1. Home
  2. ਖੇਤੀ ਬਾੜੀ

ਹਾੜ੍ਹੀ ਦੀਆਂ ਫ਼ਸਲਾਂ ਵਿੱਚ ਚੂਹਿਆਂ ਦੀ ਰੋਕਥਾਮ

ਪੰਜਾਬ ਵਿੱਚ ਕਣਕ ਅਤੇ ਗੰਨਾ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ। ਗੰਨੇ ਦੀ ਫ਼ਸਲ ਖੇਤ ਵਿੱਚ ਸਾਰਾ ਸਾਲ ਖੜੀ ਰਹਿੰਦੀ ਹੈ ਜੋ ਕਿ ਚੂਹਿਆਂ ਨੂੰ ਲੁਕਣ, ਭੋਜਨ ਦੇਣ ਅਤੇ ਦੁਸ਼ਮਣਾਂ ਤੋਂ ਬਚਾਉਣ ਵਿੱਚ ਸਹਾਈ ਹੁੰਦੀ ਹੈ, ਜਿਸ ਨਾਲ ਚੂਹੇ ਸਾਰਾ ਸਾਲ ਆਪਣੀ ਜਨਸੰਖਿਆ ਵਧਾਉਂਦੇ ਰਹਿੰਦੇ ਹਨ।

KJ Staff
KJ Staff
wheat crop

wheat crop

ਪੰਜਾਬ ਵਿੱਚ ਕਣਕ ਅਤੇ ਗੰਨਾ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ। ਗੰਨੇ ਦੀ ਫ਼ਸਲ ਖੇਤ ਵਿੱਚ ਸਾਰਾ ਸਾਲ ਖੜੀ ਰਹਿੰਦੀ ਹੈ ਜੋ ਕਿ ਚੂਹਿਆਂ ਨੂੰ ਲੁਕਣ, ਭੋਜਨ ਦੇਣ ਅਤੇ ਦੁਸ਼ਮਣਾਂ ਤੋਂ ਬਚਾਉਣ ਵਿੱਚ ਸਹਾਈ ਹੁੰਦੀ ਹੈ, ਜਿਸ ਨਾਲ ਚੂਹੇ ਸਾਰਾ ਸਾਲ ਆਪਣੀ ਜਨਸੰਖਿਆ ਵਧਾਉਂਦੇ ਰਹਿੰਦੇ ਹਨ।

ਚੂਹੇ ਫ਼ਸਲਾਂ ਨੂੰ 2 ਤੋਂ 15% ਪੱਕਣ ਤੋਂ ਪਹਿਲਾਂ ਅਤੇ ਪੱਕਣ ਤੋਂ ਬਾਅਦ ਨੁਕਸਾਨ ਪਹੁੰਚਾਉਂਦੇ ਹਨ। ਚੂਹੇ ਪੌਦੇ ਕੱਟ ਕੇ, ਬੱਲੀਆਂ ਨੂੰ ਖੱਡਾਂ ਵਿੱਚ ਲਿਜਾ ਕੇ ਜਾਂ ਭੰਡਾਰ ਕੀਤੇ ਦਾਣਿਆਂ ਵਿੱਚ ਆਪਣਾ ਮਲ-ਮੂਤਰ ਪਾ ਕੇ ਅਨਾਜ ਦੀ ਗੁਣਵੱਤਾ ਨੂੰ ਘਟਾਉਂਦੇ ਹਨ। ਚੂਹੇੇ ਆਪਣੀ ਜ਼ਿਆਦਾ ਬੱਚੇ ਜੰਮਣ ਦੀ ਯੋਗਤਾ, ਤੇਜ਼ ਸੁਆਦ ਤੇ ਸੁੰਘਣ ਸ਼ਕਤੀ ਅਤੇ ਆਲੇ-ਦੁਆਲੇ ਦੇ ਵਾਤਾਵਰਣ ਅਨੁਕੂਲ ਢਾਲ ਲੈਣ ਦੀ ਸਮਰੱਥਾ ਕਰਕੇ ਫ਼ਸਲਾਂ ਵਿੱਚ ਆਪਣੀ ਜਨਸੰਖਿਆ ਲਗਾਤਾਰ ਵਧਾਉਂਦੇ ਰਹਿੰਦੇ ਹਨ। ਸੋ ਸਾਨੂੰ ਫ਼ਸਲਾਂ ਨੂੰ ਚੂਹਿਆਂ ਦੇ ਨੁਕਸਾਨ ਤੋਂ ਬਚਾਉਣ ਲਈ ਮਸ਼ੀਨੀ ਤਰੀਕੇ, ਰਵਾਇਤੀ ਤਰੀਕੇ, ਰਸਾਇਣਕ ਤਰੀਕੇ ਅਤੇ ਕੁਦਰਤੀ ਤਰੀਕਿਆਂ ਦੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ।

ਚੂਹਿਆਂ ਦੀ ਰੋਕਥਾਮ ਦੀਆਂ ਵਿਧੀਆਂ:

ੳ) ਵਾਤਾਵਰਣ ਸੁਧਾਰ ਵਿਧੀ:

1 ਖੇਤਾਂ ਦੁਆਲੇ ਪੁਰਾਣੀਆਂ ਵੱਟਾਂ, ਰਸਤੇ ਅਤੇ ਖਾਲ ਜਿਨ੍ਹਾਂ ਵਿੱਚ ਚੂਹਿਆਂ ਦੀਆਂ ਖੱਡਾਂ ਹੋਣ, ਉਹ ਸਮੇਂ ਸਮੇਂ ਤੇ ਦੁਬਾਰਾ ਬਣਾਉਣੇ ਚਾਹੀਦੇ ਹਨ। ਖੇਤਾਂ ਵਿੱਚ ਵੱਟਾਂ ਦੀ ਉਚਾਈ ਅਤੇ ਚੌੜਾਈ ਘੱਟ ਹੋਣੀ ਚਾਹੀਦੀ ਹੈ।

2 ਖੇਤਾਂ ਵਿੱਚ ਅਤੇ ਆਲੇ-ਦੁਆਲੇ ਘਾਹ ਅਤੇ ਨਦੀਨਾਂ ਦੀ ਗੋਡੀ ਕਰਕੇ ਜਾਂ ਸਪਰੇਅ ਕਰਕੇ ਰੋਕਥਾਮ ਕਰਨੀ ਚਾਹੀਂਦੀ ਹੈ ਕਿਉਂਕਿ ਇਹ ਚੂਹਿਆਂ ਨੂੰ ਭੋਜਨ ਅਤੇ ਰਹਿਣ ਲਈ ਪਨਾਹ ਦਿੰਦੇ ਹਨ।

3 ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਸ਼ਾਮਲਾਟ ਜ਼ਮੀਨਾਂ ਅਤੇ ਜੰਗਲਾਂ ਦੀਆਂ ਪੱਟੀਆਂ ਦੇ ਨਾਲ ਲਗਦੀਆਂ ਜ਼ਮੀਨਾਂ ਚੂਹਿਆਂ ਦਾ ਭੰਡਾਰ ਬਣਦੀਆਂ ਹਨ। ਇਸ ਲਈ ਨਾਲ ਲੱਗਦੀਆਂ ਫ਼ਸਲਾਂ ਦੀ ਰੱਖਿਆ ਲਈ, ਇਨ੍ਹਾਂ ਖੇਤਾਂ ਵਿੱਚ ਚੂੁਹਿਆਂ ਦੀ ਸੁਚੱਜੇ ਢੰਗ ਨਾਲ ਰੋਕਥਾਮ ਕਰਨੀ ਚਾਹੀਦੀ ਹੈ।

4 ਡਿੱਗੀਆਂ ਹੋਈਆਂ ਫ਼ਸਲਾਂ ਖਾਸ ਕਰਕੇ ਗੰਨੇ ਦੀ ਫ਼ਸਲ ਵਿੱਚ ਚੂਹੇ ਭਾਰੀ ਨੁਕਸਾਨ ਕਰਦੇ ਹਨ। ਸਾਨੂੰ ਫ਼ਸਲਾਂ ਨੂੰ ਡਿੱਗਣ ਤੋਂ ਬਚਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਅ) ਮਸ਼ੀਨੀ ਵਿਧੀ:

1 ਫਸਲ ਦੀ ਕਟਾਈ ਤੋਂ ਬਾਅਦ, ਸਿੰਚਾਈ ਦੇ ਦੌਰਾਨ ਚੂੁਹਿਆਂ ਦੀਆਂ ਖੱਡਾਂ ਪਾਣੀ ਨਾਲ ਭਰ ਜਾਂਦੀਆਂ ਹਨ, ਸੋ ਖੱਡਾਂ ਚੋਂ ਨਿਕਲ ਕੇ ਭੱਜ ਰਹੇ ਚੂਹਿਆਂ ਨੂੰ ਡੰਡਿਆਂ ਦੀ ਵਰਤੋਂ ਨਾਲ ਮਾਰਿਆ ਜਾ ਸਕਦਾ ਹੈ।

2 ਚੂੁਹਿਆਂ ਨੂੰ ਫੜਨ ਲਈ ਇਕ ਖਾਨੇ ਵਾਲਾ ਜਾਂ ਦੋ ਖਾਨਿਆਂ ਵਾਲਾ ਪਿੰਜਰਾ ਖੇਤਾਂ ਵਿੱਚ ਘੱਟੋ ਘੱਟ 16 ਪਿੰਜਰੇ ਪ੍ਰਤੀ ਏਕੜ ਦੇ ਹਿਸਾਬ ਨਾਲ , ਚੂੁਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਵਾਂ ਤੇ ਰੱਖੋ ਅਤੇ ਲਗਾਤਾਰ 2-3 ਦਿਨ ਲਈ ਚੁਹਿਆਂ ਨੂੰ ਫੜੋ। ਪਿੰਜਰੇ ਜ਼ਿਆਦਾ ਦਿਨਾਂ ਲਈ ਇਕ ਜਗ੍ਹਾ ਤੇ ਨਾ ਰੱਖੋ ਅਤੇ ਪਿੰਜਰਾ ਹਮੇਸ਼ਾਂ ਸਾਫ਼ ਅਤੇ ਮੁਸ਼ਕ ਰਹਿਤ ਕਰਕੇ ਵਰਤੋ। ਵਧੇਰੇ ਚੂਹੇ ਫੜਨ ਲਈ ਚੂਹਿਆਂ ਨੂੰ ਪਿੰਜਰਿਆਂ ਵਿੱਚ ਗੇਝ ਪਾਓ। ਇਸ ਲਈ ਪਿੰਜਰੇ ਵਿੱਚ 2-3 ਦਿਨਾਂ ਲਈ 10-15 ਗ੍ਰਾਮ ਸਾਦੇ ਦਾਣੇ ਰੱਖ ਕੇ ਪਿੰਜਰੇ ਦਾ ਪਿਛਲਾ ਮੂੰਹ ਖੁੱਲਾ ਰਹਿਣ ਦਿਓ। ਗੇਝ ਪੈਣ ਤੋਂ ਬਾਅਦ ਪਿੰਜਰੇ ਵਿੱਚ ਦਾਣੇ ਰੱਖ ਕੇ ਪਿਛਲਾ ਮੂੰਹ ਬੰਦ ਕਰ ਦਿਓ ਅਤੇ 3-4 ਦਿਨ ਲਗਾਤਾਰ ਚੂੁਹੇ ਫੜੋ। ਫੜੇ ਹੋਏ ਚੂੁਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਅਤੇ ਫਿਰ ਜ਼ਮੀਨ ਵਿੱਚ ਟੋਇਆ ਪੁੱਟ ਕੇ ਦਬਾ ਦਿਓ। ਉਸੇ ਜਗ੍ਹਾ ਤੇ ਦੁਬਾਰਾ ਚੂੁਹੇ ਫੜਨ ਲਈ ਘੱਟੋ ਘੱਟ ਇਕ ਮਹੀਨੇ ਦਾ ਵਕਫ਼ਾ ਜ਼ਰੂਰ ਹੋਣਾ ਚਾਹੀਦਾ ਹੈ।

wheat

wheat

ੲ) ਕੁਦਰਤੀ ਵਿਧੀ: ਕੁੱਤੇ, ਉਲੂ, ਇੱਲ, ਬਾਜ਼, ਸੱਪ, ਬਿੱਲੀਆਂ ਆਦਿ ਚੂਹੇ ਦੇ ਕੁਦਰਤੀ ਦੁਸ਼ਮਣ ਹਨ। ਇਸ ਲਈ, ਉਨ੍ਹਾਂ ਨੂੰ ਮਾਰਨਾ ਨਹੀਂ ਚਾਹੀਦਾ ਬਲਕਿ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ।

ਸ) ਰਸਾਇਣਕ ਵਿਧੀ: ਚੂਹਿਆਂ ਦੀ ਰੋਕਥਾਮ ਵਾਸਤੇ ਜ਼ਹਿਰੀਲਾ ਚੋਗ ਬਣਾਉਣ ਲਈ ਦੋ ਰਸਾਇਣਾਂ (ਜ਼ਿੰਕ ਫਾਸਫਾਈਡ ਅਤੇ ਬਰੋਮੋਡਾਇਲੋਨ) ਦੀ ਸਿਫਾਰਸ ਕੀਤੀ ਜਾਂਦੀ ਹੈ। ਜ਼ਹਿਰੀਲਾ ਚੋਗ (ਜ਼ਿੰਕ ਫਾਸਫਾਈਡ) ਵਰਤਣ ਤੋਂ ਪਹਿਲਾਂ ਚੂਹਿਆਂ ਨੂੰ ਲੁਭਾਉਣ ਲਈ 2-3 ਦਿਨਾਂ ਲਈ ਸਧਾਰਣ ਦਾਣਾ ਪਾ ਕੇ ਚੂੁਹਿਆਂ ਨੂੰ ਗੇਝ ਪਾਓ ਅਤੇ 60 ਦਿਨਾਂ ਤੋਂ ਪਹਿਲਾਂ ਜ਼ਹਿਰੀਲੇ ਚੋਗ ਦੀ ਵਰਤੋਂ ਦੁਬਾਰਾ ਨਾ ਕਰੋ। ਜ਼ਿੰਕ ਫਾਸਫਾਇਡ ਪੇਟ ਵਿੱਚ ਫਾਸਫੀਨ ਗੈਸ ਨਿਕਲਣ ਨਾਲ ਅਸਰ ਕਰਦੀ ਹੈ ਅਤੇ 24 ਘੰਟਿਆਂ ਵਿੱਚ ਚੂੁਹਾ ਮਰ ਜਾਂਦਾ ਹੈ। ਬਰੋਮੋਡਾਇਲੋਨ ਖੂਨ ਦੇ ਜੰਮਣ ਨੂੰ ਰੋਕਦਾ ਹੈ ਅਤੇ ਅੰਦਰੂਨੀ ਜਾਂ ਬਾਹਰੀ ਖੂਨ ਵਹਿਣ ਕਾਰਨ ਜਾਨਵਰ ਦੀ ਮੌਤ ਹੋ ਜਾਂਦੀ ਹੈ। ਇਸ ਦਾ ਜ਼ਹਿਰੀਲਾ ਪ੍ਰਭਾਵ ਜ਼ਹਿਰ ਦੇ ਦਾਣਾ ਖਾਣ ਤੋਂ 2-3 ਦਿਨਾਂ ਬਾਅਦ ਸ਼ੁਰੂ ਹੁੰਦਾ ਹੈ। ਬਰੋਮੋਡਾਇਲੋਨ ਦੇ ਚੋਗ ਨੂੰ ਜਿੰਕ ਫਾਸਫਾਈਡ ਚੋਗ ਦੀ ਵਰਤੋਂ ਦੇ 15 ਦਿਨਾਂ ਬਾਅਦ ਵਰਤਿਆ ਜਾ ਸਕਦਾ ਹੈ। ਫ਼ਸਲਾਂ ਦੇ ਵਿੱਚ ਜ਼ਹਿਰੀਲਾ ਚੋਗ ਉਦੋਂ ਹੀ ਵਰਤਣਾ ਚਾਹੀਦਾ ਹੈ ਜਦੋਂ ਖੇਤ ਵਿੱਚ ਖੱਡਾਂ ਦੀ ਗਿਣਤੀ 10 ਪ੍ਰਤੀ ਏਕੜ ਤੋਂ ਵੱਧ ਹੋਵੇ।

ਜ਼ਹਿਰੀਲਾ ਚੋਗ ਤਿਆਰ ਕਰਨਾ: ਜ਼ਹਿਰੀਲਾ ਚੋਗ ਤਿਆਰ ਕਰਨ ਲਈ ਸਾਨੂੰ ਬਾਜਰਾ, ਕਣਕ, ਮੱਕੀ ਦਾ ਦਰੜ ਜਾਂ ਉਨ੍ਹਾਂ ਦੇ ਮਿਸ਼ਰਣ ਦੇ 1 ਕਿਲੋ ਟੁੱਟੇ ਦਾਣੇ ਦੀ ਜ਼ਰੁਰਤ ਹੈ। ਇਸ ਵਿਚ 20 ਗ੍ਰਾਮ ਕੋਈ ਵੀ ਖਾਣ ਵਾਲਾ ਸਬਜ਼ੀਆਂ ਦਾ ਤੇਲ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਬਾਅਦ ਵਿਚ 20 ਗ੍ਰਾਮ ਬੂਰਾ ਖੰਡ ਅਤੇ 25 ਗ੍ਰਾਮ ਜ਼ਿੰਕ ਫਾਸਫਾਈਡ ਜਾਂ 20 ਗ੍ਰਾਮ ਬਰੋਮੋਡਾਇਲੋਨ ਦਾ ਪਾਊਡਰ ਚੰਗੀ ਤਰ੍ਹਾਂ ਮਿਲਾਓ। ਹੁਣ, ਜ਼ਹਿਰੀਲਾ ਚੋਗ ਵਰਤਣ ਲਈ ਤਿਆਰ ਹੈ। ਜਦੋਂ ਵੀ ਜ਼ਰੂਰੀ ਹੋਵੇ ਜ਼ਹਿਰੀਲਾ ਚੋਗ ਹਮੇਸਾ ਤਾਜ਼ਾ ਤਿਆਰ ਕਰੋ ਅਤੇ ਇਸ ਵਿੱਚ ਕਦੇ ਵੀ ਪਾਣੀ ਨਾ ਮਿਲਾਓ।

ਜ਼ਹਿਰੀਲੇ ਚੋਗ ਦੀ ਵਰਤੋਂ:

ਖੱਡਾਂ ਵਿੱਚ ਜ਼ਹਿਰੀਲਾ ਚੋਗ ਰੱਖਣ ਦੀ ਵਿਧੀ: ਖਾਲੀ ਜ਼ਮੀਨਾਂ ਅਤੇ ਫ਼ਸਲ ਦੀ ਬਿਜਾਈ ਤੋਂ ਬਾਅਦ ਉਦੋਂ ਖੱਡਾਂ ਵਿੱਚ ਜ਼ਹਿਰੀਲਾ ਚੋਗ ਵਰਤਿਆਂ ਜਾ ਸਕਦਾ ਹੈ। ਇਸ ਲਈ ਕਾਗਜ਼ ਦਾ ਇਕ ਛੋਟਾ ਜਿਹਾ ਟੁਕੜਾ ਲਓ ਅਤੇ ਇਸ ਤੇ 10 ਗ੍ਰਾਮ ਜ਼ਹਿਰੀਲਾ ਚੋਗ ਪਾਓ ਅਤੇ ਇਕ ਛੋਟੀ ਪੁੜੀ ਬਣਾ ਲਓ। ਇਸ ਕਾਗਜ਼ ਦੀ ਪੁੜੀ ਨੂੰ ਇੱਕ ਡੰਡੇ ਦੀ ਸਹਾਇਤਾ ਨਾਲ 6 ਇੰਚ ਡੂੰਘਾ ਖੱਡ ਵਿੱਚ ਪਾਓ ਅਤੇ ਖੁਰਪੇ ਦੀ ਵਰਤੋਂ ਕਰਕੇ ਖੱਡ ਨੂੰ ਮਿੱਟੀ ਨਾਲ ਢੱਕ ਦਿਓ। ਵਧੇਰੇ ਅਸਰ ਲਈ ਇਕ ਦਿਨ ਪਹਿਲਾਂ ਸ਼ਾਮ ਨੂੰ ਸਾਰੀਆਂ ਖੱਡਾਂ ਦੇ ਮੂੰਹ ਬੰਦ ਕਰ ਦਿਓ ਅਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੱਡਾਂ ਵਿੱਚ ਜ਼ਹਿਰੀਲਾ ਚੋਗ ਰੱਖੋ।
ਫ਼ਸਲਾਂ ਵਿੱਚ ਜ਼ਹਿਰੀਲਾ ਚੋਗ ਰੱਖਣ ਦੀ ਵਿਧੀ: ਫ਼ਸਲਾਂ ਵਿੱਚ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ। ਇਸ ਵਾਸਤੇ ਖੇਤ ਵਿੱਚ 40 ਥਾਵਾਂ ਨੂੰ ਚੁਣੋ ਅਤੇ 10 ਗ੍ਰਾਮ ਜ਼ਹਿਰੀਲਾ ਚੋਗ ਪ੍ਰਤੀ ਥਾਂ ਕਾਗਜ਼ ਦੇ ਟੁਕੜੇ ਉਪਰ ਰੱਖੋ। ਇਸ ਦਾ ਇਸਤੇਮਾਲ ਫ਼ਸਲ ਵਿੱਚ ਸਹੀ ਸਮੇਂ ਤੇ ਕਰੋ।

ਜ਼ਹਿਰਲਾ ਚੋਗ ਖੇਤਾਂ ਵਿੱਚ ਰੱਖਣ ਦਾ ਸਮਾਂ ਤੇ ਵਿਧੀ:

ਕਣਕ ਦੀ ਫ਼ਸਲ: ਰਵਾਇਤੀ ਤਰੀਕੇ ਨਾਲ ਬੀਜੀ ਕਣਕ ਵਿੱਚ ਜਿੰਕ ਫਾਸਫਾਈਡ ਜਾਂ ਬਰੋਮੋਡਾਇਲੋਨ ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਅੱਧ ਫਰਵਰੀ ਤੋਂ ਸ਼ੁਰੁ ਮਾਰਚ ਦੌਰਾਨ (ਦੋਧੇ ਦਾਣੇ ਪੈਣ ਤੋਂ ਪਹਿਲਾ) ਫ਼ਸਲ ਵਿੱਚ ਰੱਖੋ। ਜ਼ੀਰੋ ਟਿਲੇਜ਼ ਤਰੀਕੇ ਨਾਲ ਬੀਜੀ ਕਣਕ ਵਿੱਚ ਬਿਜਾਈ ਤੋਂ ਪਹਿਲਾ ਜ਼ਿੰਕ ਫਾਸਫਾਈਡ ਦਾ ਜ਼ਹਿਰੀਲਾ ਚੋਗ ਰੱਖੋ ਅਤੇ ਦੂਜੀ ਵਾਰ ਜ਼ਿੰਕ ਫਾਸਫਾਈਡ ਜਾਂ ਬਰੋਮੋਡਾਇਲੋਨ ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਅੱਧ ਫਰਵਰੀ ਤੋਂ ਸ਼ੁਰੁ ਮਾਰਚ ਦੌਰਾਨ ਫ਼ਸਲ ਵਿੱਚ ਰੱਖੋ।
ਹੈਪੀਸੀਡਰ ਨਾਲ ਬੀਜੀ ਕਣਕ ਵਿੱਚ ਚੂਹਿਆਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ। ਇਸ ਕਣਕ ਵਿੱਚ ਚੂਹਿਆਂ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ ਬਾਅਦ ਨਵੰਬਰ-ਦਸੰਬਰ ਦੌਰਾਨ 10-15 ਦਿਨਾਂ ਦੇ ਵਕਫੇ ਤੇ ਦੋ ਵਾਰੀ ਖੱਡਾਂ ਵਿੱਚ ਜ਼ਿੰਕ ਫ਼ਾਸਫਾਈਡ ਦਵਾਈ ਦਾ ਜ਼ਹਿਰੀਲਾ ਚੋਗ 10 ਗ੍ਰਾਮ ਪ੍ਰਤੀ ਖੱਡ ਇਕ ਹਫਤਾ ਪਾਣੀ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਓ। ਇਸ ਤੋਂ ਬਾਅਦ ਅੱਧ ਫਰਵਰੀ ਤੋਂ ਸ਼ੁਰੂ ਮਾਰਚ ਦੌਰਾਨ ਫ਼ਸਲ ਵਿੱਚ ਦੂਧੀਆ ਦਾਣੇ ਪੈਣ ਤੋਂ ਪਹਿਲਾਂ ਜ਼ਿੰਕ ਫ਼ਾਸਫਾਈਡ ਜਾਂ ਬਰੋਮੋਡਾਇਲਾਨ ਦਾ ਚੋਗ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਗਜ਼ ਦੇ ਟੁਕੜਿਆਂ ਉਪਰ 40 ਥਾਵਾਂ ਤੇ ਰੱਖੋ।

ਗੰਨੇ ਦੀ ਫ਼ਸਲ: ਗੰਨੇ ਦੀ ਫ਼ਸਲ ਵਿੱਚ ਚੂਹੇ ਬਹੁਤ ਨੁਕਸਾਨ ਕਰਦੇ ਹਨ, ਸੋ ਇਸ ਵਿੱਚ ਦੋ ਵਾਰ, ਪਹਿਲਾਂ ਜੁਲਾਈ ਦੇ ਮਹੀਨੇ (ਝੋਨਾ ਲਗਾਉਣ ਤੋਂ ਬਾਅਦ) ਅਤੇ ਦੂਜਾ ਅਕਤੁਬਰ-ਨਵੰਬਰ (ਝੋਨੇ ਦੀ ਵਾਢੀ ਤੋਂ ਬਾਅਦ) ਵਿੱਚ ਜ਼ਹਿਰੀਲਾ ਚੋਗ ਰੱਖੋ। ਇਹਨਾਂ ਦੋਨੋ ਸਮਿਆਂ ਤੇ ਜ਼ਿੰਕ ਫਾਸਫਾਈਡ ਅਤੇ ਬਰੋਮੋਡਾਇਲੋਨ ਦੀ 15 ਦਿਨਾਂ ਦੇ ਵੱਕਫੇ ਤੇ ਵਰਤੋਂ ਕਰੋ। ਜੇਕਰ ਗੰਨੇ ਦੀ ਵਾਢੀ ਜਨਵਰੀ-ਮਾਰਚ ਮਹੀਨੇ ਵਿੱਚ ਕਰਨੀ ਹੋਵੇ ਤਾਂ ਤੀਜੀ ਵਾਰ ਬਰੋਮੋਡਾਇਲੋਨ ਦਾ ਚੋਗ 800 ਗ੍ਰਾਮ ਪ੍ਰਤੀ ਏਕੜ ਜਨਵਰੀ-ਫਰਵਰੀ ਦੇ ਮਹੀਨੇ ਖੇਤ ਵਿੱਚ ਰੱਖੋ।

ਵੱਖ-ਵੱਖ ਤਰੀਕਿਆਂ ਦੀ ਵਿਉਂਤਬੰਦੀ

ਕਿਸੇ ਵੀ ਇਕ ਤਰੀਕੇ ਨਾਲ ਪੁਰੀ ਤਰ੍ਹਾਂ ਚੂਹਿਆਂ ਦੀ ਜਨਸੰਖਿਆ ਉਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜ਼ਹਿਰੀਲੇ ਚੋਗ ਦੀ ਵਰਤੋਂ ਦੇ ਬਾਅਦ ਬਚੇ ਹੋਏ ਚੂਹੇ ਥੋੜੇ ਹੀ ਸਮੇਂ ਬਾਅਦ ਫਿਰ ਆਪਣੀ ਜਨਸੰਖਿਆ ਵਿੱਚ ਵਾਧਾ ਕਰ ਲੈਂਦੇ ਹਨ।ਇਸ ਕਰਕੇ ਸਾਰੇ ਤਰੀਕਿਆਂ ਨੂੰ ਵੱਖ-ਵੱਖ ਸਮੇਂ ਤੇ ਵਿਉਂਤਬੰਦੀ ਨਾਲ ਵਰਤਣਾ ਚਾਹੀਦਾ ਹੈ।

ਪਿੰਡ ਪੱਧਰ ਤੇ ਚੂਹੇ ਮਾਰ ਮੁਹਿੰਮ

ਚੂੁਹਿਆਂ ਦੀ ਰੋਕਥਾਮ ਦੇ ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇ ਮਾਰ ਮੁਹਿੰਮ ਦਾ ਪਿੰਡ ਪੱਧਰ ਤੇ ਅਪਨਾਉਣਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਇੱਕ ਪਿੰਡ ਦੇ ਸਾਰੇ ਖੇਤਾਂ, ਖਾਲੀ ਥਾਵਾਂ ਅਤੇ ਪੁਰਾਣੀਆਂ ਪੱਕੀਆਂ ਵੱਟਾਂ ਉਪਰ ਰਲ ਕੇ ਇਕੋ ਸਮੇਂ ਤੇ ਚੂੁਹੇਮਾਰ ਦਵਾਈ ਦਾ ਚੋਗ ਰੱਖ ਕੇ ਚੂੁਹਿਆਂ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਚੂੁਹੇ ਇੱਕ ਜਗ੍ਹਾ ਤੋਂ ਦੁਜੀ ਜਗ੍ਹਾ ਜਾ ਕੇ ਖੇਤੀ ਦਾ ਨੁਕਸਾਨ ਨਾ ਕਰ ਸਕਣ।

ਜ਼ਹਿਰੀਲਾ ਚੋਗ ਬਣਾਉਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤੋਂ

ਜ਼ਹਿਰਾਂ ਅਤੇ ਜ਼ਹਿਰੀਲਾ ਚੋਗ ਹਮੇਸ਼ਾਂ ਪਾਲਤੂ ਜਾਨਵਰਾਂ ਅਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਜ਼ਹਿਰਾਂ ਵਰਤਣ ਤੋਂ ਪਹਿਲਾਂ ਉਸ ਉਪਰ ਲਿਖੀ ਜਾਣਕਾਰੀ ਧਿਆਨ ਨਾਲ ਪੜੋ। ਜ਼ਹਿਰੀਲਾ ਚੋਗ ਬਣਾਉਣ ਅਤੇ ਵਰਤਣ ਸਮੇਂ ਕਦੇ ਵੀ ਖਾਣਾ-ਪੀਣਾ ਨਹੀਂ ਚਾਹੀਦਾ ਅਤੇ ਹਮੇਸ਼ਾਂ ਹੱਥਾਂ ਤੇ ਦਸਤਾਨੇ ਅਤੇ ਮੂੰਹ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਜ਼ਹਿਰਾਂ ਦੇ ਖਾਲੀ ਪੈਕਟ ਅਤੇ ਮਰੇ ਚੂਹੇ ਹਮੇਸ਼ਾਂ ਮਿੱਟੀ ਵਿੱਚ ਟੋਇਆ ਪੁੱਟ ਕੇ ਦੱਬ ਦੇਣੇ ਚਾਹੀਦੇ ਹਨ। ਜ਼ਹਿਰੀਲਾ ਚੋਗ ਵਰਤਣ ਤੋਂ ਬਾਅਦ ਹਮੇਸ਼ਾਂ ਚੰਗੀ ਤਰਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ।

ਜੇਕਰ ਕਿਸੇ ਕਾਰਨ ਜ਼ਿੰਕ ਫ਼ਾਸਫਾਈਡ ਮਨੁੱਖ ਦੇ ਅੰਦਰ ਚਲੀ ਜਾਵੇ ਤਾਂ ਮੂੰਹ ਵਿੱਚ ਉਂਗਲ ਪਾ ਕੇ ਉਲਟੀ ਕਰਵਾ ਦੇਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਬਰੋਮੋਡਾਇਲੋਨ ਦਾ ਅਸਰ ਵਿਟਾਮਿਨ-ਕੇ ਨਾਲ ਡਾਕਟਰ ਦੀ ਨਿਗਰਾਨੀ ਹੇਠ ਘਟਾਇਆ ਜਾ ਸਕਦਾ ਹੈ।

ਨੀਨਾ ਸਿੰਗਲਾ: 93573-25446

ਨੀਨਾ ਸਿੰਗਲਾ ਅਤੇ ਰਾਜਵਿੰਦਰ ਸਿੰਘ

ਜੀਵ ਵਿਗਿਆਨ ਵਿਭਾਗ

ਇਹ ਵੀ ਪੜ੍ਹੋ : ਕਿਸਾਨ ਭਰਾਵੋਂ, ਆਪਣੀਆਂ ਫਸਲਾਂ ਨੂੰ ਚੂਹਿਆਂ ਤੋਂ ਬਚਾਉਣ ਲਈ ਇਨ੍ਹਾਂ ਤਰੀਕਿਆਂ ਨੂੰ ਅਪਣਾਓ

Summary in English: Prevention of rats in rabi crops

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters