ਮੱਕੀ ਦੀ ਖੇਤੀ ਤੇ ਇਸ ਦੀ ਸਾਡੀ ਖ਼ੁਰਾਕ ਦੇ ਤੌਰ ’ਤੇ ਵਰਤੋਂ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ। ਮੱਕੀ ਦੀ ਰੋੋਟੀ ਤੇ ਸਰੋਂ੍ਹ ਦਾ ਸਾਗ ਸਾਡੇ ਅਮੀਰ ਪੰਜਾਬੀ ਵਿਰਸੇ ਦੀ ਸ਼ਾਨ ਹੈ। ਮੱਕੀ ਦੀ ਖੇਤੀ ਸਾਡੇ ਸੂਬੇ ਵਿਚ ਝੋਨੇ ਦੀ ਫ਼ਸਲ ਦੇ ਬਦਲ ਦੇ ਰੂਪ ਵਿਚ ਦੇਖੀ ਜਾ ਰਹੀ ਹੈ। ਫ਼ਸਲਾਂ ਦੀ ਰਾਣੀ ਵਜੋਂ ਮਕਬੂਲ ਇਹ ਫ਼ਸਲ ਸਾਡੇ ਖੇਤੀ ਅਰਥਚਾਰੇ ਹੀ ਨਹੀਂ ਸਗੋਂ ਸਾਡੇ ਕੁਦਰਤੀ ਵਸੀਲਿਆਂ ਲਈ ਵੀ ਵਰਦਾਨ ਸਾਬਿਤ ਹੋ ਸਕਦੀ ਹੈ।
ਭਾਵਂੇ ਇਸ ਦੀ ਖੇਤੀ ਪੰਜਾਬ ਵਿਚ ਬਹਾਰ ਰੁੱਤ , ਸਰਦ ਰੁੱਤ ਤੇ ਸਾਉਣੀ ਰੁੱਤ ਵਿਚ ਕਰਨ ਦੀ ਸਿਫ਼ਾਰਸ਼ ਹੈ ਪਰ ਸਾਉਣੀ ਰੱੁਤ ਵਿਚ ਇਸ ਫ਼ਸਲ ਦੀ ਕਾਸ਼ਤ ਸਾਡੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਸਾਉਣੀ ਰੁੱਤ ਵਿਚ ਮੱਕੀ ਦੀ ਕਾਸ਼ਤ ਵੱਲ ਕਿਸਾਨਾਂ ਦੇ ਰੁਝਾਨ ਵਿਚ ਖ਼ਾਸਾ ਵਾਧਾ ਹੋਇਆ ਹੈ।
ਬਿਜਾਈ ਦਾ ਢੰਗ
ਮੱਕੀ ਦੀ ਬਿਜਾਈ 3-5 ਸੈਂਟੀਮੀਟਰ ਡੂੰਘੀ, ਲਾਈਨਾਂ ਵਿਚ ਕਰੋ। ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਬਿਜਾਈ ਖਾਦ-ਬੀਜ ਡਰਿੱਲ ਜਾਂ ਮੱਕੀ ਵਾਲੇ ਪਲਾਂਟਰ ਨਾਲ ਕਰਨ ਦੀ ਸਿਫ਼ਾਰਸ਼ ਹੈ। ਇਸ ਤਰ੍ਹਾਂ ਬਿਜਾਈ ਕਰਨ ਨਾਲ ਖੇਤ ਵਿਚ ਬੂਟਿਆਂ ਦੀ ਗਿਣਤੀ 33333 ਬੂਟੇ ਪ੍ਰਤੀ ਏਕੜ ਹੁੰਦੀ ਹੈ, ਜਿਸ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲ਼ੀਆਂ ਵਿਚ ਕੀਤੀ ਜਾ ਸਕਦੀ ਹੈ, ਜਿਸ ਨਾਲ ਖੁਸ਼ਕ ਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ। ਬਿਜਾਈ ਰਿਜਰ ਮਸ਼ੀਨ ’ਤੇ ਲੱਗੀਆਂ ਫਾਲੀਆਂ ਨੂੰ ਲੋੜੀਂਦੀ ਜਗ੍ਹਾ ’ਤੇ ਲਾ ਕੇ ਵੀ ਕੀਤੀ ਜਾ ਸਕਦੀ ਹੈ। ਖਾਲ਼ੀਆਂ ਵਿਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿੱਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ। ਬੈੱਡ ਜਾਂ ਵੱਟਾਂ ’ਤੇ ਬਿਜਾਈ ਨਾਲ ਮੱਕੀ ਦੇ ਉੱਗਣ ਸਮੇਂ ਜ਼ਿਆਦਾ ਬਾਰਿਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ ’ਤੇ ਵੱਟਾਂ ਦੇ ਪਾਸੇ ’ਤੇ 6-7 ਸੈਂਟੀਮੀਟਰ ਦੀ ਉੱਚਾਈ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ’ਤੇ ਕਰਨ ਦੀ ਸਿਫ਼ਾਰਸ਼ ਹੈ
ਮੱਕੀ ਦੇ ਬੀਜ ਦੀ ਸੋਧ ਲਈ ਅੱਧਾ ਕਿੱਲੋ ਕਨਸ਼ੋਰਸ਼ੀਅਮ (ਜੀਵਾਣੂ ਖਾਦ) ਦੇ ਪੈਕਟ ਨੂੰ ਇਕ ਲੀਟਰ ਪਾਣੀ ’ਚ ਮਿਲਾ ਕੇ ਮੱਕੀ ਦੇ ਬੀਜ ਨੂੰ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਛਾਵੇਂ ਪੱਕੇ ਫਰਸ਼ ’ਤੇ ਖਿਲਾਰ ਕੇ ਸੁਕਾ ਕੇ ਛੇਤੀ ਹੀ ਬੀਜ ਦੇਣਾ ਚਾਹੀਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਲਾਉਣ ਨਾਲ ਝਾੜ ਵਧਦਾ ਹੈ ਤੇ ਨਾਲ ਹੀ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਇਹ ਟੀਕਾ ਪੀ. ਏ. ਯੂ. ਦੇ ਬੀਜਾਂ ਦੀ ਦੁਕਾਨ, ਗੇਟ ਨੰ: 1 ਅਤੇ ਵੱਖੋ- ਵੱਖਰੇ ਜ਼ਿਲ੍ਹਿਆਂ ਵਿਚ ਕਿ੍ਰਸ਼ੀ ਵਿਗਿਆਨ/ਫਾਰਮ ਸਲਾਹਕਾਰ ਸੇਵਾ ਕੇਂਦਰਾਂ ’ਤੇ ਮਿਲ ਸਕਦਾ ਹੈ। ਮੱੱਕੀ ’ਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ ਪੀ (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿਚ ਛਿੜਕਾਅ ਕਰਨ ਦੀ ਸਿਫ਼ਾਰਸ਼ ਹੈ। ਡੀਲੇ/ਮੋਥੇ ਦੀ ਰੋਕਥਾਮ ਲਈ 400 ਮਿਲੀਲੀਟਰ ਪ੍ਰਤੀ ਏਕੜ 2,4-ਡੀ ਅਮਾਈਨ ਸਾਲਟ 58 ਐੱਸ ਐੱਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਕਿਸਾਨਾਂ ਵੱਲੋਂ ਮਿਲ ਰਿਹਾ ਘੱਟ ਹੁੰਗਾਰਾ
ਮੱਕੀ ਦੀ ਫ਼ਸਲ ਦੇ ਅਣਗਿਣਤ ਫ਼ਾਇਦਿਆਂ ਦੇ ਬਾਵਜੂਦ ਕਿਸਾਨਾਂ ਵੱਲੋਂ ਇਸ ਫ਼ਸਲ ਨੰੁ ਹੰੁਗਾਰਾ ਨਾ ਦੇਣਾ ਹੈਰਾਨੀ ਵਾਲੀ ਗੱਲ ਹੈ। ਪੰਜਾਬ ਸੂਬੇ ਵਿਚ ਤਕਰੀਬਨ 31.5 ਲੱਖ ਹੈਕਟੇਅਰ ਝੋਨੇ ਦੀ ਕਾਸ਼ਤ ਦੇ ਮੁਕਾਬਲੇ ਮੱਕੀ ਹੇਠ ਬਹੁਤ ਘੱਟ ਰਕਬਾ ਬੀਜਿਆ ਜਾਂਦਾ ਹੈ। ਕਿਸਾਨਾਂ ਵੱਲੋਂ ਮੱਕੀ ਦੀ ਫ਼ਸਲ ਦਾ ਪੱਕਾ ਭਾਅ ਸਰਕਾਰ ਵੱਲੋਂ ਨਿਸ਼ਚਿਤ ਨਾ ਹੋਣਾ ਅਤੇ ਖ਼ਰੀਦ ਨਾ ਹੋਣ ਕਰਕੇ ਇਸ ਫਸਲ ਨੂੰ ਨਾ ਬੀਜਣ ਬਾਰੇ ਅਕਸਰ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਮੱਕੀ ਦੀ ਖ਼ਰੀਦ ਪਾਲਿਸੀ ਨਾ ਹੋਣ ਕਰਕੇ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਨੂੰ ਸਹੀ ਸਨਮਾਨ ਨਹੀਂ ਮਿਲਦਾ ਤੇ ਕਿਸਾਨਾਂ ਦੀ ਹੁੰਦੀ ਲੁੱਟ-ਖਸੁੱਟ ਕਰ ਕੇ ਕਿਸਾਨ ਮੱਕੀ ਦੀ ਫ਼ਸਲ ਦੀ ਬਿਜਾਈ ਤੋਂ ਗੁਰੇਜ਼ ਕਰਦੇ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਤਾਂ ਹਰ ਵਰੇ੍ਹ ਐਲਾਨਿਆ ਜਾਂਦਾ ਹੈ ਪਰ ਇਸ ਭਾਅ ’ਤੇ ਖ਼ਰੀਦ 14 ਤੋਂ 15 ਫ਼ੀਸਦੀ ਤਕ ਸੁੱਕੀ ਮੱਕੀ ਲਈ ਹੀ ਹੁੰਦੀ ਹੈ ਜਦਕਿ ਮੱਕੀ ਦੀ ਵਾਢੀ ਤੋਂ ਬਾਅਦ ਮੱਕੀ ਦੇ ਦਾਣਿਆਂ ਵਿਚ ਨਮੀ ਦੀ ਮਾਤਰਾ 25 ਤੋਂ 30 ਫ਼ੀਸਦੀ ਤਕ ਹੁੰਦੀ ਹੈ। ਕਿਸਾਨ ਸੁਕਾਏ ਬਗ਼ੈਰ ਜਦੋਂ ਮੱਕੀ ਦੀ ਵਿਕਰੀ ਲਈ ਮੰਡੀ ਪੁੱਜਦਾ ਹੈ ਤਾਂ ਉਸ ਨੰੁ ਨਮੀ ਯੁਕਤ ਮੱਕੀ ਕਰਕੇ ਭਾਅ ਬੇਹੱਦ ਘੱਟ ਮਿਲਦਾ ਹੈ ਤੇ ਨਤੀਜੇ ਵਜੋਂ ਉਸ ਦਾ ਦਿਲ ਟੁੱਟਦਾ ਹੈ। ਮੱਕੀ ਨੰੁ ਸੁਕਾਉਣ ਉਪਰੰਤ ਵਿਕਰੀ ਕਰਨ ਲਈ ਭਾਵੇਂ ਮਾਹਰਾਂ ਵੱਲੋਂ ਕਿਹਾ ਜਾਂਦਾ ਹੈ ਪਰ ਖੁੱਲੇ੍ਹ ਆਸਮਾਨ ਥੱਲੇ ਸੂਰਜੀ ਧੁੱਪ ਨਾਲ ਮੱਕੀ ਨੰੁ ਸੁਕਾਉਣਾ ਰਿਸਕੀ ਵੀ ਹੈ ਤੇ ਔਖਾ ਵੀ । ਮੱਕੀ ਦੀ ਕਾਸ਼ਤਕਾਰੀ ਦੇ ਆੜੇ ਆ ਰਹੀ ਇਸ ਮਹੱਤਵਪੂਰਨ ਸਮੱਸਿਆ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਪੰਜਾਬ ਦੀਆਂ ਕਈ ਮੰਡੀਆਂ ਵਿਚ ਮੇਜ ਡਰਾਇਰ ਲਾਏ ਗਏ ਹਨ ਪਰ ਇਨ੍ਹਾਂ ਦੀ ਕਾਰਜਕੁਸ਼ਲਤਾ ਅਤੇ ਬੜੀ ਘੱਟ ਤਾਦਾਦ ਵਿਚ ਹੋਣ ਕਰਕੇ ਕਿਸਾਨਾਂ ਨੇ ਇਨ੍ਹਾਂ ਨੂੰ ਵੀ ਕੋਈ ਭਰਵਾਂ ਹੁੰਗਾਰਾ ਨਹੀਂ ਦਿੱਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਪੋਰਟੇਬਲ ਮੇਜ ਡਰਾਇਰਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਪੰਜਾਬ ਵਿਚ ਬਹੁਤ ਕਿਸਾਨਾਂ ਨੇ ਇਸ ਨੂੰ ਅਪਣਾਇਆ ਹੈ ਤੇ ਉਨ੍ਹਾਂ ਵੱਲੋਂ ਇਸ ਮਸ਼ੀਨ ਦੀ ਕਾਰਗੁਜ਼ਾਰੀ ਬਾਰੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਤਕਰੀਬਨ 5.5 ਤੋਂ 6 ਲੱਖ ਰੁਪਏ ਦੀ ਇਹ ਮਸ਼ੀਨ ਤਿੰਨ ਘੰਟਿਆਂ ਵਿਚ 30 ਕੁਇੰਟਲ ਮੱਕੀ, ਜਿਸ ਦੀ ਨਮੀ 25-30 ਫ਼ੀਸਦੀ ਹੋਵੇ, ਨੂੰ 14 ਫ਼ੀਸਦੀ ਤਕ ਪਹੁੰਚਾ ਸਕਦੀ ਹੈ। ਇਸ ਮਸ਼ੀਨ ਨੂੰ ਟਰੈਕਟਰ ਰਾਹੀਂ ਸੰਚਾਲਿਤ ਕੀਤਾ ਜਾ ਸਕਦਾ ਹੈ ਅਤੇ ਇਕ ਥਾਂ ਤੋਂ ਦੂਜੀ ਥਾਂ ’ਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
ਮੇਜ ਡਰਾਇਰ ਦੀਆਂ ਸੇਵਾਵਾਂ ਪਿਡਾਂ ਵਿਚ ਕਿਸਾਨ ਗਰੁੱਪ ਬਣਾ ਕੇ ਜਾਂ ਪਿੰਡ ਦੇ ਉੱਦਮੀਆਂ ਵੱਲੋਂ ਦੂਜੇ ਕਿਸਾਨਾਂ ਨੂੰ ਕਿਰਾਏ ’ਤੇ ਵੀ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਪਿੰਡਾਂ ਵਿਚ ਅਜਿਹੇ ਉੱਦਮੀ ਇਸ ਮਸ਼ੀਨ ਨੂੰ ਪ੍ਰਾਪਤ ਕਰ ਕੇ ਤੇ ਕਿਰਾਏ ’ਤੇ ਦੂਜੇ ਕਿਸਾਨਾਂ ਨੂੰ ਮੁਹੱਈਆ ਕਰਵਾ ਕੇ ਰੁਜ਼ਗਾਰ ਦੇ ਨਵੇਂ ਸਾਧਨਾਂ ਨੂੰ ਸਿਰਜ ਸਕਦੇ ਹਨ।
ਵਧਾਇਆ ਜਾਵੇ ਰਕਬਾ
ਸੂਬੇ ਵਿਚ ਮੱਕੀ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਵੱਖ - ਵੱਖ ਮੱਕੀ ਦੀਆਂ ਕਿਸਮਾਂ ਦੀਆਂ 818 ਕਲਸਟਰ ਪ੍ਰਦਰਸ਼ਨੀਆਂ (10 ਹੈਕਟੇਅਰ ਪ੍ਰਤੀ ਪ੍ਰਦਰਸ਼ਨੀ) ਸਬਸਿਡੀ ’ਤੇ ਬੀਜ, ਦਵਾਈ, ਖਾਦ ਆਦਿ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਇਸ ਸਕੀਮ ਅਧੀਨ ਪੂਰਾ ਲਾਭ ਉਠਾਉਂਦਿਆਂ ਮੱਕੀ ਦੀਆਂ ਕਲਸਟਰ ਪ੍ਰਦਰਸ਼ਨੀਆ ਲਗਵਾਉਣ ਲਈ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ।
ਮੱਕੀ ਨੂੰ ਫ਼ਸਲਾਂ ਦੀ ਰਾਣੀ ਆਖਿਆ ਜਾਣਾ ਵਾਜਿਬ ਉਦੋਂ ਹੀ ਹੋ ਸਕਦਾ ਹੈ ਜੇ ਇਸ ਫ਼ਸਲ ਦੀ ਕਾਸ਼ਤ ਹੇਠ ਰਕਬਾ ਵਧਾਇਆ ਜਾਵੇ। ਇਸ ਫ਼ਸਲ ਦੀ ਕਾਸ਼ਤ ਨਾਲ ਜਿੱਥੇ ਖੇਤੀ ਆਧਾਰਿਤ ਸਨਅਤਾਂ ਨੂੰ ਬੜ੍ਹਾਵਾ ਮਿਲ ਸਕਦਾ ਹੈ, ਉੱਥੇ ਕੁਦਰਤੀ ਵਸੀਲਿਆਂ ਭਾਵ ਪਾਣੀ ਦੀ ਸਾਉਣੀ ਰੁੱਤ ਵਿਚ ਬੱਚਤ ਵੀ ਕੀਤੀ ਜਾ ਸਕਦੀ ਹੈ। ਸੋ ਕਿਸਾਨ ਭਰਾ ਇਸ ਦੀ ਖੇਤੀ ਲਈ ਉਤਸ਼ਾਹਿਤ ਹੋਣ।
ਮੱਕੀ ਦੀ ਕਾਸ਼ਤ ਦੇ ਕਈ ਫ਼ਾਇਦੇ
ਮੱਕੀ ਦੀ ਵਰਤੋਂ ਮੱਕੀ ਦੀ ਰੋਟੀ ਜਾਂ ਛੱਲੀ ਭੁੰਨ ਕੇ ਖਾਣ ਤੋਂ ਇਲਾਵਾ ਪਸ਼ੂਆਂ ਤੇ ਪੋਲਟਰੀ ਲਈ ਬਤੌਰ ਖ਼ੁਰਾਕ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮੱਕੀ ਬਹੁਤ ਸਾਰੀਆਂ ਇੰਡਸਟਰੀਜ਼ ਜਿਵੇਂ ਕਿ ਸਟਾਰਚ , ਡੈਕਸਟਰਾਸ, ਬੀਅਰ, ਸ਼ਰਾਬ, ਐਟੀਬਾਇਟਿਕ ਦਵਾਈਆਂ, ਸਿੰਥੈਟਿਕ ਰਬੜ, ਬੂਟ ਪਾਲਿਸ਼, ਪਟਾਕੇ, ਟੈਕਸਟਾਈਲ ਆਦਿ ਵਿਚ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ। ਖ਼ੁਰਾਕ ਦੇ ਤੌਰ ’ਤੇ ਇਸ ਵਿਚ ਕਾਰਬੋਹਾਈਡ੍ਰੇਟ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਲੋਹਾ, ਵਿਟਾਮਿਨ- ਏ, ਈ ਅਤੇ ਕੇ ਆਦਿ ਤੋਂ ਇਲਾਵਾ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ। ਆਲਮੀ ਪੱਧਰ ’ਤੇ ਇਸ ਦੀ ਵਰਤੋਂ ਬਤੌਰ ਜੈਵ-ਈਂਧਣ ਵਜੋਂ ਵੀ ਕੀਤੀ ਜਾ ਰਹੀ ਹੈ। ਪੈਟਰੋਲੀਅਮ ਪਦਾਰਥਾਂ ’ਚ ਬਤੌਰ ਇਥਾਨੋਲ ਮੱਕੀ ਦੀ ਵਰਤੋਂ ਕਰਨ ਨਾਲ ਵਾਤਾਵਰਨ ਦੇ ਪ੍ਰਦੂਸ਼ਣ ’ਚ ਕਮੀ ਹੋਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੱਕੀ ਦੀ ਕਾਸ਼ਤ ਜ਼ਰੂਰੀ
ਅੱਜ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿਹੜਾ ਕਿ ਸਾਲਾਨਾ 37 ਸੈਂਟੀਮੀਟਰ ਦੀ ਰਫ਼ਤਾਰ ਨਾਲ ਥੱਲੇ ਜਾ ਰਿਹਾ ਹੈ, ਸਾਨੂੰ ਮੱਕੀ ਦੀ ਕਾਸ਼ਤਕਾਰੀ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ। ਮੇਜ ਡਰਾਇਰ ਜੇ ਸਾਡੇ ਪਿੰਡਾਂ ਦੀਆਂ ਰੌਣਕਾਂ ਬਣ ਜਾਣ ਤਾਂ ਮੱਕੀ ਦੀ ਕਾਸ਼ਤ ਨੂੰ ਨਵਾਂ ਹੰੁਗਾਰਾ ਮਿਲ ਸਕਦਾ ਹੈ ਕਿਉਂਕਿ ਸੁੱਕੀ ਮੱਕੀ ਦਾ ਚੰਗਾ ਭਾਅ ਮਿਲਣ ਕਰਕੇ ਮੱਕੀ ਦੀ ਖੇਤੀ ਕਿਸਾਨ ਦੀ ਨਿਰੋਲ ਆਮਦਨ ਵਧਾਉਣ ਵਿਚ ਜਿੱਥੇ ਸਹਾਈ ਹੋਵੇਗੀ, ਉੱਥੇ ਕੁਦਰਤੀ ਵਸੀਲਿਆਂ ਲਈ ਵੀ ਸੁਖਾਲਾ ਮਾਹੌਲ ਪੈਦਾ ਹੋਵੇਗਾ, ਜਿਸ ਦੀ ਸਾਡੇ ਪੰਜਾਬ ਦੇ ਸਿਹਤਮੰਦ ਭਵਿੱਖ ਲਈ ਅਹਿਮ ਜ਼ਰੂਰਤ ਹੈ।
- ਡਾ. ਨਰੇਸ਼ ਕੁਮਾਰ ਗੁਲਾਟੀ