ਇਸ ਸਾਲ ਲੇਬਰ ਦੀ ਕਮੀ ਹੋਣ ਕਰ ਕੇ ਕਿਸਾਨ ਵੀਰਾ ਨੇ ਝੋਨੇ ਦੀ ਸਿੱਧੀ ਬਿਜਾਈ ਵੱਲ ਰੁਝਾਨ ਦਿਖਾਇਆ ਹੈ, ਜਿਸ ਨਾਲ ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਣ ਦੀ ਉਮੀਦ ਨਜ਼ਰ ਆਉਂਦੀ ਹੈ | ਝੋਨੇ ਦੀ ਸਿੱਧੀ ਬਿਜਾਈ ਨਾਲ ਲਗਭਗ 6000 ਰੁਪਇਆ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ ਅਤੇ ਨਾਲ ਦੀ ਨਾਲ 25 -30% ਪਾਣੀ ਦੀ ਬੱਚਤ ਵੀ ਹੁੰਦੀ ਹੈ | ਸਿੱਧੀ ਬਿਜਾਈ ਕਰਨ ਨਾਲ ਝਾੜ ਵਿਚ ਵੀ ਕੋਈ ਕਮੀ ਨਹੀਂ ਆਉਂਦੀ ਅਤੇ ਝਾੜ ਕੱਦੂ ਕੀਤੇ ਹੋਏ ਝੋਨੇ ਦੇ ਬਰਾਬਰ ਆਉਂਦਾ ਹੈ | ਪੰਜਾਬ ਵਿਚ ਕਈ ਥਾਵਾਂ ਤੇ ਝੋਨੇ ਦੀ ਸਿੱਧੀ ਬਿਜਾਈ ਲਗਭਗ ਹੋ ਚੁੱਕੀ ਹੈ | ਇਸ ਤਕਨੀਕ ਨੂੰ ਸਫ਼ਲ ਬਣਾਉਣ ਲਈ ਖਾਦਾਂ ਅਤੇ ਪਾਣੀ ਦਾ ਸਹੀ ਪ੍ਰਬੰਧ ਬਹੁਤ ਜਰੂਰੀ ਹੈ | ਇਸ ਦਾ ਵੇਰਵਾ ਹੇਠ ਦਿੱਤਾ ਹੋਇਆ ਹੈ:
ਖਾਦਾਂ ਦਾ ਪ੍ਰਬੰਧ
ਯੂਰੀਆ : ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ, ਸਿੱਧੀ ਬਿਜਾਈ ਕੀਤੇ ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ | ਯੂਰੀਆ ਤਿੰਨ ਬਰਾਬਰ ਹਿਸਿਆਂ ਵਿਚ ਵੰਡ ਕੇ 4, 6 ਅਤੇ 9 ਹਫਤੇ ਬਾਦ ਪਾਈ ਜਾਵੇ | ਯੂਰੀਆ ਦੀ ਪਹਿਲੀ ਡੋਜ਼ ਪਹਿਲਾ ਪਾਣੀ ਲਾਉਣ ਤੇ ਪਾਣੀ ਜੀਰਣ ਤੋਂ ਬਾਦ ਸ਼ਿੱਟਾ ਦੇ ਕੇ ਪਾਈ ਜਾਵੇ | ਇਸ ਤੋਂ ਉਪਰੰਤ ਬਾਕੀ ਦਾ ਬਚਿਆ ਯੂਰੀਆ ਵੀ ਬਰਾਬਰ ਹਿਸਿਆਂ ਵਿਚ ਵੰਡ ਕੇ ਪੂਰਾ ਕੀਤਾ ਜਾਵੇ |
ਫ਼ਾਸਫ਼ੋਰਸ : ਫ਼ਾਸਫ਼ੋਰਸ ਮਿਟੀ ਪਰਖ ਕਰਨ ਉਪਰੰਤ ਹੀ ਪਾਈ ਜਾਵੇ | ਜਿਹੜੇ ਕਿਸਾਨ ਵੀਰਾਂ ਨੇ ਕਣਕ ਵਿਚ ਸਿਫਾਰਿਸ਼ ਕੀਤੀ ਫ਼ਾਸਫ਼ੋਰਸ (55 ਕਿਲੋ ਡੀ. ਏ. ਪੀ. ਜਾਂ 155 ਕਿਲੋ ਸੁਪਰਫ਼ਾਸਫੇਟ) ਪਾਈ ਹੈ ਤਾਂ ਝੋਨੇ ਵਿਚ ਪਾਉਣ ਦੀ ਲੋੜ ਨਹੀਂ | ਜੋ ਕਿਸਾਨ ਨਵੇਂ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉਹ 27 ਕਿਲੋ ਡੀ. ਏ. ਪੀ. ਯਾਂ ਫਿਰ 75 ਕਿਲੋ ਸੁਪਰਫ਼ਾਸਫੇਟ ਖਾਦ ਦੀ ਵਰਤੋਂ ਕਰ ਸਕਦੇ ਹਨ | ਝੋਨੇ ਵਿਚ ਸੁਪਰਫ਼ਾਸਫੇਟ ਖਾਦ, ਡੀ. ਏ. ਪੀ ਨਾਲੋਂ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦੀ ਹੈ, ਕਿਉਂਕਿ ਝੋਨੇ ਨੂੰ ਫ਼ਾਸਫ਼ੋਰਸ ਦੇ ਨਾਲ ਨਾਲ ਕੈਲਸ਼ੀਅਮ, ਸਲਫਰ ਅਤੇ ਸਿਲੀਕੋਨ ਦੀ ਵੀ ਭਰਭੂਰ ਮਾਤਰਾ ਵਿਚ ਤੱਤ ਮਿਲਦੇ ਹਨ ਜੋ ਕਿ ਝੋਨੇ ਦੀ ਕਾਸ਼ਤ ਲਈ ਲਾਹੇਵੰਦ ਸਾਬਿਤ ਹੁੰਦੇ ਹਨ | ਫ਼ਾਸਫ਼ੋਰਸ ਨੂੰ ਖੇਤ ਵਿਚ ਬਿਜਾਈ ਦੇ ਸਮੇਂ ਹੀ ਸ਼ਿੱਟਾ ਦੇ ਕੇ ਪਾਇਆ ਜਾ ਸਕਦਾ ਹੈ |
ਜ਼ਿੰਕ: ਜ਼ਿੰਕ ਤੱਤ ਖੇਤ ਵਿਚ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਜਾਂ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) ਰਾਹੀਂ ਪਾਇਆ ਜਾ ਸਕਦਾ ਹੈ |ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) 25 ਕਿਲੋ ਪ੍ਰਤੀ ਏਕੜ ਜਾਂ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) 15 ਕਿਲੋ ਪ੍ਰਤੀ ਏਕੜ ਇਕ ਸਾਲ ਛੱਡ ਕੇ ਪਾਇਆ ਜਾ ਸਕਦਾ ਹੈ | ਜੇ ਕਰ ਕਿਸਾਨ ਵੀਰ ਹਰ ਸਾਲ ਜ਼ਿੰਕ ਤੱਤ ਖੇਤ ਵਿਚ ਪਾਉਣਾ ਚਾਉਂਦਾ ਹੈ ਤਾ ਇਸ ਦੀ ਮਾਤਰਾ ਘਟਾ ਕੇ ਪਾਈ ਜਾ ਸਕਦੀ ਹੈ | ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਘਟਾ ਕੇ 10 ਕਿਲੋ ਪ੍ਰਤੀ ਏਕੜ ਅਤੇ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) 7.7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਿੱਟਾ ਦੇ ਕੇ ਪਾਈ ਜਾ ਸਕਦੀ ਹੈ | ਜ਼ਿੰਕ ਨੂੰ ਖੇਤ ਵਿਚ ਪਹਿਲੇ ਪਾਣੀ ਤੋਂ ਬਾਦ ਯੂਰੀਆ ਪਾਉਣ ਉਪਰੰਤ 2-3 ਦਿਨਾਂ ਬਾਦ ਖੇਤ ਵਿਚ ਪਾਇਆ ਜਾ ਸਕਦਾ ਹੈ | ਬਾਜ਼ਾਰ ਵਿਚ ਮਿਲਦੀ ਚਿਲੇਟੇਡ ਜ਼ਿੰਕ ਦੀ ਵਰਤੋਂ ਸ਼ਿੱਟਾ ਦੇਣ ਵਜੋਂ ਨਾ ਕੀਤੀ ਜਾਵੇ | ਇਹ ਜ਼ਿੰਕ ਸਪਰੇ ਕਰਨ ਵਿਚ ਕੰਮ ਆਉਂਦੀ ਹੈ | ਇਸ ਦਾ ਸ਼ਿੱਟਾ ਦੇਣ ਨਾਲ ਫ਼ਸਲ ਨੂੰ ਕੋਈ ਲਾਹਾ ਨਹੀਂ ਮਿਲਦਾ ਅਤੇ ਥੋੜੀ ਮਹਿੰਗੀ ਵੀ ਪੈਂਦੀ ਹੈ |
ਪਾਣੀ ਦਾ ਪ੍ਰਬੰਧ
ਸਿੱਧੀ ਬਿਜਾਈ ਕੀਤੇ ਝੋਨੇ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਓ | ਕਈ ਕਿਸਾਨ ਵੀਰ ਛੋਟੇ ਝੋਨੇ ਨੂੰ ਪਾਣੀ ਲਗਾ ਦਿੰਦੇ ਹਨ ਜਿਸ ਕਾਰਣ ਤਾਪਮਾਨ ਵੱਧ ਹੋਣ ਨਾਲ ਖੇਤ ਵਿਚ ਖੜ੍ਹਾ ਪਾਣੀ ਝੋਨੇ ਨੂੰ ਝਟਕਾ ਦਿੰਦਾ ਹੈ ਅਤੇ ਬੂਟੇ ਮੱਚ ਜਾਂਦੇ ਹਨ | ਵੱਧ ਪਾਣੀ ਭਰਨ ਨਾਲ ਝੋਨੇ ਦਾ ਫੁਟਾਰਾ ਵੀ ਸਹੀ ਨਹੀਂ ਹੁੰਦਾ ਅਤੇ ਬੂਟੇ ਮੁਰਝਾ ਜਾਂਦੇ ਹਨ | ਕਿਸਾਨ ਵੀਰ ਜੋ ਝੋਨੇ ਦੀ ਸਿੱਧੀ ਬਿਜਾਈ ਕਰ ਚੁਕੇ ਹਨ ਉਹ ਖੇਤ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਉਣ | ਇਹ ਪਾਣੀ ਮੌਸਮ ਦੇ ਹਿਸਾਬ ਨਾਲ 30 ਦਿਨਾਂ ਤੱਕ ਵੀ ਲਗਾਇਆ ਜਾ ਸਕਦਾ ਹੈ | ਪਹਿਲਾ ਪਾਣੀ ਲਗਾਉਣ ਤੋਂ 5-10 ਦਿਨਾਂ ਤੱਕ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਤਾਂ ਜੋ ਖੇਤ ਗਿਲਾ ਰਹੇ | ਧਿਆਨ ਰੱਖਣਾ ਹੈ ਕਿ ਘਟੋ ਘੱਟ 30-35 ਦਿਨਾਂ ਤੱਕ ਖੇਤ ਗਿੱਲਾ ਰੱਖੋ ਤਾਂ ਜੋ ਖੇਤ ਵਿਚ ਤਰੇੜਾਂ ਨਾ ਪੈਣ | ਇਸ ਤੋਂ ਬਾਦ ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਹਿਸਾਬ ਨਾਲ ਅਗਲੀ ਸਿੰਚਾਈ ਕਰੋ | ਝੋਨੇ ਨੂੰ ਪਾਣੀ ਸੁਕਾ ਕੇ ਲਗਾਓ, ਇਸ ਤਰਾਂ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ | ਝੋਨੇ ਨੂੰ ਆਖਰੀ ਪਾਣੀ ਕੱਟਣ ਤੋਂ 10 ਦਿਨ ਪਹਿਲਾ ਲਾਓ, ਇਸ ਤਰਾਂ ਕਰਨ ਨਾਲ 25-30 % ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ |
ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਬਣਾਉਣ ਵਿਚ ਖਾਦਾਂ ਅਤੇ ਪਾਣੀ ਦਾ ਸਹੀ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ | ਇਸ ਨਾਲ ਫ਼ਸਲ ਵੀ ਵਧੀਆ ਹੋਵੇਗੀ ਅਤੇ ਮੁਨਾਫ਼ਾ ਵੀ ਵੱਧ ਹੋਵੇਗਾ | ਫਸਲ ਨੂੰ ਸਹੀ ਸਮੇ ਖਾਦ ਅਤੇ ਪਾਣੀ ਦੀ ਲੋੜ ਨੂੰ ਪੂਰਾ ਕਰਨਾ ਹੀ ਇਕ ਸਫ਼ਲ ਕਿਰਸਾਨੀ ਦੀ ਕੂੰਜੀ ਹੈ |
ਧੰਨਵਾਦ
ਰਿਤੂ ਭੰਗੂ
ਪੀ.ਐਚ.ਡੀ. ਵਿਦਿਆਰਥੀ
ਫ਼ਸਲ ਵਿਗਿਆਨ ਵਿਭਾਗ , ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਪੰਜਾਬ, ਇੰਡੀਆ
Email: bhanguritu@gmail.com
Summary in English: Management of fertilizers and water in direct sowing of paddy