1. Home
  2. ਖੇਤੀ ਬਾੜੀ

ਜਨਵਰੀ ਮਹੀਨੇ ਦਾ ਮੌਸਮ Potato-Tomato Crop ਲਈ ਹਾਨੀਕਾਰਕ, ਕਿਸਾਨ ਵੀਰੋਂ Crop Protection ਲਈ ਇਨ੍ਹਾਂ ਸੁਝਾਵਾਂ 'ਤੇ ਕਰੋ ਅਮਲ

ਪਿਛੇਤਾ ਝੁਲਸ ਰੋਗ ਆਲੂਆਂ ਦੀ ਇੱਕ ਗੰਭੀਰ ਸਮੱਸਿਆ ਹੈ। ਜੇਕਰ ਇਸ ਦਾ ਹੱਲਾ ਆਲੂਆਂ ਦੀ ਫਸਲ ਤੇ ਸ਼ੁਰੂ ਹੋ ਜਾਵੇ ਤਾਂ ਅਨੁਕੂਲ ਮੌਸਮ ਦੌਰਾਨ ਇਸ ਦਾ ਵਾਧਾ ਬਹੁਤ ਹੁੰਦਾ ਹੈ ਜਿਸ ਕਰਕੇ ਆਲੂਆਂ ਦੇ ਝਾੜ ਤੇ ਮਾੜਾ ਅਸਰ ਪੈ ਜਾਂਦਾ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਦੇ ਕਿਨਾਰਿਆਂ ਤੇ ਪਾਣੀ ਭਿੱਜੇ ਗੂੜ੍ਹੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ ਤੇ ਪੱਤਿਆਂ ਦੇ ਹੇਠਲੇ ਪਾਸੇ ਚਿੱਟੀ ਰੂੰ ਵਰਗੀ ਉੱਲੀ ਵੀ ਨਜ਼ਰ ਆਉਂਦੀ ਹੈ। ਅਜਿਹੇ 'ਚ ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ।

Gurpreet Kaur Virk
Gurpreet Kaur Virk
ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਇਨ੍ਹਾਂ ਸੁਝਾਵਾਂ 'ਤੇ ਕਰੋ ਅਮਲ

ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਇਨ੍ਹਾਂ ਸੁਝਾਵਾਂ 'ਤੇ ਕਰੋ ਅਮਲ

Late Blight in Potato: ਸਰਵੇਖਣਾਂ ਤੋਂ ਪਾਇਆ ਗਿਆ ਕਿ ਨਵੰਬਰ ਮਹੀਨੇ ਮੀਂਹ ਪੈਣ ਕਰਕੇ ਮੌਸਮ ਪਿਛੇਤੇ ਝੁਲਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੋ ਗਿਆ ਅਤੇ ਇਸ ਦਾ ਹਮਲਾ ਨਵੰਬਰ ਦੇ ਦੂਜੇ ਪੰਦਰਵਾੜੇ ਲੁਧਿਆਣੇ ਜ਼ਿਲ੍ਹੇ ਦੇ ਸਮਰਾਲੇ ਨੇੜੇ ਲੱਗਦੇ ਪਿੰਡਾਂ ਹੇੜੀਆਂ, ਬਹਿਲੋਲਪੁਰ, ਬਰਮਾ, ਸਹਿਜੋ ਮਾਜਰਾ ਅਤੇ ਬਾਅਦ ਵਿੱਚ ਹੁਸ਼ਿਆਰਪੁਰ, ਪਟਿਆਲਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ ਦੇ ਕਈ ਪਿੰਡਾਂ ਵਿੱਚ ਵੇਖਿਆ ਗਿਆ। ਆਲੂਆਂ ਦੀ ਫਸਲ 'ਤੇ ਹਮਲੇ ਤੋਂ ਬਾਅਦ ਇਹ ਰੋਗ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਮਾਟਰਾਂ ਦੀ ਫਸਲ 'ਤੇ ਗੰਭੀਰ ਰੂਪ ਧਾਰਨ ਕਰ ਗਿਆ।

ਜਿਹੜੇ ਕਿਸਾਨ ਵੀਰਾਂ ਨੇ ਸਮੇਂ ਸਿਰ ਸਿਫਾਰਿਸ਼ਾਂ ਮੁਤਾਬਿਕ ਛਿੜਕਾਅ ਕੀਤੇ ਉਨ੍ਹਾਂ ਦੀ ਫਸਲ ਇਸ ਰੋਗ ਤੋਂ ਬੱਚ ਗਈ। ਪਰ ਇਸ ਦੇ ਉਲਟ ਜਿਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਇਸ ਰੋਗ ਦੀ ਰੋਕਥਾਮ ਨਹੀਂ ਕੀਤੀ, ਉੱਥੇ ਇਸ ਰੋਗ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਿਆ।

ਜੇਕਰ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਇਹ ਮੌਸਮ ਵੀ ਇਸ ਰੋਗ ਦੇ ਅਨੁਕੂਲ ਚੱਲ ਰਿਹਾ ਹੈ ਅਤੇ ਆਉਂਦੇ ਦਿਨ੍ਹਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਦੱਸ ਦੇਈਏ ਕਿ ਪਿਛੇਤੇ ਝੁਲਸ ਰੋਗ ਦੀ ਉੱਲੀ ਦੇ ਬੀਜਾਣੂੰ ਮੀਂਹ ਪੈਣ ਨਾਲ ਪੱਤਿਆਂ ਅਤੇ ਤਣੇ ਤੋਂ ਝੜ ਜਾਣਦੇ ਹਨ ਅਤੇ ਜ਼ਮੀਨ ਵਿੱਚ ਰਲ ਜਾਂਦੇ ਹਨ, ਜੋ ਧਰਤੀ ਵਿਚਲੇ ਨਵੇਂ ਬਣ ਰਹੇ ਆਲੂਆਂ ਤੇ ਬੇ-ਢੰਗੇ ਭੂਰੇ ਰੰਗ ਦੇ ਧੱਬੇ ਬਣਾ ਦਿੰਦੇ ਹਨ।

ਰੋਗ ਦਾ ਮੁੱਖ ਕਾਰਨ

ਇਸੇ ਤਰ੍ਹਾਂ ਹੀ ਆਉਂਦੇ ਦਿਨ੍ਹਾਂ ਵਿੱਚ ਮੌਸਮ ਨਿੱਘਾ ਹੋਣ ਤੇ ਤੇਲੇ ਦੀ ਆਮਦ ਵੱਧਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ ਨਾਲ ਵਿਸ਼ਾਣੂੰ ਰੋਗ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਆਲੂਆਂ ਦੇ ਵਿਸ਼ਾਣੂੰ ਰੋਗ ਵੀ ਪੱਤਿਆਂ ਰਾਹੀਂ ਜ਼ਮੀਨ ਵਿੱਚ ਹੇਠਾਂ ਬਣ ਰਹੇ ਆਲੂਆਂ ਤੇ ਚਲੇ ਜਾਂਦੇ ਹਨ। ਪੁਟਾਈ ਤੋਂ ਬਾਅਦ ਇਹ ਰੋਗੀ ਆਲੂ ਸਿਹਤਮੰਦ ਆਲਅੂਾਂ ਨਾਲ ਹੀ ਗੁਦਾਮਾਂ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਅਗਲੀ ਫਸਲ ਵਾਸਤੇ ਰੋਗ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ।

ਕਿਸਾਨਾਂ ਨੂੰ ਸਲਾਹ

ਇਸ ਸਮੇਂ ਕਿਸਾਨ ਵੀਰਾਂ ਨੂੰ ਸਲਾਹ ਜਾ ਰਹੀ ਹੈ ਕਿ ਉਹ ਬੀਜ ਵਾਲੀ ਫਸਲ ਦੀਆਂ ਵੇਲਾਂ ਸਮੇਂ ਸਿਰ ਕੱਟ ਲੈਣ। ਜਿਹੜੇ ਖੇਤਾਂ ਵਿੱਚ ਝੁਲਸ ਰੋਗ ਦਾ ਹਮਲਾ ਹੋਇਆ ਹੈ ਉਸ ਖੇਤ ਦੀਆਂ ਵੇਲਾਂ ਖੇਤ ਵਿੱਚੋਂ ਬਾਹਰ ਕੱਢ ਦੇਣ ਤਾਂ ਜੋ ਇਹ ਰੋਗ ਜ਼ਮੀਨ ਹੇਠਾਂ ਪਏ ਆਲੂਆਂ 'ਤੇ ਨਾ ਪਹੁੰਚ ਸਕੇ।

ਬਹਾਰ ਰੁੱਤ ਵਾਲੇ ਆਲੂ

ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਕਈ ਕਿਸਾਨ ਵੀਰ ਬਹਾਰ ਰੁੱਤ ਵਾਲੇ ਆਲੂਆਂ ਦੀ ਕਾਸ਼ਤ ਕਰਦੇ ਹਨ। ਬਹਾਰ ਰੁੱਤ ਦੀ ਫਸਲ ਤੇ ਇਹ ਬਿਮਾਰੀ ਪਹਿਲਾਂ ਲੱਗੀ ਫਸਲ ਤੋਂ ਆ ਜਾਂਦੀ ਹੈ, ਜਿਸ ਕਾਰਨ ਕਰੂੰਬਲਾਂ ਮਰ ਜਾਂਦੀਆਂ ਹਨ, ਤਣੇ 'ਤੇ ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਛੋਟੀ ਉਮਰ ਦੇ ਬੂਟੇ ਜਲਦੀ ਖ਼ਤਮ ਹੋ ਜਾਂਦੇ ਹਨ।

ਇਹ ਵੀ ਪੜ੍ਹੋ: Fog ਕੀ ਹੈ ਅਤੇ ਇਸ ਤੋਂ Crop Protection ਕਿਵੇਂ ਕੀਤੀ ਜਾ ਸਕਦੀ ਹੈ? ਪੜੋ ਇਹ ਸੁਝਾਅ

ਬਹਾਰ ਰੁੱਤ ਦੇ ਆਲੂਆਂ ਲਈ ਸਲਾਹ

ਬਹਾਰ ਰੁੱਤ ਦੇ ਆਲੂਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਸਿਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫਸਲ 'ਤੇ ਸਿਸਟੈਮਿਕ ਉੱਲੀਨਾਸ਼ਕਾਂ ਜਿਵੇਂ ਕਿ 700 ਗ੍ਰਾਮ ਮਿਲੋਡੀ ਡਿਊ ਜਾਂ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 ਜਾਂ ਸੈਕਟਿਨ ਜਾਂ 250 ਮਿ.ਲਿ. ਰੀਵਸ ਜਾਂ 200 ਮਿ.ਲਿ ਈਕੂਏਸ਼ਣ ਪ੍ਰੋ ਨੂੰ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 10 ਦਿਨਾਂ ਦੇ ਵਕਫੇ 'ਤੇ ਦੋ ਛਿੜਕਾਅ ਕਰਨ।

ਟਮਾਟਰ ਦੀ ਫਸਲ 'ਤੇ ਹਮਲਾ

ਇਸ ਰੋਗ ਦਾ ਹਮਲਾ ਆਲੂਆਂ ਤੋਂ ਇਲਾਵਾ ਨੈੱਟ/ਪੌਲੀਹਾਊਸ ਵਿੱਚ ਲੱਗੀ ਟਮਾਟਰਾਂ ਦੀ ਫਸਲ 'ਤੇ ਵੀ ਹੋ ਸਕਦਾ ਹੈ। ਟਮਾਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਸਮੇਂ ਸਿਰ ਛਿੜਕਾਅ ਕਰਕੇ ਆਪਣੀ ਟਮਾਟਰਾਂ ਦੀ ਫਸਲ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ।

ਬੀਜ ਉਤਪਾਦਕਾਂ ਨੂੰ ਸਲਾਹ

ਆਲੂਆਂ ਦੇ ਬੀਜ ਉਤਪਾਦਕ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੀਜ ਵਾਲੇ ਆਲੂਆਂ ਨੂੰ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਰੋਗਾਂ ਨਾਲ ਪ੍ਰਭਾਵਿਤ ਆਲਅੂਾਂ ਨੂੰ ਛਾਂਟ ਕੇ ਨਸ਼ਟ ਕਰ ਦੇਣ। ਇਸ ਤਰ੍ਹਾਂ ਕਰਨ ਨਾਲ ਬੀਜ ਰਾਹੀਂ ਫੈਲਣ ਵਾਲੀਆਂ ਇਹ ਬਿਮਾਰੀਆਂ ਨੂੰ ਅੱਗੋ ਨਵੇਂ ਖੇਤਾਂ ਜਾਂ ਖੇਤਰਾਂ 'ਚ ਫੈਲ਼ਣ ਤੋਂ ਰੋਕਿਆ ਜਾ ਸਕਦਾ ਹੈ।

Summary in English: January weather is harmful for potato and tomato crops, follow these tips for crop protection from farmers.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters