Krishi Jagran Punjabi
Menu Close Menu

ਸਰਦੀਆਂ ਦੌਰਾਨ ਫ਼ਲਦਾਰ ਬੂਟਿਆਂ ਵਿੱਚ ਸੁਚੱਜਾ ਖਾਦ ਪ੍ਰਬੰਧ

Wednesday, 06 January 2021 02:14 PM
Fruit

Fruit

ਫ਼ਲਦਾਰ ਬੂਟਿਆਂ ਦੇ ਤੰਦਰੁਸਤ ਵਾਧੇ, ਵੱਧ ਉਤਪਾਦਨ ਅਤੇ ਚੰਗੀ ਗੁਣਵੱਤਾ ਲਈ ਪੌਦਿਆਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਹੋਣਾ ਬਹੁਤ ਜ਼ਰੂਰੀ ਹੈ।ਬੂਟੇ ਆਪਣੇ ਪੋਸ਼ਣ ਲਈ ਖੁਰਾਕੀ ਤੱਤਾਂ ਦੀ ਪੂਰਤੀ ਹਵਾ, ਪਾਣੀ ਅਤੇ ਜ਼ਮੀਨ ਵਿੱਚੋਂ ਕਰਦੇ ਹਨ ਅਤੇ ਜ਼ਮੀਨ ਵਿੱਚ ਕੁਦਰਤੀ ਤੌਰ ਤੇ ਖੁਰਾਕੀ ਤੱਤ ਮੌਜੂਦ ਹੋਣ ਦੇ ਨਾਲ ਨਾਲ ਬਾਹਰੀ ਤੌਰ ਤੇ ਵੀ ਖਾਦਾਂ ਦੇ ਰੂਪ ਵਿੱਚ ਇਹ ਤੱਤ ਪਾਏ ਜਾਂਦੇ ਹਨ।

ਦੇਸੀ ਅਤੇ ਰਸਾਇਣਿਕ ਖਾਦਾਂ ਦੀ ਇਕੱਠੀ ਵਰਤੋਂ ਫ਼ਲਦਾਰ ਬੂਟਿਆਂ ਦੇ ਝਾੜ ਵਧਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ।ਬੂਟਿਆਂ ਦੇ ਵਿਕਾਸ ਅਤੇ ਚੰਗੇ ਝਾੜ ਲਈ 16 ਖੁਰਾਕੀ ਤੱਤ ਜ਼ਰੂਰੀ ਲੋੜੀਂਦੇ ਹਨ ਜਿਵੇਂ ਕਿ ਕਾਰਬਨ, ਆਕਸੀਜਨ, ਹਾਈਡ੍ਰੋਜਨ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਲਫਰ, ਕਲੋਰੀਨ, ਤਾਂਬਾ, ਬੋਰੋਨ, ਲੋਹਾ, ਮੈਗਨੀਜ਼, ਮੌਲੀਬਿਡਨੀਅਮ ਅਤੇ ਜ਼ਿੰਕ।ਇਨ੍ਹਾਂ ਖੁਰਾਕੀ ਤੱਤਾਂ ਵਿੱਚੋ ਕਿਸੇ ਇੱਕ ਤੱਤ ਦੀ ਵੀ ਘਾਟ ਜਾਂ ਵਾਧ ਹੋਣ ਨਾਲ ਫ਼ਲਦਾਰ ਬੂਟਿਆਂ ਦੇ ਵਾਧੇ, ਵਿਕਾਸ, ਚੰਗੀ ਪੈਦਾਵਾਰ ਅਤੇ ਫ਼ਲਾਂ ਦੀ ਗੁਣਵੱਤਾ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਫ਼ਲਦਾਰ ਬੂਟਿਆਂ ਨੂੰ ਲੋੜ ਤੋਂ ਵੱਧ ਪਾਈਆਂ ਖਾਦਾਂ ਨਾਲ ਜਿੱਥੇ ਬਾਗਵਾਨ ਵੀਰਾਂ ਦਾ ਖਰਚਾ ਵਧਦਾ ਹੈ,ਉੱੱਥੇ ਬੂਟਿਆਂ ਦੀ ਕਾਰਜ ਪ੍ਰਣਾਲੀ ‘ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਆਪਸੀ ਸੰਤੁਲਨ ਵਿਗੜ ਜਾਂਦਾ ਹੈ। ਜ਼ਮੀਨ ਵਿੱਚ ਕਿਸੇ ਇੱਕ ਤੱਤ ਦੀ ਬਹੁਤਾਤ ਜਾਂ ਘਾਟ ਹੋਣ ਨਾਲ ਦੂਸਰੇ ਤੱਤਾਂ ਦੀ ਖਪਤ ਸਮੱਰਥਾ ਉੱਤੇ ਪ੍ਰਭਾਵ ਪੈਂਦਾ ਹੈ। ਉਦਾਹਰਣ ਦੇ ਤੌਰ ਤੇ ਫ਼ਾਸਫੋਰਸ ਤੱਤ ਵਾਲੀ ਖਾਦ ਜ਼ਿਆਦਾ ਮਾਤਰਾ ਵਿੱਚ ਪਾਉਣ ਨਾਲ ਬੂਟਿਆਂ ਵਿੱਚ ਜ਼ਿੰਕ ਤੱਤ ਦੀ ਘਾਟ ਆ ਜਾਂਦੀ ਹੈ। ਇਸ ਲਈ ਬਾਗਾਂ ਵਿੱਚ ਸੰਤੁਲਿਤ ਅਤੇ ਸੰਯੁਕਤ ਖਾਦ ਪ੍ਰਬੰਧ ਅਪਨਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਗ ਤੋਂ ਚੰਗੀ ਪੈਦਾਵਾਰ ਲਈ ਜਾ ਸਕੇ ਅਤੇ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹੇ।ਇਸ ਲਈ ਬਾਗਬਾਨਾਂ ਨੂੰ ਬੂਟਿਆਂ ਦੀਆਂ ਸਹੀ ਖੁਰਾਕੀ ਲੋੜਾਂ ਅਤੇ ਸੁਚੱਜੇ ਖਾਦ ਪ੍ਰਬੰਧ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।

Fertilizer

Fertilizer

ਜਦੋਂ ਵੀ ਸੁਚੱਜੇ ਖਾਦ ਪ੍ਰਬੰਧ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿੱਚ ਤਿੰਨ ਗੱਲਾਂ ਦਾ ਮੁੱਖ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ; 1. ਖਾਦ ਪਾਉਣ ਦਾ ਸਹੀ ਸਮਾਂ 2. ਖਾਦ ਦੀ ਸਹੀ ਮਾਤਰਾ 3. ਖਾਦ ਪਾਉਣ ਦਾ ਸਹੀ ਢੰਗ।ਜ਼ਰੂਰੀ ਖੁਰਾਕੀ ਤੱਤ ਜਿਵੇਂ ਨਾਈਟ੍ਰੋਜਨ, ਫ਼ਾਸਫੋਰਸ ਅਤੇ ਪੋਟਾਸ਼ੀਅਮ,ਮੈਗਨੀਸ਼ੀਅਮ,ਕੈਲਸ਼ੀਅਮ ਅਤੇ ਸਲਫਰ ਫ਼ਲਦਾਰ ਬੂਟਿਆਂ ਵਿੱਚ ਵੱੱਖ-ਵੱਖ ਪ੍ਰਕਿਰਿਆਵਾਂ ਵਿੱੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਪੁਰਾਣੇ ਪੱਤੇ ਪੀਲੇ ਪੈ ਕੇ ਡਿੱਗ ਜਾਂਦੇ ਹਨ।ਇਸੇ ਹੀ ਤਰ੍ਹਾਂ ਫ਼ਾਸਫੋਰਸ ਦੀ ਘਾਟ ਵਾਲੇ ਪੌਦਿਆਂ ਦੇ ਪੱਤਿਆਂ ਵਿੱਚ ਲਾਲ ਜਾਂ ਜਾਮਣੀ ਰੰਗ ਆ ਜਾਂਦਾ ਹੈ ਅਤੇ ਬੂਟੇ ਦੀਆਂ ਨਵੀਆਂ ਸ਼ਾਖਾਂਵਾਂ ਤੋਂ ਪੱਤੇ ਝੜ ਜਾਂਦੇ ਹਨ।

ਪੋਟਾਸ਼ੀਅਮ ਦੀ ਘਾਟ ਵਾਲੇ ਪੌਦਿਆਂ ਦੇ ਪੱਤੇ ਸਿਰਿਆਂ ਤੋਂ ਪੀਲੇ ਹੋ ਜਾਂਦੇ ਹਨ ਜੋ ਬਾਅਦ ਵਿੱਚ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਜਿਵੇਂ ਕਿ ਸੜੇ ਹੋਏ ਹੋਣ।ਇਸੇ ਤਰ੍ਹਾਂ ਮੈਗਨੀਸ਼ੀਅਮ ਦੀ ਘਾਟ ਨਾਲ ਵੀ ਪੱਤਿਆਂ ਦੇ ਸਿਰੇ ਪੀਲੇ ਪੈ ਜਾਂਦੇ ਹਨ ਪਰ ਵਿਚਕਾਰਲੀ ਨਾੜੀ ਹਰੀ ਰਹਿੰਦੀ ਹੈ ਅਤੇ ਪੱਤੇ ਉੱਪਰ ਵਾਲੇ ਪਾਸੇ ਨੂੰ ਮੁੜ ਜਾਂਦੇ ਹਨ। ਰਸਾਇਣਿਕ ਖਾਦਾਂ ਦੇ ਨਾਲ ਨਾਲ ਰੂੜੀ ਦੀ ਖਾਦ ਫ਼ਲਦਾਰ ਬੂਟਿਆਂ ਦੇ ਵਾਧੇ ਅਤੇ ਉਤਪਾਦਨ ਨੂੰ ਵਧਾਉਣ ਵਿੱਚ ਸਹੀ ਯੋਗਦਾਨ ਪਾਉਂਦੀ ਹੈ। ਔਸਤਨ ਤੌਰ ਤੇ ਰੂੜੀ ਦੀ ਖਾਦ ਵਿੱਚ 0.5-1.0 ਪ੍ਰਤੀਸ਼ਤ ਨਾਈਟ੍ਰੋਜਨ, 1.2- 1.8 ਪ੍ਰਤੀਸ਼ਤ ਫਾਸਫੋਰਸ ਅਤੇ 1.2-2.0 ਪ੍ਰਤੀਸ਼ਤ ਪੋਟਾਸ਼ ਹੁੰਦੀ ਹੈ। ਅਮਰੂਦ,ਬੇਰ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਸਾਰੇ ਫ਼ਲਦਾਰ ਬੂਟਿਆਂ ਨੂੰ ਰੂੜੀ ਦੀ ਖਾਦ ਪਾਉਣ ਦਾ ਸਹੀ ਸਮਾਂ ਦਸੰਬਰ ਦਾ ਮਹੀਨਾ ਹੈ।ਅਮਰੂਦ ਅਤੇ ਬੇਰ ਨੂੰ ਮਈ- ਜੂਨ ਦੇ ਮਹੀਨੇ ਵਿੱਚ ਅਤੇ ਲੁਕਾਠ ਨੂੰ ਸਤੰਬਰ ਵਿੱਚ ਰੂੜੀ ਦੀ ਖਾਦ ਪਾਈ ਜਾ ਸਕਦੀ ਹੈ।ਅੰਬ, ਲੀਚੀ, ਆੜੂ, ਨਾਖ ਅਤੇ ਅਲੂਚੇ ਨੂੰ ਦਸੰਬਰ ਵਿੱਚ ਰੂੜੀ ਖਾਦ ਦੇ ਨਾਲ ਨਾਲ ਰਸਾਇਣਿਕ ਖਾਦਾਂ ਜਿਵੇਂ ਕਿ ਸਿੰਗਲ ਸੁਪਰਫਾਸਫੇਟ ਅਤੇ ਮਿਊਰਟ ਆਫ ਪੋਟਾਸ਼ ਵੀ ਪਾਈਆਂ ਜਾ ਸਕਦੀਆਂ ਹਨ। ਪਰ ਨਾਈਟ੍ਰੋਜਨ ਵਾਲੀਆਂ ਖਾਦਾਂ ਜਿਵੇਂ ਕਿ ਯੂਰੀਆ, ਕੈਨ ਆਦਿ ਦੋ ਕਿਸ਼ਤਾਂ ਵਿੱਚ ਪਾਉਣੀਆਂ ਚਾਹੀਦੀਆਂ ਹਨ: ਪਹਿਲੀ ਕਿਸ਼ਤ ਫਲ ਆਉਣ ਤੋਂ 10-15 ਦਿਨ ਪਹਿਲ਼ਾਂ ਫਰਵਰੀ ਮਹੀਨੇ ਵਿੱਚ ਅਤੇ ਦੂਸਰੀ ਕਿਸ਼ਤ ਫਲ ਪੈਣ ਉਪਰੰਤ ਮਾਰਚ- ਅਪ੍ਰੈਲ ਵਿੱਚ।ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਫ਼ਲਦਾਰ ਬੂਟਿਆਂ ਨੂੰ ਖਾਦਾਂ ਪਾਉਣ ਦਾ ਸਹੀ ਸਮਾਂ ਅਤੇ ਖਾਦਾਂ ਦੀ ਮਾਤਰਾ ਹੇਠ ਦਿੱਤੀ ਸਾਰਣੀ ਨੰ.1 ਅਨੁਸਾਰ ਸਿਫਾਰਸ਼ ਕੀਤੀਆਂ ਗਈਆਂ ਹਨ:

fertilization

fertilization

ਵੱਡੇ ਤੱਤਾਂ ਦੀ ਤਰ੍ਹਾਂ ਛੋਟੇ ਤੱਤਾਂ ਦੀ ਪੂਰਤੀ ਵੀ ਸੁਚੱਜੇ ਖੁਰਾਕੀ ਪ੍ਰਬੰਧ ਦਾ ਅਨਿੱਖੜਵਾਂ ਹਿੱਸਾ ਹੈ। ਛੋਟੇ/ ਸੂਖਮ ਤੱਤ ਜਿਵੇਂ ਕਿ ਜ਼ਿੰਕ, ਮੈਗਨੀਜ਼, ਲੋਹਾ, ਤਾਂਬਾ ਆਦਿ ਬੂਟੇ ਦੇ ਵਿਕਾਸ ਅਤੇ ਫਲ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਅਹਿਮ ਭੁੂਮਿਕਾ ਨਿਭਾਉਂਦੇ ਹਨ।ਰੇਤਲੀਆਂ ਅਤੇ ਖਾਰੀਆਂ ਜ਼ਮੀਨਾਂ ਵਿੱਚ ਲਗਾਏ ਗਏ ਸਦਾ ਬਹਾਰ ਫ਼ਲਦਾਰ ਬੂਟਿਆਂ ਵਿੱਚ ਅਪ੍ਰੈਲ- ਮਈ ਅਤੇ ਜੁਲਾਈ- ਅਗਸਤ ਦੇ ਮਹੀਨੇ ਵਿੱਚ ਸੂਖਮ ਤੱਤਾਂ ਦੀ ਘਾਟ ਦੇ ਲੱਛਣ ਦੇਖਣ ਨੂੰ ਮਿਲਦੇ ਹਨ।ਆੜੂ ਅਤੇ ਅਲੂਚੇ ਵਿੱਚ ਅਕਸਰ ਜ਼ਿੰਕ ਅਤੇ ਲੋਹੇ ਦੀ ਘਾਟ ਨਜ਼ਰ ਆ ਜਾਂਦੀ ਹੈ।ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਹੋ ਜਾਂਦਾ ਹੈ, ਪੱੱਤਿਆਂ ਦਾ ਅਕਾਰ ਛੋਟਾ ਹੋ ਜਾਂਦਾ ਹੈ ਅਤੇ ਪੱਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ। ਜ਼ਿੰਕ ਦੀ ਪੂਰਤੀ ਲਈ 3 ਕਿਲੋ ਜ਼ਿੰਕ ਸਲਫੇਟ ਅਤੇ 1.5 ਕਿਲੋ ਅਣਬੁਝਿਆ ਚੂਨੇ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ। ਲੋਹੇ ਦੀ ਘਾਟ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਪ੍ਰੰਤੂ ਨਾੜੀਆਂ ਗੂੜ੍ਹੇ ਹਰੇ ਰੰਗ ਦੀਆਂ ਹੋ ਜਾਂਦੀਆਂ ਹਨ। ਲੋਹੇ ਦੀ ਘਾਟ ਦੀ ਪੂਰਤੀ ਲਈ 300 ਗ੍ਰਾਮ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤਾ ਜਾ ਸਕਦਾ ਹੈ।

ਖਾਦਾਂ ਦੀ ਵਰਤੋਂ ਕਰਨ ਸਮੇਂ ਬਾਗਬਾਨ ਭਰਾਵਾਂ ਨੂੰ ਕੁਝ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱੱਖਣਾ ਚਾਹੀਦਾ ਹੈ:

1.ਖਾਦ ਦੀ ਮਾਤਰਾ ਬੂਟੇ ਦੀ ਕਿਸਮ, ਉਮਰ, ਸਿਹਤ/ ਵਾਧੇ ਅਤੇ ਬੂਟੇ ਦੇ ਫੈਲਾਅ ਅਤੇ ਪਿਛਲੇ ਸਾਲ ਕਿੰਨਾ ਫਲ ਲੱਗਿਆ ਆਦਿ ਦੇ ਅਨੁਸਾਰ ਤੈਅ ਕੀਤੀ ਜਾਣੀ ਚਾਹੀਦੀ ਹੈ।

2.ਨਵੇਂ ਲਗਾਏ ਬੂਟਿਆਂ ਵਿੱੱਚ ਖਾਦ ਤਣੇ ਤੋਂ 10-12 ਇੰਚ ਦੀ ਦੂਰੀ ਤੇ ਪਾਉਣੀ ਚਾਹੀਦੀ ਹੈ।

3.ਜਿਨ੍ਹਾਂ ਬੂਟਿਆਂ ਨੂੰ ਫ਼ਲ ਲੱਗੇ ਹੋਣ ਉਨ੍ਹਾਂ ਨੂੰ ਖਾਦ ਪਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਦ ਬੂਟੇ ਦੇ ਫੈਲਾਅ ਦੇ ਥੱਲੇ ਥੱਲੇ ਤਣੇ ਤੋਂ 1-2 ਫੁੱਟ ਪਰੇ ਪਵੇ।

4.ਖਾਦ ਪਾਉਣ ਸਮੇਂ ਬੂਟੇ ਦਾ ਦਾਇਰਾ ਬਿਲਕੁੱਲ ਨਦੀਨ ਰਹਿਤ ਹੋਣਾ ਚਾਹੀਦਾ ਹੈ।

5.ਖਾਦ ਨੂੰ ਚੰਗੀ ਤਰ੍ਹਾਂ ਨਾਲ ਖੁਰਪੇ ਜਾਂ ਕਹੀ ਨਾਲ ਗੁੱਡ ਕੇ ਮਿੱਟੀ ਵਿੱਚ ਰਲਾ ਦੇਣਾ ਚਾਹੀਦਾ ਹੈ।

6.ਖਾਦ ਪਾਉਣ ਤੋਂ ਜਲਦੀ ਬਾਅਦ ਹੀ ਬੂਟਿਆਂ ਨੂੰ ਹਲਕਾ ਹਲਕਾ ਪਾਣੀ ਦੇ ਦੇਣਾ ਚਾਹੀਦਾ ਹੈ।

7.ਰੂੜੀ ਦੀ ਖਾਦ ਪਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰੂੜੀ ਚੰਗੀ ਤਰ੍ਹਾਂ ਗਲੀ ਸੜੀ ਹੋਵੇ।

8. ਸੂਖਮ ਤੱਤ ਵਾਲੀ ਖਾਦ ਦਾ ਹਮੇਸ਼ਾ ਸਪਰੇਅ ਕਰਨਾ ਚਾਹੀਦਾ ਹੈ।ਇਸ ਨੂੰ ਜ਼ਮੀਨ ਵਿੱਚ ਨਹੀਂ ਪਾਉਣਾ ਚਾਹੀਦਾ।

ਸਤਵਿੰਦਰਜੀਤ ਕੌਰ 1, ਯਾਮਿਨੀ ਸ਼ਰਮਾ 2 ਅਤੇ ਸਰਬਜੀਤ ਸਿੰਘ ਔਲਖ 3

1 ਸਹਿਯੋਗੀ ਪ੍ਰੋਫੈਸਰ(ਭੂਮੀ ਵਿਗਿਆਨ), 2 ਸਹਾਇਕ ਪ੍ਰੋਫੈਸਰ (ਫ਼ਲ ਵਿਗਿਆਨ) ਅਤੇ 3 ਸਹਿਯੋਗੀ ਨਿਰਦੇਸ਼ਕ(ਸਿਖਲਾਈ)

ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ

fertilization during winter Agricultural news
English Summary: Proper fertilization of fruit plants during winter

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.