s
  1. ਖੇਤੀ ਬਾੜੀ

ਵਿਹਲੇ ਸਮੇਂ ’ਚ ਕਰੀਏ ਸਬਜ਼ੀਆਂ ਦੀ ਕਾਸ਼ਤ

KJ Staff
KJ Staff
vegetables

vegetables

ਭਾਦੋਂ ਦਾ ਮਹੀਨਾ ਬਾਕੀ ਸਾਰੇ ਮਹੀਨਿਆਂ ਨਾਲੋਂ ਬਿਲਕੁਲ ਵੱਖਰਾ ਹੈ। ਇਸ ਮਹੀਨੇ ਜੇ ਮੀਂਹ ਪੈ ਰਿਹਾ ਹੋਵੇ ਜਾਂ ਹਵਾ ਵਗਦੀ ਹੋਵੇ ਤਾਂ ਮੌਸਮ ਸੋਹਣਾ ਲਗਦਾ ਹੈ ਪਰ ਜਦੋਂ ਧੁੱਪ ਚਮਕਦੀ ਹੋਵੇ ਤੇ ਹਵਾ ਬੰਦ ਹੋਵੇ ਤਾਂ ਅਜੇਹਾ ਹੜੁੰਮ ਪੈਂਦਾ ਹੋ ਜਾਂਦਾ ਹੈ ਕਿ ਘਬਰਾਹਟ ਹੋਣ ਲੱਗਦੀ ਹੈ।

ਅਜਿਹੇ ਮੌਸਮ ਵਿਚ ਜੇ ਖੇਤਾਂ ਵਿਚ ਕੰਮ ਕਰਨਾ ਪਵੇ ਤਾਂ ਘਬਰਾ ਕੇ ਕਈ ਵਾਰ ਕਿਸਾਨ ਖੇਤੀ ਛੱਡਣ ਲਈ ਤਿਆਰ ਹੋ ਜਾਂਦਾ ਹੈ। ਇਹ ਆਮ ਕਹਾਵਤ ਹੈ ਕਿ ਭਾਦੋਂ ਦੇ ਚੌਮਾਸੇ ਦਾ ਮਾਰਿਆ ਕਿਸਾਨ ਖੇਤੀ ਛੱਡ ਸਾਧ ਬਣ ਜਾਂਦਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ‘ਭਾਦੋਂ ਦਾ ਮਾਰਿਆ ਜੱਟ ਫ਼ਕੀਰ।’

ਬੇਸ਼ੱਕ ਸਾਉਣ ਮਹੀਨੇ ਭਰ ਬਰਸਾਤ ਹੁੰਦੀ ਹੈ ਪਰ ਭਾਦੋਂ ਦੇ ਮਹੀਨੇ ਵੀ ਵਰਖਾ ਹੋਣੀ ਬਹੁਤ ਜ਼ਰੂਰੀ ਹੈ। ਹੁਣ ਤਾਂ ਪੰਜਾਬ ਵਿਚ ਲਗਭਗ ਸਾਰੀ ਧਰਤੀ ਹੀ ਸੇਂਜੂ ਹੋ ਗਈ ਹੈ ਪਰ ਜਦੋਂ ਬਹੁਤੀ ਖੇਤੀ ਮਾਰੂ ਹੁੰਦੀ ਸੀ, ਉਦੋਂ ਵਰਖਾ ਦੀ ਵਿਸ਼ੇਸ਼ ਮਹੱਤਤਾ ਸੀ। ਵੈਸੇ ਸਾਡੇ ਦੇਸ਼ ਵਿਚ ਅਜੇ ਵੀ ਬਹੁਤੀ ਖੇਤੀ ਮਾਰੂ ਹੀ ਹੈ। ਇਹ ਅਖਾਣ ਤਾਂ ਸੁਣੇ ਹੀ ਹੋਣਗੇ :

ਜੇ ਭਾਦੋਂ ਵਿਚ ਵਰਖਾ ਹੋਵੇ,

ਕਾਲ ਦੇਸ਼ ਵਿਚ ਕਦੇ ਨਾ ਹੋਵੇ।

ਭਾਦੋਂ ਵਿਚ ਰੱਬ ਮੀਂਹ ਬਰਸਾਵੇ

ਦੋ ਫ਼ਸਲਾਂ ਰੱਬ ਪੱਲੇ ਪਾਵੇ।

ਜੇ ਸਿਰ ਭਿੱਜੇ ਸੌਣ ਦਾ

ਭਾਦੋਂ ਤਿਹਾਇਆ ਜਾਏ।

ਭਟ ਕਹੇ ਸੁਣ ਭੱਟਣੀ

ਦੁਨੀਆ ਨੀਰ ਵਹਾਏ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਦੋਂ ਦੀ ਧੁੱਪ ਬਹੁਤ ਚੁੱਭਦੀ ਹੈ। ਪਿੰਡੇ ਉੱਤੇ ਪਿੱਤ ਨਿਕਲ ਆਉਂਦੀ ਹੈ ਪਰ ਵਰਖਾ ਦੇ ਨਾਲੋ- ਨਾਲ ਫ਼ਸਲਾਂ ਲਈ ਧੁੱਪ ਵੀ ਜ਼ਰੂਰੀ ਹੈ।

ਖੇਤਾਂ ’ਚ ਗੇੜਾ ਮਾਰਨਾ ਜ਼ਰੂਰੀ

ਉਂਝ ਸਾਉਣ ਵਾਂਗ ਭਾਦੋਂ ਦਾ ਮਹੀਨਾ ਵੀ ਖ਼ੁਸ਼ੀਆਂ ਭਰਿਆ ਹੁੰਦਾ ਹੈ। ਖੇਤਾਂ ਵਿਚ ਕੰਮ ਘੱਟ ਹੁੰਦਾ ਹੈ। ਕੇਵਲ ਨਦੀਨਾਂ ਦੀ ਰੋਕਥਾਮ ਜਾਂ ਕਿਸੇ ਕੀੜੇ ਦੇ ਹਮਲੇ ਦੀ ਹੀ ਰੋਕਥਾਮ ਕਰਨੀ ਪੈਂਦੀ ਹੈ। ਬਰਸਾਤ ਕਰਕੇ ਹਰੇ ਪੱਠੇ ਬਹੁਤਾਤ ਵਿਚ ਹੋ ਜਾਂਦੇ ਹਨ। ਲਵੇਰਿਆਂ ਦਾ ਦੁੱਧ ਵਧ ਜਾਂਦਾ ਹੈ। ਇਸ ਮਹੀਨੇ ਵੀ ਘਰਾਂ ਵਿਚ ਖੀਰ ਤੇ ਪੂੜੇ ਬਣਦੇ ਰਹਿੰਦੇ ਹਨ। ਬਹੁਤੇ ਪਿੰਡਾਂ ਵਿਚ ਛਿੰਝ ਪੈਂਦੀ ਹੈ। ਛਿੰਝ ਮੌਕੇ ਸਾਰੇ ਘਰ ਪ੍ਰਾਹੁਣਿਆਂ ਨਾਲ ਭਰ ਜਾਂਦੇ ਹਨ। ਕਦੇ ਛਿੰਝ ਵਿਚ ਸਾਦਗੀ ਹੁੰਦੀ ਸੀ ਪਰ ਹੁਣ ਤਾਂ ਭਲਵਾਨਾਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਹਨ। ਪੇਕੇ ਗਈਆਂ ਨੂੰਹਾਂ ਨੂੰ ਇਸ ਮਹੀਨੇ ਵੀ ਪੇਕਿਆਂ ਵਿਚ ਕੁਝ ਹੋਰ ਦਿਨ ਰਹਿਣ ਦੀ ਆਗਿਆ ਮਿਲ ਜਾਂਦੀ ਹੈ। ਇਸ ਮਹੀਨੇ ਵਿਆਹ ਵੀ ਨਹੀਂ ਹੁੰਦੇ। ਪਿੰਡਾਂ ਵਿਚ ਤਾਂ ਬਿਲਕੁਲ ਨਹੀ ਹੁੰਦੇ। ਇਸ ਦਾ ਇਕ ਕਾਰਨ ਇਹ ਵੀ ਆਖਿਆ ਜਾਂਦਾ ਹੈ ਕਿ ਹੁਣ ਦੇ ਵਿਆਹਾਂ ਦਾ ਜਣੇਪਾ ਵਿਸਾਖ- ਜੇਠ ਵਿਚ ਹੋਣਾ ਹੁੰਦਾ ਹੈ। ਉਦੋਂ ਹਾੜੀ ਦੀ ਫ਼ਸਲ ਦੇ ਰੁਝੇਵੇਂ ਏਨੇ ਵਧ ਜਾਂਦੇ ਹਨ ਕਿ ਨਵਜੰਮੇ ਬੱਚਿਆਂ ਦੀ ਦੇਖਭਾਲ ਕਰਨੀ ਔਖੀ ਹੋ ਜਾਂਦੀ ਹੈ। ਇਸ ਮਹੀਨੇ ਖੇਤਾਂ ਵਿਚ ਗੇੜਾ ਮਾਰਨਾ ਬਹੁਤ ਜ਼ਰੂਰੀ ਹੈ।

ਨਵੇਂ ਬੂਟੇ ਲਾਉਣ ਲਈ ਮੌਸਮ ਢੁੱਕਵਾਂ

ਇਹ ਮੌਸਮ ਨਵੇਂ ਰੁੱਖ ਲਾਉਣ ਲਈ ਬਹੁਤ ਢੁੱਕਵਾਂ ਹੈ। ਪੰਜਾਬ ਵਿਚ ਰੁੱਖਾਂ ਦੀ ਬਹੁਤ ਘਾਟ ਹੈ। ਸਾਨੂੰ ਸਾਰਿਆਂ ਨੂੰ ਨਵੇਂ ਰੁੱਖ ਲਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰੇਕ ਕਿਸਾਨ ਨੂੰ ਘੱਟੋ-ਘੱਟ ਦੋ ਰੁੱਖ ਨਵੇਂ ਲਾਉਣੇ ਚਾਹੀਦੇ ਹਨ। ਹੁਣ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਵੀ ਢੁੱਕਵਾਂ ਸਮਾਂ ਹੈ। ਪੰਜਾਬ ਵਿਚ ਕਿੰਨੂ, ਅਮਰੂਦ, ਬੇਰ, ਨਿੰਬੂ ਆਦਿ ਦੇ ਬੂਟੇ ਲਾਏ ਜਾ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿੰਨੂ ਦੀ ਨਵੀਂ ਕਿਸਮ ਪੀ.ਏ.ਯੂ. -ਕਿੰਨੂ-1, ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਹੀ ਬੂਟੇ ਲਾਏ ਜਾਣ ਕਿਉਂਕਿ ਇਸ ਵਿਚ ਬੀਜ ਬਹੁਤ ਘੱਟ ਹੁੰਦੇ ਹਨ। ਲੀਚੀ ਦੇ ਬੂਟੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਫ਼ਲਤਾ ਪੂਰਵਕ ਲਾਏ ਜਾ ਸਕਦੇ ਹਨ। ਔਲੇ ਦੀ ਵਰਤੋਂ ਆਚਾਰ ਤੇ ਮੁਰੱਬੇ ਦੇ ਰੂਪ ਵਿਚ ਹਰੇਕ ਘਰ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੇ ਬੂਟੇ ਸਾਰੇ ਸੂਬੇ ਵਿਚ ਲਾਏ ਜਾ ਸਕਦੇ ਹਨ। ਬਲਵੰਤ, ਨੀਲਮ ਅਤੇ ਕੰਚਨ ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਚੀਕੂ ਦਾ ਬੂਟਾ ਘਰ ਦੀ ਬਗੀਚੀ ਵਿਚ ਲਾਇਆ ਜਾ ਸਕਦਾ ਹੈ। ਕਾਲੀਪੱਤੀ ਅਤੇ ਕਿ੍ਰਕਟ ਬਾਲ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਲੁਕਾਠ ਦਾ ਇਕ ਬੂਟਾ ਜ਼ਰੂਰ ਾਉਣਾ ਚਾਹੀਦਾ ਹੈ। ਇਸ ਦਾ ਫ਼ਲ ਅਪ੍ਰੈਲ ਵਿਚ ਤਿਆਰ ਹੁੰਦਾ ਹੈ, ਉਦੋਂ ਮੰਡੀ ਵਿਚ ਬਹੁਤ ਘੱਟ ਫ਼ਲ ਹੁੰਦੇ ਹਨ। ਕੈਲੋਫੋਰਨੀਆਂ ਐਡਵਾਂਗ, ਗੋਲਡਨ ਯੈਲੋ ਅਤੇ ਪੇਲ ਯੈਲੋ ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਿਲ ਇਕ ਹੋਰ ਫ਼ਲ ਹੈ, ਜਿਸ ਦਾ ਰਸ ਪੀਣ ਲਈ ਵਰਤਿਆ ਜਾਂਦਾ ਹੈ। ਇਹ ਬਹੁਤ ਗੁਣਕਾਰੀ ਹੁੰਦਾ ਹੈ। ਕਾਗ਼ਜ਼ੀ ਇਸ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ।

ਰੁੱਖ ਲਾਉਣ ਲਈ ਹੁਣ ਸਫ਼ੈਦਾ, ਟਾਹਲੀ, ਤੂਤ, ਕਿੱਕਰ, ਡੇਕ, ਟੀਕ, ਸਾਗਵਾਨ, ਤੁੰਣ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਬੂਟੇ ਵਣ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਤੋਂ ਲਵੋ। ਬੂਟੇ ਲਾਉਣ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਘੱਟੋ-ਘੱਟ ਦੋ ਸਾਲ ਇਸ ਦੀ ਪੂਰੀ ਦੇਖਭਾਲ ਕੀਤੀ ਜਾਵੇ ਤੇ ਲੋਹੇ ਦੇ ਗਾਰਡ ਵੀ ਲਾਏ ਜਾਣ। ਪੰਜਾਬ ਵਿਚ ਇਸ ਮਹੀਨੇ ਬੂਟੇ ਬਹੁਤ ਲਾਏ ਜਾਂਦੇ ਹਨ ਪਰ ਦੇਖਭਾਲ ਦੀ ਅਣਹੋਂਦ ਕਾਰਨ ਬਹੁਤੇ ਮਰ ਜਾਂਦੇ ਹਨ।

ਪਿਆਜ਼ ਦੀ ਕਾਸ਼ਤ

ਪਿਆਜ਼ ਦੀ ਕਾਸ਼ਤ ਸਾਉਣੀ ਵਿਚ ਵੀ ਕੀਤੀ ਜਾ ਸਕਦੀ ਹੈ। ਜੇ ਪਨੀਰੀ ਤਿਆਰ ਹੈ ਤਾਂ ਖੇਤ ਵਿਚ ਲਾਉਣ ਲਈ ਇਹ ਢੁੱਕਵਾਂ ਸਮਾਂ ਹੈ। ਸਰਦੀਆਂ ਵਿਚ ਹਰੇ ਪਿਆਜ਼ ਵੀ ਵਿਕ ਜਾਂਦੇ ਹਨ। ਇਸ ਮੌਸਮ ਵਿਚ ਕਾਸ਼ਤ ਲਈ

ਐਗਰੀਫਾਊਂਡ ਡਾਰਕ ਰੈੱਡ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਗੋਭੀ ਦੀ ਮੁੱਖ ਫ਼ਸਲ ਲਈ ਹੁਣ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਲਈ ਇਹ ਢੁੱਕਵਾਂ ਸਮਾਂ ਹੈ। ਪੂਸਾ ਸਨੋਬਾਲ-1 ਤੇ ਪੂਸਾ ਸਨੋਬਾਲ ਕੇ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਸਬਜ਼ੀਆਂ ਦੀ ਕਾਸ਼ਤ ਅਤੇ ਰੁੱਖ ਲਾਉਣ ਲਈ ਕਰੋ।

ਪਨੀਰੀ ਲਾਉਣ ਦਾ ਸਮਾਂ

ਸਬਜ਼ੀਆਂ ਦੀ ਬਿਜਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਘਰ ਦੀ ਤਾਜ਼ੀ ਸਬਜ਼ੀ ਵਿਚ ਹੀ ਪੂਰੇ ਖ਼ੁਰਾਕੀ ਤੱਤ ਹੁੰਦੇ ਹਨ ਜਦਕਿ ਬਾਜ਼ਾਰ ਦੀਆਂ ਗੰਦੀਆਂ ਸਬਜ਼ੀਆਂ ਤਾਂ ਬਿਮਾਰੀ ਵਿਚ ਵਾਧਾ ਕਰਦੀਆਂ ਹਨ। ਬੈਂਗਣਾਂ ਦੀ ਪਨੀਰੀ ਤਿਆਰ ਹੋ ਗਈ ਹੋਵੇਗੀ , ਉਸ ਨੂੰ ਪੁੱਟ ਕੇ ਖੇਤ ਵਿਚ ਲਾਉਣ ਲਈ ਇਹ ਢੁੁੱਕਵਾਂ ਸਮਾਂ ਹੈ। ਇਸੇ ਤਰ੍ਹਾਂ ਟਮਾਟਰਾਂ ਦੀ ਪਨੀਰੀ ਵੀ ਤਿਆਰ ਹੋ ਗਈ ਹੋਵੇਗੀ। ਉਸ ਨੂੰ ਪੁੱਟ ਕੇ ਖੇਤ ਵਿਚ ਲਾਉਣ ਦਾ ਹੁਣ ਢੁੱਕਵਾਂ ਸਮਾਂ ਹੈ।

ਫ਼ਸਲ ’ਚ ਨਾ ਖੜ੍ਹਾ ਹੋਣ ਦਿੱਤਾ ਜਾਵੇ ਪਾਣੀ

ਜੇ ਭਾਰੀ ਮੀਂਹ ਪੈ ਜਾਵੇ ਤਾਂ ਝੋਨੇ ਤੋਂ ਬਗ਼ੈਰ ਹੋਰ ਕਿਸੇ ਫ਼ਸਲ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜੇ ਮੀਂਹ ਨਹੀਂ ਪੈਂਦਾ ਤਾਂ ਫ਼ਸਲਾਂ ਨੂੰ ਪਾਣੀ ਦੇਵੋ। ਫ਼ਸਲਾਂ ਵਿਚ ਨਦੀਨ ਨਾ ਹੋਣ ਦਿੱਤੇ ਜਾਣ। ਜੇ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਸਾਉਣੀ ਦੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਵਾਲੀ ਖਾਦ ਜਾਂ ਯੂਰੀਆ ਲੋੜ ਤੋਂ ਵੱਧ ਨਾ ਪਾਇਆ ਜਾਵੇ। ਇਸ ਨਾਲ ਫ਼ਸਲ ਢਹਿ ਵੀ ਸਕਦੀ ਹੈ ਜਾਂ ਕੀੜਿਆਂ ਦਾ ਵਧੇਰੇ ਹਮਲਾ ਹੋ ਸਕਦਾ ਹੈ। ਕਮਾਦ ਨੂੰ ਢਹਿਣ ਤੋਂ ਬਚਾਉਣ ਲਈ ਇਸ ਦੇ ਮੂੰਹੇ ਬੰਨ੍ਹ ਦੇਣੇ ਚਾਹੀਦੇ ਹਨ। ਹਰੇ ਚਾਰੇ ਦੇ ਖ਼ਾਲੀ ਹੋਏ ਖੇਤਾਂ ਵਿਚ ਮੁੜ ਹਰੇ ਚਾਰੇ ਦੀ ਬਿਜਾਈ ਕਰੋ ਤਾਂ ਜੋ ਇਸ ਦੀ ਘਾਟ ਨਾ ਆ ਸਕੇ। ਹੁਣ ਮੱਕੀ ਤੇ ਬਾਜਰਾ ਬੀਜਿਆ ਜਾ ਸਕਦਾ ਹੈ। ਮੱਕੀ ਦੀ ਜੇ -1006 ਜਾਂ ਜੇ- 1007 ਕਿਸਮ ਬੀਜੀ ਜਾਵੇ। ਬਾਜਰੇ ਦੀਆਂ ਪੀ.ਐੱਚ.ਬੀ.ਐੱਫ਼-1, ਪੀ.ਸੀ.ਬੀ. 16 ਅਤੇ ਐੱਫ਼.ਬੀ.ਸੀ 16 ਅਤੇ ਪੀ. ਸੀ. ਬੀ. 165 ਕਿਸਮਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਮੱਕੀ ਦਾ 30 ਕਿੱਲੋ ਅਤੇ ਬਾਜਰੇ ਦਾ 8 ਕਿੱਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ।

- ਡਾ. ਰਣਜੀਤ ਸਿੰਘ

Summary in English: Let's cultivate vegetables in our free time

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription