1. Home
 2. ਖੇਤੀ ਬਾੜੀ

ਖਾਰੀ ਜਾਂ ਕੱਲਰ ਮਿੱਟੀ ਦਾ ਸੁਧਾਰ

ਜਦੋਂ ਮਿੱਟੀ ਦਾ ਖਾਰਾਪਣ 8.5 ਤੋਂ ਜਿਆਦਾ ਹੋਵੇ , ਐਕਸਚੇਂਜ-ਯੋਗ ਸੋਡੀਅਮ 15℅ ਤੋਂ ਵੱਧ ਅਤੇ ਘੁਲਣਸ਼ੀਲ ਨਮਕ 4 ਐਮ. ਐਮ. ਹੋਜ਼ ਤੋਂ ਘੱਟ ਹੋਣ ਤਾਂ ਮਿੱਟੀ ਖਾਰੀ ਜਾਂ ਕੱਲਰ ਅਖਵਾਉਂਦੀ ਹੈ । ਜਦੋਂ ਤਾਪਮਨ ਜਿਆਦਾ ਹੁੰਦਾ ਹੈ, ਮਿੱਟੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਤੱਤਾਂ ਦਾ ਵਾਸ਼ਪੀਕਰਨ ਹੋ ਜਾਂਦਾ ਹੈ, ਜਿਸ ਨਾਲ ਐਕਸਚੇਂਜ-ਯੋਗ ਸੋਡੀਅਮ ਅਤੇ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਦੀ ਮਾਤਰਾ ਵੱਧ ਜਾਂਦੀ ਹੈ ।

KJ Staff
KJ Staff
ਜਦੋਂ ਮਿੱਟੀ ਦਾ ਖਾਰਾਪਣ 8.5 ਤੋਂ ਜਿਆਦਾ ਹੋਵੇ , ਐਕਸਚੇਂਜ-ਯੋਗ ਸੋਡੀਅਮ 15 ਤੋਂ ਵੱਧ ਅਤੇ ਘੁਲਣਸ਼ੀਲ ਨਮਕ 4 ਐਮ. ਐਮ. ਹੋਜ਼ ਤੋਂ ਘੱਟ ਹੋਣ ਤਾਂ ਮਿੱਟੀ ਖਾਰੀ ਜਾਂ ਕੱਲਰ ਅਖਵਾਉਂਦੀ ਹੈ । ਜਦੋਂ ਤਾਪਮਨ ਜਿਆਦਾ ਹੁੰਦਾ ਹੈ, ਮਿੱਟੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਤੱਤਾਂ ਦਾ ਵਾਸ਼ਪੀਕਰਨ ਹੋ ਜਾਂਦਾ ਹੈ, ਜਿਸ ਨਾਲ ਐਕਸਚੇਂਜ-ਯੋਗ ਸੋਡੀਅਮ ਅਤੇ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਦੀ ਮਾਤਰਾ ਵੱਧ ਜਾਂਦੀ ਹੈ ।
ਸੁਧਾਰ- ਕੱਲਰ ਮਿੱਟੀ ਦੇ ਸੁਧਾਰ ਲਈ ਕਈ ਤਰੀਕੇ ਵਰਤੇ ਜਾਂਦੇ ਹਨ:
 • ਪਾਣੀ ਦੀ  ਜਾਂਚ-
            ਮਿੱਟੀ ਦੇ ਖਾਰੇ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਖਾਰਾ ਹੋਵੇ, ਪੰਜਾਬ ਦੇ ਤਕਰੀਬਨ 40% ਖੇਤਰ ਵਿੱਚ ਟਿਊਬਵੈਲਾਂ ਰਾਹੀਂ ਵਰਤੇ ਜਾਂਦੇ ਪਾਣੀ ਵਿੱਚ ਨਮਕ ਦੀ ਮਾਤਰਾ ਜਾਂ ਖਾਰਾਪਣ ਜਿਆਦਾ ਹੈ, ਜਿਸ ਦੀ ਲਗਾਤਾਰ ਸਿੰਚਾਈ ਲਈ ਵਰਤੋਂ ਜਮੀਨ ਦੀ ਸਿਹਤ ਤੇ ਮਾੜਾ ਅਸਰ ਕਰਦੀ ਹੈ । ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਟਿਊਬਵੈਂਲ ਦੇ ਪਾਣੀ ਦੀ ਜਾਂਚ ਕਰਵਾਈ ਜਾਏ 
 • ਪਾਣੀ ਦਾ ਯਕੀਨੀ ਨਿਕਾਸ-
ਸੋਡੀਅਮ ਦੀ ਜ਼ਿਆਦਾ ਮਾਤਰਾ ਇਕੱਤਰ ਹੋਣ ਨਾਲ ਜ਼ਮੀਨ ਦੀ ਬਣਤਰ ਵਿਚ ਗਿਰਾਵਟ ਆਉਂਦੀ ਹੈ । ਇਸ ਵਿਚ ਹਵਾ ਨਹੀਂ ਜਾ ਸਕਦੀ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਪਾਣੀ ਅਤੇ ਖ਼ੁਰਾਕੀ ਤੱਤਾਂ ਦੀ ਉਪਲੱਭਤਾ ਘੱਟ ਜਾਂਦੀ ਹੈ । ਇਸ ਲਈ ਪਾਣੀ ਦਾ ਨਿਕਾਸ ਚੰਗਾ ਹੋਣਾ ਬਹੁਤ ਜਰੂਰੀ ਹੈ । ਇਸ ਕੰਮ ਲਈ ਜ਼ਮੀਨ ਉਪਰਲੀਆਂ ਨਿਕਾਸ ਨਾਲੀਆਂ, ਜ਼ਮੀਨ ਹੇਠਲੀਆਂ ਨਿਕਾਸ ਨਾਲੀਆਂ ਬਣਾਉਣ ਤੋਂ ਸਸਤੀਆਂ ਪੈਂਦੀਆਂ ਹਨ । ਨਿਕਾਸ ਨਾਲੀਆਂ ਕਿੰਨੀ ਡੂੰਘਾਈ ਤੇ ਰੱਖਣੀਆ ਹਨ, ਇਹ ਜਮੀਨ ਦੀ ਬਨਾਵਟ ਤੇ ਨਿਰਭਰ ਕਰਦਾ ਹੈ ।
 • ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨਾਲ ਸਿੰਚਾਈ :
ਇਸ ਨਾਲ ਵੀ ਮਿੱਟੀ ਖਾਰੀ ਹੁੰਦੀ ਹੈ, ਛੱਪੜਾਂ ਦੇ ਪਾਣੀ ਵਿੱਚ ਫ਼ਸਲਾਂ ਦੇ ਖੁਰਾਕੀ ਤੱਤ ਹੁੰਦੇ ਹਨ ਜਿਵੇਂ ਕਿ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ ਪਰ ਇਨ੍ਹਾਂ ਦੇ ਨਾਲ ਹੀ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸੋਡੀਅਮ ਦੇ ਕਾਰਬੋਨੇਟ, ਬਾਈਕਾਰਬੋਨੇਟ ਅਤੇ ਕਲੋਰਾਈਡ ਲੂਣ ਵੱਧ ਮਾਤਰਾ ਵਿੱਚ ਹੋ ਸਕਦੇ ਹਨ । ਇਸ ਲਈ ਵਰਤਣ ਤੋਂ ਪਹਿਲਾਂ ਪਾਣੀ ਦੀ  ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਪਰਖ ਕਰਵਾਓ ਅਤੇ ਨਤੀਜਿਆਂ ਦੇ ਆਧਾਰ ਤੇ ਸਿੰਚਾਈ ਲਈ ਵਰਤੋਂ ਕਰੋ ।
 • ਜ਼ਮੀਨ ਦੀ ਠੀਕ ਪਧਰਾਈ :
            ਸਾਰੇ ਖੇਤ ਵਿਚ ਪਾਣੀ ਦੀ ਇਕਸਾਰ ਵੰਡ ਲਈ ਜ਼ਮੀਨ ਚੰਗੀ ਤਰ੍ਹਾਂ ਪੱਧਰ ਹੋਣੀ ਚਾਹੀਦੀ ਹੈ । ਠੀਕ ਪੱਧਰੀ ਜ਼ਮੀਨ ਵਿਚੋਂ ਘੁਲਣਸ਼ੀਲ ਨਮਕ ਅਤੇ ਪਾਣੀ ਇਕਸਾਰ ਜ਼ੀਰਦੇ ਹਨ । ਜਦੋਂ ਜ਼ਮੀਨ ਪੱਧਰੀ ਨਹੀਂ ਹੁੰਦੀ ਤਾਂ ਪਾਣੀ ਅਤੇ ਨਮਕ ਦੀ ਵੰਡ ਅਸਾਵੀਂ ਹੋ ਜਾਂਦੀ ਹੈ ।
 • ਰਸਾਇਣਕ ਤਰੀਕੇ-
 • ਸੋਧ ਪਦਾਰਥਾਂ ਦੀ ਵਰਤੋਂ-
ਫਸਲਾਂ ਤੋਂ ਵਧੀਆ ਝਾੜ ਲੈਣ ਲਈ ਕੱਲਰ ਮਿੱਟੀ ਵਿੱਚ ਐਕਸਚੇਂਜਯੋਗ ਸੋਡੀਅਮ ਦੀ ਮਾਤਰਾ ਘਟਾਉਣੀ ਜਰੂਰੀ ਹੈ  ਜੋ ਕਿ ਕੈਲਸ਼ੀਅਮ ਦੀ ਮਾਤਰਾ ਵਧਾਉਣ ਨਾਲ ਘਟੇਗਾ । ਇਸ ਲਈ ਅਜਿਹੇ ਰਸਾਇਣਾ ਦੀ ਵਰਤੋਂ ਕਰਨੀ ਹੋਵੇਗੀ ਜਿੰਨ੍ਹਾਂ ਵਿੱਚ  ਕੈਲਸ਼ੀਅਮ ਅਧਿਕ ਮਾਤਰਾ ਵਿੱਚ ਹੁੰਦਾ ਹੈ । ਉਦਾਹਰਨ ਦੇ ਤੋਰ ਤੇ ਜਿਹੜੇ ਰਸਾਇਣ ਸਿੱਧੇ ਰੂਪ ਵਿੱਚ ਕੈਲਸ਼ੀਅਮ ਸਪਲਾਈ ਕਰਦੇ ਹਨ- ਜਿਪਸਮ,ਕੈਲਸ਼ੀਅਮ ਕਾਰਬੋਨੇਟ, ਫਾਸਫੋ-ਜਿਪਸਮ । ਅਸਿੱਧੇ ਤੌਰ ਤੇ ਕੈਲਸ਼ੀਅਮ ਸਪਲਾਈ ਕਰਨ ਲਈ ਅਸੀਂ ਜਿਪਸਮ ਦੀ ਵਰਤੋਂ ਕਰਕੇ ਕਰ ਸਕਦੇ ਹਾਂ । ਐਲੀਮੈਂਟਲ ਗੰਧਕ ਅਤੇ ਪਾਈਰਾਇਟ ਦੀ ਵਰਤੋਂ ਕੀਤੀ ਜਾ ਸਕਦੀ ਹੈ ।
 • ਜਿਪਸਮ ਦੀ ਲੋੜ 
ਕਿੰਨੀ ਮਾਤਰਾ ਵਿੱਚ ਜਿਪਸਮ ਪਾਉਣਾ ਹੈ ਇਸ ਲਈ ਸਾਨੂੰ ਮਿੱਟੀ ਜਾਂਚ ਕਰਾਉਣੀ ਚਾਹੀਦੀ ਹੈ । ਜਿਸ ਨਾਲ ਅਸੀਂ ਸਹੀ ਮਾਤਰਾ ਵਿੱਚ ਜਿਪਸਮ ਪਾ ਸਕਦੇ ਹਾਂ ਅਤੇ ਜਿਆਦਾ ਖ਼ਰਚ ਤੋਂ ਬਚ ਸਕਦੇ ਹਾਂ । ਜਿਪਸਮ ਕਿੰਨਾ ਪਾਓਣਾ ਹੈ ਇਹ ਜਾਂਚ ਤੇ ਨਿਰਭਰ ਕਰਦਾ ਹੈ ਪਰ ਮਿੱਟੀ ਸਰਵੇਖਣ ਦੇ ਅਨੁਸਾਰ 10-15 ਟਨ ਪਰ ਹੈਕਟੇਅਰ, 0-15 ਸੈਂਟੀਮੀਟਰ ਪਰਤ ਲਈ ਉਚਿੱਤ ਰਹੇਗਾ, ਜੇਕਰ ਮਿੱਟੀ ਦਾ ਖਾਰਾਪਣ 10 ਤੋਂ ਜਿਆਦਾ ਹੈ । ਪਾਣੀ 8-10 ਦਿਨ ਲਈ ਵਾਹਨ ਵਿੱਚ ਖੜਾ ਰਹਿਣ ਦਿਓ ਇਸ ਨਾਲ ਜਿਪਸਮ ਚੰਗੀ ਤਰਾਂ ਘੁਲ ਜਾਵੇਗਾ ਅਤੇ ਸੋਡੀਅਮ ਦੀ ਮਾਤਰਾ ਘਟ ਜਾਵੇਗੀ।
ਮਿੱਟੀ ਦਾ ਨਮੂਨਾ ਲੈਣ ਦਾ ਢੰਗ-
ਕੱਲਰ ਮਿੱਟੀ ਦੇ ਸੁਧਾਰ ਵਾਸਤੇ :
 • ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਆ ਪੁੱਟੋ ਜਿਸ ਦਾ ਇਕ ਪਾਸਾ ਸਿੱਧਾ ਅਤੇ ਦੂਜਾ ਤਿਰਛਾ ਹੋਵੇ ।
 •  ਇਸ ਟੋਏ ਦੇ ਸਿੱਧੇ ਪਾਸੇ ਤੋਂ ਖ਼ੁਰਪੇ ਨਾਲ 0-6, 6-12, 12-24 ਅਤੇ 24-36 ਇੰਚ ਦੀ ਡੂੰਘਾਈ ਤੋਂ ਇਕ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਅਲੱਗ-ਅਲੱਗ ਕੱਟੋ ।
 • ਹਰ ਡੂੰਘਾਈ ਦੇ ਨਮੂਨੇ ਨੂੰ ਕੱਪੜੇ ਦੀ ਸਾਫ਼ ਥੈਲੀ ਵਿੱਚ ਪਾਓ ਅਤੇ ਇਸ ਉਪਰ ਜਾਣਕਾਰੀ ਦਿਓ : ਖੇਤ ਨੰਬਰ, ਨਮੂਨੇ ਦੀ ਡੂੰਘਾਈ, ਫ਼ਸਲੀ ਚੱਕਰ, ਕਿਸਾਨ ਦਾ ਨਾਮ, ਪਤਾ, ਨਮੂਨਾ ਲੈਣ ਦੀ ਤਰੀਕ ਆਦਿ ।
 •  ਹਰ ਨਮੂਨੇ ਲਈ ਅਲੱਗ-ਅਲੱਗ ਡੂੰਘਾਈ ਤੋਂ ਅੱਧਾ ਕਿਲੋ ਮਿੱਟੀ ਲਓ । ਇਸ ਨਮੂਨੇ ਨੂੰ ਮਿੱਟੀ ਜਾਂਚ ਕੇਂਦਰ ਵਿੱਚ ਦਿਓ।
ਫ਼ਸਲ ਦੀ ਚੋਣ 
ਜਦੋਂ ਪਾਣੀ ਜੀਰ ਜਾਵੇ ਤਾਂ ਚੰਗੀ ਤਰ੍ਹਾਂ ਵੁਹਾਈ ਕਰੋ ਅਤੇ ਝੋਨਾ ਲਗਾਓ, ਝੋਨੇ ਦੀ ਪਨੀਰੀ ਨੂੰ ਕੱਦੂ ਕਰਕੇ ਖੇਤ ਵਿੱਚ ਲਗਾਓ । 3-4 ਬੂਟੇ ਇੱਕ ਥਾਂ ਤੇ ਲਾਓ ਅਤੇ 15-20 ਸੈਂ.ਮੀ. ਦੀ ਦੂਰੀ ਬਣਾ ਕੇ ਰੱਖੋ । ਵਾਹਨ ਵਿੱਚ ਪਾਣੀ ਖੜਾ ਰੱਖੋ । ਜਿਹੜੀਆਂ ਕਿਸਮਾਂ ਕੱਲਰਾਠੀਆਂ ਮਿੱਟੀਆਂ ਲਈ ਮਾਹਿਰਾਂ ਵੱਲੋਂ ਦੱਸੀਆਂ ਗਈਆਂ ਹਨ, ਉਨ੍ਹਾਂ ਦੀ ਕਾਸ਼ਤ ਕਰੋ ।
ਹਰੀਆਂ ਖਾਦਾਂ 
ਗਰਮੀਆਂ ਵਿੱਚ ਹਰੀਆਂ ਖਾਦਾਂ ਲਈ ਜੰਤਰ ਅਤੇ ਸਣ ਫਸਲ ਉਗਾਓ । ਇਸ ਦੀ ਹਰੀ ਖਾਦ ਮਿੱਟੀ ਵਿੱਚ ਦਬਾਉਣ ਨਾਲ ਖਾਰੀਆਂ ਅਤੇ ਕਲਰਾਠੀਆਂ ਜਮੀਨਾਂ ਦੀ ਭੌਤਿਕ ਬਣਤਰ ਵਿੱਚ ਸੁਧਾਰ ਆਉਂਦਾ ਹੈ, ਖੁਰਾਕੀ ਤੱਤਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਨਮੀ ਸਾਂਭੀ ਰਹਿੰਦੀ ਹੈ । ਕਣਕ ਦੀ ਕਟਾਈ ਤੋਂ ਬਾਅਦ ਸਣ ਹਰੀ ਖਾਦ ਲਈ ਬੀਜੀ ਜਾ ਸਕਦੀ ਹੈ । ਇਹ ਝੋਨੇ ਦੀ ਫ਼ਸਲ ਲਈ 60-70 ਕਿੱਲੋ ਨਾਈਟ੍ਰੋਜਨ ਬਚਾਉਂਦੀ ਹੈ । ਜੇਕਰ ਝੋਨੇ ਤੋਂ ਪਹਿਲਾਂ ਜੰਤਰ ਦੀ ਹਰੀ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਝੋਨੇ ਲਈ ਸਿਫਾਰਸ਼ ਕੀਤੀ ਫਾਸਫੋਰਸ ਵਾਲੀ ਖਾਦ ਜੰਤਰ ਦੀ ਫ਼ਸਲ ਨੂੰ ਹੀ ਪਾ ਦੇਣੀ ਚਾਹੀਦੀ ਹੈ । ਇਸ ਤਰ੍ਹਾਂ ਕਰਨ ਨਾਲ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਦੀ ਖਾਦ ਦੀ ਲੋੜ ਨਹੀਂ ਰਹਿੰਦੀ । ਪੰਜਾਬ ਢੈਂਚਾ 1 ਕਿਸਮ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਇਸ ਦੀ ਬਿਜਾਈ ਅਪਰੈਲ ਤੋਂ ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ । 20 ਕਿੱਲੋ ਬੀਜ ਪ੍ਰਤੀ ਏਕੜ ਡਰਿੱਲ ਨਾਲ 20 ਤੋਂ 22 ਸੈਂ.ਮੀ. ਦੀ ਦੂਰੀ ਤੇ ਬੀਜ ਦੀਓ ।  ਸਣ ਦੀਆਂ ਉਨੱਤ ਕਿਸਮਾਂ ਪੀਏਯੂ 1691 ਅਤੇ ਨਰਿੰਦਰ ਸਨਾਈ 1 ਹਰੀ ਖਾਦ ਲਈ ਢੁੱਕਵੀਆਂ ਹਨ ।  ਇਸ ਦੀ ਬਿਜਾਈ 22.5 ਸੈਂ.ਮੀ. ਦੀ ਦੂਰੀ ਤੇ ਕਰੋ ਅਤੇ 20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿੱਲ ਦੀਓ ।  ਗੁਆਰਾ 88 ਛੇਤੀ ਵਧਣ ਅਤੇ ਭਰਪੂਰ ਫਲੀਆਂ ਦੇਣ ਵਾਲੀ ਕਿਸਮ ਹੈ ।  18-20 ਕਿੱਲੋ ਬੀਜ ਪ੍ਰਤੀ ਏਕੜ, ਮਈ ਤੋਂ ਅੱਧ ਅਗਸਤ ਤੱਕ ਡਰਿੱਲ, ਪੋਰੇ ਜਾ ਕੇਰੇ ਨਾਲ 30 ਸੈਂ.ਮੀ. ਦੀ ਵਿਥ ਤੇ ਕਤਾਰਾਂ ਵਿੱਚ ਬੀਜੋ. ਇਸ ਦੀ ਬਿਜਾਈ ਬਿਨਾ ਖੇਤ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ  ।
ਸੁਧਾਰ ਤੋਂ ਬਾਅਦ ਖਾਦਾਂ- ਜਦੋਂ ਅਸੀਂ ਸੁਧਾਰ ਕਰਦੇ ਹਾ ਤਾਂ ਥੋੜੇ ਸਮੇਂ ਲਈ ਵਾਹਨ ਵਿੱਚ ਨਾਈਟ੍ਰੋਜਨ ਅਤੇ ਜੈਵਿਕ ਖਾਦਾਂ ਦੀ ਕਮੀ ਦੇਖੀ ਜਾਂਦੀ ਹੈ, ਇਸ ਲਈ ਸਾਨੂੰ ਸਧਾਰਨ ਮਿੱਟੀ ਦੇ ਮੁਕਾਬਲੇ 25 ਪ੍ਰਤੀਸ਼ਤ ਜਿਆਦਾ ਨਾਈਟ੍ਰੋਜਨ ਪਾਉਣੀ ਚਾਹੀਦੀ ਹੈ ।  ਉਦਯੋਗਿਕ ਕਾਰਖਾਨਿਆਂ ਵਿੱਚੋਂ ਨਿਕਲਣ ਵਾਲੇ ਪਦਾਰਥ ਜਿਵੇਂ ਕਿ ਪਰੈੱਸ ਮੱਡ, ਮੋਲੈਸਿਸ, ਫਾਸਫੋ ਜਿਪਸਮ ਆਦਿ ਦੀ ਵਰਤੋਂ ਕਰੋ, ਇਸ ਨਾਲ ਵੀ ਖਾਰੇਪਣ ਵਿੱਚ ਸੁਧਾਰ ਆਉਂਦਾ ਹੈ ।
ਸੰਘਣੀ ਬਿਜਾਈ- ਕੱਲਰ ਜਮੀਨ ਵਿੱਚ ਪੌਦਿਆਂ ਦੀ ਗਿਣਤੀ ਵਧਾਓਣ ਨਾਲ ਅਤੇ ਦੂਰੀ ਘੱਟ ਰੱਖਣ ਨਾਲ ਵਾਸ਼ਪੀਕਰਨ ਨਹੀਂ ਹੁੰਦਾ ਅਤੇ ਲੂਣ ਉਪਰਲੀ ਸਤਹ ਤੇ ਇਕੱਠੇ ਨਹੀਂ ਹੁੰਦੇ । ਕੱਲਰ ਜ਼ਮੀਨਾਂ ਵਿੱਚ  ਖਾਰਾਪਣ ਸਹਿਣਸ਼ੀਲ ਫ਼ਸਲਾਂ ਜਿਵੇਂ ਕਿ ਝੋਨਾ, ਮੱਕੀ, ਸੂਰਜਮੁਖੀ, ਕਮਾਦ, ਮੂੰਗਫਲੀ, ਸੋਇਆਬੀਨ ਆਦਿ ਉਗਾਓ ।
ਸਿੰਚਾਈ ਕਰਨ ਦਾ ਤਰੀਕਾ- ਖਾਲ ਬਣਾ ਕੇ ਜਾਂ ਕਿਆਰੀਆਂ ਬਣਾ ਕੇ ਸਿੰਚਾਈ ਕਰਨ ਨਾਲ ਪਾਣੀ ਦਾ ਨਿਕਾਸ ਚੰਗਾ ਰਹਿੰਦਾ ਹੈ, ਫੁਹਾਰਾ ਸਿੰਚਾਈ ਕਰਨਾ ਵੀ ਇੱਕ ਵਧੀਆ ਸਾਧਨ ਹੈ ਕਿਉਂ ਕਿ ਇਸ ਨਾਲ ਪਾਣੀ ਵੀ ਜਿਆਦਾ ਖਰਾਬ ਨਹੀਂ ਹੁੰਦਾ ਅਤੇ ਇਕਸਾਰ ਪਾਣੀ ਲੱਗਦਾ ਹੈ 
1 ਮਨੀਸ਼ਾ ਰਾਣੀ, 2 ਸਿਮਰਨਪ੍ਰੀਤ ਸਿੰਘ ਬੋਲਾ ਅਤੇ 3 ਮਨਪ੍ਰੀਤ ਕੌਰ
1ਐਮ.ਐਸ.ਸੀ. ਵਿਦਿਆਰਥੀ, ਭੂਮੀ ਵਿਗਿਆਨ ਵਿਭਾਗ, ਐਮ.ਜੀ.ਸੀ., ਫ਼ਤਹਿਗੜ੍ਹ ਸਾਹਿਬ, ਪੰਜਾਬ, ਇੰਡੀਆ
2ਪੀ.ਐਚ.ਡੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ, ਪੰਜਾਬ, ਇੰਡੀਆ
3ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਇੰਡੀਆ

Summary in English: Improving saline or calcareous soils

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters