ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਹੁਣ ਮੁਕਮੱਲ ਹੋ ਚੁੱਕੀ ਹੈ ਅਤੇ ਕਿਸਾਨ ਵੀਰਾਂ ਨੇ ਦਾਣੇ ਵੀ ਲਗਭਗ ਸਾਂਭ ਲਏ ਹਨ। ਇਸ ਲਈ ਹੁਣ ਢੁਕਵਾਂ ਸਮਾਂ ਹੈ ਜਦੋਂ ਕਿਸਾਨ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਸੁੱਚਜੀ ਵਿਉਂਤਬੰਦੀ ਕਰ ਸਕਦੇ ਹਨ। ਇਸ ਸਮੇਂ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੇ ਮਿਆਰੀ ਬੀਜ ਅਤੇ ਬਿਜਾਈ ਸਬੰਧੀ ਤਕਨੀਕੀ ਗਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਸਾਉਣੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜ ਪੀ. ਏ. ਯੂ. (ਗੇਟ ਨੰ. 1) ਅਤੇ ਇਸ ਦੇ ਵੱਖ-ਵੱਖ ਕੇਂਦਰਾਂ (ਕ੍ਰਿਸ਼ੀ ਵਿਗਿਆਨ ਕਂੇਦਰ, ਖੇਤਰੀ ਖੋਜ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ) ਉਪਰ ਉਪਲਬੱਧ ਹਨ। ਕਿਸਾਨ ਵੀਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ੋਤੇ ਆ ਕੇ ਜਾਂ ਵਟਸਐਪ ਰਾਹੀਂ ਵੀ ਤਕਨੀਕੀ ਸਲਾਹ ਮਸ਼ਵਰਾ ਕਰ ਕੇ ਸਾਉਣੀ ਦੀਆਂ ਫ਼ਸਲਾਂ ਦੀ ਢੁੱਕਵੀਂ ਵਿਉਂਤਬੰਦੀ ਕਰ ਸਕਦੇ ਹਨ।
ਝੋਨਾ
ਪਾਣੀ ਦੀ ਬੱਚਤ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਾਣੀ ਦੀ ਜਿ਼ਆਦਾ ਬੱਚਤ ਲਈ ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਗੈਰ੍ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸਮਾਂ ਨੂੰ ਲਗਾਉਣ ਵਿੱਚ ਪਾਣੀ, ਖਾਦਾਂ, ਕੀਟਨਾਸ਼ਕਾਂ ਅਤੇ ਲੇਬਰ ਦੀ ਬਹੁਤ ਜਿ਼ਆਦਾ ਵਰਤੋਂ ਹੁੰਦੀ ਹੈ। ਪੀ ਆਰ 129 ਪਰਮਲ ਝੋਨੇ ਦੀ ਪੁਰਾਣੀ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ ਜੋ ਕਿ ਲੁਆਈ ਤੋਂ ਤਕਰੀਬਨ 108 ਦਿਨਾਂ ਬਾਅਦ ਪੱਕ ਜਾਂਦੀ ਹੈ ਅਤੇ ਝੁਲਸ ਰੋਗ ਦੇ ਦਸ ਦੇ ਕਰੀਬ ਜੀਵਾਣੂੰਆਂ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੀ ਪਨੀਰੀ ਨੂੰ 20-25 ਮਈ ਵਿਚਕਾਰ ਬੀਜ ਦੇਣਾ ਚਾਹੀਦਾ ਹੈ। ਇਸ ਕਿਸਮ ਦੇ ਨਾਲ ਮਿਲਦੀ ਕਿਸਮ ਪੀ ਆਰ 128 ਜੋ ਕਿ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 30.5 ਕੁਇਟਲ ਪ੍ਰਤੀ ਏਕੜ ਦਾ ਔਸਤਨ ਝਾੜ ਦਿੰਦੀ ਹੈ, ਵੀ ਬੀਜੀ ਜਾ ਸਕਦੀ ਹੈ। ਇਹਨਾਂ ਦੋਵਾਂ ਕਿਸਮਾਂ ਨੂੰ ਪਿਛਲੇ ਸਾਲ ਹੀ ਮਾਨਤਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਹੋਰ ਕਿਸਮਾਂ ਜਿਵੇਂ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਆਦਿ ਵੀ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਹਨ। ਇਹ ਕਿਸਮਾਂ ਕ੍ਰਮਵਾਰ 30.0, 30.0, 30.5, 31.5, 30.5 ਅਤੇ 27.5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਹਨ। ਇਨ੍ਹਾਂ ਕਿਸਮਾਂ ਵਿਚੋਂ ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀ ਪਨੀਰੀ ਨੂੰ 20-25 ਮਈ ਵਿਚਕਾਰ, ਪੀ ਆਰ 124 ਅਤੇ ਪੀ ਆਰ 127 ਦੀ ਪਨੀਰੀ 25-31 ਮਈ ਵਿਚਕਾਰ ਅਤੇ ਪੀ ਆਰ 126 ਦੀ ਪਨੀਰੀ 25 ਮਈ ਤੋਂ 5 ਜੂਨ ਵਿਚਕਾਰ ਬੀਜਣੀ ਚਾਹੀਦੀ ਹੈ। ਪੀ ਆਰ 124 ਅਤੇ 126 ਤੋਂ ਜਿ਼ਆਦਾ ਝਾੜ ਅਤੇ ਚੰਗੀ ਕੁਆਲਟੀ ਲਈ 25-30 ਦਿਨਾਂ ਦੀ ਪਨੀਰੀ ਹੀ ਲਗਾਉਣੀ ਚਾਹੀਦੀ ਹੈ। ਖ਼ਾਦਾਂ ਦੀ ਵਰਤੋਂ ਮਿੱਟੀ ਦੀ ਪਰਖ਼ ਕਰਵਾ ਕੇ ਹੀ ਕਰਨੀ ਚਾਹੀਦੀ ਹੈ ਜੋ ਕਿ ਨੇੜੇ ਦੀ ਭੌਂ ਪਰਖ਼ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ। ਜੇਕਰ ਕਣਕ ਨੂੰ ਸਿਫਾਰਿਸ਼ ਕੀਤੀ ਫ਼ਾਸਫੋ਼ਰਸ ਦੀ ਖਾਦ ਪਾਈ ਗਈ ਹੋਵੇ ਤਾਂ ਸਾਉਣੀ ਦੌਰਾਨ ਝੋਨੇ ਨੂੰ ਫ਼ਾਸਫੋ਼ਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਪਨੀਰੀ ਬੀਜਣ ਤੋਂ ਪਹਿਲਾਂ ਪ੍ਰਤੀ ਏਕੜ 8 ਕਿਲੋ ਭਾਰੇ ਗਿੱਲੇ ਬੀਜ ਨੂੰ 24 ਗ੍ਰਾਮ ਸਪਰਿੰਟ 75 ਡਬਲਯੂ ਐਸ ਦਵਾਈ ਜਿਹੜੀ ਕਿ 80੍120 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤੀ ਹੋਵੇ, ਨਾਲ ਸੋਧ ਲਵੋ। ਇਹ ਉੱਲੀਨਾਸ਼ਕ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਬੀਜਾਂ ਨਾਲ ਮੁਫਤ ਮਿਲਦੀ ਹੈ। ਪਨੀਰੀ ਦੇ ਨਵੇਂ ਪੱਤੇ ਪੀਲੇ ਪੈਣ ੋਤੇ ਫੈਰਸ ਸਲਫੇਟ ਦੇ 3 ਛਿੜਕਾਅ ਹਫ਼ਤੇ੍ਹਫ਼ਤੇ ਦੇ ਫ਼ਰਕ ਤੇ ਕਰੋ। ਛਿੜਕਾਅ ਲਈ ਅੱਧਾ ਤੋਂ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਹਿਸਾਬ ਨਾਲ ਵਰਤੋ। ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰ ਲਵੋ। ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ। ਪਨੀਰੀ ਲਾਉਣ ਤੋਂ ਸਿਰਫ਼ 2 ਹਫਤੇ ਤੱਕ ਪਾਣੀ ਖੜ੍ਹਾ ਰਖੋ ਅਤੇ ਬਾਅਦ ਵਿੱਚ ਪਾਣੀ ਉਸ ਵੇਲੇ ਲਾਉ ਜਦੋਂ ਖੇਤ ਵਿੱਚ ਪਾਣੀ ਜਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ। ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਮੌਸਮ ਨੂੰ ਦੇਖਦੇ ਹੋਏ ਤਰ-ਵੱਤਰ ਖੇਤ ਵਿੱਚ ਪਹਿਲਾ ਪਾਣੀ ਤਕਰੀਬਨ 3 ਹਫ਼ਤਿਆਂ ਬਾਅਦ ਲਗਾਉ ਅਤੇ ਅਗਲੇ ਪਾਣੀ 57 ਦਿਨਾਂ ਦੇ ਫਰਕ ਨਾਲ ਲਗਾਉ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜਾ ਪਾਣੀ 4-5 ਦਿਨਾਂ ਬਾਅਦ ਲਗਾਉ। ਅਗਲੇ ਪਾਣੀ 5-7 ਦਿਨਾਂ ਦੇ ਫਰਕ ਨਾਲ ਲਗਾਏ ਜਾ ਸਕਦੇ ਹਨ। ਝੋਨੇ ਵਿੱਚ ਲੋੜ ਅਨੁਸਾਰ ਨਾਈਟ੍ਰੋਜਨ ਤੱਤ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਢੈਂਚਾ, ਸਣ, ਰਵਾਂਹ ਦੀ ਹਰੀ ਖਾਦ ਦੀ ਕਾਸ਼ਤ ਕਰੋ। ਤਕਰੀਬਨ 6-8 ਹਫ਼ਤਿਆਂ ਦੀ ਹਰੀ ਖਾਦ ਖੇਤ ਵਿੱਚ ਦਬਾਉਣ ਨਾਲ 25 ਕਿਲੋ ਨਾਈਟ੍ਰੋਜਨ ਤੱਤ ਭਾਵ 55 ਕਿਲੋ ਯੂਰੀਆ ਦੀ ਪ੍ਰਤੀ ਏਕੜ ਬੱਚਤ ਹੋ ਸਕਦੀ ਹੈ। ਢੈਂਚੇ ਦੀ ਹਰੀ ਖਾਦ ਨਾਲ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ। ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ਮਿਲੀਲਿਟਰ ਬੂਟਾਕਲੋਰ 50 ਈ ਸੀ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛੱਟਾ ਦਿਉ। ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਇੱਕ ਏਕੜ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਇੱਕ ਪੈਕਟ (500 ਗ੍ਰਾਮ) ਐਜ਼ੋਸਪਾਇਰੀਲਮ ਜੀਵਾਣੂੰ ਖਾਦ ਦੇ 100 ਲਿਟਰ ਪਾਣੀ ਦੇ ਘੋਲ ਚੋਂ 45 ਮਿੰਟਾਂ ਲਈ ਡੁਬੋ ਲਓ। ਝੋਨੇ ਵਿੱਚ ਜਿੰ਼ਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ (21¿) ਜਾਂ 16 ਕਿਲੋ ਜਿੰ਼ਕ ਸਲਫੇਟ ਮੋਨੋਹਾਈਡ੍ਰੇਟ (33¿) ਪ੍ਰਤੀ ਏਕੜ ਦੀ ਵਰਤੋਂ ਕਰੋ। ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰ ਜਿੱਥੇ ਯੂਰੀਆ ਦੀ ਬੇਲੋੜੀ ਵਰਤੋਂ ਕਰਦੇ ਹਨ ਉੱਥੇ ਹੀ ਜਿੰ਼ਕ ਦੀ ਘੱਟ ਮਾਤਰਾ ਪਾਉਂਦੇ ਹਨ। ਇਸ ਲਈ ਜਿੰ਼ਕ ਦੀ ਪੂਰੀ ਮਾਤਰਾ ਪਾਉ ਤਾਂ ਜੋ ਝੋਨੇ ਦੇ ਝਾੜ ੋਤੇ ਕੋਈ ਮਾੜਾ ਅਸਰ ਨਾ ਪਵੇ। ਲੋਹੇ ਦੀ ਘਾਟ ਦੀ ਪੂਰਤੀ ਪਨੀਰੀ ਵਿੱਚ ਦੱਸੇ ਅਨੁਸਾਰ ਹੀ ਕਰੋ। ਚੰਗਾ ਝਾੜ ਲੈਣ ਲਈ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਜੈਵਿਕ ਖਾਦਾਂ ਤੇ ਰਸਾਇਣਕ ਖਾਦਾਂ ਦੀ ਰਲਵੀਂ ਵਰਤੋਂ ਕਰੋ। ਝੋਨਾ ਨਿਸਰਨ ਵੇਲੇ ਯੂਰੀਆ ਖਾਦ ਦੀ ਵਰਤੋਂ ਨਾ ਕਰੋ, ਇਸ ਨਾਲ ਦਾਣੇ ਥੋਥੇ ਰਹਿ ਜਾਂਦੇ ਹਨ ਅਤੇ ਜਿਸ ਨਾਲ ਝਾੜ ਘੱਟ ਜਾਂਦਾ ਹੈ। ਝੋਨੇ ਵਿੱਚ ਫੋਕ ਘਟਾਉਣ ਲਈ, ਜਦੋਂ ਝੋਨਾ ਗੋਭ ਵਿੱਚ ਹਵੇ ਤਾਂ 1.5¿ ਪੌਟਾਸ਼ੀਅਮ ਨਾਈਟ੍ਰੇਟ ਭਾਵ ਤਿੰਨ ਕਿਲੋ ਪੌਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋੋ। ਫਸਲ ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦੇਣੀ ਚਾਹੀਦੀ ਹੈ।
ਬਾਸਮਤੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਲ 2021 ਦੌਰਾਨ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ-7 ਸਿਫਾਰਿਸ਼ ਕੀਤੀ ਗਈ ਹੈ। ਇਹ ਕਿਸਮ ਔਸਤਨ 19 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 3, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1121 ਆਦਿ ਬਾਸਮਤੀ ਦੀਆਂ ਸਿਫਾਰਿਸ ਕਿਸਮਾਂ ਹਨ ਜਿਨ੍ਹਾਂ ਦਾ ਔਸਤਨ ਝਾੜ ਕ੍ਰਮਵਾਰ 15.0, 17.0, 16.0, 15.7, 13.7 ਕੁਇੰਟਲ ਪ੍ਰਤੀ ਏਕੜ ਹੈ। ਇਹਨਾਂ ਸਾਰੀਆਂ ਕਿਸਮਾਂ ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਦਿਉ, ਕੇਵਲ ਪੂਸਾ ਬਾਸਮਤੀ 1509 ਦੀ ਪਨੀਰੀ ਨੂੰ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਬੀਜੋ। ਕਿਸਾਨ ਵੀਰਾਂ ਲਈ ਬੜੇ ਧਿਆਨਯੋਗ ਗੱਲ ਖਾਦਾਂ ਪ੍ਰਤੀ ਇਹ ਹੈ ਕਿ ਬਹੁਤੇ ਕਿਸਾਨ ਵੀਰ ਬਾਸਮਤੀ ਨੂੰ ਵੀ ਝੋਨੇ ਜਿੰਨੀ ਹੀ ਖਾਦ ਪਾ ਦਿੰਦੇ ਹਨ, ਜਿਸ ਨਾਲ ਬੂਟੇ ਦਾ ਫੈਲਾਅ ਅਤੇ ਉਚਾਈ ਵੱਧ ਜਾਂਦੀ ਹੈ ਅਤੇ ਫਸਲ ਡਿੱਗ ਪੈਂਦੀ ਹੈ। ਜਿ਼ਆਦਾ ਯੂਰੀਏ ਨਾਲ ਬਿਮਾਰੀਆਂ ਅਤੇ ਕੀੜੇ੍ਮਕੌੜਿਆਂ ਦਾ ਹਮਲਾ ਵੀ ਵੱਧ ਜਾਂਦਾ ਹੈ। ਇਸ ਲਈ ਬਾਸਮਤੀ ਨੂੰ ਝੋਨੇ ਨਾਲੋਂ ਕਾਫੀ ਘੱਟ ਖਾਂਦਾ ਦੀ ਲੋੜ ਹੁੰਦੀ ਹੈ। ਪੰਜਾਬ ਬਾਸਮਤੀ 7,5,4,3 ਅਤੇ ਪੂਸਾ ਬਾਸਮਤੀ 1121 ਨੂੰ ਸਿਰਫ਼ 36 ਕਿਲੋ ਯੂਰੀਆ ਪ੍ਰਤੀ ਏਕੜ ਅਤੇ ਪੂਸਾ ਬਾਸਮਤੀ 1509 ਨੂੰ 54 ਕਿਲੋ ਯੂਰੀਆ ਪ੍ਰਤੀ ਏਕੜ ਦੀ ਲੋੜ ਹੈ ਜੋ ਕਿ ਪਨੀਰੀ ਲਾਉਣ ਤੋਂ 3 ਅਤੇ 6 ਹਫ਼ਤਿਆਂ ਬਾਅਦ ਪਾਉਣੀ ਚਾਹੀਦੀ ਹੈ। ਨਦੀਨਾਂ, ਬਿਮਾਰੀਆਂ, ਕੀੜਿਆਂ ਅਤੇ ਲਘੂ ਤੱਤਾਂ ਦੀ ਰੋਕਥਾਮ ਪਰਮਲ ਝੋਨੇ ਵਾਂਗ ਹੀ ਕਰੋ।
ਨਰਮਾ
ਨਰਮੇ ਦੀਆਂ ਸਿਫਾਰਿਸ਼ ਕਿਸਮਾਂ ੇ ਹਾਈਬ੍ਰਿਡ ਦੀ ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਪੂਰੀ ਕਰ ਦਿਉ। ਫ਼ਸਲ ਦੇ ਵਧੀਆ ਜੰਮ ਅਤੇ ਵਾਧੇ ਲਈ ਭਰਵੀਂ ਰੌਣੀ ਜ਼ਰੂਰ ਕਰੋ। ਹਰ ਸਾਲ ਸਿਫਾਰਿਸ਼ ਕੀਤੀਆਂ ਗਈਆਂ ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਨੂੰ ਯੂਨੀਵਰਸਿਟੀ ਦੇ ਰਸਾਲੇ ਚੰਗੀ ਖੇਤੀ ਤੇ ਪ੍ਰੋਗੈਸਿਵ ਫਾਰਮਿੰਗ ਅਤੇ ਮੁੱਖ ਅਖ਼ਬਾਰਾਂ ਵਿੱਚ ਪ੍ਰਕਾਸਿ਼ਤ ਕੀਤਾ ਜਾਂਦਾ ਹੈ। ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 4-੍6 ਹਫਤੇ ਬਾਅਦ ਲਗਾਉ। ਫ਼ਸਲ ਵਿੱਚ ਫੁੱਲ ਪੈਣ ਦੀ ਸ਼ੁਰੂਆਤ ਤੋਂ ਬਾਅਦ ਪੌਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਕੇ ਹਫ਼ਤੇ੍ਹਫ਼ਤੇ ਦੇ ਫ਼ਰਕ ਤੇ ਚਾਰ ਛਿੜਕਾਅ ਕਰਨ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ। ਪੱਤਿਆਂ ਦੀ ਲਾਲੀ ਨੂੰ ਰੋਕਣ ਲਈ 1 ਪ੍ਰਤੀਸ਼ਤ ਮੈਂਗਨੀਸ਼ੀਅਮ ਸਲਫੇਟ (1 ਕਿਲੋ ਮੈਂਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ) ਪ੍ਰਤੀ ਏਕੜ ਦੋ ਸਪਰੇਅ 15 ਦਿਨਾਂ ਦੇ ਵਕਫੇ ੋਤੇ ਕਰਨ ਨਾਲ ਵੀ ਵੱਧ ਝਾੜ ਲਿਆ ਜਾ ਸਕਦਾ ਹੈ। ਯੂਰੀਆ ਦੀ ਵੱਧ ਮਾਤਰਾ ਨਾ ਵਰਤੋ, ਇਸ ਨਾਲ ਕੀੜੇ ਮਕੌੜੇ ਵੱਧ ਹਮਲਾ ਕਰਦੇ ਹਨ। ਚਿੱਟੀ ਮੱਖੀ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰੋ ਅਤੇ ਆਪ ਬਣਾਏ ਜਾਂ ਬਣੇ ਬਣਾਏ ਕੀਟਨਾਸ਼ਕਾਂ ਦੇ ਮਿਸ਼ਰਣ ਦੀ ਵਰਤੋਂ ਨਾ ਕਰੋ।
ਮੱਕੀ
ਪੀ ਐਮ ਐਚ 13 ਅਤੇ ਏ ਡੀ ਵੀ 9293 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਸੇਂਜ਼ੂ ਮੱਕੀ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਨਵੀਆਂ ਦੋਗਲੀਆਂ ਕਿਸਮਾਂ ਹਨ। ਇਹ ਦੋਵੇਂ ਕਿਸਮਾਂ 97 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਅਤੇ ਕ੍ਰਮਵਾਰ 24.0 ਅਤੇ 24.5 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਦਿੰਦੀਆਂ ਹਨ। ਇਸ ਤੋਂ ਇਲਾਵਾ ਲੰਮਾ ਸਮਾਂ ਲੈਣ ਵਾਲੀਆਂ ਹੋਰ ਕਿਸਮਾਂ ਜਿਵੇਂ ਕਿ ਜੇ ਸੀ 12, ਪੀ ਐਮ ਐਚ 11, ਪੀ ਐਮ ਐਚ 1 ਅਤੇ ਪ੍ਰਭਾਤ ਹਨ ਜੋ ਕਿ ਕ੍ਰਮਵਾਰ 18.2, 22.0, 21.0 ਅਤੇ 17.5 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀਆਂ ਹਨ। ਦਰਮਿਆਨੀ ਸਮੇਂ ਵਾਲੀ ਨਵੀਂ ਕਿਸਮ ਜੇ ਸੀ 4 ਵੀ ਤਕਰੀਬਨ 90 ਦਿਨਾਂ ਵਿੱਚ ਪੱਕਦੀ ਹੈ, ਜੋ ਕਿ ਸੇਂਜ਼ੂ ਅਤੇ ਕੰਢੀ ਇਲਾਕਿਆਂ ਲਈ ਢੁੱਕਵੀਂ ਹੈ। ਇਸ ਕਿਸਮ ਦੀ ਰੋਟੀ ਮੁਲਾਇਮ ਤੇ ਸੁਆਦਲੀ ਬਣਦੀ ਹੈ। ਇਨ੍ਹਾਂ ਕਿਸਮਾਂ ਦੀ ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਪੂਰੀ ਕਰ ਲਉ ਅਤੇ ਲੋੜ ਅਨੁਸਾਰ ਯੂਰੀਆ ਖਾਦ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ।
ਮੂੰਗੀ
ਇਸੇ ਸਾਲ ਪ੍ਰਮਾਣਿਤ ਗਰਮੀ ਰੁੱਤ ਦੀ ਮੂੰਗੀ ਦੀ ਨਵੀਂ ਕਿਸਮ ਐਸ ਐਲ 1808 ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 4.8 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਝਾੜ ਦਿੰਦੀ ਹੈ। ਇਸ ਤੋਂ ਇਲਾਵਾ ਐਮ ਐਲ 2056 ਅਤੇ ਐਮ ਐਲ 818 ਕਿਸਮਾਂ ਦਾ ਔਸਤਨ ਝਾੜ ਕ੍ਰਮਵਾਰ 4.6 ਅਤੇ 4.2 ਕੁਇੰਟਲ ਪ੍ਰਤੀ ਏਕੜ ਹੈ। ਇਨਾਂ ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕਰ ਦਿਉ। ਬਿਜਾਈ ਤੋਂ ਪਹਿਲਾਂ ਬੀਜ ਨੂੰ ਰਾਈਜੋ਼ਬੀਅਮ ਦਾ ਟੀਕਾ ਜ਼ਰੂਰ ਲਗਾ ਲਿਉ।
ਸੋਇਆਬੀਨ
ਸੋਇਆਬੀਨ ਦੀਆਂ ਐਸ ਐਲ 958 ਅਤੇ ਐਸ ਐਲ 744 ਕਿਸਮਾਂ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ, ਦੋਨ੍ਹਾਂ ਕਿਸਮਾਂ ਦਾ ਔਸਤਨ ਝਾੜ 7।3 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਦੋਵੇਂ ਕਿਸਮਾਂ ਵਿਸ਼ਾਣੂ ਰੋਗ ਦਾ ਟਾਕਰਾ ਕਰ ਸਕਦੀਆਂ ਹਨ। ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਕਿਲੋ ਫੈਰਸ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਦੋ ਛਿੜਕਾਅ 30 ਅਤੇ 60 ਦਿਨਾਂ ਦੇ ਵਕਫ਼ੇ ਤੇ ਕਰੋ।
ਸਾਉਣੀ ਦੀਆਂ ਫਸਲਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਕਿਸਾਨ ਵੀਰ ਆਪੋ ਆਪਣੇ ਜਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰਾ ਦੇ ਸਾਇੰਸਦਾਨਾਂ ਨਾਲ ਰਾਬਤਾ ਕਰ ਕੇ ਫਸਲਾਂ ਤੋਂ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਨ।
ਅਸੋ਼ਕ ਕੁਮਾਰ ਗਰਗ ਅਤੇ ਮਨਦੀਪ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)
ਇਹ ਵੀ ਪੜ੍ਹੋ : ਨਦੀਨ-ਨਾਸ਼ਕਾਂ ਦੀ ਵਰਤੋਂ ਬਿਨਾ ਬਾਗਾਂ ਵਿੱਚ ਸਾਫ਼-ਸਫ਼ਾਈ ਰੱਖਣ ਸਬੰਧੀ ਜਰੂਰੀ ਨੁਕਤੇ
Summary in English: Let's plan kharif crops