Sweet Potato Farming: ਸ਼ਕਰਕੰਦੀ ਇੱਕ ਕੁਦਰਤੀ ਤੌਰ 'ਤੇ ਮਿੱਠੀ ਜੜ੍ਹ ਵਾਲੀ ਸਬਜ਼ੀ ਹੈ। ਇਹ ਸਾਰਾ ਸਾਲ ਬਜ਼ਾਰ ਵਿੱਚ ਉਪਲਬਧ ਰਹਿੰਦੀ ਹਾਈ। ਪਰ ਸਰਦੀਆਂ ਦੇ ਮੌਸਮ ਵਿੱਚ ਇਹ ਖਾਸ ਤੌਰ 'ਤੇ ਜ਼ਿਆਦਾ ਨਜ਼ਰ ਆਉਂਦੀ ਹੈ। ਆਲੂਆਂ ਵਰਗੀ ਦਿਖਣ ਵਾਲੀ ਸ਼ਕਰਕੰਦੀ ਦੀ ਕਾਸ਼ਤ ਓਡੀਸ਼ਾ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਅੱਜ ਭਾਰਤ ਸਮੇਤ ਦੁਨੀਆ ਭਰ 'ਚ ਸ਼ਕਰਕੰਦੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਤੋਂ ਸ਼ਕਰਕੰਦੀ ਵੱਡੇ ਪੱਧਰ 'ਤੇ ਬਰਾਮਦ ਕੀਤੀ ਜਾ ਰਹੀ ਹੈ।
ਮਾਰਕੀਟ ਵਿੱਚ ਸ਼ਕਰਕੰਦੀ ਦੀ ਵਾਧੂ ਡਿਮਾਂਡ ਕਾਰਨ ਕਿਸਾਨਾਂ ਦਾ ਝੁਕਾਅ ਵੀ ਇਸ ਖੇਤੀ ਵੱਲ ਵੱਧ ਰਿਹਾ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਵੱਡੇ ਪੱਧਰ 'ਤੇ ਸ਼ਕਰਕੰਦੀ ਦੀ ਖੇਤੀ ਨੂੰ ਅਪਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਕਰਕੰਦੀ ਦੀ ਕਾਸ਼ਤ ਕਰਕੇ ਕਿਸਾਨ ਕੁਝ ਹੀ ਦਿਨਾਂ ਵਿੱਚ ਲੱਖਾਂ ਰੁਪਏ ਪ੍ਰਤੀ ਹੈਕਟੇਅਰ ਦੀ ਵੱਡੀ ਆਮਦਨ ਕਮਾ ਰਹੇ ਹਨ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਕਰਕੰਦੀ ਦੀ ਖੇਤੀ ਕਿਸਾਨਾਂ ਲਈ ਆਮਦਨ ਦਾ ਇੱਕ ਚੰਗਾ ਸਾਧਨ ਬਣ ਸਕਦੀ ਹੈ।
ਕਿਵੇਂ ਉਗਾਈਏ ਸ਼ਕਰਕੰਦੀ
ਸ਼ਕਰਕੰਦੀ ਆਮ ਤੌਰ 'ਤੇ ਗਰਮ ਖੰਡੀ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦੀ ਕਾਸ਼ਤ ਤਿੰਨੋਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਪਰ ਇਸ ਦੀ ਵਪਾਰਕ ਕਾਸ਼ਤ ਗਰਮੀ ਦੇ ਮੌਸਮ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੇ ਪੌਦੇ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਚੰਗੀ ਤਰ੍ਹਾਂ ਉੱਗਦੇ ਹਨ। ਇਸ ਦੀ ਕਾਸ਼ਤ ਲਈ 20 ਤੋਂ 30 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਢੁਕਵਾਂ ਹੁੰਦਾ ਹੈ। ਪੌਦਿਆਂ ਨੂੰ ਸ਼ੁਰੂ ਵਿੱਚ ਉਗਣ ਲਈ 22 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ। ਸ਼ਕਰਕੰਦੀ ਦੀ ਕਾਸ਼ਤ ਲਈ ਜ਼ਮੀਨ ਵਿੱਚ ਪਾਣੀ ਦੀ ਸਹੀ ਨਿਕਾਸੀ ਹੋਣੀ ਚਾਹੀਦੀ ਹੈ। ਇਸਦੀ ਕਾਸ਼ਤ ਵਿੱਚ, ਜ਼ਮੀਨ ਦਾ pH ਮੁੱਲ 5.5 ਤੋਂ 6.8 ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਦੀ ਕਾਸ਼ਤ ਲਈ ਸਖ਼ਤ ਅਤੇ ਪਥਰੀਲੀ ਮਿੱਟੀ ਵਾਲੀ ਜ਼ਮੀਨ ਦੀ ਚੋਣ ਨਹੀਂ ਕਰਨੀ ਚਾਹੀਦੀ।
ਪੰਜਾਬ ਸਮੇਤ ਹੋਰਾਂ ਸੂਬਿਆਂ 'ਚ ਸ਼ਕਰਕੰਦੀ ਦੀਆਂ ਕਿਸਮਾਂ
ਪੰਜਾਬ ਸ਼ਕਰਕੰਦੀ-21 (Punjab Sweet Potato-21): ਇਸ ਕਿਸਮ ਦੀਆਂ ਵੇਲਾਂ ਦਾ ਆਕਾਰ ਦਰਮਿਆਨਾ ਲੰਮਾ ਹੁੰਦਾ ਹੈ। ਇਸ ਦੇ ਪੱਤੇ ਗੂੜ੍ਹੇ ਹਰੇ, ਚੌੜੇ, ਕੱਟਵੇਂ ਅਤੇ ਜਾਮਨੀ ਰੰਗ ਦੀ ਭਾਅ ਮਾਰਦੇ ਹਨ। ਤਣਾ ਦਰਮਿਆਨਾ ਲੰਮਾ ਤੇ ਸਖ਼ਤ ਹੁੰਦਾ ਹੈ। ਪੱਤੇ ਤੋਂ ਪੱਤੇ ਦਾ ਫ਼ਾਸਲਾ 4.5 ਸੈਂਟੀਮੀਟਰ ਅਤੇ ਪੱਤੇ ਦੀ ਡੰਡੀ ਦੀ ਲੰਬਾਈ 9 ਸੈਂਟੀਮੀਟਰ ਹੁੰਦੀ ਹੈ। ਇਹ ਕਿਸਮ ਤਕਰੀਬਨ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਸ਼ਕਰਕੰਦੀ ਗੂੜ੍ਹੇ ਲਾਲ ਛਿਲਕੇ ਅਤੇ ਚਿੱਟੇ ਗੁੱਦੇ ਵਾਲੀ ਹੁੰਦੀ ਹੈ। ਸ਼ਕਰਕੰਦੀ 20 ਸੈਂਟੀਮੀਟਰ ਲੰਮੀ ਤੇ 4 ਸੈਂਟੀਮੀਟਰ ਚੌੜੀ ਹੁੰਦੀ ਹੈ। ਇੱਕ ਸ਼ਕਰਕੰਦੀ ਦਾ ਭਾਰ ਤਕਰੀਬਨ 75 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਸ਼ਕਰਕੰਦੀ ਵਿੱਚ 35 ਪ੍ਰਤੀਸ਼ਤ ਸੁੱਕਾ ਮਾਦਾ ਤੇ 81 ਮਿਲੀਗ੍ਰਾਮ ਸਟਾਰਚ ਹੁੰਦਾ ਹੈ। ਇਸ ਕਿਸਮ ਦੀ ਪੈਦਾਵਾਰ 75 ਕੁਇੰਟਲ ਪ੍ਰਤੀ ਏਕੜ ਦੇ ਲਗਭਗ ਹੈ।
ਜੇਕਰ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਉੱਥੇ ਵਰਸ਼ਾ (Varsha), ਕੋਂਕਨ ਅਸ਼ਵੀਨੀ (Konkan Ashwini), ਸ੍ਰੀ ਅਰੁਣ (Sree Arun), ਸ੍ਰੀ ਕਾਨਾਕਾ (Sree Kanaka), ਸ੍ਰੀ ਵਰੁਣ (Sree Varun) ਕਿਸਮਾਂ ਮਸ਼ਹੂਰ ਹਨ।
ਇਹ ਵੀ ਪੜ੍ਹੋ : Ginger Farming: ਕਿਸਾਨ ਵੀਰੋ ਇਸ ਵਿਧੀ ਨਾਲ ਕਰੋ ਅਦਰਕ ਦੀ ਕਾਸ਼ਤ, ਹੋਵੇਗੀ ਲੱਖਾਂ ਵਿੱਚ ਕਮਾਈ
ਕਾਸ਼ਤ ਦੇ ਢੰਗ
● ਜ਼ਮੀਨ ਦੀ ਤਿਆਰੀ: ਸ਼ਕਰਕੰਦੀ ਦੀ ਕਾਸ਼ਤ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਇਸ ਲਈ ਖੇਤ ਨੂੰ 4-5 ਵਾਰ ਵਾਹੋ ਅਤੇ ਹਰ ਵਾਹੀ ਪਿੱਛੋਂ ਸੁਹਾਗਾ ਫੇਰੋ। ਖੇਤ ਨਦੀਨਾਂ ਅਤੇ ਮੁੱਢਾਂ ਤੋਂ ਰਹਿਤ ਹੋਣਾ ਚਾਹੀਦਾ ਹੈ।
● ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ: ਵੇਲਾਂ ਤੋਂ ਬਣਾਈਆਂ ਹੋਈਆਂ ਤਕਰੀਬਨ 25,000 ਤੋਂ 30,000 ਕਟਿੰਗ ਇੱਕ ਏਕੜ ਲਈ ਕਾਫ਼ੀ ਹਨ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 35-40 ਕਿਲੋ ਗੰਢੀਆਂ ਅੱਧੇ ਕਨਾਲ ਵਿੱਚ ਉੱਚੀਆਂ ਕਿਆਰੀਆਂ ਬਣਾ ਕੇ ਜਨਵਰੀ ਤੋਂ ਫਰਵਰੀ ਵਿੱਚ ਬੀਜਣੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਸ਼ਕਰਕੰਦੀ ਦੀ ਬਿਜਾਈ ਦਾ ਸਮਾਂ ਅਪ੍ਰੈਲ ਤੋਂ ਜੁਲਾਈ ਹੈ। ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ 'ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ।
● ਫ਼ਾਸਲਾ: ਕਤਾਰਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫਾਸਲਾ ਰੱਖੋ।
● ਖਾਦਾਂ: 10 ਟਨ ਗਲੀ ਸੜੀ ਰੂੜੀ, 55 ਕਿੱਲੋ ਨਾਈਟ੍ਰੋਜਨ (125 ਕਿੱਲੋ ਕਿਸਾਨ ਖਾਦ), 25 ਕਿੱਲੋ ਫਾਸਫੋਰਸ (155 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਅਤੇ 20 ਕਿੱਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ।
● ਮਿੱਟੀ ਚੜ੍ਹਾਉਣਾ: ਬਿਜਾਈ ਤੋਂ 40 ਦਿਨ ਦੇ ਬਾਅਦ ਇੱਕ ਵਾਰ ਮਿੱਟੀ ਚੜ੍ਹਾਉਣੀ ਚਾਹੀਦੀ ਹੈ।
● ਸਿੰਚਾਈ: ਪਾਣੀ 14 ਦਿਨਾਂ ਦੇ ਵਕਫ਼ੇ ਤੋਂ ਬਾਅਦ ਦੇਣਾ ਚਾਹੀਦਾ ਹੈ।
ਸ਼ਕਰਕੰਦੀ ਦੀ ਕਾਸ਼ਤ ਤੋਂ ਉਪਜ ਅਤੇ ਕਮਾਈ
ਸ਼ਕਰਕੰਦੀ ਦੀ ਕਾਸ਼ਤ ਆਲੂ ਦੀ ਖੇਤੀ ਵਾਂਗ ਹੀ ਕੀਤੀ ਜਾਂਦੀ ਹੈ। ਇਸ ਵਿੱਚ ਆਲੂਆਂ ਨਾਲੋਂ ਜ਼ਿਆਦਾ ਸਟਾਰਚ ਅਤੇ ਮਿਠਾਸ ਹੁੰਦੀ ਹੈ। ਬਾਜ਼ਾਰਾਂ ਵਿੱਚ ਇਸ ਦੀ ਮੰਗ ਜ਼ਿਆਦਾ ਹੈ। ਇਸ ਕਰਕੇ ਸ਼ਕਰਕੰਦੀ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ। ਇਹ ਫ਼ਸਲ ਬੀਜਣ ਤੋਂ 125 ਤੋਂ 130 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀ ਹੈ। ਜਦੋਂ ਇਸ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ ਲੱਗਦੇ ਹਨ, ਤਾਂ ਇਸ ਦੇ ਕੰਦ ਪੁੱਟੇ ਜਾਂਦੇ ਹਨ। ਖੇਤੀ ਮਾਹਿਰਾਂ ਅਨੁਸਾਰ ਕਿਸਾਨ ਪ੍ਰਤੀ ਹੈਕਟੇਅਰ ਜ਼ਮੀਨ ਵਿੱਚ 25 ਟਨ ਦੇ ਕਰੀਬ ਸ਼ਕਰਕੰਦੀ ਪੈਦਾ ਕਰ ਸਕਦੇ ਹਨ। ਜੇਕਰ ਤੁਸੀਂ ਇਸ ਉਤਪਾਦ ਨੂੰ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵੇਚਦੇ ਹੋ ਤਾਂ ਤੁਸੀਂ ਲਾਗਤ ਨੂੰ ਕੱਢ ਕੇ ਇਸ ਦੀ ਕਾਸ਼ਤ ਤੋਂ ਆਸਾਨੀ ਨਾਲ 1.25 ਲੱਖ ਰੁਪਏ ਤੱਕ ਦਾ ਮੁਨਾਫਾ ਕਮਾ ਸਕਦੇ ਹੋ।
Summary in English: Profitable Crop: Farmers will earn lakhs from the cultivation of sweet potato, the yield of this type is 75 quintals per acre.