Krishi Jagran Punjabi
Menu Close Menu

ਹਾੜੀ ਦੀਆਂ ਮੁੱਖ ਫ਼ਸਲਾਂ ਲਈ ਖਾਦਾਂ ਦਾ ਸੁਚੱਜਾ ਪ੍ਰਬੰਧ

Thursday, 19 November 2020 05:33 PM

ਆਮ ਤੌਰ ਤੇ ਦੇਖਿਆ ਗਿਆ ਹੈ ਕਿ ਫ਼ਸਲਾਂ ਦਾ ਜ਼ਿਆਦਾ ਝਾੜ ਲੈਣ ਲਈ ਕਿਸਾਨ ਵੀਰ, ਨਾਈਟਰੋਜਨ ਅਤੇ ਫ਼ਾਸਫ਼ੋਰਸ ਦੀ ਵਰਤੋਂ ਤੇ ਜ਼ਿਆਦਾ ਜ਼ੋਰ ਦਿੰਦੇ ਹਨ ਪਰ ਨਾਈਟਰੋਜਨ ਅਤੇ ਫ਼ਾਸਫ਼ੋਰਸ ਦੇ ਨਾਲ ਕਈ ਖੇਤਾਂ ਵਿੱਚ ਪੋਟਾਸ਼ੀਅਮ ਅਤੇ ਲੋੜ ਅਨੁਸਾਰ ਸਲਫਰ ਵਾਲੀਆਂ ਖਾਦਾਂ ਪਾਉਣ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਹਾੜੀ ਦੀਆਂ ਫ਼ਸਲਾਂ ਦਾ ਪੂਰਾ ਝਾੜ ਲਿਆ ਜਾ ਸਕੇ।

ਰਸਾਇਣਕ ਖਾਦਾਂ

ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਹਾੜੀ ਦੀਆਂ ਵੱਖ ਵੱਖ ਫ਼ਸਲਾਂ ਲਈ ਖਾਦਾਂ ਦੀ ਵਰਤੋਂ ਸਿਫ਼ਾਰਸ਼ ਮਾਤਰਾ ਦਰਮਿਆਨੇ ਦਰਜੇ ਦੀਆਂ ਜ਼ਮੀਨਾਂ ਲਈ ਢੁਕਵੀਂ ਹੈ।

ਮਿੱਟੀ ਪਰਖ ਆਧਾਰ ਤੇ ਇਨ੍ਹਾਂ ਖਾਦਾਂ ਦੀ ਵਰਤੋਂ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ।ਜੇ ਕੋਈ ਤੱਤ ਮਿੱਟੀ ਪਰਖ ਆਧਾਰ ਤੇ ਘੱਟ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ ਤਾਂ ਉਹਨਾਂ ਘੱਟ ਦਰਜੇ ਵਾਲੀਆਂ ਜ਼ਮੀਨਾਂ ਵਿੱਚ ਉਸ ਤੱਤ ਦੀ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25 ਪ੍ਰਤੀਸ਼ਤ ਜ਼ਿਆਦਾ ਅਤੇ ਵੱਧ ਦਰਜੇ ਵਾਲੀਆਂ ਵਿੱਚ 25 ਪ੍ਰਤੀਸ਼ਤ ਘੱਟ ਵਰਤੋਂ ਕਰੋ।

ਪੋਟਾਸ਼ ਤੱਤ ਘਾਟ ਵਾਲੀਆ ਜ਼ਮੀਨਾਂ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ। ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਵਿੱਚ ਇਸ ਦੀ ਦੋਗੁਣੀ ਮਾਤਰਾ ਭਾਵ 24 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ।

ਡੀ ਏ ਪੀ ਖਾਦ ਵਿੱਚ ਨਾਈਟ੍ਰੋਜਨ ਅਤੇ ਫ਼ਾਸਫ਼ੋਰਸ ਦੋਵੇਂ ਤੱਤ ਹੁੰਦੇ ਹਨ ਇਸ ਲਈ ਜੇ ਫ਼ਾਸਫੋਰਸ ਤੱਤ ਲਈ ਖਾਦ ਦੀ ਵਰਤੋਂ ਕੀਤੀ ਹੋਵੇ ਤਾਂ ਯੂਰੀਆ ਘੱਟ ਪਾਉਣ ਦੀ ਲੋੜ ਪੇਂਦੀ ਹੈ।ਜੇ ਕਣਕ, ਸਿਆਲੂ ਮੱਕੀ ਨੂੰ 55 ਕਿਲੋ ਅਤੇ ਜੌਂਅ ਦੀ ਫ਼ਸਲ ਨੂੰ 27 ਕਿਲੋ ਡੀ ਏ ਪੀ ਪ੍ਰਤੀ ਏਕੜ ਪਾਈ ਹੋਵੇ ਤਾਂ ਕਣਕ ਵਿੱਚ ਕ੍ਰਮਵਾਰ 20 ਅਤੇ 10 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਓ।

ਆਮ ਤੌਰ ਤੇ ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਵਿੱਚ ਗੰਧਕ ਦੀ ਘਾਟ ਜ਼ਿਆਦਾ ਆਉਂਦੀ ਹੈ ਅਤੇ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਇਹ ਘਾਟ ਹੋਰ ਵੀ ਵੱਧ ਜਾਂਦੀ ਹੈ।

ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ ਸਿੰਗਲ ਸੁਪਰਫ਼ਾਸਫ਼ੇਟ ਨੂੰ ਤਰਜੀਹ ਦਿਓ।ਜਿੱਥੇ ਫ਼ਾਸਫ਼ੋਰਸ ਤੱਤ ਸਿੰਗਲ ਸੁਪਰਫ਼ਾਸਫ਼ੇਟ ਰਾਹੀਂ ਨਾ ਪਾਇਆ ਹੋਵੇ ਉਥੇ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਕਿ ਫ਼ਸਲ ਦੀ ਗੰਧਕ ਦੀ ਲੋੜ ਪੂਰੀ ਹੋ ਸਕੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ ਹੋਵੇ ਤਾਂ ਸਿਰਫ਼ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜੈਵਿਕ ਖਾਦਾਂ

ਜੈਵਿਕ ਖਾਦਾਂ ਅਤੇ ਰਸਾਇਣਕ ਖਾਦਾਂ ਨੂੰ ਰਲਾ ਕੇ ਪਾਉਣ ਨਾਲ ਫਸਲਾਂ ਦੇ ਝਾੜ ਵਧਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਇੰਝ ਕਰਣ ਨਾਲ ਛੋਟੇ ਅਤੇ ਦੂਜੈਲੇ ਤੱਤਾਂ ਦੀ ਘਾਟ ਵੀ ਨਹੀਂ ਆਉਂਦੀ। ਖਾਦਾਂ ਦੀ ਵਰਤੋਂ ਦੀ ਕੁਸ਼ਲਤਾ ਅਤੇ ਜ਼ਮੀਨ ਦੀ ਸਿਹਤ ਵੀ ਚੰਗੇਰੇ ਹੋ ਜਾਂਦੀ ਹੈ। ਇਹਨਾਂ ਖਾਦਾਂ ਦਾ ਬਚਦਾ ਪ੍ਰਭਾਵ ਇਸ ਤੋਂ ਬਾਅਦ ਉਗਾਉਣ ਵਾਲੀਆਂ ਫਸਲਾਂ ਤੇ ਵੀ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਕਿਸਾਨ ਜਿੱਥੇ ਜੈਵਿਕ ਖਾਦਾਂ ਦੀ ਵਰਤੋਂ ਕਣਕ ਜਾਂ ਇਸ ਤੋਂ ਪਹਿਲਾਂ ਝੋਨੇ ਵਿੱਚ ਕੀਤੀ ਗਈ ਹੋਵੇ ਉਥੇ ਵੀ ਹਾੜੀ ਦੀਆ ਫਸਲਾਂ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੀ ਵਰਤੋਂ ਨਹੀਂ ਘਟਾਉਂਦੇ। ਜਿਹੜੇ ਆਲੂ ਵਾਲੇ ਖੇਤਾਂ ਵਿੱਚ 10 ਟਨ ਰੂੜੀ ਖਾਦ ਪ੍ਰਤੀ ਏਕੜ ਪਾਈ ਹੋਵੇ, ਉਥੇ ਕਣਕ ਵਿੱਚ ਨਾਈਟਰੋਜਨ ਵਾਲੀ ਖਾਦ ਦੀ 50% ਘੱਟ ਵਰਤੋਂ ਕਰੋ ਅਤੇ ਫ਼ਾਸਫ਼ੋਰਸ ਵਾਲੀ ਖਾਦ ਨਾ ਪਾਉ। ਇਸੇ ਤਰਾਂ ਜਿੱਥੇ ਝੋਨੇ ਵਿੱਚ 2.5 ਟਨ ਮੁਰਗੀਆ ਦੀ ਖਾਦ ਜਾ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਦੀ ਸਲੱਰੀ ਪਾਈ ਹੋਵੇ ਉੱਥੇ ਕਣਕ ਵਿੱਚ ਨਾਈਟਰੋਜਨ ਖਾਦ ਚੋਥਾ ਹਿੱਸਾ ਘੱਟ ਪਾਓ ਅਤੇ ਫਾਸਫੋਰਸ ਖਾਦ ਅੱਧੀ ਹੀ ਪਾਓ । ਜੇ ਝੋਨੇ ਵਿੱਚ 6 ਟਨ ਪ੍ਰੈਸ ਮੱਡ ਪਾਈ ਹੋਵੇ ਤਾਂ ਕਣਕ ਵਿੱਚ ਇੱਕ ਤਿਹਾਈ ਨਾਈਟਰੋਜਨ ਅਤੇ ਅੱਧੀ ਫਾਸਫੋਰਸ ਵਾਲੀ ਖਾਦ ਘੱਟ ਪਾਓ । ਜੇ ਕਣਕ ਵਿੱਚ ਜਿੱਥੇ 2 ਟਨ ਪਰਾਲੀ ਚਾਰ ਪਾਈ ਹੋਵੇ ਤਾਂ ਕਣਕ ਵਿੱਚ ਨਾਈਟਰੋਜਨ ਖਾਦ ਦੀ ਵਰਤੋਂ ਤੀਜਾ ਹਿੱਸਾ ਘਟਾ ਦਿਓ। ਇਸੇ ਤਰਾਂ ਜੇਕਰ ਕਣਕ ਨੂੰ 4 ਟਨ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ ਪਾਈ ਹੋਵੇ ਤਾਂ ਇਸ ਫਸਲ ਨੂੰ ਅੱਧੀ ਫਾਸਫੋਰਸ ਵਾਲੀ ਖਾਦ ਘੱਟ ਪਾਓ।ਕਣਕ ਵਿੱਚ ਪ੍ਰਤੀ ਟਨ ਰੂੜੀ ਖਾਦ ਦੀ ਵਰਤੋਂ ਮਗਰ 2 ਕਿਲੋ ਨਾਈਟ੍ਰੋਜਨ ਅਤੇ 1 ਕਿਲੋ ਫ਼ਾਸਫ਼ੋਰਸ ਤੱਤ ਘੱਟ ਪਾਓ।

ਖਾਦਾਂ ਪਾਉਣ ਦਾ ਸਮਾਂ ਅਤੇ ਢੰਗ

ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਫ਼ਸਲਾਂ ਦੀ ਬਿਜਾਈ ਵੇਲੇ ਪੋਰ ਦਿਓ।ਰਾਇਆ, ਗੋਭੀ ਸਰੋ ਅਤੇ ਅਫ਼ਰੀਕਨ ਸਰੋ ਨੂੰ ਬਿਜਾਈ ਵੇਲੇ ਸ਼ਿਫਾਰਸ ਕੀਤੀ ਅੱਧੀ ਨਾਈਟ੍ਰੋਜਨ ਛੱਟੇ ਨਾਲ ਪਾਓ ਅਤੇ ਬਾਕੀ ਬੱਚਦੀ ਯੂਰੀਆ ਛੱਟੇ ਨਾਲ ਪਹਿਲੇ ਪਾਣੀ ਤੇ ਪਾਓ।ਕਣਕ ਨੂੰ ਬਿਜਾਈ ਵੇਲੇ 55 ਕਿਲੋ ਡੀ ਏ ਪੀ ਪ੍ਰਤੀ ਏਕੜ ਪੋਰ ਦਿਓ।ਉਪਰੰਤ, ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਤੇ ਜ਼ਰੂਰ ਪਾ ਦਿਓ।

ਹੈਪੀਸੀਡਰ ਜਾਂ ਸੁਪਰ ਸੀਡਰ ਨਾਲ ਬੀਜੀ ਕਣਕ ਲਈ ਖਾਦਾਂ

ਬਿਜਾਈ ਵੇਲੇ 65 ਕਿਲੋ ਡੀ ਏ ਪੀ ਪ੍ਰਤੀ ਏਕੜ ਪੋਰ ਦਿਓ। 40 ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਪਾਣੀ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਓ। ਯੂਰੀਆ ਪਾਉਣ ਤੋਂ ਤੁਰੰਤ ਬਾਅਦ ਪਾਣੀ ਲਾ ਦਿਓ। ਭਾਰੀਆਂ ਜ਼ਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੇ ਡਰ ਤੋਂ 35 ਕਿਲੋ ਯੂਰੀਆ ਬਿਜਾਈ ਤੋਂ ਪਹਿਲਾਂ ਅਤੇ ਬਾਕੀ ਬੱਚਦੀ ਯੂਰੀਆ ਪਹਿਲੇ ਪਾਣੀ ਤੋਂ ਪਹਿਲਾ ਛੱਟੇ ਨਾਲ ਪਾਓ।ਜਿੱਥੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੋਵੇ ਉਥੇ ਚੌਥੇ ਸਾਲ ਤੋਂ ਕਣਕ ਵਿੱਚ 20 ਕਿੱਲੋ ਯੂਰੀਆ ਪ੍ਰਤੀ ਏਕੜ ਘੱਟ ਪਾਓ । ਕਣਕ ਵਿੱਚ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ 'ਪੀ ਏ ਯੂ-ਪੱਤਾ ਰੰਗ' ਚਾਰਟ ਜਾਂ ਗਰੀਨ ਸੀਕਰ ਦੀ ਵਰਤੋਂ ਅਨੁਸਾਰ ਕਰੋ। ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਵਿੱਚ 55 ਕਿਲੋ ਡੀ ਏ ਪੀ ਪ੍ਰਤੀ ਏਕੜ ਡਰਿੱਲ ਕਰੋ। ਪਹਿਲੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 40 ਕਿਲੋ ਅਤੇ ਪਛੇਤੀ (ਅੱਧ ਦਸੰਬਰ ਤੋਂ ਬਾਅਦ ਬੀਜੀ) ਕਣਕ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ।

ਪੀ ਏ ਯੂ ਪੱਤਾ ਰੰਗ ਚਾਰਟ

ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨਾਂ ਬਾਅਦ) ਫ਼ਸਲ ਦੀ ਨੁਮਾਇੰਦਗੀ ਕਰਨ ਵਾਲੇ 10 ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਪੀ ਏ ਯੂ-ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਹੇਠ ਮਿਲਾਓ।

ਗਰੀਨ ਸੀਕਰ

ਕਣਕ ਦੀ ਸੰਬੰਧਤ ਕਿਸਮ ਦਾ ਖੇਤ ਦੀ ਬਿਜਾਈ ਵਾਲੇ ਦਿਨ ਹੀ ਇੱਕ ਵੱਧ ਯੂਰੀਆ ਖਾਦ ਵਾਲਾ ਕਿਆਰਾ (ਲਗਭਗ 30 ਵਰਗ ਮੀਟਰ) ਬੀਜੋ। ਇਸ ਕਿਆਰੇ ਵਿੱਚ ਬਿਜਾਈ ਸਮੇਂ 55 ਕਿੱਲੋ ਡੀ.ਏ.ਪੀ. ਅਤੇ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਉਪਰੰਤ ਪਹਿਲੇ ਪਾਣੀ ਨਾਲ 65 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨ ਬਾਅਦ), ਗਰੀਨ ਸੀਕਰ ਨੂੰ ਫ਼ਸਲ ਤੋਂ 75 ਸੈਂਟੀਮੀਟਰ ਉਚਾ ਰੱਖ ਕੇ ਖੇਤ ਅਤੇ ਵੱਧ ਯੂਰੀਆ ਖਾਦ ਵਾਲੇ ਕਿਆਰੇ ਵਿੱਚੋਂ ਰੀਡਿੰਗ ਲਉ। ਫ਼ਸਲ ਦੀ ਉਮਰ ਅਤੇ ਗਰੀਨ ਸੀਕਰ ਰੀਡਿੰਗ ਨੂੰ 'ਪੀ.ਏ.ਯੂ. ਯੂਰੀਆ ਗਾਈਡ' ਵਿੱਚ ਭਰੋ ਅਤੇ ਲੋੜੀਂਦੀ ਯੂਰੀਆ ਖਾਦ ਦੀ ਜਾਣਕਾਰੀ ਪ੍ਰਾਪਤ ਕਰੋ।

ਜੀਵਾਣੂੰ ਖਾਦਾਂ

ਜੈਵਿਕ ਖਾਦਾਂ ਦੀ ਸਾਉਣੀ ਦੀਆਂ ਫ਼ਸਲਾਂ 'ਚ ਵਰਤੋਂ ਨਾਲ ਹਾੜੀ ਦੀਆਂ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਘਟਾਉਣ ਤੋਂ ਇਲਾਵਾ ਵਧੇਰੇ ਝਾੜ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਜ਼ਰੂਰ ਲਗਾਓ। ਫ਼ਸਲਾਂ ਨੂੰ ਜੀਵਾਣੂੰ ਖਾਦ ਦਾ ਟੀਕਾ ਲਗਾਉਣ ਨਾਲ ਇਹ ਫ਼ਸਲਾਂ ਆਪਣੀਆਂ ਜੜਾ ਵਿੱਚ ਗੰਢਾਂ ਵਿਚਲੇ ਬੈਕਟੀਰੀਆ ਦੀ ਮਦਦ ਨਾਲ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮਾ ਕਰਦੀਆਂ ਹਨ।ਇਸ ਤੋਂ ਇਲਾਵਾ ਫਾਸਫੇਟ ਘੋਲਣ ਵਾਲਾ ਬੈਕਟੀਰੀਆ, ਅਘੁਲਣਸ਼ੀਲ ਫ਼ਾਸਫ਼ੋਰਸ ਨੂੰ ਘੋਲ ਕੇ ਫ਼ਸਲਾਂ ਨੂੰ ਉਪਲੱਬਧ ਕਰਾਉਂਦਿਆਂ ਹੋਇਆਂ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਫ਼ਸਲਾਂ ਦਾ ਝਾੜ ਵਧਾਉਣ ਵਿੱਚ ਸਹਾਈ ਹੁੰਦੇ ਹਨ।

ਰਾਜੀਵ ਕੁਮਾਰ ਗੁਪਤਾ: 81462-00940

ਰਾਜੀਵ ਕੁਮਾਰ ਗੁਪਤਾ, ਵਰਿੰਦਰਪਾਲ ਸਿੰਘ ਅਤੇ ਗੋਬਿੰਦਰ ਸਿੰਘ
ਭੂਮੀ ਵਿਗਿਆਨ ਵਿਭਾਗ

rake crops Agricultural news KHETIBADI punjabi news
English Summary: Proper management of fertilizers for major rake crops

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.