ਝੋਨਾ ਪੰਜਾਬ ਵਿੱਚ ਸਾਉਣੀ ਦੌਰਾਨ ਉਗਾਈ ਜਾਣ ਵਾਲੀ ਇੱਕ ਮਹੱਤਵ ਪੂਰਨ ਫਸਲ ਹੈ।ਇਸ ਫਸਲ ਤੇ ਕਈ ਬਿਮਾਰੀਆਂ ਹਮਲਾ ਕਰ ਕੇ ਝਾੜ ਘਟਾ ਦਿੰਦੀਆਂ ਹਨ।ਇਹਨਾਂ ਵਿੱਚ ਝੁਲਸ ਰੋਗ, ਸ਼ੀਥ ਬਲਾਈਟ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ, ਭੁਰੜ ਰੋਗ, ਬੰਟ, ਤਣੇ ਦਾ ਗਲਣਾ ਆਦਿ ਪ੍ਰਮੁੱਖ ਹਨ।ਇਸ ਤੋਂ ਇਲਾਵਾ ਬਾਸਮਤੀ ਦੀ ਫਸਲ ਤੇ ਵੀ ਮੁੱਢਾਂ ਦਾ ਗਲਣਾ ਜਾਂ ਭੁਰੜ ਰੋਗ ਹਮਲਾ ਕਰਦੇ ਹਨ।ਇਹਨਾਂ ਰੋਗਾਂ ਦੇ ਫੈਲਾਅ ਦੇ ਕਈ ਕਾਰਨ ਹਨ।ਰੋਗੀ ਬੀਜ, ਪਾਣੀ ਜਾਂ ਖਾਦਾਂ ਦੀ ਜ਼ਿਆਦਾ ਤੇ ਬੇ-ਲੋੜੀ ਵਰਤੋਂ ਅਤੇ ਖੇਤਾਂ ਵਿੱਚ ਨਦੀਨਾਂ ਦੀ ਜ਼ਿਆਦਾ ਗਿਣਤੀ ਵੀ ਬਿਮਾਰੀਆਂ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।ਕਿਸਾਨ ਭਰਾ ਅਕਸਰ ਹੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਅਤੇ ਰੋਗਾਂ ਦੀ ਰੋਕਥਾਮ ਲਈ ਜ਼ਿਆਦਾਤਰ ਰਸਾਇਣਾਂ ਤੇ ਹੀ ਨਿਰਭਰ ਕਰਦੇ ਹਨ।
ਜਿਸ ਕਰਕੇ ਇੱਕ ਤਾਂ ਰਸਾਇਣਾਂ ਦੀ ਬੇ-ਲੋੜੀ ਵਰਤੋਂ ਹੋ ਰਹੀ ਹੈ ਅਤੇ ਕਈ ਵਾਰੀ ਬਿਮਾਰੀਆਂ ਤੇ ਕਾਬੂ ਪਾਉਣਾ ਵੀ ਆਉਖਾ ਹੋ ਜਾਂਦਾ ਹੈ।ਇਸ ਲਈ ਝੋਨੇ ਦੇ ਰੋਗਾਂ ਦੀ ਸੁਚੱਜੀ ਰੋਕਥਾਮ ਲਈ ਬੀਜ ਖਰੀਦਣ ਤੋਂ ਲੈ ਕੇ ਫਸਲ ਦੇ ਪੱਕਣ ਤੱਕ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ।ਇਸ ਲੇਖ ਵਿੱਚ ਕੁਝ ਅਜਿਹੀ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿ ਕਿਸਾਨ ਵੀਰ ਪਾਣੀ, ਖਾਦਾਂ ਜਾਂ ਨਦੀਨਾਂ ਦੇ ਸੁਚੱਜੀ ਪ੍ਰਬੰਧ ਨਾਲ ਝੋਨੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾ ਸਕਣ।ਇਸ ਤਰ੍ਹਾਂ ਰਸਾਇਣਾਂ ਦੀ ਲੋੜ ਵੀ ਘਟੇਗੀ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ।
ਤੰਦਰੁਸਤ ਬੀਜ ਦੀ ਚੋਣ: ਝੋਨੇ ਅਤੇ ਬਾਸਮਤੀ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਮੁੱਢਾਂ ਦਾ ਗਲਣਾ, ਝੁਲਸ ਰੋਗ, ਭੂਰੇ ਧੱਬਿਆਂ ਦਾ ਰੋਗ, ਤਣੇ ਦੁਆਲੇ ਪੱਤੇ ਦਾ ਗਲਣਾ ਆਦਿ ਰੋਗੀ ਬੀਜ ਰਾਹੀਂ ਪੈਦਾ ਹੁੰਦੀਆਂ ਹਨ।ਇਹਨਾਂ ਰੋਗਾਂ ਦੇ ਕਿਟਾਣੂੰ ਬੀਜ ਵਿੱਚ ਹੀ ਅਗਲੇ ਸਾਲ ਤੱਕ ਬਚੇ ਰਹਿੰਦੇ ਹਨ ਅਤੇ ਨਵੇਂ ਹਮਲੇ ਦਾ ਕਾਰਨ ਬਣਦੇ ਹਨ।ਰੋਗੀ ਬੀਜ ਰਾਹੀਂ ਬਿਮਾਰੀਆਂ ਇੱਕ ਇਲਾਕੇ ਤੋਂ ਦੂਜੇ ਇਲਾਕਿਆਂ ਤੱਕ ਫੈਲ ਜਾਂਦੀਆਂ ਹਨ।ਕਈ ਵਾਰੀ ਰੋਗੀ ਬੀਜ ਨਾਲ ਸ਼ੁਰੂ ਹੋਣ ਵਾਲੀਆਂ ਬਿਮਾਰੀਆਂ ਬਾਅਦ ਵਿੱਚ ਕਾਬੂ ਕਰਨੀਆਂ ਆਉਖੀਆਂ ਹੋ ਜਾਂਦੀਆਂ ਹਨ।ਇਸ ਲਈ ਕਿਸਾਨ ਭਰਾਵਾਂ ਨੂੰ ਬੀਜ ਖਰੀਦਣ ਵੇਲੇ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ।ਹਮੇਸ਼ਾ ਕਿਸੇ ਭਰੋਸੇਮੰਦ ਸੋਮੇ ਤੋਂ ਹੀ ਬੀਜ ਖਰੀਦਣਾ ਚਾਹੀਦਾ ਹੈ।ਪਨੀਰੀ ਬੀਜਣ ਲੱਗਿਆਂ ਬੀਜ ਨੂੰ ਪਾਣੀ ਵਿੱਚ ਡੋਬ ਕੇ ਚੰਗੀ ਤਰ੍ਹਾਂ ਹਿਲਾਓ।ਇਸ ਤਰਾਂ੍ਹ ਜਿਹੜਾ ਹਲਕਾ ਬੀਜ ਉੱਪਰ ਤਰ ਜਾਂਦਾ ਹੈ ਉਸ ਨੂੰ ਵਖਰਾ ਕਰ ਲਉ।ਜਿਹੜਾ ਭਾਰਾ ਬੀਜ ਹੇਠਾਂ ਬੈਠ ਜਾਂਦਾ ਹੈ ਉਹ ਹੀ ਬਿਜਾਈ ਲਈ ਵਰਤੋ।ਅਜਿਹੇ ਬੀਜ ਤੋਂ ਤਿਆਰ ਕੀਤੀ ਗਈ ਨਰੋਈ ਤੇ ਤੰਦਰੁਸਤ ਫਸਲ ਉੱਤੇ ਤਣੇ ਦੁਆਲੇ ਪੱਤੇ ਦਾ ਗਲਣਾ, ਮੁੱਢਾਂ ਦਾ ਗਲਣਾ, ਝੁਲਸ ਰੋਗ, ਭੂਰੇ ਧੱਬਿਆਂ ਦਾ ਰੋਗ ਆਦਿ ਰੋਗ ਘੱਟ ਹਮਲਾ ਕਰਦੇ ਹਨ।
ਪਾਣੀ ਦੀ ਸੁਚੱਜੀ ਵਰਤੋਂ: ਬਿਮਾਰੀਆਂ ਦੇ ਵਾਧੇ ਵਿੱਚ ਨਮੀ ਦਾ ਬਹੁਤ ਹੀ ਯੋਗਦਾਨ ਹੁੰਦਾ ਹੈ।ਬਿਮਾਰੀਆਂ ਦੇ ਵਾਧੇ ਲਈ 85 ਪ੍ਰਤੀਸ਼ਤ ਤੋਂ ਜ਼ਿਆਦਾ ਨਮੀਂ ਚਾਹੀਦੀ ਹੁੰਦੀ ਹੈ।ਉੱਲੀ ਦੇ ਕਣਾਂ ਦੇ ਜੰਮ ਅਤੇ ਬਿਮਾਰੀ ਦੀ ਸ਼ੁਰੂਆਤ ਵਾਸਤੇ ਪਾਣੀ ਦੀ ਬਹੁਤ ਲੋੜ ਹੁੰਦੀ ਹੈ।ਕਈ ਜਿਵਾਣੂੰਆਂ ਦੀ ਗਿਣਤੀ ਵਿੱਚ ਵਾਧੇ ਅਤੇ ਪੌਦੇ ਵਿੱਚ ਦਾਖਲ ਹੋਣ ਲਈ ਪਾਣੀ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ।ਝੋਨੇ ਦੀਆਂ ਕਈ ਬਿਮਾਰੀਆਂ ਦਾ ਇੱਕ ਖੇਤ ਤੋਂ ਦੂਜੇ ਖੇਤ ਤੱਕ ਫੈਲਾਅ ਵੀ ਪਾਣੀ ਨਾਲ ਹੁੰਦਾ ਹੈ।ਭਾਵੇਂ ਕਿ ਝੋਨੇ ਦੀ ਫਸਲ ਨੂੰ ਕਾਫੀ ਪਾਣੀ ਦੀ ਲੋੜ ਹੁੰਦੀ ਹੈ ਪਰ ਬਹੁਤ ਸਾਰੇ ਕਿਸਾਨ ਵੀਰ ਝੋਨਾ ਲਾਉਣ ਤੋਂ ਲੈ ਕੇ ਅਖੀਰ ਤੱਕ ਖੇਤਾਂ ਵਿੱਚ ਪਾਣੀ ਖੜਾ ਰੱਖਦੇ ਹਨ।ਇਸ ਨਾਲ ਨਮੀ ਵੱਧ ਜਾਂਦੀ ਹੈ ਅਤੇ ਬਿਮਾਰੀਆਂ ਦੇ ਵਾਧੇ ਦਾ ਖਦਸ਼ਾ ਬਣ ਜਾਂਦਾ ਹੈ।ਝੋਨੇ ਦੇ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਝੁਲਸ ਰੋਗ ਜਾਂ ਤਣੇ ਦਾ ਗਲਣ ਰੋਗ ਬਹੁਤ ਵੱਧ ਜਾਂਦਾ ਹੈ।ਫਸਲ ਦੇ ਨਿਸਰਣ ਵੇਲੇ ਨਮੀ ਦੇ ਵਾਧੇ ਕਰਕੇ ਝੂਠੀ ਕਾਂਗਿਆਰੀ ਅਤੇ ਬੰਟ ਦਾ ਹਮਲਾ ਜ਼ਿਆਦਾ ਹੁੰਦਾ ਹੈ।ਇਸ ਲਈ ਝੋਨੇ ਦੀ ਫਸਲ ਨੂੰ ਰੋਗਾਂ ਤੋਂ ਬਚਾਉਣ ਲਈ ਪਾਣੀ ਬਹੁਤ ਹੀ ਸੁਚੱਜੇ ਢੰਗ ਨਾਲ ਲਾਉਣਾ ਪਵੇਗਾ।ਝੋਨੇ ਦੀ ਲੁਆਈ ਤੋਂ ਬਾਅਦ ਦੋ ਹਫਤੇ ਤੱਕ ਲਗਾਤਾਰ ਪਾਣੀ ਖੜਾ ਰੱਖੋ।ਪਰ ਉਸ ਤੋਂ ਬਾਅਦ ਪਾਣੀ ਲਗਾਤਾਰ ਖੜਾ ਰੱਖਣ ਦੀ ਕੋਈ ਜ਼ਰੂਰਤ ਨਹੀ।ਸਗੋਂ ਪਹਿਲਾ ਪਾਣੀ ਜ਼ੀਰ ਜਾਣ ਤੋਂ ਦੋ ਦਿਨਾਂ ਬਾਅਦ ਹੀ ਅਗਲਾ ਪਾਣੀ ਲਾਵੋ।ਕਦੇ ਵੀ ਇੱਕ ਖੇਤ ਦਾ ਪਾਣੀ ਦੂਜੇ ਖੇਤ ਵਿੱਚ ਨਾ ਜਾਣ ਦਿਓ।ਇਸ ਤਰਾਂ ਝੁਲਸ ਰੋਗ, ਪੈਰ੍ਹਾਂ ਦਾ ਗਲਣਾ ਜਾਂ ਤਣੇ ਦਾ ਗਲਣਾ ਆਦਿ ਰੋਗਾਂ ਦਾ ਫੈਲਾਅ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।ਪਾਣੀ ਦੀ ਸੁਚੱਜੀ ਵਰਤੋਂ ਕਰਨ ਨਾਲ ਝੋਨੇ ਦੇ ਖੇਤਾਂ ਵਿੱਚ ਨਮੀ ਦੀ ਮਾਤਰਾ ਕਾਬੂ ਵਿੱਚ ਰਹੇਗੀ ਅਤੇ ਝੂਠੀ ਕਾਂਗਿਆਰੀ ਜਾਂ ਬੰਟ ਵਰਗੀਆਂ ਬਿਮਾਰੀਆਂ ਵੀ ਕਾਬੂ ਵਿੱਚ ਰਹਿਣਗੀਆਂ।
ਖਾਦਾਂ ਦੀ ਸੁਚੱਜੀ ਵਰਤੋਂ: ਬੂਟੇ ਦੇ ਠੀਕ ਵਾਧੇ ਲਈ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ।ਪਰ ਇਹਨਾਂ ਤੱਤਾਂ ਦੀ ਜ਼ਿਆਦਾ ਵਰਤੋਂ ਨਾਲ ਅਕਸਰ ਹੀ ਬਿਮਾਰੀਆਂ ਦਾ ਵਾਧਾ ਹੁੰਦਾ ਹੈ।ਕਈ ਕਿਸਾਨ ਭਰਾ ਝੋਨੇ ਦੀ ਫਸਲ ਵਿੱਚ ਸ਼ਿਫਾਰਿਸ਼ ਤੋਂ ਦੂਣੀ ਨਾਈਟ੍ਰੋਜਨ ਖਾਦ ਦੀ ਵਰਤੋਂ ਕਰਦੇ ਹਨ ਜਿਸ ਨਾਲ ਝੁਲਸ ਰੋਗ, ਭੁਰੜ ਰੋਗ, ਤਣੇ ਦਾ ਗਲਣਾ, ਪੈਰ੍ਹਾਂ ਦਾ ਗਲਣਾ ਆਦਿ ਬਿਮਾਰੀਆਂ ਜ਼ਿਆਦਾ ਆਉਂਦੀਆਂ ਹਨ।ਜੇਕਰ ਨਿਸਰਣ ਵੇਲੇ ਜਾਂ ਮੁੰਜਰਾਂ ਨਿਕਲਣ ਵੇਲੇ ਨਾਈਟ੍ਰੋਜਨ ਖਾਦ ਪਾਈ ਜਾਵੇ ਤਾਂ ਝੂਠੀ ਕਾਂਗਿਆਰੀ ਅਤੇ ਬੰਟ ਦੀ ਸਮੱਸਿਆ ਵੱਧ ਆਉਂਦੀ ਹੈ।ਇਨ੍ਹਾਂ ਰੋਗਾਂ ਦੇ ਵਧੀਆ ਰੋਕਥਾਮ ਲਈ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕਰਨੀ ਪਵੇਗੀ।ਹਮੇਸ਼ਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖਾਦਾਂ ਵਰਤਨੀਆਂ ਚਾਹੀਦੀਆਂ ਹਨ।ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਨਿਰੰਤਰ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਾਉਂਦੇ ਰਹਿਣ।ਝੋਨੇ ਦੀ ਫਸਲ ਨੂੰ ਪਾਈ ਜਾਣ ਵਾਲੀ ਸਾਰੀ ਨਾਈਟ੍ਰੋਜਨ ਖਾਦ ਪਨੀਰੀ ਲਾਉਣ ਤੋਂ 6 ਹਫਤਿਆਂ ਦੇ ਅੰਦਰ-ਅੰਦਰ ਪਾ ਦੇਣੀ ਚਾਹੀਦੀ ਹੈ।ਉਸ ਤੋਂ ਬਾਅਦ ਖਾਸ ਕਰਕੇ ਨਿਸਰਣ ਵੇਲੇ ਕਦੇ ਵੀ ਖਾਦਾਂ ਨਹੀ ਪਾਉਣੀਆਂ ਚਾਹੀਦੀਆਂ।ਜੇਕਰ ਰੂੜੀ ਜਾਂ ਮੁਰਗੀਆਂ ਦੀ ਖਾਦ ਜਾਂ ਹਰੀ ਖਾਦ ਆਦਿ ਵਰਤੀ ਗਈ ਹੋਵੇ ਤਾਂ ਸਿਫਾਰਿਸ਼ਾਂ ਮੁਤਾਬਿਕ ਨਾਈਟ੍ਰੋਜਨ ਖਾਦ ਦੀ ਮਾਤਰਾ ਘਟਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਖਾਦਾਂ ਦੀ ਸੁਚੱਜੀ ਵਰਤੋਂ ਨਾਲ ਝੋਨੇ ਦੀ ਫਸਲ ਨੂੰ ਕਾਫੀ ਹੱਦ ਤੱਕ ਝੁਲਸ ਰੋਗ, ਭੁਰੜ ਰੋਗ, ਤਣੇ ਦਾ ਗਲਣਾ, ਪੈਰ੍ਹਾਂ ਦਾ ਗਲਣਾ, ਝੂਠੀ ਕਾਂਗਿਆਰੀ ਅਤੇ ਬੰਟ ਦੀ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ।
ਨਦੀਨਾਂ ਦੀ ਸੁਚੱਜੀ ਰੋਕਥਾਮ: ਬਹੁਤ ਸਾਰੇ ਨਦੀਨ ਫਸਲਾਂ ਦੀਆਂ ਬਿਮਾਰੀਆਂ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।ਕਈ ਰੋਗਾਂ ਦੇ ਕਣ ਇਨ੍ਹਾਂ ਨਦੀਨਾਂ ਤੇ ਪਲ਼ਦੇ ਰਹਿੰਦੇ ਹਨ ਅਤੇ ਅਗਲੇ ਸਾਲ ਮੁੱਖ ਫਸਲ ਉੱਤੇ ਬਿਮਾਰੀ ਸ਼ੁਰੂ ਹੋਣ ਦਾ ਕਾਰਣ ਬਣਦੇ ਹਨ।ਝੋਨੇ ਦੀ ਫਸਲ ਵਿੱਚ ਸ਼ੀਥ ਬਲਾਈਟ (ਤਣੇ ਦੁਆਲੇ ਪੱਤੇ ਦਾ ਝੁਲਸ ਰੋਗ) ਇੱਕ ਅਜਿਹਾ ਹੀ ਰੋਗ ਹੈ ਜਿਸ ਦੇ ਕਣ ਨਦੀਨਾਂ ਤੇ ਬਚੇ ਰਹਿੰਦੇ ਹਨ।ਵੱਟਾਂ ਅਤੇ ਪਾਣੀ ਦੀਆਂ ਖਾਲ਼ਾਂ ਉੱਤੇ ਉੱਗੇ ਹੋਏ ਖੱਬਲ ਘਾਹ ਤੇ ਇਹ ਬਿਮਾਰੀ ਪਲ਼ਦੀ ਰਹਿੰਦੀ ਹੈ।ਇਥੋਂ ਹੀ ਬਾਅਦ ਵਿੱਚ ਇਹ ਬਿਮਾਰੀ ਝੋਨੇ ਦੇ ਬੂਟਿਆਂ ਉੱਤੇ ਚਲੀ ਜਾਂਦੀ ਹੈ ਅਤੇ ਬਹੁਤ ਨੁਕਸਾਨ ਕਰਦੀ ਹੈ।ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਦੇ ਆਲੇ-ਦੁਆਲੇ ਨੂੰ ਨਦੀਨਾਂ ਤੋਂ ਮੁਕਤ ਰੱਖਣ।ਖੇਤਾਂ ਦੀਆਂ ਵੱਟਾਂ ਅਤੇ ਪਾਣੀ ਦੇ ਖਾਲਾਂ ਨੂੰ ਖੱਬਲ ਘਾਹ ਤੋਂ ਸਾਫ ਰੱਖਣਾ ਚਾਹੀਦਾ ਹੈ।
ਸਾਫ-ਸਫਾਈ: ਫਸਲਾਂ ਦੀਆਂ ਕਈ ਬਿਮਾਰੀਆਂ ਰੋਗੀ ਫਸਲ ਦੀ ਰਹਿੰਦ-ਖੂੰਹਦ ਵਿੱਚ ਰਹਿ ਜਾਂਦੀਆਂ ਹਨ ਅਤੇ ਅਗਲੇ ਸਾਲ ਨਵੀਂ ਬਿਮਾਰੀ ਦੀ ਲਾਗ ਲਾਉਣ ਵਿੱਚ ਸਹਾਈ ਹੁੰਦੀਆਂ ਹਨ।ਕਈ ਵਾਰੀ ਰੋਗੀ ਬੂਟੇ ਬਿਮਾਰੀ ਨੂੰ ਹੋਰ ਅੱਗੇ ਫੈਲਾਉਣ ਵਿੱਚ ਮਦਦਗਾਰ ਹੁੰਦੇ ਹਨ।ਇਸ ਲਈ ਜੇਕਰ ਝੋਨੇ ਦੀ ਫਸਲ ਉੱਤੇ ਜੇਕਰ ਕਿਸੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਵਾਢੀ ਤੋਂ ਬਾਅਦ ਅਜਿਹੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਸੋਮਾ ਖਤਮ ਕੀਤਾ ਜਾ ਸਕੇ।ਇਸ ਤਰ੍ਹਾਂ ਕਰਨ ਨਾਲ ਤਣੇ ਦੁਆਲੇ ਪੱਤੇ ਦਾ ਗਲਣਾ, ਤਣੇ ਦਾ ਗਲਣਾ ਅਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਆਦਿ ਬਿਮਾਰੀਆਂ ਤੋਂ ਝੋਨੇ ਦੀ ਫਸਲ ਨੂੰ ਬਚਾਇਆ ਜਾ ਸਕਦਾ ਹੈ।ਇਸੇ ਤਰ੍ਹਾਂ ਜੇਕਰ ਸ਼ੁਰੂ ਵਿੱਚ ਹੀ ਪੈਰ੍ਹਾਂ ਦੇ ਗਲਣ ਰੋਗ ਤੋਂ ਪ੍ਰਭਾਵਤ ਬੂਟੇ ਪਨੀਰੀ ਜਾਂ ਖੇਤਾਂ ਵਿੱਚੋਂ ਪੁੱਟ ਕੇ ਨਸ਼ਟ ਕਰ ਦਿੱਤੇ ਜਾਣ ਤਾਂ ਕਾਫੀ ਹੱਦ ਇਸ ਬਿਮਾਰੀ ਦਾ ਹਮਲਾ ਘਟਾਇਆ ਹਾ ਸਕਦਾ ਹੈ।
ਰਜਿੰਦਰ ਸਿੰਘ ਬੱਲ ਅਤੇ ਅਮਰਜੀਤ ਸਿੰਘ
ਪੌਦਾ ਰੋਗ ਵਿਭਾਗ, ਪੀ.ਏ.ਯੂ., ਲੁਧਿਆਣਾ
Summary in English: Prevent the growth of diseases in paddy crop by non-chemical means