਆਂ ਹਫਤੇ-ਹਫਤੇ ਦੇ ਵਕਫੇ ਨਾਲ ਫੁੱਲ ਸ਼ੁਰੂ ਹੇਣ ਤੇ ਕਰੋ ਜਾਂ 7.5 ਗ੍ਰਾਮ ਸੈਲੀਸਿਲਕ ਐਸਿਡ, 225 ਮਿਲੀ ਲਿਟਰ ਈਥਾਈਲ ਅਲਕੇਹਲ ਵਿਚ ਘੋਲਕੇ ਇਸ ਮਿਸ਼ਰਣ ਨੂੰ 100 ਲਿਟਰ ਪਾਣੀ ਵਿਚ ਘੋਲ ਲਉ।ਇਸ ਤਰਾਂ ਦੇ ਘੋਲ ਦੀਆਂ ਦੋ ਸਪਰੇਆਂ ਇਕ ਹਫਤੇ ਦੇ ਵਕਫੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ।

ਵਾਢੀ ਅਤੇ ਗਹਾਈ

ਬੀਜ ਪਕੱਣ ਤੇ ਫਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਪੱਕੇ ਫਰਸ਼ ਤੇ ਸੁਕਾਉਣਾ ਚਾਹੀਦਾ ਹੈ।ਫਸਲ ਦੀ ਗਹਾਈ ਹੱਥਾਂ ਨਾਲ,ਕੰਬਾਈਨ ਨਾਲ ਜਾਂ ਕਣਕ ਵਾਲੇ ਥਰੈਸ਼ਰ ਨਾਲ ਕੀਤੀ ਜਾ ਸਕਦੀ ਹੈ।ਬੀਜ ਨੂੰ ਬਾਰਸ਼ ਵਿੱਚ ਗਿੱਲਾ ਹੋਣ ਤੋ ਬਚਾਉਣਾ ਚਾਹੀਦਾ ਹੈ।ਇਸ ਲਈ ਗਹਾਈ ਤੋੰ ਬਾਅਦ ਬੀਜ ਨੁੰ ਸਾਫ-ਸੁਥਰੀ ਸੁੱਕੀ ਥਾਂ ਤੇ ਸਟੋਰ ਕਰ ਦੇਣਾ ਚਾਹੀਦਾ ਹੈ।

Summary in English: Improved varieties of Bersim, Important points regarding Barsim seed production

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters