1. Home
  2. ਖੇਤੀ ਬਾੜੀ

ਬੈਂਗਣ ਦਾ ਚੰਗਾ ਝਾੜ ਲੈਣ ਲਈ ਕਿਸਾਨਾਂ ਨੂੰ ਮੁੱਖ ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਜਾਣਨਾ ਬਹੁਤ ਜ਼ਰੂਰੀ

ਬੈਂਗਣ ਸਬਜੀਆਂ ਦੀ ਇੱਕ ਮੁੱਖ ਫਸਲ ਹੈ ਅਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਪਰ ਬੈਂਗਣ ਉੱਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ, ਜਿਸ ਨਾਲ ਫਸਲ ਦਾ ਕਾਫੀ ਨੁਕਸਾਨ ਹੁੰਦਾ ਹੈ। ਬੈਗਣਾਂ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਕੀੜਿਆਂ ਦੀ ਅਤਿ ਜ਼ਰੂਰੀ ਹੈ। ਲੇਖ ਵਿੱਚ ਸਾਂਝੇ ਕੀਤੇ ਇਨ੍ਹਾਂ ਨੁਕਤਿਆਂ ਨੂੰ ਅਪਣਾਕੇ ਕਿਸਾਨ ਵੀਰ ਬੈਂਗਣਾਂ ਦਾ ਵਧੀਆ ਝਾੜ ਲੈ ਸਕਦੇ ਹਨ।

Gurpreet Kaur Virk
Gurpreet Kaur Virk
ਬੈਂਗਣ ਸਬਜੀਆਂ ਦੀ ਇੱਕ ਮੁੱਖ ਫਸਲ

ਬੈਂਗਣ ਸਬਜੀਆਂ ਦੀ ਇੱਕ ਮੁੱਖ ਫਸਲ

Brinjal Farming: ਸਬਜੀਆਂ ਮਨੁੱਖੀ ਭੋਜਨ ਦਾ ਇੱਕ ਮਹੱਤਵਪੂਰਨ ਅੰਗ ਹਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਨਰੋਈ ਸਿਹਤ ਲਈ ਸਬਜੀਆਂ ਦੀ ਪ੍ਰਤੀ ਦਿਨ ਖਪਤ 400 ਗ੍ਰਾਮ ਪ੍ਰਤੀ ਵਿਅਕਤੀ ਹੋਣੀ ਚਾਹੀਦੀ ਹੈ। ਪਰ ਭਾਰਤ ਵਿੱਚ ਸਬਜੀਆਂ ਦੀ ਵਰਤੋਂ ਇਸ ਅੰਕੜੇ ਤੋਂ ਕਾਫੀ ਘੱਟ ਹੈ।

ਬੈਂਗਣ ਸਬਜੀਆਂ ਦੀ ਇੱਕ ਮੁੱਖ ਫਸਲ ਹੈ ਅਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਇਸ ਵਿੱਚ ਕਈ ਤਰ੍ਹਾਂ ਦੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਲੋਹਾ ਮੁੱਖ ਹਨ।

ਪੰਜਾਬ ਵਿੱਚ ਸਾਲ 2021-2022 ਦੌਰਾਨ ਇਸ ਦੀ ਕਾਸ਼ਤ 6280 ਹੈਕਟੇਅਰ ਰਕਬੇ ਵਿੱਚ ਕੀਤੀ ਗਈ ਅਤੇ ਇਸ ਫਸਲ ਅਧੀਨ ਹੋਰ ਰਕਬਾ ਲਿਆਉਣ ਦੀਆਂ ਕਾਫੀ ਸੰਭਾਵਨਾਵਾਂ ਹਨ। ਪਰ ਬੈਂਗਣ ਉੱਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ ਜਿਸ ਨਾਲ ਫਸਲ ਦਾ ਕਾਫੀ ਨੁਕਸਾਨ ਹੁੰਦਾ ਹੈ। ਬੈਗਣਾਂ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਕੀੜਿਆਂ ਦੀ ਅਤਿ ਜ਼ਰੂਰੀ ਹੈ। ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਤੋਂ ਇਲਾਵਾ ਸਰਵਪੱਖੀ ਰੋਕਥਾਮ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ ਤਾਂ ਜੋ ਢੁੱਕਵੀਂ ਰੋਕਥਾਮ ਦੇ ਨਾਲ-ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਦਾ ਧਿਆਨ ਵੀ ਰੱਖਿਆ ਜਾ ਸਕੇ।

ਬੈਂਗਣ ਦੇ ਮੁੱਖ ਕੀੜੇ-ਮਕੌੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ:

ਫਲਾਂ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ:

ਇਹ ਕੀੜਾ ਬੈਂਗਣ ਦੀ ਫਸਲ ਦੀ mukh ਸਮੱਸਿਆ ਹੈ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਇਸਦਾ ਗੰਭੀਰ ਹਮਲਾ ਦੇਖਣ ਨੂੰ ਮਿਲਦਾ ਹੈ। ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ, ਜਿਸ ਦੇ ਸਰੀਰ ਉੱਪਰ ਭੂਰੇ ਅਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਮਾਦਾ ਪਤੰਗੇ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਸਲੇਟੀ ਰੰਗ ਦੇ ਅੰਡੇ ਦਿੰਦੇ ਹਨ। ਅੰਡੇ ਵਿੱਚੋਂ ਲਗਭਗ 3-6 ਦਿਨਾਂ ਬਾਅਦ ਸੁੰਡੀ ਨਿਕਲਦੀ ਹੈ, ਜਿਹੜੀ ਨਰਮ ਕਰੂੰਬਲਾਂ (ਲਗਰਾਂ), ਫੁੱਲ ਅਤੇ ਫਲਾਂ ਵਿੱਚ ਵੜ ਕੇ ਖਾਂਦੀ ਹੈੈ।ਜਿਨ੍ਹਾਂ ਲਗਰਾਂ ਵਿਚ ਸੁੰਡੀ ਦਾ ਹਮਲਾ ਹੋਇਆ ਹੋਵੇ ਉਹ ਮੁਰਝਾ ਕੇ ਡਿੱਗ ਪੈਂਦੀਆਂ ਹਨ ਜਾਂ ਝੁੱਕ ਜਾਂਦੀਆਂ ਹਨ ਅਤੇ ਬਾਅਦ ਵਿੱਚ ਸੁੱਕ ਜਾਂਦੀਆਂ ਹਨ।ਹਮਲੇ ਵਾਲੇ ਫ਼ਲ ਕਾਣੇ ਹੋ ਜਾਂਦੇ ਹਨ ।ਇਸ ਕੀੜੇ ਦੀ ਸਰਵਪੱਖੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ:

• ਬੈਂਗਣਾਂ ਦੀ ਮੋਢੀ ਫਸਲ ਨਾ ਰੱਖੋ।

• ਕਾਣੇ ਫਲ ਤੋੜ ਕੇ ਖੇਤ ਵਿੱਚ ਜਾਂ ਆਲੇ ਦੁਆਲੇ ਨਾ ਸੁੱਟੋ, ਬਲਕਿ ਜ਼ਮੀਨ ਵਿੱਚ ਡੂੰਘੇ ਦੱਬ ਦਿਓ।

• ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, 80 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਛਿੜਕੋ।

• ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫਲ ਤੋੜ ਲਵੋ।

• ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਬੈਗਣ ਨਾ ਤੋੜੋ।

• ਇੱਕ ਹੀ ਕੀਟਨਾਸ਼ਕ ਦਾ ਛਿੜਕਾਅ ਵਾਰ- ਵਾਰ ਨਾ ਕੀਤਾ ਜਾਵੇ ਅਤੇ ਦੁਬਾਰਾ ਲੋੜ ਪੈਣ ਤੇ ਗਰੁੱਪ ਬਦਲ ਕੇ ਕੀਟਨਾਸ਼ਕ ਦਾ ਛਿੜਕਾਅ ਕਰੋ।

ਹੱਡਾ ਭੂੰਡੀ:

ਇਹ ਬਹੁ-ਫਸਲੀ ਕੀੜਾ ਹੈ ਜੋ ਕਿ ਬੈਂਗਣ ਤੋਂ ਇਲਾਵਾ ਟਮਾਟਰ, ਆਲੂ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਤੇ ਹਮਲਾ ਕਰਦਾ ਹੈ। ਭੂੰਡੀਆਂ ਅਤੇ ਸੁੰਡੀਆਂ ਦੋਨੋਂ ਹੀ ਬੈਗਣਾਂ ਦੀ ਫਸਲ ਦਾ ਨੁਕਸਾਨ ਕਰਦੇ ਹਨ। ਇਹ ਭੂੰਡੀ ਗੂੜੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਪੱਤਿਆਂ ਉੱਪਰ ਝੁੰਡਾਂ ਵਿੱਚ ਸਿਗਾਰ ਦੇ ਅਕਾਰ ਵਰਗੇ ਅੰਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ। ਹਮਲੇ ਕਾਰਨ ਪੱਤੇ ਛਾਨਣੀ ਵਰਗੇ ਦਿਖਦੇ ਹਨ। ਇਸ ਕੀੜੇ ਦੀ ਰੋਕਥਾਮ ਲਈ ਇਸ ਦੇ ਅੰਡਿਆਂ, ਬੱਚਿਆਂ ਅਤੇ ਬਾਲਗਾਂ ਵਾਲੇ ਪੱਤੇ ਇਕੱਠੇ ਕਰਕੇ ਨਸ਼ਟ ਕਰ ਦਿਉ।

ਇਹ ਵੀ ਪੜ੍ਹੋ: Jackfruit ਦੀ ਖੇਤੀ ਕਰਕੇ ਕਿਸਾਨ ਹੋਣਗੇ ਮਾਲੋਮਾਲ, ਕਈ ਸਾਲਾਂ ਤੱਕ ਹੋਵੇਗੀ ਤਗੜੀ ਕਮਾਈ, ਕਰੋ ਉੱਨਤ ਕਿਸਮਾਂ ਦੀ ਬਿਜਾਈ

ਚਿੱਟੀ ਮੱਖੀ:

ਇਹ ਬਹੁ-ਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਇਸ ਦੇ ਬੱਚੇ ਹਲਕੇ ਪੀਲੇ, ਗੋਲਾਕਾਰ ਅਤੇ ਸੁਸਤ ਹੁੰਦੇ ਹਨ, ਜੋ ਕਿ ਅਕਸਰ ਪੱਤੇ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਬੈਠੇ ਨਜ਼ਰ ਆਉਂਦੇ ਹਨ। ਇਸ ਦੇ ਬਾਲਗ 1-1.5 ਮਿਲੀਲਿਟਰ ਲੰਮੇ, ਪੀਲੇ ਰੰਗ ਦੇ, ਜਿਨ੍ਹਾਂ ਦੇ ਖੰਭ ਚਿੱਟੇ ਮੋਮੀ ਪਦਾਰਥ ਨਾਲ ਢਕੇ ਹੁੰਦੇ ਹਨ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਬੈਂਗਣਾਂ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ, ਜੋ ਚਿਪਚਿਪਾ ਜਿਹਾ ਹੁੰਦਾ ਹੈ। ਹਮਲੇ ਵਾਲੇ ਬੂਟੇ ਦੋ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ, ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਿਰਆ ਪ੍ਰਭਾਵਿਤ ਹੋ ਜਾਂਦੀ ਹੈ, ਕਿਉਂਕਿ ਪੱਤਿਆਂ ਉੱਪਰ ਕਾਲੀ ਉੱਲੀ ਲੱਗ ਜਾਂਦੀ ਹੈ। ਹਮਲੇ ਕਾਰਣ ਝਾੜ ਤੇ ਵੀ ਕਾਫੀ ਮਾੜਾ ਅਸਰ ਪੈਂਦਾ ਹੈ।

• ਬੈਂਗਣ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਇਕਨਾਮਿਕ ਥਰੈਸ਼ਹੋਲਡ (ਆਰਥਿਕ ਕਗਾਰ) ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ। ਸਰਵੇਖਣ ਕਰਨ ਲਈ ਖੇਤ ਨੂੰ 4 ਬਰਾਬਰ ਹਿੱਸਿਆਂ ਵਿੱਚ ਵੰਡ ਲਵੋ ਅਤੇ ਇਨਾਂ ਵਿੱਚੋ 10-10 ਬੂਟਿਆਂ ਦੇ ਉਪਰਲੇ, ਵਿਚਕਰਲੇ ਅਤੈ ਹੇਠਲ਼ੇ ਹਿੱਸੇ ਵਿੱਚ 3 ਪੱਤਿਆਂ ਤੋਂ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾਂ ਕਰੋ। ਜੇਕਰ ਚਿੱਟੀ ਮੱਖੀ ਦੀ ਔਸਤਨ ਗਿਣਤੀ 9 ਬਾਲ਼ਗ ਪ੍ਰਤੀ ਪੱਤਾ ਜਾਂ ਵਧੇਰੇ ਹੋਵੇ ਤਾਂ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ।

• ਲੋੜ ਪੈਣ ਤੇ ਫਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਇੱਕ ਤੋਂ ਦੋ ਛਿੜਕਾਅ 1200 ਮਿਲੀਲਿਟਰ ਪੀ ਏ ਯੂ ਘਰ ਦਾ ਬਣਾਇਆ ਨਿੰਮ ਦਾ ਘੋਲ ਜਾਂ 1500 ਮਿਲੀਲਿਟਰ ਮੱਕੀ/ਚਰੀ/ਬਾਜਰਾ ਦਾ ਰਸ 100-125 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

• ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ ਸਮੇਤ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਘੋਲ ਠੰਡਾ ਹੋਣ ਤੇ ਛਾਣ ਲਵੋ ਅਤੇ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।

• ਜੇਕਰ ਹਮਲਾ ਵਧੇਰੇ ਹੋਵੇ ਤਾਂ 15 ਦਿਨਾਂ ਦੇ ਵਕਫੇ ਤੇ 200 ਗ੍ਰਾਮ ਪੈਗਾਸਸ 50 ਤਾਕਤ (ਡਾਇਆਫੈਨਥੀਯੁਰੋਨ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿੱਚ ਘੋਲ ਬਣਾਕੇ ਛਿੜਕੋ।

• ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਸੜਕਾਂ ਦੇ ਕਿਨਾਰਿਆਂ, ਖਾਲੀ ਥਾਵਾਂ, ਖਾਲੀ ਜ਼ਮੀਨ, ਖਾਲਿਆਂ ਦੀ ਵੱਟਾਂ ਆਦਿ ਉੱਪਰ ਉੱਗੇ ਚਿੱਟੀ ਮੱਖੀ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ।

• ਜੇਕਰ ਫ਼ਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਹੋਵੇ ਤਾਂ ਫਲਾਂ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ ਦੀ ਰੋਕਥਾਮ ਲਈ ਸਿੰਥੇਟਿਕ ਪਰਿਥਰਾਇਡ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕਰੋ।

ਮਕੌੜਾ ਜੂੰ:

ਮਕੌੜਾ ਜੂੰ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ ਵਿੱਚ ਜ਼ਿਆਦਾ ਹੁੰਦਾ ਹੈ। ਛੋਟੀਆਂ ਅਤੇ ਵੱਡੀਆਂ ਜੂੰਆਂ ਪੱਤਿਆਂ ਦੇ ਹੇਠਲੇ ਪਾਸਿਓਂ ਹਰਾ ਹਿੱਸਾ ਖੁਰਚ ਕੇ ਰਸ ਚੂਸਦੀਆਂ ਹਨ।ਹਮਲੇ ਕਾਰਣ ਸ਼ੁਰੂ ਵਿੱਚ ਪੱਤਿਆਂ ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ। ਬਾਅਦ ਵਿੱਚ ਪੱਤਿਆਂ ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।

• ਇਸਦੀ ਰੋਕਥਾਮ ਲਈ ਬੈਂਗਣ ਦੀ ਮੋਢੀ ਫਸਲ ਨਾ ਰੱਖੋ।

• ਖੁਸ਼ਕ ਮੌਸਮ ਦੌਰਾਨ ਥੋੜੇ-ਥੋੜੇ ਸਮੇਂ ਬਾਅਦ ਸਿੰਚਾਈ ਕਰਦੇ ਰਹੋ।

• ਸਿੰਥੈਟਿਕ ਕੀਟਨਾਸ਼ਕਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ।

• ਲੋੜ ਪੈਣ ਤੇ 300 ਮਿਲੀਲਿਟਰ ਉਮਾਈਟ 57 ਤਾਕਤ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਰੋਤ: ਗੁਰਮੇਲ ਸਿੰਘ ਸੰਧੂ, ਸੁਖਜਿੰਦਰ ਸਿੰਘ ਮਾਨ ਅਤੇ ਕਰਮਜੀਤ ਸ਼ਰਮਾਂ, ਕ੍ਰਿਸ਼ੀ ਵਿਗਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ

Summary in English: It is very important for the farmers to know about the identification of major insects, signs of attack and methods of prevention in order to get a good yield of eggplant.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters