ਪੰਜਾਬ ਵਿੱਚ ਤਕਰੀਬਨ 31.5 ਲੱਖ ਹੈਕਟੇਅਰ ਉੱਤੇ ਝੋਨੇ ਅਤੇ 35 ਲੱਖ ਹੈਕਟੇਅਰ‘ਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਭਾਰਤ ਦੇ ਉੱਤਰ-ਪੱਛਮੀ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਝੋਨੇ ਹੇਠ 90-95 ਪ੍ਰਤੀਸ਼ਤ ਰਕਬੇ ਵਿੱਚ ਕਣਕ ਬੀਜੀ ਜਾਂਦੀ ਹੈ।
ਝੋਨੇ ਅਤੇ ਕਣਕ ਦੀ ਕਟਾਈ ਕੰਬਾਈਨ ਨਾਲ ਹੋਣ ਕਰਕੇ ਪਰਾਲੀ/ਨਾੜ੍ਹ ਦਾ ਵੱਡਾ ਹਿੱਸਾ ਖੇਤ ਵਿੱਚ ਹੀ ਰਹਿ ਜਾਂਦਾ ਹੈ। ਕਣਕ ਦੇ ਨਾੜ੍ਹ ਦੀ ਤਾਂ ਤੂੜੀ ਬਣਾ ਲਈ ਜਾਂਦੀ ਹੈ ਪਰ ਝੋਨੇ ਦੀ ਪਰਾਲੀ ਨੂੰ ਆਮ ਤੌਰ ਤੇ ਕਿਸਾਨ ਵੀਰ ਖੇਤ ਵਿੱਚ ਵਾਹੁਣ ਤੋਂ ਵੀ ਗੁਰੇਜ਼ ਕਰਦੇ ਹਨ ਅਤੇ ਇਸਨੂੰ ਜਾਂ ਤਾਂ ਖੇਤਾਂ ਵਿੱਚੋਂ ਬਾਹਰ ਕੱਢ ਦਿੰਦੇ ਹਨ ਅਤੇ ਜਾਂ ਇਸਨੂੰ ਖੇਤ ਵਿੱਚ ਹੀ ਸਾੜ ਦਿੰਦੇ ਹਨ ਤਾਂ ਜੋ ਕਣਕ ਦੀ ਬਿਜਾਈ ਬਿਨਾਂ ਰੁਕਾਵਟ ਤੋਂ ਕੀਤੀ ਜਾ ਸਕੇ। ਕਿਸਾਨ ਵੀਰੋ ਆਮਤੌਰ ਤੇ ਝੋਨੇ ਦੀ ਪਰਾਲੀ ਨੂੰ ਰਹਿੰਦ-ਖੂਹੰਦ ਹੀ ਸੱਮਝਿਆ ਜਾਂਦਾ ਹੈ ਜਦੋਂ ਕਿ ਇਸ ਤਰ੍ਹਾਂ ਨਹੀਂ ਹੈ ਬਲਕਿ ਇਹ ਖੁਰਾਕੀ ਤੱਤਾਂ ਦਾ ਖਜ਼ਾਨਾ ਹੈ।ਇੱਕ ਹੈਕਟੇਅਰ ਦੀ ਪਰਾਲੀ ਵਿੱਚ ਤਕਰੀਬਨ 2400 ਕਿੱਲੋ ਜੈਵਿਕ ਕਾਰਬਨ, 33 ਕਿੱਲੋ ਨਾਈਟ੍ਰੋਜਨ, 13.8 ਕਿੱਲੋ ਫ਼ਾਸਫ਼ੋਰਸ, 130 ਕਿੱਲੋ ਪੋਟਾਸ਼ੀਅਮ, 7.2 ਕਿੱਲੋ ਗੰਧਕ, 7.5 ਕਿੱਲੋ ਕੈਲਸ਼ਿਅਮ ਅਤੇ ਚੋਖੀ ਮਾਤਰਾ ਵਿੱਚ ਲੱਘੂ ਤੱਤ ਹੂੰਦੇ ਹਨ। ਇਹਨਾਂ ਵਿੱਚੋ ਸਿਰਫ ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ੀਅਮ ਅਤੇ ਗੰਧਕ ਦਾ ਮੁੱਲ ਤਕਰੀਬਨ 6200 ਰੁਪਏ ਬਣਦਾ ਹੈ। ਇਸ ਰਕਮ ਵਿੱਚ ਜੈਵਿਕ ਕਾਰਬਨ ਅਤੇ ਲੱਘੂ ਤੱਤਾਂ ਦਾ ਮੁੱਲ ਨਹੀਂ ਜੋੜਿਆ। ਹੁਣ ਤੂਸੀਂ ਆਪ ਹੀ ਸੋਚੋ ਕਿ ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਦਾ ਕਿੰਨਾਂ ਕੁ ਖਰਚਾ ਆੳਂਦਾ ਹੈ? ਯਕੀਨਣ ਇਹ 6200 ਰੁਪਏ ਤੋਂ ਘੱਟ ਹੀ ਹੈ। ਆਓ ਹੁਣ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੀ ਗੱਲ ਵੀ ਘੋਖ ਲਈਏ।ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਤਕਰੀਬਨ 2000 ਰੁਪਏ ਦੀ ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ੀਅਮ ਅਤੇ ਗੰਧਕ ਸੜ ਕੇ ਰਾਖ ਬਣ ਜਾਂਦੀ ਹੈ। ਇਸ ਤੋਂ ਇਲਾਬਾ ਸਾਰੀ ਜੈਵਿਕ ਕਾਰਬਨ ਵੀ ਸੜਕੇ ਰਾਖ ਬਣ ਜਾਂਦੀ ਹੈ।ਇਸਦਾ ਵੀ ਮੁੱਲ ਨਹੀਂ ਜੋੜਿਆ ਗਿਆ।ਵੇਖਣ ਨੂੰ ਇਹ ਨੁਕਸਾਣ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਦੇ ਮੁਕਾਵਲੇ ਘੱਟ ਜਾਪਦਾ ਹੈ ਪਰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਇੱਕ ਅਨੁਮਾਨ ਅਨੁਸਾਰ ਪਰਾਲੀ ਵਿਚਲੀ 70 ਪ੍ਰਤੀਸ਼ਤ ਕਾਰਬਨ ਅੱਗ ਲੱਗਣ ਉਪਰੰਤ ਕਾਰਬਨ ਡਾਈਆਕਸਾਈਡ, 7 ਪ੍ਰਤੀਸ਼ਤ ਕਾਰਬਨ ਮੋਨੋਆਕਸਾਈਡ ਅਤੇ 0.7 ਪ੍ਰਤੀਸ਼ਤ ਮੀਥੇਨ ਬਣਕੇ ਵਾਤਾਵਰਣ ਵਿੱਚ ਘੁਲ ਜਾਂਦੀ ਹੈ ਅਤੇ ਇਸ ਵਿਚਲੀ ਨਾਈਟ੍ਰੋਜਨ ਨਾਈਟਰੱਸ ਆਕਸਾਈਡ ਗੈਸ ਬਣ ਜਾਂਦੀ ਹੈ।ਇਹ ਗੈਸਾਂ ਹਰਾ ਗ੍ਰਹਿ ਪ੍ਰਭਾਵ ਪਾਉਣ ਵਿੱਚ ਸਹਾਈ ਹੁੰਦੀਆਂ ਹਨ।ਇਸੇ ਤਰਾਂ ਅੱਗ ਲਗਾਉਣ ਨਾਲ ਨਿਕਲੇ ਕਣ ਕਈ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਹਨ ਜਿਵੇਂ ਕਿ ਸਾਹ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਅੱਖਾਂ ਵਿੱਚ ਜਲਣ ਆਦਿ ਅਤੇ ਨਾਲ ਹੀ ਪਸ਼ੂਆਂ ਨੂੰ ਖਾਸ ਕਰਕੇ ਦੁਧਾਰੂ ਪਸ਼ੂਆਂ ਲਈ ਤਾਂ ਬਹੁਤ ਹੀ ਹਾਨੀਕਾਰਕ ਹੁੰਦੇ ਹਨ ਅਤੇ ਦੁੱਧ ਦਾ ਉਤਪਾਦਣ ਘੱਟ ਜਾਂਦਾ ਹੈ।ਕਿਸਾਨ ਵੀਰੋ ਹੁਣ ਪਰਾਲੀ ਨੂੂੰ ਸਾੜਣ ਦੀ ਲੋੜ ਨਹੀਂ ਬਲਕਿ ਇਸ ਵਿੱਚ ਲੁੱਕੇ ਤੱਤਾਂ ਦੇ ਭੰਡਾਰ ਦਾ ਫਾਇਦਾ ਉਠਾਓ।
ਇਸ ਲੇਖ ਰਾਹੀਂ ਅਸੀਂ ਤੁਹਾਡੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵਲੋਂ ਪਰਾਲੀ ਦੀ ਸਹੀ ਵਰਤੋਂ ਦੇ ਸੁਝਾਏ ਢੰਗ ਤਰੀਕੇ ਸਾਂਝੇ ਕਰਾਂਗੇ ਤਾਂ ਜੋ ਤੂਸੀਂ ਇਹਨਾਂ ਨੂੰ ਅਪਣਾ ਕੇ ਫ਼ਸਲਾਂ ਦੇ ਵਧੇਰੇ ਝਾੜ ਅਤੇ ਮਿੱਟੀ ਦੀ ਚੰਗੇਰੀ ਸਿਹਤ ਬਣਾਉਣ ਵਿੱਚ ਕਾਮਯਾਬ ਹੋ ਸਕੋ।
ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣਾ
1. ਪਰਾਲੀ ਨੂੰ ਖੇਤ ਵਿੱਚ ਰੱਖਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ:
ਝੋਨੇ ਦੀ ਕੰਬਾਈਨ ਨਾਲ ਕਟਾਈ ਮਗਰੋਂ ਖੁੱਲੀ ਪਈ ਪਰਾਲੀ ਅਤੇ ਖੜੇ੍ ਕਰਚਿਆਂ ਨੂੰ ਬਿਨ੍ਹਾਂ ਵਾਹੇ ਖੇਤ ਵਿੱਚ ਰਹਿਣ ਦਿੱਤਾ ਜਾਂਦਾ ਹੈ ਅਤੇ ਇਸੇ ਖੇਤ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਜਾਂ ਸੁਪਰ ਸੀਡਰ ਜਾਂ ਖੁੱਲੀਆਂ ਕਤਾਰਾਂ ਵਾਲੀ ਡਰਿੱਲ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ। ਕੰਬਾਈਨ ਨਾਲ ਪਰਾਲੀ ਖਿਲਾਰਨ ਵਾਲੇ ਯੰਤਰ (ਸੁਪਰ ਐਸ ਐਮ ਐਸ) ਦੇ ਲਗਾਏ ਜਾਣ ਨਾਲ ਜਾਂ ਮੁੱਢ ਕਟਣ ਅਤੇ ਖਿਲਾਰਣ ਵਾਲੀ ਮਸ਼ੀਨ (ਪੀ ਏ ਯੂ ਸਟਰਾਅ ਕਟਰ-ਕਮ-ਸਪਰੈਡਰ) ਦੇ ਆਉਣ ਨਾਲ ਇਹ ਕੰਮ ਹੋਰ ਵੀ ਸੌਖਾ ਹੋ ਗਿਆ ਹੈ। ਪੀ ਏ ਯੂ ਸਟਰਾਅ ਕਟਰ-ਕਮ-ਸਪਰੈਡਰ ਨਾਲ ਪਰਾਲੀ ਕੁਤਰਨ ਤੋਂ ਮਗਰੋਂ ਪੀ ਏ ਯੂ ਹੈਪੀ ਸੀਡਰ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।
ਪਰਾਲੀ ਦੇ ਜ਼ਮੀਨ ਦੀ ਸਤ੍ਹਾ ਤੇ ਰਹਿਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ। ਕਣਕ ਦੀ ਰੁੱਤ ਦੌਰਾਨ ਜ਼ਮੀਨ ਦੀ ਸਤ੍ਹਾ ਤੇ ਪਈ ਪਰਾਲੀ ਵਾਸ਼ਪੀਕਰਣ ਦੁਆਰਾ ਹੋਣ ਵਾਲੇ ਪਾਣੀ ਦੇ ਨੁਕਸਾਨ ਨੂੰ ਤਕਰੀਬਨ 45 ਮਿਲੀਮੀਟਰ ਤੱਕ ਘਟਾ ਦਿੰਦੀ ਹੈ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਨੂੰ 5-10 ਪ੍ਰਤੀਸ਼ਤ ਤੱਕ ਵਧਾ ਦਿੰਦੀ ਹੈ। ਪਰਾਲੀ ਦੀ ਤਹਿ ਵਿਛਣ ਨਾਲ ਫਸਲ ਦੇ ਨਿੱਜੀ ਵਾਤਾਵਰਣ ਜਿਵੇਂ ਹਵਾ ਦੀ ਨਮੀ, ਮਿੱਟੀ ਜਾਂ ਬੂਟੇ ਦਾ ਤਾਪਮਾਨ ਠੀਕ ਰਹਿੰਦਾ ਹੈ ਅਤੇ ਇਹ ਮਿੱਟੀ ਦਾ ਵੱਧ ਤੋਂ ਵੱਧ ਤਾਪਮਾਨ ਘੱਟ ਅਤੇ ਘੱਟ ਤੋਂ ਘੱਟ ਤਾਪਮਾਨ ਵੱਧ ਰੱਖਣ ਵਿੱਚ ਸਹਾਈ ਹੁੰਦੀ ਹੈ।ਇਸ ਤਰ੍ਹਾਂ ਇੱਕ ਹੀ ਆਪਰੇਸ਼ਨ ਵਿੱਚ ਕਣਕ ਦੀ ਬਿਜਾਈ ਕਰਨ ਨਾਲ ਪ੍ਰਤੀ ਹੈਕਟੇਅਰ ਤਕਰੀਬਨ 20 ਲਿਟਰ ਡੀਜ਼ਲ ਬਚਾਇਆ ਜਾ ਸਕਦਾ ਹੈ ਜਿਹੜਾ ਕਿ ਵਾਤਾਵਰਣ ਨੂੰ ਕੁੱਝ ਹੱਦ ਤੱਕ ਸਾਫ-ਸੁਥਰਾ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਨਾਲ ਅਸੀਂ ਇੱਕ ਰੌਣੀ ਵਾਲਾ ਪਾਣੀ ਵੀ ਬਚਾ ਸਕਦੇ ਹਾਂ। ਪਰਾਲੀ ਦੀ ਤਹਿ ਨਾਲ ਨਦੀਨਾਂ ਦੀ ਸੰਖਿਆ 50-70 ਪ੍ਰਤੀਸ਼ਤ ਤੱਕ ਘੱਟ ਜਾਂਦੀ ਹੈ ਜਿਸ ਨਾਲ ਅਸੀਂ ਨਦੀਨ ਨਾਸ਼ਕਾਂ ‘ਤੇ ਹੋਣ ਵਾਲਾ ਖਰਚਾ ਘਟਾ ਸਕਦੇ ਹਾਂ, ਮਿੱਟੀ ਦੀ ਉਪਰਲੀ ਉਪਜਾਉ ਪਰਤ ਖੁਰਨ ਤੋਂ ਬਚੀ ਰਹਿੰਦੀ ਹੈ ਅਤੇ ਮਿੱਟੀ ਦੇ ਭੌਤਿਕ, ਰਸਾਇਣਕ ਤੇ ਜੈਵਿਕ ਗੁਣਾਂ ਵਿੱਚ ਸੁਧਾਰ ਆਉਂਦਾ ਹੈ। ਇਸ ਤਰ੍ਹਾਂ ਕਰਨ ਨਾਲ ਪੌਦੇ ਵਿਚਲੇ ਵੱਡਮੁੱਲੇ ਤੱਤਾਂ ਨੂੰ ਦੁਆਰਾ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਅਤੇ ਖਾਦਾਂ ਦਾ ਖਰਚਾ ਘਟਾਇਆ ਜਾ ਸਕਦਾ ਹੈ।
2. ਪਰਾਲੀ ਨੂੰ ਖੇਤ ਵਿੱਚ ਵਾਹਕੇ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ:
ਕਿਸਾਨ ਵੀਰ ਝੋਨੇ ਨੂੰ ਕੰਬਾਈਨ ਨਾਲ ਕੱਟਣ ਤੋਂ ਬਾਅਦ ਖੇਤ ਵਿੱਚ ਬਚੇ ਝੋਨੇ ਦੇ ਪਰਾਲ ਨੂੰ ਖੇਤ ਵਿੱਚ ਹੀ ਵਾਹ ਸਕਦੇ ਹਨ। ਝੋਨੇ ਦੀ ਰਹਿੰਦ-ਖੂਹੰਦ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰਕੇ ਉਲਟਾਵੇਂ ਹੱਲ, ਤਵੀਆਂ, ਰੋਟਾਵੇਟਰ, ਕਲਟੀਵੇਟਰ, ਆਦਿ ਨਾਲ ਵਾਹਕੇ ਜ਼ਮੀਨ ਵਿੱਚ ਆਸਾਨੀ ਨਾਲ ਮਿਲਾਇਆ ਜਾ ਸਕਦਾ ਹੈ। ਭਾਵੇਂ ਪਰਾਲੀ ਨੂੰ ਖੇਤ ਵਿੱਚ ਵਾਹੁਣ ਦੇ ਬਹੁਤ ਸਾਰੇ ਲਾਭ ਹਨ ਪਰ ਫਿਰ ਵੀ ਕਿਸਾਨ ਵੀਰ ਇਸਨੂੰ ਖੇਤ ਵਿੱਚ ਨਹੀਂ ਵਾਹੁੰਦੇ ਕਿਉਂਕਿ ਉਹ ਇਹ ਸੋਚਦੇ ਹਨ ਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਤੇ ਖਰਚ ਜ਼ਿਆਦਾ ਆਉਂਦਾ ਹੈ ਅਤੇ ਇਸ ਨੂੰ ਗਲਣ ਲਈ ਸਮਾਂ ਘੱਟ ਮਿਲਦਾ ਹੈ ਅਤੇ ਸ਼ੂਰੁ ਵਿੱਚ ਕਣਕ ਪੀਲ਼ੀ ਵੀ ਪੈ ਜਾਂਦੀ ਹੈ। ਪਰ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹ ਗੱਲ ਪਹਿਲਾਂ ਸਾਂਝੀ ਕਰ ਚੁੱਕਿਆਂ ਹਾਂ ਕਿ ਪਰਾਲੀ ਨੂੰ ਵਿੱਚ ਵਾਹੁਣ ਤੇਂ ਜਿੰਨਾਂ ਕੁ ਖਰਚਾ ਆਂਉਂਦਾ ਹੈ ਤਕਰੀਬਨ ਉਸ ਤੋਂ ਕਿਤੇ ਜ਼ਿਆਦਾ ਰਕਮ ਦੇ ਤੱਤ ਪਰਾਲੀ ਰਾਹੀਂ ਜ਼ਮੀਨ ਵਿੱਚ ਚਲੇ ਜਾਂਦੇ ਹਨ। ਜਿੱਥੋਂ ਤੱਕ ਕਣਕ ਪੀਲ਼ੀ ਪੈਣ ਦਾ ਸੁਵਾਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕਣਕ ਦੀ ਬਿਜਾਈ ਤੋਂ 20-22 ਦਿਨ ਪਹਿਲਾਂ ਪਰਾਲੀ ਨੂੰ ਖੇਤ ਵਿੱਚ ਵਾਹਕੇ ਰਲਾਇਆ ਜਾਵੇ ਤਾਂ ਇਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਪਰਾਲੀ ਮਿੱਟੀ ਵਿੱਚ ਮਿਲਣ ਅਤੇ ਗਲਣ ਤੋਂ ਬਾਅਦ ਇਸ ਵਿਚਲੇ ਤੱਤ ਧਰਤੀ ਵਿੱਚ ਹੀ ਛੱਡ ਦਿੰਦੀ ਹੈ ਜਿਹੜੇ ਕਿ ਜ਼ਮੀਨ ਦੀ ੳਪਜਾਉ ਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ।
ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਦਾ ਫ਼ਸਲਾਂ ਦੇ ਝਾੜ ਅਤੇ ਮਿੱਟੀ ਦੀ ਸਿਹਤ ਤੇ ਅਸਰ
ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਰੱਖਣ ਜਾਂ ਵਾਹੁਣ ਨਾਲ ਝੋਨੇ- ਕਣਕ ਫਸਲੀ ਚੱਕਰ ਦੀ ੳਤੁਪਾਦਕਤਾ/ਝਾੜ ਅਤੇ ਮਿੱਟੀ ਦੀ ਸਿਹਤ ਉੱਤੇ ਅਸਰ ਦੇਖਣ ਲਈ ਲੰਮੇਂ ਸਮੇਂ ਲਈ ਤਜ਼ਰਬੇ ਕੀਤੇ ਗਏ ਅਤੇ ਅੰਕੜਿਆਂ ਤੋਂ ਪਤਾ ਲੱਗਿਆ ਕਿ ਲਗਾਤਾਰ ਪਰਾਲੀ ਖੇਤ ਵਿੱਚ ਸਾਂਭਣ ਨਾਲ ਤਿੰਨ ਸਾਲਾਂ ਤੋਂ ਬਾਅਦ ਕਣਕ ਦੇ ਝਾੜ ਅਤੇ ਮਿੱਟੀ ਦੀ ਸਿਹਤ ਉੱਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ।ਹੈਪੀ ਸੀਡਰ ਤਕਨੀਕ ਨਾਲ ਜਾਂ ਪਰਾਲੀ ਨੂੰ ਵਿੱਚ ਵਾਹੁਣ ਨਾਲ ਤਿੰਨ ਸਾਲਾਂ ਤੋਂ ਬਾਅਦ ਆਮ ਬਿਜਾਈ ਵਾਲੇ ਢੰਗ ਨਾਲੋਂ ਝਾੜ ਵਿੱਚ ਵਾਧਾ ਹੋਣਾ ਸ਼ੂਰੁ ਹੋ ਜਾਂਦਾ ਹੈ ਅਤੇ 11 ਸਾਲਾਂ ਮਗਰੋਂ ਕਣਕ ਅਤੇ ਝੋਨੇ ਦੇ ਝਾੜ ਵਿੱਚ ਤਕਰੀਬਨ 8 ਤੋਂ 10 ਪ੍ਰਤੀਸ਼ਤ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਕਰਣ ਨਾਲ 20 ਕਿੱਲੋ ਯੂਰੀਆ ਪ੍ਰਤੀ ਏਕੜ ਘੱਟ ਪਾਉਣਾ ਪੈਂਦਾ ਹੈ।ਝੋਨੇ- ਕਣਕ ਫਸਲੀ ਚੱਕਰ ਵਿੱਚ 11 ਸਾਲਾਂ ਬਾਅਦ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਰੱਖਣ ਜਾਂ ਵਾਹੁਣ ਨਾਲ ਮਿੱਟੀ ਦੀ ਸਿਹਤ ਤੇ ਅਸਰ ਵੇਖਿਆ ਗਿਆ। ਅਜਿਹਾ ਕਰਣ ਨਾਲ ਜ਼ਮੀਨ ਪੋਲੀ ਹੋ ਜਾਂਦੀ ਹੈ ਜਿਸ ਨਾਲ ਹਵਾ ਪਾਣੀ ਦਾ ਸੰਚਾਰ ਵਧਿਆ ਹੂੰਦਾ ਹੈ।ਜੈਵਿਕ ਕਾਰਬਨ ਸ਼ੁਰੂਆਤੀ ਸਥਿਤੀ ਦੇ ਮੁਕਾਬਲੇ ਦੋਗੁਣਾ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਇਹ ਖੁਰਾਕੀ ਤੱਤਾਂ ਦਾ ਭੰਡਾਰ ਅਤੇ ਸੂਖਮ ਜੀਵਾਂ ਦਾ ਭੋਜਨ ਹੈ ਜਿਸ ਨਾਲ ਸੂਖਮ ਜੀਵਾਂ ਦੀ ਗਿਣਤੀ ਬੇਸ਼ੁਮਾਰ ਵੱਧ ਜਾਂਦੀ ਹੈ ਅਤੇ ਮਲੱੜ ਨੂੰ ਗਲਣ ਸੜਣ ਵਿੱਚ ਮਦਦ ਕਰਦਿਆਂ ਹੋਇਆਂ ਪੋਦਿਆਂ ਨੂੰ ਜ਼ਮੀਨ ਅਤੇ ਮਲੱੜ ਵਿੱਚਲੇ ਤੱਤਾਂ ਨੂੰ ਉੁਪਲੱਬਧ ਕਰਵਾਉਣ ਵਿੱਚ ਸਹਾਈ ਹੂੰਦੇ ਹਨ।ਇਸ ਤਰਾਂ ਜ਼ਮੀਨ ਦੀ ਭੋਤਿਕ, ਰਸਾਇਣਰ ਅਤੇ ਜੈਵਿਕ ਗੁਣਵੰਤਾਂ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੂੰਦਾ ਹੈ।
ਅੰਤ ਵਿੱਚ ਆਪ ਸਭ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸਾਨ ਵੀਰੋ ਆਓ ਨਾ ਸਿਰਫ ਪਰਾਲੀ ਨਾ ਸਾੜਣ ਅਤੇ ਖੇਤਾਂ ਵਿੱਚੋਂ ਬਾਹਰ ਨਾ ਕੱਢਣ ਦਾ ਪ੍ਰਣ ਕਰੀਏ ਬਲਕਿ ਓਪਰੋਕਤ ਸੁਝਾਏ ਢੰਗ ਤਰੀਕੇ ਅਪਣਾ ਕੇ ਪਰਾਲੀ ਵਿੱਚਲੇ ਤੱਤਾਂ ਨੂੰ ਸਾਂਭ ਕੇ ਰਖਿਏ ਅਤੇ ਜ਼ਮੀਨ ਦੀ ਸਿਹਤ, ਵਾਤਾਵਰਨ ਨੂੰ ਪ੍ਰਦੂਸਨ ਰਹਿਤ ਬਣਾਉਂਦੇ ਹੋਏ ਸਮੁੱਚੀ ਮਾਨਵਤਾ ਨੂੰ ਸਿਹਤਯਾਬ ਬਨਾਉਣ ਵਿੱਚ ਯੋਗਦਾਨ ਪਾਇਏ ।
ਰਾਜੀਵ ਕੁਮਾਰ ਗੁਪਤਾ, ਜਗਰੂਪ ਕੌਰ, ਜਸਜੀਤ ਸਿੰਘ ਕੰਗ ਅਤੇ ਵਿੱਕੀ ਸਿੰਘ
ਭੂਮੀ ਵਿਗਿਆਨ ਵਿਭਾਗ ਅਤੇ ਫ਼ਸਲ ਵਿਗਿਆਨ ਵਿਭਾਗ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Maintenance of paddy straw in the field is beneficial for higher crop yield and better soil health.