ਸੂਰਜਮੁਖੀ ਦੀ ਕਾਸ਼ਤ ਲਈ ਢੁੱਕਵਾਂ ਵਾਤਾਵਰਣ ਅਤੇ ਸਿੰਚਾਈ ਦੀ ਸਹੂਲਤ ਦੇ ਬਾਵਜੂਦ ਪੰਜਾਬ ਦੀ ਸੂਰਜਮੁਖੀ ਦੀ ਵਰਤਮਾਨ ਔਸਤ ਪੈਦਾਵਾਰ (7.4 ਕੁਇੰਟਲ ਪ੍ਰਤੀ ਏਕੜ) ਹੈ ਜੋ ਇਸ ਦੀ ਝਾੜ ਸਮਰਥਾ (12-14 ਕੁਇੰਟਲ ਪ੍ਰਤੀ ਏਕੜ) ਤੋਂ ਕਾਫ਼ੀ ਘੱਟ ਹੈ । ਇਸਦੇ ਕੁੱਝ ਮੁੱਖ ਕਾਰਨ ਪਛੇਤੀ ਬਿਜਾਈ, ਗੈਰ ਸਿਫਾਰਸ਼ੀ ਦੋਗਲੀਆਂ ਕਿਸਮਾਂ ਦੀ ਕਾਸ਼ਤ, ਪੌਦਿਆਂ ਦੀ ਘੱਟ ਗਿਣਤੀ, ਬੀਜ ਦੀ ਸੋਧ ਨਾ ਕਰਨਾ, ਸਮੇਂ ਸਿਰ ਬਿਮਾਰਿਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਨਾ ਕਰਨਾ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੂਧਿਆਣਾ ਦੁਆਰਾ ਵਿਕਸਤ ਦੋਗਲੀਆਂ ਕਿਸਮਾਂ ਅਤੇ ਕਾਸ਼ਤ ਦੀਆਂ ਉਨਤ ਤਕਨੀਕਾਂ ਨੂੰ ਅਪਣਾ ਕੇ ਸੂਰਜਮੁਖੀ ਦਾ ਝਾੜ ਯਕੀਨੀ ਤੌਰ ਤੇ ਵਧਾਇਆ ਜਾ ਸਕਦਾ ਹੈ।
ਉਨਤ ਕਿਸਮਾਂ: ਬਹੁ-ਫ਼ਸਲੀ ਚੱਕਰ, ਗਰਮ ਰੁੱਤ, ਵਾਤਾਵਰਣ ਵਿਚ ਘੱਟ ਨਮੀ ਅਤੇੇ ਪਾਣੀ ਦੀ ਬੱਚਤ ਦੇ ਮਕਸਦ ਨੂੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸੂਰਜਮੁਖੀ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਤ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਦਾ ਮੁੱਖ ਗੁਣ ਇਨ੍ਹਾਂ ਦਾ ਘੱਟ ਸਮੇਂ ਵਿਚ ਪੱਕ ਜਾਣਾ ਹੈ ਜਿਸ ਸਦਕਾ ਪਾਣੀ ਦੀ ਬੱਚਤ ਦੇ ਨਾਲ ਨਾਲ ਪੰਛੀਆਂ ਤੋਂ ਰਾਖੀ ਲਈ ਹੋਣ ਵਾਲਾ ਖਰਚਾ ਵੀ ਘੱਟ ਹੁੰਦਾ ਹੈ। ਨਵੀਂ ਦੋਗਲੀ ਕਿਸਮ ਪੀ ਐਸ ਐਚ 2080 ਵੱਧ ਝਾੜ ਅਤੇ ਵੱਧ ਤੇਲ ਦੀ ਮਾਤਰਾ ਵਾਲੀ ਦੋਗਲੀ ਕਿਸਮ ਹੈ। ਪ੍ਰਾਈਵੇਟ ਅਦਾਰੇ ਦੁਆਰਾ ਵਿਕਸਤ ਦੋਗਲੀ ਕਿਸਮ ਡੀ ਕੇ 3849 ਵਿਚ ਤੇਲ ਦੀ ਮਾਤਰਾ ਅਤੇ ਬੀਜਾਂ ਦਾ ਭਾਰ ਬਹੁਤ ਘੱਟ ਹੈ। ਦੋਗਲੀ ਕਿਸਮ ਐਸ ਐਚ 3322 ਪੱਕਣ ਜਿਆਦਾ ਸਮਾਂ ਲੈਂਦੀ ਹੈ ਕਿਸ ਕਾਰਣ ਇਸ ਨੂੰ ਜਿਆਦਾ ਸਿੰਚਾਈਆਂ ਦੀ ਲੌੜ ਪੈਂਦੀ ਹੈ ਅਤੇ ਰਾਖੀ ਦਾ ਖਰਚਾ ਵੀ ਵੱਧ ਜਾਂਦਾ ਹੈ। ਇਨ੍ਹਾਂ ਤੋਂ ਅਲਾਵਾ ਕੁੱਝ ਹੋਰ ਦੋਗਲਿਆਂ ਕਿਸਮਾਂ ਜਿਵੇਂ ਕਿ ਪਾਈਨਿਅਰ 64ਏ57, ਆਰਮੋਨੀ ਗੋਲਡ, ਚੈਂਪ, ਐਨ ਐਸ ਐਫ ਐਚ 36, ਸਿਨਜੈਂਟਾ 207 ਵਗੈਹਰਾ ਉਨ੍ਹਾਂ ਦੋਗਲਿਆਂ ਕਿਸਮਾਂ ਜਿਨ੍ਹਾਂ ਦੀ ਸਿਫਾਰਸ਼ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਹੀਂ ਕੀਤੀ ਗਈ, ਦੀ ਕਾਸ਼ਤ ਵੀ ਪੰਜਾਬ ਵਿਚ ਕੀਤੀ ਜਾ ਰਹੀ ਹੈ।ਇਹ ਦੋਗਲੀਆਂ ਕਿਸਮਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਤ/ਸਿਫਾਰਸ਼ ਦੋਗਲੀਆਂ ਕਿਸਮਾਂ ਦੇ ਮੁਕਾਬਲੇ ਪੱਕਣ ਲਈ ਜ਼ਿਆਦਾ ਸਮਾਂ ਲੈਂਦੀਆਂ ਹਨ।ਇਹਨਾਂ ਦੇਰੀ ਨਾਲ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਲਈ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ, ਪੰਛੀਆਂ ਤੋਂ ਰਾਖੀ ਤੇ ਖਰਚਾ ਵੱਧ ਜਾਂਦਾ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਵਿਚ ਦੇਰੀ ਹੁੰਦੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਅਪ੍ਰਮਾਣਤ ਦੋਗਲੀਆਂ ਕਿਸਮਾਂ ਦੀ ਕਾਸ਼ਤ ਕਾਰਣ ਕੁਝ ਬਿਮਾਰੀਆਂ (ਖਾਸਕਰ ਤਣੇ ਅਤੇ ਸਿਰ ਦਾ ਗਲਣਾ) ਦਾ ਪ੍ਰਕੋਪ ਸੂਰਜਮੁਖੀ ਦੀ ਫ਼ਸਲ ਵਿਚ ਵੱਧ ਰਿਹਾ ਹੈ। ਇਸ ਤੋਂ ਬਚੱਣ ਲਈ ਪੰਜਾਬ ਲਈ ਸਿਫ਼ਾਰਸ਼ ਕੀਤੀਆਂ ਗਈਆ ਦੋਗਲੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ।
ਜਮੀਨ ਦੀ ਚੌਣ ਅਤੇ ਤਿਆਰੀ: ਹਲਕੀਆਂ ਮੈਰਾ ਤੇ ਦਰਮਿਆਨਿਆਂ ਭਾਰੀਆਂ ਜਮੀਨਾਂ ਸੂਰਜਮੁਖੀ ਦੀ ਕਾਸ਼ਤ ਲਈ ਡੁੱਕਵਿਆਂ ਹਨ।ਇਹ ਫ਼ਸਲ ਖੜੇ ਪਾਣੀ ਪ੍ਰਤੀ ਸੰਵੇਦਨਸ਼ੀਲ ਹੈ ਇਸ ਕਰਕੇ ਪਾਣੀ ਦੀ ਨਿਕਾਸੀ ਦਾ ਉਚੱਤ ਪ੍ਰੰਬਧ ਹੇਣਾ ਚਾਹੀਦਾ ਹੈ।ਕਲਰਾਠੀਆਂ ਜਮੀਨਾਂ ਇਸ ਦੀ ਕਾਸ਼ਤ ਲਈ ਢੁਕਵਿਆਂ ਨਹੀਂ। ਦੋ-ਤਿੰਨ ਵਾਰ ਵਾਹ ਕੇ ਅਤੇ ਹਰੇਕ ਵਾਹੀ ਪਿਛੋਂ ਸੁਹਾਗਾ ਫੇਰ ਕੇ ਨਦੀਨ ਅਤੇ ਪਿਛਲੀ ਫ਼ਸਲ ਦੇ ਰਹਂਦ-ਖੁੰਦ ਰਹਤ ਬਿਜਾਈ ਜੋਗ ਖੇਤ ਤਿਆਰ ਹੋ ਜਾਂਦਾ ਹੈ।
ਬਿਜਾਈ ਦਾ ਸਮਾਂ: ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ।ਪਛੇਤੀ ਬੀਜੀ ਗਈ ਫ਼ਸਲ ਵਿਚ ਫੁੱਲ ਪੈਣ ਅਤੇ ਇਸ ਦੇ ਬਾਅਦ ਦੀ ਅਵਸਥਾਵਾਂ ਤੇ ਤਾਪਮਾਨ ਜ਼ਿਆਦਾ ਹੋਣ ਕਾਰਨ ਫੁੱਲ ਛੋਟੇ ਰਹਿ ਜਾਂਦੇ ਹਨ, ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਹੀ ਰਹਿ ਜਾਂਦੇ ਹਨ ਜਿਸ ਦਾ ਮਾੜਾ ਅਸਰ ਫ਼ਸਲ ਦੇ ਝਾੜ ਤੇ ਪੈਂਦਾ ਹੈ। ਪਛੇਤੀ ਬੀਜੀ ਫ਼ਸਲ ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ ਅਤੇ ਅਜਿਹੀ ਫ਼ਸਲ ਨੂੰ ਕਈ ਵਾਰ ਪੱਕਣ ਵੇਲੇ ਬੇ-ਮੋਸਮ ਬਾਰਸ਼ ਦੀ ਮਾਰ ਵੀ ਝਲਣੀ ਪੈਂਦੀ ਹੈ।ਜੇਕਰ ਕਿਸੇ ਕਾਰਨ ਜਨਵਰੀ ਮਹੀਨੇ ਵਿਚ ਬਿਜਾਈ ਸੰਭਵ ਨਾ ਹੋ ਸਕੇ ਤਾਂ ਘੱਟ ਸਮਾਂ ਲੈਣ ਵਾਲੀਆਂ ਦੋਗਲੀ ਕਿਸਮਾਂ ਜਿਵੇਂ ਕਿ ਪੀ ਐਸ ਐਚ 2080, ਪੀ ਐਸ ਐਚ 996, ਪੀ ਐਸ ਐਚ 569, ਪੀ ਐਸ ਐਚ 1962 ਦੀ ਬਿਜਾਈ ਫਰਵਰੀ ਮਹੀਨੇ ਵਿਚ ਜਿੱਨੀ ਅਗੇਤੀ ਹੋ ਸਕੇ ਕਰ ਲੈਣੀ ਚਾਹੀਦੀ ਹੈ।
ਬੀਜ ਦੀ ਮਾਤਰਾ ਅਤੇ ਸੋਧ: ਦੋ ਕਿੱਲੋ ਬੀਜ ਪ੍ਰਤੀ ਏਕੜ ਵਰਤੋਂ। ਬਿਮਾਰਿਆਂ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜ ਦੀ 6 ਗ੍ਰਾਮ ਟੈਗਰਾਨ 35 ਡਬਲਯੁ ਐਸ (ਮੈਟਾਲੈਕਸੱਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਜਰੂਰ ਕਰੋ।
ਬਿਜਾਈ ਦਾ ਢੰਗ: ਵੱਟਾਂ ਉਤੇ ਬੀਜੀ ਫ਼ਸਲ ਪੱਧਰੀ ਬੀਜੀ ਗਈ ਫ਼ਸਲ ਦੇ ਮੁਕਾਬਲੇ ਅਗੇਤੀ ਜੰਮਦੀ ਹੈ ਅਤੇ ਇੱਸ ਉਪਰ ਚੋਰ ਕੀੜੇ (ਕਟ-ਵਰਮ) ਦਾ ਹਮਲਾ ਬਹੁਤ ਘੱਟ ਹੁੰਦਾ ਹੈ।ਇਹ ਘੱਟ ਢਹਿੰਦੀ ਹੈ ਅਤੇ ਇਸ ਵਿਚ ਪ੍ਰਤੀ ਸਿੰਚਾਈ ਘੱਟ ਪਾਣੀ ਦੀ ਲੌੜ ਪੈਂਦੀ ਹੈ।ਫ਼ਸਲ ਦੀ ਬਿਜਾਈ ਪੂਰਬ-ਪੱਛਮ ਦਿਸ਼ਾ ਵਿਚ ਬਣਾਇਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਕਰੋ।ਵੱਟਾ ਵਿਚਕਾਰ 60 ਸੈ.ਮੀ. ਦੀ ਦੂਰੀ ਰੱਖੋ ਅਤੇ ਬੀਜ ਨੂੰ 30 ਸੈ.ਮੀ. ਦੇ ਫ਼ਾਸਲੇ ਤੇੇ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ 4-5 ਸੈਂਟੀਮੀਟਰ ਦੀ ਡੂੰਘਾਈ ਤੇ ਬੀਜੋ।ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 3-4 ਦਿਨਾਂ ਪਿੱਛੋਂ ਇੱਕ ਹਲਕੀ ਸ਼ਿਂਚਾਈ ਇੱਸ ਤਰ੍ਹਾਂ ਕਰੋ ਕਿ ਪਾਣੀ ਦੀ ਸਤ੍ਹਾ ਬੀਜ ਤੋਂ ਥੱਲੇ ਰਵੇ।ਬੀਜ ਉਗਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈ.ਮੀ. ਰਖਦੇ ਹੋਏ ਵਾਧੂ ਬੂਟੇ ਕੱਢ ਦਿਓ।
ਖ਼ਾਦਾਂ: ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕੀਤੀ ਜਾਣੀ ਚਾਹੀਦੀ ਹੈ।ਦਰਮਿਆਨਿਆਂ ਉਪਜਾਉ ਸ਼ਕਤੀ ਵਾਲੀਆਂ ਜਮੀਨਾਂ ਲਈ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ), 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ (12 ਕਿਲੋ ਫ਼ਾਸਫ਼ੋਰਸ) ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ (12 ਕਿਲੋ ਪੋਟਾਸ਼ਿਯਮ) ਪ੍ਰਤੀ ਏਕੜ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਹੈ।ਦਰਮਿਆਨਿਆਂ ਭਾਰੀਆਂ ਜਮੀਨਾਂ ਵਿਚ ਸ਼ਿਫਾਰਸ਼ ਕੀਤੀ ਗਈ ਸਾਰੀ ਖਾਦ ਫ਼ਸਲ ਦੀ ਬਿਜਾਈ ਸਮੇਂ ਪੋਰ ਦਿਓ।ਹਲਕੀਆਂ ਮੈਰਾ ਜ਼ਮੀਨਾਂ ਵਿਚ ਯੂਰੀਆ ਦੀ ਵਰਤੋਂ ਦੋ ਬਰਾਬਰ ਹਿੱਸਿਆਂ ਵਿਚ, ਪਹਿਲਾ ਹਿੱਸਾ (25 ਕਿਲੋ) ਬਿਜਾਈ ਸਮੇਂ ਅਤੇ ਦੂਜਾ (25 ਕਿਲੋ) ਬਿਜਾਈ ਤੋਂ ਲਗਭਗ ਇੱਕ ਮਹੀਨੇ ਬਾਅਦ ਸਿੰਚਾਈ ਤੋਂ ਬਾਅਦ ਕਰਨੀ ਚਾਹੀਦੀ ਹੈ।ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿ੍ਹਆਂ ਲਈ 40 ਕਿਲੋ ਮਿਊਰੇਟ ਆਫ਼ ਪੋਟਾਸ਼ (24 ਕਿਲੋ ਪੋਟਾਸ਼ਿਯਮ) ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ।ਫ਼ਾਸਫ਼ੋਰਸ ਦੀ ਪੂਰਤੀ ਲਈ ਸਿੰਗਲ ਸੁਪਰ ਫ਼ਾਸਫ਼ੇਟ (16% ਫਾਸਫੋਰਸ) ਨੂੰ ਤਰਜੀਹ ਦਿਉ ਜਿਸ ਵਿਚ ਫਾਸਫੋਰਸ ਦੇ ਨਾਲ-ਨਾਲ ਲਗਭਗ 12 % ਗੰਧਕ ਤੱਤ ਵੀ ਹੁੰਦਾ ਹੈ ਜੋ ਇਸ ਦੀ ਪੈਦਾਵਾਰ ਦੇ ਨਾਲ-ਨਾਲ ਤੇਲ ਦੀ ਮਾਤਰਾ ਅਤੇ ਗੁਣਵੱਤਾ ਵਿਚ ਵਾਧਾ ਕਰਦਾ ਹੈ। ਆਲੂ-ਸੂਰਜਮੁਖੀ ਫ਼ਸਲੀ ਚੱਕਰ ਵਿਚ ਜੇਕਰ ਆਲੂਆਂ ਦੀ ਫ਼ਸਲ ਨੂੰ 40 ਟਨ ਰੂੜੀ ਪ੍ਰਤੀ ਏਕੜ ਅਤੇ ਸਿਫ਼ਾਰਸ਼ ਕੀਤੀ ਗਈ ਰਸਾਇਣਕ ਖਾਦਾਂ ਦੀ ਪੂਰੀ ਮਾਤਰਾ ਵਰਤੀ ਗਈ ਹੋਵੇ ਤਾਂ ਆਲੂਆਂ ਤੋਂ ਬਾਅਦ ਬੀਜੀ ਗਈ ਸੂਰਜਮੁਖੀ ਦੀ ਫ਼ਸਲ ਨੂੰ ਕੋਈ ਖਾਦ ਪਾਉਣ ਦੀ ਲੌੜ ਨਹੀਂ।ਜੇਕਰ ਆਲੂਆਂ ਦੀ ਫ਼ਸਲ ਨੂੰ 20 ਟਨ ਰੂੜੀ ਪ੍ਰਤੀ ਏਕੜ ਅਤੇ ਸਿਫਾਰਸ਼ ਕੀਤੀ ਰਸਾਇਨਿਕ ਖਾਦਾਂ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ ਸੂਰਜਮੁਖੀ ਨੂੰ ਬਿਜਾਈ ਸ਼ਮੇਂ ਸਿਰਫ਼ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ।ਫਾਸਫੋਰਸ ਅਤੇ ਪੋਟਾਸ਼ਿਯਮ ਖਾਦ ਪਾਉਣ ਦੀ ਲੌੜ ਨਹੀਂ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬੀਜ ਉੱਗਣ ਤੋਂ 2-3 ਹਫ਼ਤੇ ਅਤੇ ਦੂਜੀ ਗੋਡੀੇ ਜੇਕਰ ਲੌੜ ਪਵੇ ਤਾਂ ਉਸ ਤੋਂ 3 ਹਫ਼ਤੇ ਪਿੱਛੋਂ ਕਰੋ।
ਸਿੰਚਾਈ: ਵੱਟਾ ਤੇ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 2-4 ਦਿਨਾਂ ਮਗਰੋਂ ਅਤੇ ਦੂਜਾ ਪਾਣੀ ਲਗਭਗ ਇਕ ਮਹੀਨੇ ਬਾਅਦ ਲਗਾਉ।ਸਿੱਧੀ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਲਗਭਗ ਇੱਕ ਮਹੀਨੇ ਬਾਅਦ ਦਿਉ। ਮਾਰਚ ਦੇ ਮਹੀਨੇ ਵਿਚ 2-3 ਹਫਤਿਆਂ ਦੇ ਵਕਫ਼ੇ ਤੇ ਅਤੇ ਅਪੈ੍ਰਲ-ਮਈ ਦੇ ਮਹੀਨੇ ਵਿਚ 8-10 ਦਿਨਾਂ ਦੇ ਵਕਫ਼ੇ ਤੇ ਸਿਂਚਾਈ ਕਰੋੋ।ਫ਼ਸਲ ਨੂੰ 50% ਫੁਲ ਪੈਣ ਸਮੇਂ, ਦਾਣੇ ਬਣਨ ਸਮੇਂਂ ਅਤੇ ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਹੋਣ ਦੀ ਅਵੱਸਥਾ ਤੇ ਸਿਂਚਾਈ ਜਰੂਰ ਕਰੋ।ਫ਼ਸਲ ਵੱਢਣ ਤੋਂ ਲਗਭਗ ਦੋ ਹਫਤਿਆਂ ਪਹਿਲਾਂ ਸਿਂਚਾਈ ਬੰਦ ਕਰ ਦਿਓ।
ਤੁਪਕਾ ਸਿੰਚਾਈ ਵਿਧੀ: ਇਸ ਵਿਧੀ ਵਿਚ ਸੂਰਕਮੁਖੀ ਦੀ ਵੱਟਾ ਤੇ (60 ਸੈਂਟੀਮੀਟਰ ਣ 30 ਸੈਂਟੀਮੀਟਰ) ਬਿਜਾਈ ਤੋਂ ਬਾਅਦ ਹਰ ਇੱਕ ਵੱਟ ਉੱਪਰ ਬਰੀਕ ਪਾਈਪ (ਲੇਟਰਲ ਪਾਈਪ) ਵਿਛਾਓ ਜਿਸ ਦੇ 30 ਸੈਂਟੀਮੀਟਰ ਦੀ ਦੂਰੀ ਤੇ ਡਰੀਪਰ ਲੱਗੇ ਹੋਣ। ਬਿਜਾਈ ਤੋਂ ਇਕ ਮਹੀਨੇ ਬਾਅਦ, ਤਿੰਨ ਦਿਨਾਂ ਦੇ ਵਕਫੇ ਤੇ ਪਾਣੀ ਲਾਉ।ਇਸ ਵਿਧੀ ਵਿਚ 8 ਕਿਲੋ ਯੂਰੀਆ, 12 ਕਿਲੋ ਸਿੰਗਲ ਸੁਪਰਫਾਸਫੇਟ ਅਤੇ ਸਿਫਾਰਸ਼ ਕੀਤੀ ਗਈ ਪੋਟਾਸ਼ ਖਾਦ (20-40 ਕਿਲੋ ਮਯੂਰੇਟ ਆਫ ਪੋਟਾਸ਼) ਪ੍ਰਤਿ ਏਕੜ ਬਿਜਾਈ ਸਮੇਂ ਪਾਊ।ਬਿਜਾਈ ਦੇ ਇੱਕ ਮਹੀਨੇ ਬਾਅਦ ਸ਼ੁਰੂ ਕਰਕੇ 32 ਕਿਲੋ ਯੂਰੀਆ ਅਤੇ 12 ਲਿਟਰ ਓਰਥੋਫਾਸਫੋਰਿਕ ਐਸਿਡ (88%) ਤਿੱਨ ਤਿੱਨ ਦਿਨਾਂ ਦੇ ਵਕਫੇ ਦੇ 5 ਬਰਾਬਰ ਕਿਸ਼ਤਾਂ ਵਿਚ ਤੁਪਕਾ ਸ਼ਿੰਚਾਈ ਰਾਹੀਂ ਪਾਓ।
ਰਲਵੀਂ ਖੇਤੀ: ਸੂਰਜਮੁਖੀ ਤੇ ਮੈਂਥੇ ਦੀ ਰਲਵੀਂ ਬਿਜਾਈ ਲਈ ਜਨਵਰੀ ਦੇ ਅਖੀਰ ਵਿਚ ਸੂਰਜਮੁਖੀ ਦੀ ਦੋ ਕਤਾਰਾਂ (ਉੱਤਰ-ਦੱਖਣ ਦਿਸ਼ਾ ਵਿਚ) ਵਿਚਕਾਰ ਮੈਂਥੇ ਦੀਆਂ ਦੋ ਕਤਾਰਾਂ ਲਗਾੳ। ਸੂਰਜਮੁਖੀ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 120 ਸੈਂਟੀਮੀਟਰ ਅਤੇ ਬੁਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰਖੋ। ਮੈਂਥੇ ਦੀ ਰਲਵੀਂ ਫ਼ਸਲ ਲਈ 150 ਕਿਲੋ ਜੜਾਂ ਪ੍ਰਤੀ ਏਕੜ ਦੀ ਲੌੜ ਪੈਂਦੀ ਹੈ। ਰਲਵੀਂ ਫ਼ਸਲ ਲਈ ਸੂਰਜਮੁਖੀ ਨੂੰ ਸਿਫ਼ਾਰਸ ਕੀਤੀਆਂ ਖਾਦਾਂ ਤੋ ਇਲਾਵਾ ਮੈਂਥੇ ਲਈ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ) ਅਤੇ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ (12 ਕਿਲੋ ਫ਼ਾਸਫ਼ੋਰਸ) ਪ੍ਰਤੀ ਏਕੜ ਦੀ ਵਰਤੋਂ ਕਰੋ। ਸਿੰਗਲ ਸੁਪਰਫ਼ਾਸਫ਼ੇਟ ਦੀ ਸਾਰੀ ਮਾਤਰਾ ਅਤੇ ਯੂਰੀਆ ਦੀ ਅਧੀ ਮਾਤਰਾ ਬਿਜਾਈ ਵੇਲੇ ਅਤੇ ਯੂਰੀਆ ਦੀ ਬਚੱਦੀ ਅਧੀ ਮਾਤਰਾ ਬਿਜਾਈ ਤੋਂ 40 ਦਿਨਾਂ ਬਾਅਦ ਪਾਉ।
ਕਟਾਈ ਅਤੇ ਗਹਾਈ: ਹੇਠਲੇ ਪਾਸਿਉਂ ਸਿਰਾਂ ਦਾ ਰੰਗ ਬਦਲ ਕੇ ਪੀਲਾ-ਭੂਰਾ ਹੋ ਜਾਣਾ ਅਤੇ ਬਾਹਰਲੇ ਪਾਸ਼ੋਂ ਡਿਸਕ ਦੇ ਸੁੱਕਣ ਦੀ ਸ਼ੁਰੂਆਤ ਫ਼ਸਲ ਦੇ ਪੱਕਣ ਦੀਆਂ ਨਿਸ਼ਾਨਿਆਂ ਹਨ। ਇਸ ਸਮੇਂ ਬੀਜ ਪੂਰੀ ਤਰ੍ਹਾਂ ਪਕ ਕੇ ਕਾਲੇ ਰੰਗ ਦੇ ਹੋ ਜਾਦੇ ਹਨ।ਕਟਾਈ ਉਪਰੰਤ ਸੂਰਜਮੁਖੀ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਖਾ ਕੇ ਇਨ੍ਹਾਂ ਦੀ ਗਹਾਈ ਕਰੋ। ਥਰੈਸ਼ਰ ਨਾਲ ਗਹਾਈ ਸੂਰਜਮੁਖੀ ਦੇ ਸਿਰਾਂ ਦੀ ਕਟਾਈ ਤੋਂ ਤੁਰੰਤ ਬਾਅਦ ਕੀਤੀ ਜਾ ਸਕਦੀ ਹੈ।ਗਹਾਈ ਤੋਂ ਬਾਅਦ ਭੰਡਾਰਣ ਤੋਂ ਪਹਿਲਾ ਦਾਣਿਆ ਨੂੰ ਉੱਲੀ ਤੋਂ ਬਚਾਊਣ ਲਈ ਚੰਗੀ ਤਰ੍ਹਾਂ ਸੁਖਾਉ।
ਵਿਨੀਤਾ ਕੈਲਾ : 95509-07601
ਵਿਨੀਤਾ ਕੈਲਾ, ਸੁਖਵਿੰਦਰ ਸਿੰਘ ਕੰਦੋਲਾ ਅਤੇ ਸ਼ੈਲੀ ਨਈਅਰ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
Summary in English: New hybrid variety of sunflower: PSH 2080