1. Home
  2. ਖੇਤੀ ਬਾੜੀ

Parthenium Weed: ਗਾਜਰ ਬੂਟੀ ਨਦੀਨ ਸਬੰਧੀ ਜਾਗਰੂਕਤਾ ਅਤੇ ਰੋਕਥਾਮ ਬਹੁਤ ਜ਼ਰੂਰੀ, ਜਾਣੋ ਗਾਜਰ ਬੂਟੀ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਖਾਤਮੇ ਸਬੰਧੀ ਯੋਜਨਾ

ਇਹ ਇੱਕ ਖਤਰਨਾਕ ਨਦੀਨ ਹੈ ਜੋਕੇ ਮਾਰਚ ਤੋਂ ਉਗੱਣਾ ਸੁਰੂ ਕਰ ਦਿੰਦੀ ਹੈ ਅਤੇ ਨਵੰਬਰ ਤੱਕ ਉਗੱਦੀ ਰਹਿੰਦੀ ਹੈ। ਬਰਸਾਤਾਂ ਦੇ ਅਧਾਰ ਤੇ ਇਹ ਬੂਟੀ ਇੱਕ ਸਾਲ ਵਿੱਚ ਤਕਰੀਬਨ ਚਾਰ ਤੋਂ ਪੰਜ ਵਾਰੀ ਉਗੱਦੀ ਹੈ। ਜੜ੍ਹਾਂ ਦਾ ਵਿਸਥਾਰ ਡੂੰਘਾ ਹੋਣ ਕਰਕੇ ਇਹ ਨਦੀਨ ਘੱਟ ਪਾਣੀ ਵਾਲੇ ਸਥਾਨ ਤੇ ਬੜੀ ਅਸਾਨੀ ਨਾਲ ਹੋ ਜਾਂਦੇ ਹਨ। ਇਸ ਦਾ ਬੂਟਾ ਜ਼ਿਆਦਾ ਠੰਡ ਜਾਂ ਜ਼ਿਆਦਾ ਪਾਣੀ ਖੜ੍ਹਨ ਕਰਕੇ ਮਰ ਜਾਂਦਾ ਹੈ। ਇਸ ਬੂਟੀ ਦੀ ਬਹੁਤ ਜਿਆਦਾ ਸਮੱਸਿਆ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਸਤੰਬਰ) ਵਿੱਚ ਹੁੰਦੀ ਹੈ।

Gurpreet Kaur Virk
Gurpreet Kaur Virk
ਜਾਣੋ ਗਾਜਰ ਬੂਟੀ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਖਾਤਮੇ ਸਬੰਧੀ ਯੋਜਨਾ

ਜਾਣੋ ਗਾਜਰ ਬੂਟੀ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਖਾਤਮੇ ਸਬੰਧੀ ਯੋਜਨਾ

Gajar Boti: ਗਾਜਰ ਬੂਟੀ, ਜਿਸ ਨੂੰ ਕਾਂਗਰਸ ਘਾਹ, ਗਾਜਰ ਘਾਹ, ਸਫ਼ੈਦ ਟੋਪੀ ਅਤੇ ਪਾਰਥੀਨੀਅਮ ਬੂਟੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਾਜਰ ਵਰਗੇ ਚੀਰਵੇਂ ਪੱਤੇ ਹੋਣ ਕਰਕੇ ਇਸ ਨੂੰ ਗਾਜਰ ਘਾਹ ਜਾਂ ਗਾਜਰ ਬੂਟੀ ਕਿਹਾ ਜਾਂਦਾ ਹੈ। ਇਸ ਦੇ ਫੁੱਲ ਟੋਪੀ ਵਰਗੇ ਹੋਣ ਕਰਕੇ ਇਸ ਨੂੰ ਸਫੈਦ ਟੋਪੀ ਕਿਹਾ ਜਾਂਦਾ ਹੈ।

ਇਸ ਬੂਟੀ ਦਾ ਬੀਜ ਬਹੁਤ ਬਰੀਕ ਹੋਣ ਕਰਕੇ ਇਹ ਬਹੁਤ ਇਕੱਠੇ ਬੂਟਿਆਂ ਦੇ ਗਰੋਹ ਵਿੱਚ ਉਗੱਦਾ ਹੈ ਇਸੇ ਲਈ ਇਸ ਨੂੰ ਕਾਂਗਰਸ ਘਾਹ ਕਹਿੰਦੇ ਹਨ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਬੂਟੀ ਭਾਰਤ ਵਿੱਚ 1960 ਦੇ ਦਹਾਕੇ ਵਿੱਚ ਮੈਕਸੀਕਨ ਕਣਕ ਦੇ ਬੀਜ ਨਾਲ ਆਈ।

ਇਹ ਬੂਟੀ ਖਾਲੀ ਥਾਵਾਂ, ਸੜਕਾਂ ਦੇ ਆਲੇ ਦੁਆਲੇ, ਨਹਿਰ ਦੀ ਪਟੜੀ, ਰੇਲ ਦੀਆਂ ਲਾਈਨਾਂ ਦੇ ਦੁਆਲੇ, ਰਿਹਾਇਸ਼ੀ ਇਲਾਕਿਆਂ, ਪਾਰਕਾਂ, ਸ਼ਾਮਲਾਟ ਜ਼ਮੀਨਾਂ, ਪੱਕੀਆਂ ਵੱਟਾਂ ਅਤੇ ਰਸਤੇ, ਬਾਗਾਂ ਅੰਦਰ ਅਤੇ ਹੋਰ ਖੁੱਲ੍ਹੀਆਂ ਥਾਵਾਂ, ਖਾਲੀ ਪਲਾਟਾਂ ਜਿਹਨਾਂ ਵਿੱਚ ਕੁੱਝ ਮਹੀਨੇ ਤੱਕ ਕਿਸੇ ਕਿਸਮ ਦੀ ਛੇੜਛਾੜ ਨਹੀਂ ਹੁੰਦੀ ਤਾਂ ਤੇ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਆਮ ਕਰਕੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਵਿੱਚ ਸੜਕਾਂ ਦੇ ਆਲੇ ਦੁਆਲੇ ਅਤੇ ਬਾਕੀ ਥਾਵਾਂ ਵਿੱਚ ਇਹ ਬੂਟੀ ਦੀ ਭਰਮਾਰ ਹੁੰਦੀ ਹੈ। ਇਹ ਇੱਕ ਖਤਰਨਾਕ ਨਦੀਨ ਹੈ ਜੋਕੇ ਮਾਰਚ ਤੋਂ ਉਗੱਣਾ ਸੁਰੂ ਕਰ ਦਿੰਦੀ ਹੈ ਅਤੇ ਨਵੰਬਰ ਤੱਕ ਉਗੱਦੀ ਰਹਿੰਦੀ ਹੈ। ਬਰਸਾਤਾਂ ਦੇ ਅਧਾਰ ਤੇ ਇਹ ਬੂਟੀ ਇੱਕ ਸਾਲ ਵਿੱਚ ਤਕਰੀਬਨ ਚਾਰ ਤੋਂ ਪੰਜ ਵਾਰੀ ਉਗੱਦੀ ਹੈ। ਜੜ੍ਹਾਂ ਦਾ ਵਿਸਥਾਰ ਡੂੰਘਾ ਹੋਣ ਕਰਕੇ ਇਹ ਨਦੀਨ ਘੱਟ ਪਾਣੀ ਵਾਲੇ ਸਥਾਨ ਤੇ ਬੜੀ ਅਸਾਨੀ ਨਾਲ ਹੋ ਜਾਂਦੇ ਹਨ। ਇਸ ਦਾ ਬੂਟਾ ਜ਼ਿਆਦਾ ਠੰਡ ਜਾਂ ਜ਼ਿਆਦਾ ਪਾਣੀ ਖੜ੍ਹਨ ਕਰਕੇ ਮਰ ਜਾਂਦਾ ਹੈ। ਇਸ ਬੂਟੀ ਦੀ ਬਹੁਤ ਜਿਆਦਾ ਸਮੱਸਿਆ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਸਤੰਬਰ) ਵਿੱਚ ਹੁੰਦੀ ਹੈ।

ਹਰ ਇਕ ਮਹੀਨੇ ਵਿੱਚ ਇਹ ਬੂਟੀ ਵੱਖਰੀਆਂ-ਵੱਖਰੀਆਂ ਹਾਲਤਾਂ ਜਿਵੇਂ ਕਿ ਨਵੇਂ ਜੰਮਦੇ ਬੂਟੇ, ਪੂਰੀਆਂ ਟਾਹਣੀਆਂ ਬਣਾਉਣ ਦੀ ਹਾਲਤ ਵਿੱਚ, ਫੁੱਲਾਂ ਦੀ ਹਾਲਤ, ਪਰ-ਪਰਾਗਣ ਦੀ ਹਾਲਤ ਵਿੱਚ ਮਿਲਦੀ ਹੈ।ਇਸ ਬੂਟੀ ਦੀ ਉਚਾਈ 1-1.5 ਮੀਟਰ ਹੁੰਦੀ ਹੈ ਅਤੇ ਇਕ ਬੂਟਾ ਲਗਭਗ 5000 ਤੋਂ 25000 ਬੀਜ ਪੈਦਾ ਕਰਦਾ ਹੈ। ਇਸ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਹਵਾ ਜਾਂ ਪਾਣੀ ਨਾਲ ਸੌਖਿਆਂ ਹੀ ਦੂਰ ਦੂਰ ਤੱਕ ਚਲੇ ਜਾਂਦੇ ਹਨ। ਇਹ ਬੂਟੀ ਜ਼ਮੀਨ ਵਿੱਚ ਥੋੜ੍ਹੀ ਨਮੀ ਨਾਲ ਉੱਗ ਪੈਂਦੀ ਹੈ। ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁਤ ਗਿਣਤੀ ਵਿੱਚ ਆਉਂਦੇ ਹਨ। ਇਸ ਬੂਟੀ ਦੀ ਸਮੱਸਿਆ ਲੰਮੇ ਸਮੇਂ ਦੀਆਂ ਫਸਲਾਂ ਜਿਵੇਂ ਕਮਾਦਆਦਿ, ਫਸਲਾਂ ਦੀਆਂ ਵੱਟਾਂ ਉਪਰ ਅਤੇ ਸੜਕਾਂ ਦੇ ਨੇੜੇ ਖੇਤਾਂ ਵਿਚ ਆਉਂਦੀ ਹੈ।ਇਸ ਨਦੀਨ ਦਾ ਫ਼ਸਲਾਂ ਦੇ ਝਾੜ ਸਿੱਧੇ ਤੌਰ 'ਤੇ ਅਸਰ ਪੈਂਦਾ ਹੈਅਤੇ ਅਸਿੱਧੇ ਤੌਰ 'ਤੇ ਇਹ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਜਿਵੇਂਕਿ ਚਿੱਟੀ ਮੱਖੀ, ਮਿਲੀ ਬੱਗ, ਚੇਪਾ, ਭੱਬੂ ਕੁੱਤਾ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਮਰੋੜ ਬਿਮਾਰੀ ਲਈ ਬਦਲਵੀਂ ਪਨਾਹਵਜੋਂ ਕੰਮ ਕਰਦਾ ਹੈ। ਜੇਕਰ ਇਸ ਵੱਲ ਹੁਣ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਫਸਲਾਂ ਇਸ ਬੂਟੀ ਦੀ ਮਾਰ ਹੇਠ ਆ ਸਕਦੀਆਂ ਹਨ ਅਤੇ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।

ਗਾਜਰ ਬੂਟੀ ਦੇ ਮਾੜੇ ਪ੍ਰਭਾਵ

ਇਹ ਬੂਟੀ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਜੇਕਰ ਇਸ ਬੂਟੀ ਨਾਲ ਜਿਆਦਾ ਦੇਰ ਤੱਕ ਸੰਪਰਕ ਰਹੇ ਤਾਂ ਕਈ ਤਰ੍ਹਾਂ ਦੇ ਰੋਗ ਜਿਸ ਤਰ੍ਹਾਂ ਕਿ ਸਾਹ ਨਾਲੀ ਦੇ ਰੋਗ, ਦਮਾ, ਜੁਕਾਮ, ਛਿੱਕਾਂ ਆਉਣੀਆਂ, ਨੱਕ ਵਿੱਚ ਪਾਣੀ ਵਗਦਾ ਆਦਿ ਦੀ ਸਮੱਸਿਆ ਆ ਜਾਂਦੀ ਹੈ। ਜਦੋਂ ਇਹ ਬੂਟੀ ਫੁੱਲਾਂ ਦੀ ਪਰਾਗਣ ਕਿਰਿਆ ਕਰਦੀ ਹੈ ਤਾਂ ਕਈ ਵਿਅਕਤੀ ਫੁੱਲਾਂ ਵਿਚੋਂ ਨਿਕਲੇ ਪਰਾਗ ਕਣ ਸਾਹ ਰਾਹੀਂ ਅੰਦਰ ਖਿੱਚ ਲੈਂਦੇ ਹਨ ਅਤੇ ਸਾਹ ਨਾਲੀ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੁਖਾਰ, ਨਜ਼ਲਾ, ਚਮੜੀ ਦੇ ਰੋਗ, ਚਮੜੀ ਦੀ ਸੋਜਿਸ, ਖੁਜਲੀ, ਧੱਫੜ ਅਤੇ ਜ਼ਖਮ ਆਦਿ ਹੋ ਜਾਂਦੇ ਹਨ।ਕਈ ਵਾਰੀ ਇਹ ਜ਼ਖਮ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ ਅਤੇ ਰੋਗੀ ਨੂੰ ਠੀਕ ਹੋਣ ਲਈ ਕਾਫੀ ਸਮਾਂ ਲੱਗਦਾ ਹੈ ਅਤੇ ਕਈ ਵਾਰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਇਸ ਦੇ ਸੁੱਕੇ ਹੋਏ ਬੂਟੇ ਵੀ ਹਾਨੀਕਾਰਕ ਹੁੰਦੇ ਹਨ। ਸਰੀਰ ਦਾ ਕੋਈ ਵੀ ਹਿੱਸਾ ਨੰਗਾ ਨਹੀਂ ਹੋਣਾ ਚਾਹੀਦਾ ਤਾਂ ਜੋ ਇਸ ਬੂਟੀ ਦਾ ਸੰਪਰਕ ਸਰੀਰ ਨਾਲ ਨਾ ਹੋ ਸਕੇ।

ਜਿਹੜੇ ਕਾਮੇਅੱਧੀ ਬਾਂਹ ਵਾਲੇ ਕਮੀਜ਼ ਪਾ ਕੇ ਜਾਂ ਕਈ ਵਾਰ ਕੰਮ ਕਰਦੇ ਸਮੇਂ ਪਜਾਮਾ/ਚਾਦਰ ਉਤਾਰ ਕੇ ਖੇਤਾਂ ਵਿੱਚ ਇਸ ਬੂਟੀ ਦੇ ਸੰਪਰਕ ਵਿਚ ਰਹਿੰਦੇ ਹਨ ਉਹ ਇਸ ਬੂਟੀ ਤੋਂ ਉਤਪੰਨ ਰੋਗਾਂ ਦੇ ਵੱਧ ਸ਼ਿਕਾਰ ਹੁੰਦੇ ਹਨ। ਬੂਟੇ ਪੁੱਟਣ ਸਮੇਂਹੱਥਾਂ ਉਪਰ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ ਅਤੇ ਬਾਕੀ ਸਰੀਰ ਦੇ ਅੰਗ ਵੀ ਪੂਰੀ ਤਰ੍ਹਾਂ ਢਕੇ ਹੋਣੇ ਚਾਹੀਦੇ ਹਨ। ਇਸ ਬੂਟੀ ਪਸ਼ੂਆਂ ਲਈ ਵੀ ਖਤਰਨਾਕ ਹੈੈਕਿਉਂਕਿ ਜੇਕਰ ਇਸ ਬੂਟੀ ਵਿੱਚ ਪਸ਼ੂ ਚਰਦੇ ਰਹਿਣ ਤਾਂ ਪਸ਼ੂਆਂ ਦੀ ਚਮੜੀ ਉਪਰ ਖਾਰਸ਼ ਪੈ ਜਾਂਦੀ ਹੈਤੇ ਪਸ਼ੂ ਚਮੜੀ ਰੋਗ ਦੇ ਸ਼ਿਕਾਰ ਹੋਜਾਂਦੇ ਹਨ।ਨੀਮ ਪਹਾੜੀ ਖੇਤਰ ਦੀਆਂ ਚਰਾਂਦਾਂ ਵਿਚ ਵੀ ਇਸ ਬੂਟੀ ਨੇ ਕਾਫੀ ਫੈਲਾਅ ਕਰ ਲਿਆ ਹੈ।

ਇਸ ਨਦੀਨ ਵਿੱਚ ਪਾਰਥੀਨਿਨ, ਹਿਸਟੈਰਿਨ, ਹਾਈਮੈਨਿਨ ਅਤੇ ਐਂਬਰੋਜ਼ਿਮ ਨਾਂ ਦੇ ਰਸਾਇਣਕਤੱਤ ਪਾਏ ਜਾਂਦੇ ਹਨ ਜੋ ਕਿ ਆਲੇ ਦੁਆਲੇ ਦੂਸਰੇ ਬੂਟਿਆਂ ਦੇ ਉੱਗਣ ਅਤੇ ਵਾਧੇ ਤੇ ਬੁਰਾ ਅਸਰ ਪਾਉਂਦੇ ਹਨ।ਜੇਕਰ ਦੁਧਾਰੂ ਪਸ਼ੂ ਇਸ ਬੂਟੀ ਨੂੰ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲ ਜਾਂਦਾ ਹੈਅਤੇ ਦੁੱਧ ਦੇ ਉਤਪਾਦਨ ਵਿੱਚ ਕਮੀ ਆਜਾਂਦੀ ਹੈ। ਕਿਉਂਕਿ ਪਾਰਥੀਨਿਨ ਨਾਂ ਦੀ ਜ਼ਹਿਰ ਦੀ ਮਾਤਰਾ ਦੁੱਧ ਵਿਚ ਆ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜੇਕਰ ਪਸੂਇਸ ਨੂੰ ਜਿਆਦਾ ਮਾਤਰਾ ਵਿੱਚ ਖਾ ਲੈਦੇ ਹਨ ਤਾਂ ਕਈ ਵਾਰ ਜਾਨ ਲੇਵਾ ਵੀ ਸਾਬਿਤ ਹੋ ਸਕਦਾ ਹੈ। ਇਸ ਦੀ ਜ਼ਹਿਰ ਕਰਕੇ ਪਸੂਆਂ ਦੇ ਸਰੀਰ ਤੇ ਲਾਲ ਧਾਰੀਆਂ, ਵਾਲਾਂ ਦਾ ਝੜਨਾ, ਚਮੜੀ ਖਰਾਬ ਹੋ ਜਾਣੀ, ਮੂੰਹ ਵਿੱਚ ਛਾਲੇ ਪੈ ਜਾਣੇ, ਪਸੂਆਂ ਦੀ ਕਮਜ਼ੋਰ ਸਿਹਤ ਹੋ ਜਾਂਦੀ ਹੈ। ਜੇਕਰ ਇਹ ਬੂਟੀ ਚਾਰੇ ਦੀ ਫਸਲ ਵਿੱਚ ਹੋਵੇ ਤਾਂ ਇਸ ਨੂੰ ਪਸੂਆਂ ਨੂੰ ਪਾਉਣ ਤੋਂ ਪਹਿਲਾਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Cotton Crop ਦੀ ਨਿਰੋਗ ਕਾਸ਼ਤ ਲਈ ਇਕ ਸ਼ਾਨਦਾਰ ਖੋਜ ਆਈ ਸਾਹਮਣੇ, ਪੀਏਯੂ ਨੇ ਵਾਇਰਸ-ਰੋਧਕ ਪ੍ਰਜਨਨ ਲਾਈਨਾਂ ਦਾ ਕੀਤਾ ਖੁਲਾਸਾ

ਗਾਜਰ ਬੂਟੀ ਦੇ ਖਾਤਮੇ ਸਬੰਧੀ ਯੋਜਨਾ

ਇਸ ਹਾਨੀਕਾਰਕ ਬੂਟੀ ਤੋਂ ਛੁਟਕਾਰਾ ਪਾਉਣ ਲਈ ਪਿੰਡ ਪੱਧਰ ਤੇ ਗਾਜਰ ਬੂਟੀ ਮਾਰੂ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਮੁਹਿੰਮ ਦੀ ਯੋਜਨਾ ਬਣਾਉਣ ਲਈ ਸਭ ਤੋਂ ਪਹਿਲਾਂ ਪਿੰਡਾਂ ਜਾਂ ਸ਼ਹਿਰਾਂ ਦੇ ਆਗੂਆਂ ਜਿਵੇਂ ਪਿੰਡ ਦੇ ਸਰਪੰਚ, ਸਕੂਲਾਂ ਦੇ ਪ੍ਰਿੰਸੀਪਲ, ਇਲਾਕਿਆਂ ਦੇ ਪ੍ਰਧਾਨ, ਕਮੇਟੀ ਜਾਂ ਕਾਰਪੋਰੇਸ਼ਨ ਦੇ ਅਹੁਦੇਦਾਰ, ਸਮਾਜ ਸੁਧਾਰਕ, ਸਵੈ-ਸਹਾਇਤਾ ਗਰੁੱਪਾਂ, ਗੈਰ ਸਰਕਾਰੀ ਅਦਾਰਿਆਂ ਆਦਿ ਨਾਲ ਸੰਪਰਕ ਕੀਤਾ ਜਾਵੇ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮੁਹੱਲਿਆਂ ਦੀਆਂ ਕਮੇਟੀਆਂ ਵਿੱਚ ਇਹ ਆਮ ਇਜਲਾਸ ਸੱਦ ਕੇ ਇਸ ਬੂਟੀ ਦੀ ਰੋਕਥਾਮ ਲਈ ਮਤਾ ਪਾਸ ਕਰਨਾ ਚਾਹੀਦਾ ਹੈ।

ਉਦਾਹਰਣ ਵਜੋਂ ਪਿੰਡ ਮਨਸੂਰਾਂ ਜਿਲਾ ਲੁਧਿਆਣਾ ਵਿਚ ਮਨਰੇਗਾ ਮਜਦੂਰਾਂ, ਪਿੰਡ ਵਾਸੀਆਂ ਅਤੇ ਪੰਚਾਇਤ ਦੇ ਉਦਮਾਂ ਸਦਕਾ ਗਾਜਰ ਬੂਟੀ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਹੋਇਆ ਤੇ ਲਗਾਤਾਰ ਹਰ ਸਾਲ ਚਲਦਾ ਰਿਹਾ ਜਿਸ ਕਰਕੇ ਇਸ ਪਿੰਡ ਨੂੰ ਪਹਿਲਾ ਗਾਜਰ ਬੂਟੀ ਮੁਕਤ ਪਿੰਡ ਐਲਾਨਿਆ ਗਿਆ। ਪਿੰਡ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕੇ ਪਿੰਡ ਵਾਸੀਆਂ ਨੂੰ ਆਪਣੇ ਘਰ ਦੇ ਇਰਦ-ਗਿਰਦ ਅਤੇ ਉਸ ਦੀ ਜ਼ਮੀਨ ਵਿੱਚੋਂ ਇਸ ਬੂਟੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਾਈ ਜਾਵੇ। ਇਸ ਤੋਂ ਇਲਾਵਾ ਇਸ ਖਤਰਨਾਕ ਬੂਟੀ ਬਾਰੇ ਅਖਬਾਰਾਂ, ਰਸਾਲੇ, ਰੇਡੀਓ, ਟੀ.ਵੀ.ਆਦਿ ਦੇ ਮਾਧਿਅਮ ਰਾਹੀਂ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਹੋ ਸਕੇਤੇਇਸ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਇਸ ਦੀ ਰੋਕਥਾਮ ਦੇ ਡੂੰਘਾ ਬਾਰੇ ਲੋਕ ਜਾਣੂ ਹੋ ਸਕਣ।

ਗਾਜਰ ਬੂਟੀ ਦੀ ਰੋਕਥਾਮ

ਗਾਜਰ ਬੂਟੀ ਦੀ ਸਮੱਸਿਆ ਦਾ ਹੱਲ ਇਸ ਦੀ ਰੋਕਥਾਮ ਇਕ ਸਾਲ ਕਰਕੇ ਨਹੀਂ ਪਰੰਤੂ ਲਗਾਤਾਰ (3-5 ਸਾਲ) ਇਸ ਨੂੰ ਖਤਮ ਕਰਕੇ ਹੈ। ਇਹ ਟੀਚਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਆਮ ਜਨਤਾ ਪੂਰਾ-ਪੂਰਾ ਸਹਿਯੋਗ ਦੇਵੇ।ਗਾਜਰ ਬੂਟੀ ਨੂੰ ਫੁੱਲ ਪੈਣ ਤੋਂ ਪਹਿਲਾਂ ਹੱਥੀਂ ਪੁੱਟ ਦਿਉ ਤਾਂ ਜੋ ਉਹਨਾਂ ਦਾ ਬੀਜ ਨਾ ਖਿਲਰੇ ਜਿਸ ਨਾਲ ਆਉਂਦੇ ਸਾਲਾਂ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਜਾਵੇ। ਮੌਨਸੂਨ ਦੌਰਾਨ ਜਦੋਂ ਜ਼ਮੀਨ ਵਿਚ ਨਾਮੀ ਹੋਵੇ ਗਾਜਰ ਬੂਟੀ ਨੂੰ ਲੰਬੇ ਦਸਤੇ ਵਾਲੇ ਔਜ਼ਾਰ ਜਿਸ ਤਰ੍ਹਾਂ ਕਹੀ ਜਾਂ ਕਸੌਲੇ ਨਾਲ ਜੜ੍ਹ ਸਮੇਤ ਪੁੱਟੋ ਕਿਉਂਕਿ ਜੇਕਰ ਇਸ ਦੇ ਬੂਟੇ ਨੂੰ ਜ਼ਮੀਨ ਦੇ ਉਪਰ ਤੋਂ ਕੱਟਿਆ ਜਾਵੇ ਤਾਂ ਇਹ ਦੁਬਾਰਾ ਚੱਲ ਪੈਂਦਾ ਹੈ।

ਇਸ ਬੂਟੀ ਨੂੰ ਹੱਥਾਂ ਨਾਲ ਪੁੱਟਣ ਸਮੇ ਦਸਤਾਨੇ ਪਾਉਣੇ ਚਾਹੀਦੇ ਹਨ ਅਤੇ ਸਰੀਰ ਦਾ ਕੋਈ ਅੰਗ ਨੰਗਾ ਨਹੀ ਰੱਖਣਾ ਚਾਹੀਦਾ, ਮੁੰਹ ਵੀ ਢੱਕ ਲੈਣਾ ਚਾਹੀਦਾ ਹੈ ਤਾਂ ਕਿ ਇਸ ਦੇ ਪਰਾਗ ਕਣ ਸਾਹ ਨਾਲ ਅੰਦਰ ਨਾ ਜਾਣ। ਸਾਰੇ ਪੁੱਟੇ ਹੋਏ ਬੂਟਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਸੁਕਾ ਕੇ ਨਸ਼ਟ ਕਰ ਦਿਉ ਕਿਉਂਕਿ ਇਸ ਬੂਟੀ ਦੇ ਸੁੱਕੇ ਬੂਟੇ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।ਖੁੱਲ੍ਹੀਆਂ ਖਾਲੀ ਥਾਵਾਂ ਤੇ ਜਿੱਥੇ ਟਰੈਕਟਰ ਚੱਲ ਸਕਦਾ ਹੋਵੇ ਉਥੇ ਜਮੀਨ ਨੂੰ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ।ਕੰਮ ਖਤਮ ਕਰਨ ਤੋਂ ਬਾਅਦ ਸਾਬਣ ਨਾਲ ਨਹਾਉਣਾ ਚਾਹੀਦਾ ਹੈ।

ਜਿਹੜੇ ਵਿਅਕਤੀਆਂ ਨੂੰ ਇਸ ਬੂਟੀ ਤੋਂ ਸੰਦਵੇਦਨਸ਼ੀਲਤਾ ਹੋਵੇ ਉਹਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।ਕੁਦਰਤੀ ਤੋਰ ਤੇ ਮੈਕਸੀਕਨ ਬੀਟਲ/ਭੂੰਡੀ ਜੂਨ ਤੋਂ ਅਗਸਤ ਤੇ ਮਹੀਨਿਆਂ ਵਿਚ ਗਾਜਰ ਬੂਟੀ ਤੇ ਪਾਲਦੀ ਹੈ।ਇਹ ਭੂੰਡੀ ਮਿੱਤਰ ਕੀੜਿਆਂ ਵਿੱਚੋ ਇਕ ਹੈ। ਇਹ ਭੂੰਡੀ ਗਾਜਰ ਬੂਟੀ ਦੇ ਨਵੇਂ ਪੱਤਿਆਂ ਨੂੰ ਖਾਂਦੀ ਹੈੇ ਜਿਸਨਾਲ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਤੇ ਬੀਜ ਨਹੀਂ ਬਣਦਾ। ਇਹ ਭੂੰਡੀ ਹੋਰ ਕਿਸੇ ਫ਼ਸਲ ਨੂੰ ਨੁਕਸਾਨ ਨਹੀਂ ਕਰਦੀ ਇਸ ਲਈ ਇਸ ਦੀ ਰੋਕਥਾਮ ਲਈ ਕੋਈ ਵੀ ਕੀਟਨਾਸ਼ਕ ਨਹੀਂ ਛਿੜਕਣਾ ਚਾਹੀਦਾ।ਜੇਕਰ ਇਹ ਬੂਟੀ ਕਿਸੇ ਫਸਲ ਵਿੱਚ ਉਗ ਪਵੇ ਤਾਂ ਇਸ ਨੂੰ ਸੁਰੂ ਵਿਚ ਹੀ ਪੁੱਟ ਦਿਉ ਕਿਉਂਕਿ ਫਸਲਾਂ ਵਿੱਚ ਇਸ ਦੀ ਰੋਕਥਾਮ ਲਈ ਨਦੀਨ ਨਾਸ਼ਕ ਦੀ ਕੋਈ ਸਿਫਾਰਸ਼ ਨਹੀਂ ਹੈ।

ਸਰੋਤ: ਮਨਪ੍ਰੀਤ ਸਿੰਘ, ਪ੍ਰਭਜੀਤ ਕੌਰ ਅਤੇ ਤਰੁਨਦੀਪ ਕੌਰ, ਫ਼ਸਲ ਵਿਗਿਆਨ ਵਿਭਾਗ

Summary in English: Parthenium Weed: Awareness and prevention of gajar boti is very important, know the negative effects of Parthenium Weed and its eradication plan

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters