1. Home
  2. ਖੇਤੀ ਬਾੜੀ

ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਕਰਨ ਦੀ ਲੋੜ

ਦਾਲਾਂ ਦੀ ਸਵੈ-ਨਿਰਭਰਤਾ ਤੱਕ ਪਹੁੰਚਨ ਲਈ, ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਪੈਦਾ ਕਰਨ ਦੀ ਜ਼ਰੁਰਤ ਹੈ, ਜਦੋਂ ਕਿ ਸਾਡਾ ਮੌਜੂਦਾ ਉਤਪਾਦਨ ਸਿਰਫ ਤਕਰੀਬਨ 23 ਮਿਲੀਅਨ ਟਨ ਹੈ।

Gurpreet Kaur Virk
Gurpreet Kaur Virk
ਆਉਂਦੇ ਸੀਜ਼ਨ 'ਚ ਕਰੋ ਦਾਲਾਂ ਦੀ ਸਫਲ ਕਾਸ਼ਤ

ਆਉਂਦੇ ਸੀਜ਼ਨ 'ਚ ਕਰੋ ਦਾਲਾਂ ਦੀ ਸਫਲ ਕਾਸ਼ਤ

Pulses: ਦਾਲਾਂ ਪ੍ਰੋਟੀਨ ਦਾ ਸਭ ਤੋਂ ਕਿਫਾਇਤੀ ਸਰੋਤ ਹਨ। ਦੇਸ਼ ਵਿੱਚ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਦਾਲਾਂ ਦਾ ਰਕਬਾ ਅਤੇ ਝਾੜ ਵਧਾਉਣ ਦੀ ਸਖਤ ਜ਼ਰੂਰਤ ਹੈ। ਝੋਨਾ-ਕਣਕ ਫ਼ਸਲੀ ਪ੍ਰਣਾਲੀ ਕਾਰਨ ਜ਼ਮੀਨ ਵਿੱਚ ਛੋਟੇ ਤੱਤਾਂ ਦੀ ਘਾਟ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਚਿੰਤਾਜਨਕ ਗਿਰਾਵਟ ਅਤੇ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ਹੈ। ਇਸ ਲਈ, ਝੋਨਾ-ਕਣਕ ਫ਼ਸਲੀ ਪ੍ਰਣਾਲੀ ਨੂੰ ਤੋੜਨ ਦੀ ਜ਼ਰੂਰਤ ਹੈ ਅਤੇ ਅਨਾਜ ਅਧਾਰਤ ਫ਼ਸਲੀ ਪ੍ਰਣਾਲੀ ਵਿੱਚ ਦਾਲਾਂ ਨੂੰ ਸ਼ਾਮਲ ਕਰਨ ਦੀ ਸਖਤ ਲੋੜ ਹੈ।

ਦਾਲਾਂ ਦੀ ਉਤਪਾਦਕਤਾ ਅਨਾਜ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਇਹ ਹਵਾ ਵਿੱਚੋਂ ਨਾਈਟੋ੍ਰਜਨ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ ਅਤੇ ਇਨ੍ਹਾਂ ਰਾਹੀਂ ਨਾਈਟੋ੍ਰਜਨ ਦਾ ਬਹੁਤਾ ਹਿੱਸਾ ਜ਼ਮੀਨ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਪਾਣੀ ਦੀ ਘੱਟ ਲੋੜ, ਫ਼ਸਲਾਂ ਦੀ ਉਤਪਾਦਕਤਾ ਨੂੰ ਕਾਇਮ ਰੱਖਣਾ ਅਤੇ ਵੱਧ ਪ੍ਰੋਟੀਨ ਹੋਣ ਕਰਕੇ ਇਨ੍ਹਾਂ ਫ਼ਸਲਾਂ ਦਾ ਬਹੁਤ ਮਹੱਤਵ ਹੈ।

ਦਾਲਾਂ ਦੀ ਪ੍ਰਤੀ ਵਿਅਕਤੀ ਉਪਲਬਧਤਾ ਸਿਰਫ 17.5 ਕਿਲੋ ਪ੍ਰਤੀ ਸਾਲ ਹੈ ਜਦੋਂਕਿ ਜ਼ਰੂਰਤ 22 ਕਿਲੋ ਪ੍ਰਤੀ ਸਾਲ ਹੈ। ਦਾਲਾਂ ਦੀ ਸਵੈ-ਨਿਰਭਰਤਾ ਤੱਕ ਪਹੁੰਚਨ ਲਈ, ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਪੈਦਾ ਕਰਨ ਦੀ ਜ਼ਰੁਰਤ ਹੈ, ਜਦੋਂ ਕਿ ਸਾਡਾ ਮੌਜੂਦਾ ਉਤਪਾਦਨ ਸਿਰਫ ਤਕਰੀਬਨ 23 ਮਿਲੀਅਨ ਟਨ ਹੈ। ਜਦੋਂ ਤੱਕ ਦਾਲਾਂ ਦੀ ਉਤਪਾਦਕਤਾ ਨਹੀਂ ਵਧਦੀ ਉਦੋਂ ਤੱਕ ਭਾਰਤ ਵਿਸ਼ਵ ਪੱਧਰ ਤੇ ਮੁਕਾਬਲਾ ਨਹੀਂ ਕਰ ਪਾਏਗਾ। ਛੋਲੇ ਅਤੇ ਮਸਰ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਹਾੜ੍ਹੀ ਦੀਆਂ ਮਹੱਤਵਪੂਰਣ ਦਾਲਾਂ ਹਨ। ਹੇਠ ਲਿਖੀਆਂ ਸਿਫ਼ਾਰਸ਼ਾਂ ਨੂੰ ਅਪਣਾਅ ਕੇ ਦਾਲਾਂ ਦੀ ਉਤਪਾਦਕਤਾ ਵਧਾਉਣ ਦੀ ਤੁਰੰਤ ਲੋੜ ਹੈ:

ਉੱਨਤ ਕਿਸਮਾਂ

ਦਾਲਾਂ ਦਾ ਵੱਧ ਝਾੜ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੀਬੀਜੀ 10, ਪੀਬੀਜੀ 8, ਪੀਬੀਜੀ 7, ਪੀਬੀਜੀ 5, ਜੀਪੀਐਫ 2 ਅਤੇ ਪੀਡੀਜੀ 4 ਦੇਸੀ ਅਤੇ ਐਲ 552 ਕਾਬਲੀ ਛੋਲਿਆਂ ਦੀਆਂ ਸਿਫ਼ਾਰਸ਼ ਕਿਸਮਾਂ ਹਨ। ਪੀਬੀਜੀ 10 ਅਤੇ ਪੀਬੀਜੀ 7 ਕਿਸਮ ਪੂਰੇ ਪੰਜਾਬ ਭਰ ਵਿੱਚ, ਪੀਬੀਜੀ 5 ਸਿੱਲ੍ਹ ਵਾਲੇ ਇਲਾਕਿਆਂ (ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ) ਅਤੇ ਐਲ 552, ਪੀਬੀਜੀ 8, ਜੀਪੀਐਫ 2 ਅਤੇ ਪੀਡੀਜੀ 4, ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਵਿੱਚ ਬੀਜੀ ਜਾ ਸਕਦੀ ਹੈ। ਪੀਬੀਜੀ 8, ਪੀਬੀਜੀ 7, ਪੀਬੀਜੀ 5, ਜੀਪੀਐਫ 2 ਅਤੇ ਐਲ 552 ਦੀ ਬਿਜਾਈ ਸੇਂਜੂ ਹਾਲਤਾਂ ਵਿੱਚ ਅਤੇ ਪੀ ਡੀ ਜੀ 4 ਕਿਸਮ ਦੀ ਬਿਜਾਈ ਬਰਾਨੀ ਹਾਲਤਾਂ ਵਿੱਚ ਕਰਨੀ ਚਾਹੀਦੀ ਹੈ। ਛੋਲਿਆਂ ਦੀ ਕਿਸਮ ਐਲ 552 ਕਾਬਲੀ ਹੈੇ ਅਤੇ ਬਾਕੀ ਦੇਸੀ ਛੋਲਿਆਂ ਦੀਆਂ ਕਿਸਮਾਂ ਹਨ। ਮਸਰਾਂ ਵਿੱਚ ਐਲ ਐਲ 1373 ਅਤੇ ਐਲ ਐਲ 931 ਸਿਫ਼ਾਰਸ਼ ਕਿਸਮਾਂ ਹਨ। ਇਹ ਕਿਸਮਾਂ ਸਾਰੇ ਪੰਜਾਬ ਵਿੱਚ ਬੀਜੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : PAU ਵੱਲੋਂ 3 New Wheat Varieties ਵਿਕਸਿਤ

ਸਮੇਂ ਸਿਰ ਬਿਜਾਈ

ਸਿਫ਼ਾਰਸ਼ ਸਮੇਂ ਤੋਂ ਅਗੇਤੀ ਜਾਂ ਪਿਛੇਤੀ ਬਿਜਾਈ ਕਰਨ ਨਾਲ ਫ਼ਸਲ ਦਾ ਝਾੜ ਘੱਟ ਜਾਂਦਾ ਹੈ ਇਸ ਲਈ ਬਿਜਾਈ ਹਮੇਸ਼ਾ ਸਮੇਂ ਸਿਰ ਕਰਨੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲੇ 25 ਅਕਤੂਬਰ ਤੋ 10 ਨਵੰਬਰ ਤੱਕ ਬੀਜ ਲੈਣੇ ਚਾਹੀਦੇ ਹਨ ਅਤੇ ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਿਜਾਈ 10 ਤੋਂ 25 ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ। ਪੰਜਾਬ ਦੇ ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱੜ ਕੇ ਪੂਰੇ ਪੰਜਾਬ ਵਿੱਚ ਮਸਰਾਂ ਦੀ ਬਿਜਾਈ ਅਖੀਰ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ। ਸਿੱਲ੍ਹ ਵਾਲੇ ਇਲਾਕਿਆਂ ਵਿੱਚ ਇਹ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜੇ ਜਾ ਸਕਦੇ ਹਨ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ

ਦੇਸੀ ਛੋਲਿਆਂ ਦੀ ਬਿਜਾਈ ਲਈ ਪੀ ਬੀ ਜੀ 10 ਕਿਸਮ ਦਾ 30 ਕਿਲੋ, ਪੀ ਬੀ ਜੀ 5 ਕਿਸਮ ਦਾ 24 ਕਿਲੋ ਅਤੇ ਬਾਕੀ ਕਿਸਮਾਂ ਦਾ 15-18 ਕਿਲੋ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈੇ। ਦੇਸੀ ਛੋਲੇ (ਪੀ ਬੀ ਜੀ 5 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ) ਨਵੰਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣ ਲਈ 27 ਕਿਲੋ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਣ ਲਈ 36 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ।

ਜੇਕਰ ਬੀਜ ਦੀ ਮਾਤਰਾ ਪਿਛੇਤੀ ਬਿਜਾਈ ਸਮੇਂ ਨਹੀਂ ਵਧਾਵਾਂਗੇ ਤਾਂ ਬੂਟਿਆਂ ਦੀ ਗਿਣਤੀ, ਵਾਧਾ ਅਤੇ ਝਾੜ ਤੇ ਬਹੁਤ ਮਾੜਾ ਅਸਰ ਪਵੇਗਾ। ਮਸਰਾਂ ਦੀ ਬਿਜਾਈ ਲਈ ਐਲ ਐਲ 1373 ਕਿਸਮ ਲਈ 18 ਕਿਲੋ ਅਤੇ ਐਲ ਐਲ 931 ਲਈ 12-15 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Sugarcane ਦੀਆਂ ਇਨ੍ਹਾਂ ਕਿਸਮਾਂ ਦਾ ਝਾੜ 150 ਟਨ ਪ੍ਰਤੀ ਹੈਕਟੇਅਰ

ਛੋਲਿਆਂ ਨੂੰ 30 ਸੈਂਟੀਮੀਟਰ ਅਤੇ ਮਸਰਾਂ ਨੂੰ 22.5 ਸੈਂਟੀਮੀਟਰ ਕਤਾਰ ਤੋਂ ਕਤਾਰ ਦੀ ਦੂਰੀ ਤੇ ਪੋਰੇ ਨਾਲ ਜਾਂ ਡਰਿਲ ਨਾਲ ਬਿਜਾਈ ਕਰਨੀ ਚਾਹੀਦੀ ਹੈ। ਛੋਲਿਆਂ ਨੂੰ ਤਕਰੀਬਨ 10-12.5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਇਸ ਤੋਂ ਘੱਟ ਡੂੰਘਾਈ ਤੇ ਬੀਜਣ ਨਾਲ ਉਖੇੜਾ ਰੋਗ ਹੋਣ ਦਾ ਡਰ ਹੁੰਦਾ ਹੈ। ਝੋਨੇ ਵਾਲੇ ਖੇਤਾਂ ਵਿੱਚ ਭਾਰੀਆਂ ਜ਼ਮੀਨਾਂ ਵਿੱਚ ਛੋਲਿਆਂ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡ (37.5 ਸੈਂਟੀਮੀਟਰ ਬੈੱਡ ਦਾ ਉਪਰਲਾ ਹਿੱਸਾ ਅਤੇ 30 ਸੈਂਟੀਮੀਟਰ ਖ਼ਾਲੀ) ਤੇ ਕਰੋ ਅਤੇ ਪ੍ਰਤੀ ਬੈੱਡ ਛੋਲਿਆਂ ਦੀਆਂ ਦੋ ਕਤਾਰਾਂ ਲਾਉਣੀਆਂ ਚਾਹੀਦੀਆਂ ਹਨ।

ਬੈੱਡਾਂ ਉੱਤੇ ਬਿਜਾਈ ਕਰਨ ਨਾਲ ਫ਼ਸਲ ਨੂੰ ਸਿੰਚਾਈ/ਬਾਰਸ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਝੋਨੇ ਤੋਂ ਬਾਅਦ, ਜਿੱਥੇ ਖੇਤ ਜਿਆਦਾ ਗਿੱਲਾ ਹੋਣ ਕਰਕੇ ਚੰਗੀ ਤਰ੍ਹਾਂ ਵਾਹਿਆ ਨਾ ਜਾ ਸਕੇ, ਮਸਰਾਂ ਦੀ ਬਿਜਾਈ ਛੱਟਾ ਦੇ ਕੇ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ। ਜੇਕਰ ਬਿਜਾਈ ਪਿਛੇਤੀ ਕਰਨੀ ਹੋਵੇ ਤਾਂ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਤੋਂ ਘਟਾ ਕੇ 20 ਸੈਂਟੀਮੀਟਰ ਕੀਤਾ ਜਾ ਸਕਦਾ ਹੈ।

ਆਉਂਦੇ ਸੀਜ਼ਨ 'ਚ ਕਰੋ ਦਾਲਾਂ ਦੀ ਸਫਲ ਕਾਸ਼ਤ

ਆਉਂਦੇ ਸੀਜ਼ਨ 'ਚ ਕਰੋ ਦਾਲਾਂ ਦੀ ਸਫਲ ਕਾਸ਼ਤ

ਬੀਜ ਨੂੰ ਟੀਕਾ ਲਾਉਣਾ

ਬੀਜ ਬੀਜਣ ਤੋਂ ਪਹਿਲਾਂ ਢੁਕਵਾਂ ਟੀਕਾ ਲਾਉਣਾ ਚਾਹੀਦਾ ਹੈ। ਇਸ ਨਾਲ ਝਾੜ ਵਿੱਚ ਵਾਧਾ ਹੰੁਦਾ ਹੈ। ਛੋਲਿਆਂ ਦੇ ਬੀਜ ਨੂੰ ਮੀਜ਼ੋਰਾਈਜ਼ੋਬੀਅਮ (ਐੱਲ ਜੀ ਆਰ-33) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਦੇ ਟੀਕੇ ਦਾ ਇੱਕ-ਇੱਕ ਪੈਕਟ ਅਤੇ ਮਸਰਾਂ ਦੇ ਬੀਜ ਨੂੰ ਰਾਈਜ਼ੋਬੀਅਮ (ਐੱਲ ਐੱਲ ਆਰ-12) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-2) ਦੇ ਟੀਕੇ ਦਾ ਇੱਕ-ਇੱਕ ਪੈਕਟ ਇੱਕ ਏਕੜ ਦੇ ਬੀਜ ਨੂੰ ਲਾਉਣਾ ਚਾਹੀਦਾ ਹੈ।

ਖਾਦਾਂ

ਜ਼ਮੀਨ ਦੀ ਮਿੱਟੀ ਦੀ ਪਰਖ ਦੇ ਅਧਾਰ ਤੇ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ ਬੂਟੇ ਦੇ ਵਿਕਾਸ ਲਈ ਦਾਲਾਂ ਵਿੱਚ ਖਾਦਾਂ ਹੇਠ ਲਿਖੇ ਅਨੁਸਾਰ ਪਾਉ। ਦੇਸੀ ਅਤੇ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਅਤੇ ਮਸਰਾਂ ਨੂੰ 11 ਕਿਲੋ ਯੂਰੀਆ ਫ਼ਸਲ ਦੇ ਸ਼ੁਰੂਆਤੀ ਵਾਧੇ ਲਈ ਪਾਉਣੀ ਚਾਹੀਦੀ ਹੈ। ਦੇਸੀ ਛੋਲਿਆਂ ਨੂੰ 50 ਕਿਲੋ ਅਤੇ ਕਾਬਲੀ ਛੋਲਿਆਂ ਅਤੇ ਮਸਰਾਂ ਨੂੰ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ।

ਜੇਕਰ ਮਸਰਾਂ ਨੂੰ ਟੀਕੇ ਲਾਏ ਹਨ ਤਾਂ 50 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਵਧੇਰੇ ਝਾੜ ਲੈਣ ਵਾਸਤੇ, ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 2% ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਛਿੜਕਾਅ ਕਰਨਾ ਚਾਹੀਦਾ ਹੈ।

ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵਧਾਉਣ ਅਤੇ ਵਧੇਰੇ ਝਾੜ ਲੈਣ ਲਈ, ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 0.5% ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ (21% ਜ਼ਿੰਕ) (0.750 ਕਿਲੋ ਪ੍ਰਤੀ ਏਕੜ) + 2% ਯੂਰੀਆ (3 ਕਿਲੋ ਯੂਰੀਆ ਪ੍ਰਤੀ ਏਕੜ) 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ Weed Control

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਛੋਲਿਆਂ ਅਤੇ ਮਸਰਾਂ ਵਿੱਚ ਇੱਕ ਜਾਂ ਦੋ ਗੋਡੀਆਂ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਕਰਨੀਆਂ ਚਾਹੀਦੀਆਂ ਹਨ।

ਸਿੰਚਾਈ

ਛੋਲਿਆਂ ਵਿੱਚ ਪਾਣੀ ਅੱਧ ਦਸੰਬਰ ਅਤੇ ਅੰਤ ਜਨਵਰੀ ਵਿਚਕਾਰ ਲਾਉ। ਬਿਜਾਈ ਤੋਂ ਚਾਰ ਹਫਤੇ ਤੋਂ ਪਹਿਲਾਂ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਹੈ। ਜੇਕਰ ਵਰਖਾ ਪੈ ਜਾਵੇ ਤਾਂ ਪਾਣੀ ਦੇਰ ਨਾਲ ਲਾਉਣਾ ਚਾਹੀਦਾ ਹੈ। ਝੋਨੇ ਤੋਂ ਪਿਛੋਂ ਪਧਰੀ ਬਿਜਾਈ ਨਾਲ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਲਾਉਣ ਨਾਲ ਛੋਲੇ ਸੁੱਕ ਜਾਂਦੇ ਹਨ।

ਝੋਨੇ ਤੋਂ ਬਾਅਦ ਬੈੱਡ ਤੇ ਬੀਜੀ ਗਈ ਛੋਲਿਆਂ ਦੀ ਫ਼ਸਲ ਨੂੰ ਲੋੜ ਅਨੁਸਾਰ ਖਾਲ਼ੀਆਂ ਵਿੱਚ ਪਾਣੀ ਦੇ ਦੇਣਾ ਚਾਹੀਦਾ ਹੈ। ਪਿਛੇਤੀ ਬਿਜਾਈ ਵਿੱਚ ਸਿੰਚਾਈ ਬਹੁਤ ਜਰੂਰੀ ਹੈ ਕਿਉਂਕਿ ਜੜਾਂ ਦਾ ਵਾਧਾ ਘੱਟ ਹੁੰਦਾ ਹੈ। ਮਸਰਾਂ ਨੂੰ ਮੌਸਮ ਅਨੁਸਾਰ 1-2 ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜਾ ਪਾਣੀ ਫੁੱਲਾਂ ਜਾਂ ਫ਼ਲੀਆਂ ਪੈਣ ਤੇ ਲਾਉਣਾ ਚਾਹੀਦਾ ਹੈ।

ਕਟਾਈ

ਛੋਲਿਆਂ ਦੀ ਕਟਾਈ ਡੱਡੇ ਪੱਕ ਜਾਣ ਅਤੇ ਬੂਟੇ ਸੁੱਕ ਜਾਣ ਅਤੇ ਮਸਰਾਂ ਦੀ ਕਟਾਈ ਬੂਟੇ ਸੁੱਕ ਜਾਣ ਅਤੇ ਫ਼ਲੀਆਂ ਪੱਕ ਜਾਣ ਤੇ ਕਰ ਲੈਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ਲੀਆਂ ਜਿਆਦਾ ਪੱਕਣ ਕਾਰਨ ਦਾਣੇ ਨਾ ਕਿਰਨ।

ਕਿਸਾਨ ਵੀਰਾਂ ਨੂੰ ਦਾਲਾਂ ਦੀ ਉਤਪਾਦਕਤਾ ਵਧਾਉਣ ਲਈ ਉਪਰੋਕਤ ਲਿਖੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਫ਼ਸਲ ਦਾ ਵੱਧ ਝਾੜ ਲੈ ਸਕਣ ਅਤੇ ਦਾਲਾਂ ਦਾ ਵਧੇਰੇ ਉਤਪਾਦਨ ਕਰ ਸਕਣ।

ਹਰਪ੍ਰੀਤ ਕੌਰ ਵਿਰਕ ਅਤੇ ਗੁਰਇਕਬਾਲ ਸਿੰਘ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: India needs to produce 32 million tonnes of pulses by 2030

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters