Pink Bollworm: ਨਰਮਾ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਫਾਜ਼ਿਲਕਾ, ਮਾਨਸਾ, ਮੁਕਤਸਰ ਅਤੇ ਫਰੀਦਕੋਟ ਆਦਿ ਹਨ।ਇਸ ਫਸਲ ਉਤੇ ਕੀੜੇ-ਮਕੌੜਿਆਂ ਦੀਆਂ ਦੋ ਸ਼੍ਰੇਣੀਆਂ ਜਿਵੇਂ ਕਿ ਟੀਂਡੇ ਦੀਆਂ ਸੁੰਡੀਆਂ (ਅਮਰੀਕਣ, ਚਿਤਕਬਰੀ ਅਤੇ ਗੁਲਾਬੀ) ਅਤੇ ਰਸ ਚੂਸਣ ਵਾਲੇ ਕੀੜੇ (ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ ਅਤੇ ਮੀਲੀ ਬੱਗ) ਦਾ ਹਮਲਾ ਹੁੰਦਾ ਹੈ। ਗੁਲਾਬੀ ਸੁੰਡੀ ਇੱਕ ਪ੍ਰਮੁਖ ਬੀ ਟੀ ਨਰਮੇ ਦਾ ਕੀੜਾ ਬਣ ਚੁਕਿਆ ਹੈ ਜਿਸ ਦੇ ਕਾਰਨ ਨਰਮੇ ਪੱਟੀ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਈਆ। ਇਸ ਲੇਖ ਵਿੱਚ ਗੁਲਾਬੀ ਸੁੰਡੀ ਦਾ ਜੀਵਨ ਚੱਕਰ, ਨੁਕਸਾਨ ਚਿੰਨ੍ਹ ਅਤੇ ਬੀ ਟੀ ਨਰਮੇ ਵਿਚ ਗੁਲਾਬੀ ਸੁੰਡੀ ਦੀ ਬੇ-ਮੋਸਮੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ ਦੱਸੇ ਗਏ ਹਨ।
ਜੀਵਨ ਚੱਕਰ:
ਆਂਡੇ ਸ਼ੁਰੂ ਵਿੱਚ ਚਿੱਟੇ ਤੇ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ। ਅੰਡਿਆਂ ਵਿੱਚੋਂ 3-4 ਦਿਨਾਂ ਤੋਂ ਬਾਅਦ ਸੁੰਡੀ ਨਿਕਲ ਆਉਂਦੀ ਹੈ। ਨਵ-ਜੰਮ ਸੁੰਡੀਆਂ ਚਿੱਟੇ ਰੰਗ ਦੀਆਂ ਅਤੇ ਉਹਨਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ। ਪੂਰੀ ਪਲ ਜਾਣ 'ਤੇ ਸੁੰਡੀ 10 ਤੋਂ 12 ਮਿਲੀਮੀਟਰ ਹੋ ਜਾਂਦੀ ਹੈ ਅਤੇ ਪੇਟ ਦੇ ਹਰ ਉੱਪਰਲੇ ਭਾਗ ਉੱਤੇ ਗੁਲਾਬੀ ਰੰਗ ਦੀ ਗੂੜੀ ਪੱਟੀ ਦਿਖਾਈ ਦਿੰਦੀ ਹੈ। ਸ਼ੁਰੂਆਤੀ ਹਾਲਤ ਵਿੱਚ ਸੁੰਡੀ ਫੁੱਲ ਖਾਂਦੀ ਹੈ ਬਾਅਦ ਵਿੱਚ ਟੀਂਡਿਆਂ ਵਿੱਚ ਵੜ ਕੇ ਅੰਦਰੋਂ ਬੀਜ ਖਾਂਦੀ ਹੈ। ਸੁੰਡੀ 10 ਤੋਂ 14 ਦਿਨ ਤੱਕ ਟੀਂਡਿਆਂ ਵਿੱਚ ਪਲਦੀ ਹੈ। ਇਸ ਕੀੜੇ ਦਾ ਕੋਆ (ਟੁਟੀਆਂ) ਦੀ ਅਵਸਥਾ 7 ਤੋਂ 10 ਦਿਨ ਦੀ ਹੁੰਦੀ ਹੈ। ਇਸ ਕੀੜੇ ਦੇ ਪਤੰਗੇ ਗੂੜੇ ਖਾਕੀ ਰੰਗ ਦੇ ਹੁੰਦੇ ਹਨ ਅਤੇ ਪਿਛਲੇ ਖੰਭ ਦੀਆਂ ਕੰਨੀਆਂ ਉੱਪਰ ਲੰਮੇ-ਲੰਮੇ ਵਾਲਾਂ ਦੀ ਝਾਲਰ ਬਣੀ ਨਜ਼ਰ ਆਉਂਦੀ ਹੈ।
ਨੁਕਸਾਨ ਦੇ ਚਿੰਨ੍ਹ:
ਜੰਮਣ ਤੋਂ ਦੋ ਦਿਨਾਂ ਦੇ ਅੰਦਰ ਛੋਟੀ ਸੁੰਡੀ ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀ ਹੈ। ਸੁੰਡੀ ਜ਼ਿਆਦਾਤਰ ਬਣ ਰਹੇ ਬੀਜ ਨੂੰ ਖਾਣਾ ਪਸੰਦ ਕਰਦੀ ਹੈ ਅਤੇ ਪਿਊਪੇ ਦੀ ਅਵਸਥਾ ਬੀਜ ਜਾਂ ਟੀਂਡੇ ਵਿੱਚ ਗੁਜਾਰਦੀ ਹੈ। ਬਾਅਦ ਵਿੱਚ ਹਮਲੇ ਵਾਲੇ ਟੀਂਡਿਆਂ ਦੀ ਰੂੰ ਨੂੰ ਉੱਲੀ ਲੱਗ ਜਾਂਦੀ ਹੈ। ਸੁੰਡੀ ਫੁੱਲ ਡੋਡੀਆਂ, ਫੁੱਲਾਂ ਅਤੇ ਟੀਂਡਿਆਂ ਦਾ ਨੁਕਸਾਨ ਕਰਦੀ ਹੈ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲਥਪਥ ਗੁਲਾਬੀ ਸੁੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ।
ਛੋਟੇ ਟੀਂਡੇ ਤੇ ਡੋਡੀਆਂ ਕਈ ਵਾਰੀ ਹਮਲੇ ਕਾਰਨ ਝੜ ਵੀ ਜਾਂਦੇ ਹਨ। ਸੁੰਡੀਆਂ ਟੀਂਡੇ ਦੇ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਰਕੇ ਟੀਂਡੇ ਵਿੱਚ ਬਣ ਰਹੀ ਰੂੰ ਵੀ ਖਰਾਬ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਗਲ ਜਾਂਦੇ ਹਨ ਤੇ ਰੂੰ ਵੀ ਦਾਗੀ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਪੂਰੀ ਤਰ੍ਹਾਂ ਖਿੜਦੇ ਵੀ ਨਹੀਂ। ਸਰਦੀ ਦੇ ਮੌਸਮ ਵਿੱਚ ਗੁਲਾਬੀ ਸੁੰਡੀ ਦੋ ਬੀਜਾਂ ਨੂੰ ਜੋੜ ਕੇ ਉਨ੍ਹਾਂ ਵਿੱਚ ਸੁਸਤੀ ਦੀ ਹਾਲਤ ਵਿੱਚ ਪਈ ਰਹਿੰਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਨਰਮੇ/ਕਪਾਹ ਦਾ ਜ਼ਿਆਦਾ ਨੁਕਸਾਨ ਕਰਦਾ ਹੈ।
ਗੁਲਾਬੀ ਸੁੰਡੀ ਦਾ ਫੈਲਾਅ:
ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਇਸ ਦੀ ਨਾਜੁਕ ਕੜੀ ਨੂੰ ਤੋੜਨਾਂ ਚਾਹੀਦਾ ਹੈ। ਪੁਰਾਣੀ ਛਿਟੀਆਂ ਵਿੱਚ ਪਏ ਅੱਧ ਖੁੱਲ੍ਹੇ ਟੀਂਡਿਆਂ ਵਿੱਚ ਇਹ ਸੁੰਡੀ ਰਹਿੰਦੀ ਹੈ। ਤੇਲ ਅਤੇ ਰੂੰ ਮਿੱਲ੍ਹਾਂ ਵਿੱਚ ਪਏ ਨਰਮੇ ਵਿੱਚ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਵਿੱਚ ਵੀ ਇਹ ਸੁੰਡੀ ਪਨਪਦੀ ਹੈ। ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਅਤੇ ਤੇਲ ਮਿੱਲ੍ਹਾਂ/ਰੂੰ ਮਿੱਲ੍ਹਾਂ ਵਿੱਚ ਪਈ ਬੀਜਾਂ ਦੇ ਭੰਡਾਰ ਵਿੱਚ ਵੀ ਇਹ ਸੁੰਡੀ ਪਨਪਦੀ ਹੈ। ਜੋ ਕਿ ਮੌਸਮ ਨਾਲ ਪਿਉਪਾ ਬਣ ਕੇ ਪਤੰਗੇ ਦੇ ਰੂਪ ਵਿੱਚ ਬਾਹਰ ਆਉਂਦੀ ਹੈ ਅਤੇ ਨਵੇਂ ਖੁੱਲ੍ਹੇ ਫੁੱਲਾਂ ਜਾਂ ਛੋਟੇੇ ਬਣੇ ਟੀਂਡਿਆਂ ਵਿੱਚ ਅੰਡੇ ਦੇ ਦਿੰਦੀ ਹੈ। ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਦਿਓ।
ਸਰਵਪੱਖੀ ਰੋਕਥਾਮ:
ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਆਓ ਕਰੀਏ Button Mushroom Farming, ਜਾਣੋ ਕਾਸ਼ਤ 'ਤੇ ਹੋਣ ਵਾਲੇ ਖ਼ਰਚੇ ਅਤੇ ਆਮਦਨ
ਕਾਸ਼ਤਕਾਰੀ ਢੰਗਾਂ ਰਾਹੀ ਰੋਕਥਾਮ:
1. ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਛਿਟੀਆਂ ਦੀ ਸਾਂਭ ਸੰਭਾਲ
• ਆਖਰੀ ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਨਰਮੇ ਦੇ ਖੇਤਾਂ ਵਿੱਚ ਬਚੀਆਂ ਛਿਟੀਆਂ ਨੂੰ ਸ਼ਰੈਡਰ ਦੁਆਰਾ ਖੇਤਾਂ ਵਿੱਚ ਵਾਹ ਦਿਓ ਤਾਂ ਜੋ ਗੁਲਾਬੀ ਸੁੰਡੀ ਨੂੰ ਠੱਲ੍ਹ ਪਾਈ ਜਾ ਸਕੇ।
• ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ।
• ਨਰਮੇ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਗਾਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ। ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਨਸ਼ਟ ਕਰ ਦਿਓ।
• ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਅਤੇ ਰੁੱਖ/ ਦਰੱਖਤ ਆਦਿ ਦੀ ਛਾਂ ਤੋਂ ਪਰੇ ਧੁੱਪ ਵਿੱਚ ਲਗਾਓ।
• ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਨਾ ਲਿਜਾਓ।
• ਨਰਮੇ ਦੀਆਂ ਛਿਟੀਆਂ ਨੂੰ ਫਰਵਰੀ ਤੱਕ ਬਾਲ ਲੈਣਾ ਚਾਹੀਦਾ ਹੈ ਜਾਂ ਖਤਮ ਕਰ ਦੇਣਾ ਚਾਹੀਦਾ ਹੈ।
• ਹੋ ਸਕੇ ਤਾਂ ਛਿਟੀਆਂ ਨੂੰ ਮੱਛਰਦਾਨੀ (ਬਰੀਕ ਜਾਲੀ) ਨਾਲ ਢੱਕ ਕੇ ਰੱਖੋ ਤਾਂ ਜੋ ਸਿੱਕਰੀਆ ਵਿੱਚੋਂ ਨਿੱਕਲਣ ਵਾਲੇ ਬਾਲਗ ਭਮੱਕੜ ਬਾਹਰ ਨਾ ਆ ਸਕਣ।
ਇਹ ਵੀ ਪੜ੍ਹੋ: Wheat Crop ਦੇ ਪੀਲੇ ਪੈਣ ਦੇ 5 ਮੁੱਖ ਕਾਰਨ, ਇਲਾਜ ਲਈ ਅਪਣਾਓ ਇਹ ਤਰੀਕੇ
2. ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲ੍ਹਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ
• ਰੂੰ ਮਿੱਲ੍ਹਾਂ ਵਿੱਚ ਪਏ ਨਰਮੇ ਨੂੰ ਖੁੱਲ੍ਹੇ ਵਿੱਚ ਨਾ ਰੱਖੋ ਸਗੋਂ ਇਸ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ।
• ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨਸ਼ਟ ਕਰ ਦਿਓ।
• ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ/ਡੈਲੀਸ਼ੀਆ ਦੀ ਤਿੰਨ ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ 48 ਘੰਟੇ ਲਈ ਜਾਂ ਦੋ ਗਲੀਆਂ 24 ਘੰਟੇ ਲਈ ਧੂਣੀ ਦਿਓ।
• ਤੇਲ ਮਿੱਲ੍ਹਾਂ ਨੂੰ ਬਿਨਾ ਧੂਣੀ ਵਾਲੇ ਬੀਜ ਰਖੇਣੇ ਤੇ ਨਾ ਹੀ ਵੇਚਣ ਚਾਹੀਦੇ ਹਨ।
• ਤੇਲ ਮਿੱਲ੍ਹਾਂ ਨੂੰ ਬੀਜ ਵੇਚਣ ਤੋਂ ਪਹਿਲਾਂ ਤੇਜ਼ਾਬ ਰਾਹੀਂ ਲੂੰ ਰਹਿਤ ਕਰ ਲੈਣਾਂ ਚਾਹੀਦੇ ਹਨ।
• ਅਪ੍ਰੈਲ-ਮਈ ਦੇ ਮਹੀਨੇ ਜੇਕਰ ਤੇਲ ਮਿੱਲ੍ਹਾਂ/ਰੂੰ ਮਿੱਲ੍ਹਾਂ ਵਿੱਚ ਬੀਜਾਂ ਦਾ ਭੰਡਾਰ ਰੱਖਿਆ ਹੋਏ ਤਾਂ ਇਸ ਨੂੰ ਹਮੇਸ਼ਾ ਢੱਕ ਕੇ ਰੱਖੋ ਕਿਉਂਕਿ ਇਨ੍ਹਾਂ ਵਿੱਚੋਂ ਗੁਲਾਬੀ ਸੁੰਡੀ ਦੇ ਪਤੰਗੇ ਨਿਕਲ ਕੇ ਨੇੜੇ ਬੀਜੇ ਗਏ ਨਰਮੇ ਤੇ ਵਧੇਰੇ ਹਮਲਾ ਕਰਦੇ ਹਨ।
• ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲ੍ਹਾਂ ਵਿੱਚ ਨਾ ਲਿਜਾਓ
• ਰੂੰ ਮਿੱਲ੍ਹਾਂ ਅਤੇ ਤੇਲ ਮਿੱਲ੍ਹਾਂ ਦੇ ਨੇੜੇ ਫਿਰੋਮੋਨ ਟਰੈਪ ਜ਼ਰੂਰ ਲਗਾਓ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਦਾ ਜਲਦੀ ਪਤਾ ਲੱਗ ਸਕੇ।
• ਪਿੰਡ ਪੱਧਰ ਤੇ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਅਗਲੇ ਸੀਜ਼ਨ ਗੁਲਾਬੀ ਸੁੰਡੀ ਦਾ ਹਮਲਾ ਘੱਟ ਜਾਵੇ ਕਿਸਾਨ ਭਰਾਂਵਾ ਨੂੰ ਗੁਲਾਬੀ ਸੁੰਡੀ ਦੀ ਬੇ-ਮੋਸਮੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਗੁਲਾਬੀ ਸੁੰਡੀ ਦਾ ਅਗਲੇ ਸਾਲ ਠੱਲ੍ਹ ਪਾਇਆ ਜਾ ਸਕੇੇ।
ਵਿਜੈ ਕੁਮਾਰ ਅਤੇ ਅਮਨਦੀਪ ਕੌਰ, ਕੀਟ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Prevention of pink bollworm in BT Cotton, Know Full information about life cycle and damage signs