1. Home
  2. ਖੇਤੀ ਬਾੜੀ

ਨਿੰਬੂ ਜਾਤੀ ਦੇ ਬੂਟਿਆਂ ਦੀਆਂ ਬਿਮਾਰੀਆਂ ਦੀ ਸੁਚੱਜੀ ਰੋਕਥਾਮ

ਪੰਜਾਬ ਵਿਚ ਨਿੰਬੂ-ਜਾਤੀ ਦੇ ਬੂਟਿਆਂ ਦੀ ਕਾਸ਼ਤ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਝਾੜ ਨੂੰ ਘਟਾਉਂਦੀਆਂ ਹਨ।

KJ Staff
KJ Staff
NIbu de baag

NIbu de baag

ਪੰਜਾਬ ਵਿਚ ਨਿੰਬੂ-ਜਾਤੀ ਦੇ ਬੂਟਿਆਂ ਦੀ ਕਾਸ਼ਤ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਝਾੜ ਨੂੰ ਘਟਾਉਂਦੀਆਂ ਹਨ। 

ਵਧੇਰੇ ਨੁਕਸਾਨ ਕਰਨ ਵਾਲੀਆਂ ਬਿਮਾਰੀਆਂ ’ਚ ਪੈਰੋਂ ਗਲਣ ਦਾ ਰੋਗ, ਫਲਾਂ ਦਾ ਕੇਰਾ, ਕੋਹੜ, ਸਕੈਬ ਰੋਗ ਤੇ ਗਰੀਨਿੰਗ ਪ੍ਰਮੁੱਖ ਹਨ। ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਰੋਕਥਾਮ ਜਰੂਰੀ ਹੈ।

ਗੂੰਦੀਆ ਰੋਗ

ਇਹ ਬਿਮਾਰੀ ਹੁਸ਼ਿਆਰਪੁਰ, ਫ਼ਰੀਦਕੋਟ, ਫਾਜ਼ਿਲਕਾ, ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ’ਚ ਆਮ ਵੇਖਣ ਨੂੰ ਮਿਲਦੀ ਹੈ। ਭਾਰੀਆਂ ਤੇ ਸੇਮ ਵਾਲੀਆਂ ਜ਼ਮੀਨਾਂ ’ਚ ਇਹ ਵੱਧ ਨੁਕਸਾਨ ਕਰਦੀ ਹੈ। ਬਾਗ਼ਾਂ ਦੀ ਵਧੇਰੇ ਸਿੰਚਾਈ, ਮੁੱਢ ਜਾਂ ਜੜ੍ਹਾਂ ਦਾ ਜ਼ਖ਼ਮੀ ਹੋਣਾ ਤੇ ਬੂਟਿਆਂ ਦੇ ਨੇੜੇ ਰੂੜੀ ਦੇ ਢੇਰ ਲਗਾਉਣਾ ਇਸ ਦੇ ਵਾਧੇ ਲਈ ਅਨੁਕੂਲ ਹਾਲਾਤ ਪੈਦਾ ਕਰਦੇ ਹਨ। ਇਹ ਇਕ ਉੱਲੀ ਰੋਗ ਹੈ। ਇਹ ਉਲੀ ਜ਼ਮੀਨ ਦੇ ਅੰਦਰ ਖ਼ੁਰਾਕੀ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਜਿਸ ਨਾਲ ਕਿੰਨੂ ਦੇ ਬਾਗ਼ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਬਾਗ਼ ਵਿਚ ਬੂਟਿਆਂ ਦੇ ਪੈਰਾਂ ਦਾ ਗਾਲਾ, ਗੂੰਦ ਨਿਕਲਣਾ, ਖ਼ੁਰਾਕੀ ਜੜ੍ਹਾਂ ਦਾ ਗਾਲਣਾ, ਪੱਤਿਆਂ ਦਾ ਝੜਣਾ ਤੇ ਫਲ ਦਾ ਗਾਲਾ ਆਦਿ ਇਸ ਦੇ ਆਮ ਲੱਛਣ ਹਨ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਓ ਗੂੰਦ ਨਿਕਲਣਾ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਜਿਵੇਂ-ਜਿਵੇਂ ਜ਼ਖ਼ਮ ਵੱਡੇ ਹੁੰਦੇ ਹਨ, ਛਿੱਲ ’ਚ ਤਰੇੜਾਂ ਪੈ ਜਾਂਦੀਆਂ ਹਨ, ਪੱਤੇ ਪੀਲੇ ਪੈ ਜਾਂਦੇ ਹਨ ਤੇ ਉੱਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ, ਬੂਟੇ ਦਾ ਵਾਧਾ ਰੁਕ ਜਾਂਦਾ ਹੈ ਤੇ ਮਰਨਾ ਸ਼ੁਰੂ ਹੋ ਜਾਂਦਾ ਹੈ। ਬਿਮਾਰੀ ਤੋਂ ਪ੍ਰਭਾਵਿਤ ਬੂਟਿਆਂ ’ਤੇ ਬਹੁਤ ਫੁੱਲ ਆਉਂਦੇ ਹਨ ਪਰ ਫਲ ਬਣਨ ਤੋਂ ਪਹਿਲਾਂ ਹੀ ਝੜ ਜਾਂਦੇ ਹਨ।

ਰੋਕਥਾਮ : ਇਸ ਬਿਮਾਰੀ ਤੋਂ ਬਚਾਅ ਲਈ ਬਾਗ਼ ਲਗਾਉਣ ਵੇਲੇ ਰੋਗ ਰਹਿਤ ਬੂਟੇ ਹੀ ਖ਼ਰੀਦੋ। ਬੂਟੇ ਲਗਾਉਣ ਸਮੇਂ ਪਿਉਂਦੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚੀ ਰੱਖੋ। ਬਾਗ਼ ’ਚੋਂ ਪਾਣੀ ਦੀ ਨਿਕਾਸੀ ਦਾ ਚੰਗਾ ਪ੍ਰਬੰਧ ਕਰੋ। ਰੋਗੀ ਬੂਟੇ ਨੂੰ ਵੱਟਾਂ ਬਣਾ ਕੇ ਪਾਣੀ ਦੇਣ ਨਾਲ ਪਾਣੀ ਜ਼ਰੀਏ ਇਹ ਬਿਮਾਰੀ ਅੱਗੇ ਨਹੀਂ ਫੈਲਦੀ। ਤਣੇ ਤੇ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਉ। ਤਣੇ ਦੁਆਲੇ ਮਿੱਟੀ ਨਾ ਚੜ੍ਹਾਓ। ਜੇ ਤਣਾ ਅੱਧ ਤੋਂ ਜ਼ਿਆਦਾ ਗਲ ਗਿਆ ਹੋਵੇ ਤਾਂ ਬੂਟੇ ਨੂੰ ਪੁੱਟ ਦੇਣਾ ਚਾਹੀਦਾ ਹੈ ਹੈ। ਬੂਟੇ ਦਾ ਇਲਾਜ ਕਰਨ ਲਈ ਬਿਮਾਰੀ ਵਾਲੇ ਹਿੱਸੇ ਦੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖੁਰਚ ਦੇਵੋ। ਜ਼ਖ਼ਮ ਨੂੰ ਕਿਰਮ ਰਹਿਤ ਘੋਲ ਨਾਲ ਸਾਫ਼ ਕਰੋ। ਉਤਾਰੀ ਗਈ ਰੋਗੀ ਛਿੱਲ ਨਸ਼ਟ ਕਰ ਦੇਵੋ ਤਾਂ ਜੋ ਉੱਲੀ ਜ਼ਮੀਨ ’ਚ ਨਾ ਫੈਲੇ। ਤਣੇ ਦੇ ਜ਼ਖ਼ਮਾਂ ’ਤੇ 2 ਗ੍ਰਾਮ ਕਰਜ਼ੇਟ ਐੱਮ-8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ ’ਚ ਘੋਲ ਕੇ ਸਾਲ ਵਿਚ ਦੋ ਵਾਰ (ਫਰਵਰੀ-ਮਾਰਚ ਤੇ ਜੁਲਾਈ-ਅਗਸਤ ’ਚ) ਬੂਟੇ ਦੀ ਜ਼ਖ਼ਮੀ ਹਿੱਸਿਆਂ ’ਤੇ ਮਲੋ। ਬਾਅਦ ਵਿਚ 25 ਗ੍ਰਾਮ ਇਸੇ ਦਵਾਈ ਨੂੰ 10 ਲੀਟਰ ਪਾਣੀ ’ਚ ਘੋਲ ਕੇ ਪ੍ਰਤੀ ਬੂਟਾ ਤਣੇ ਦੇ ਚੁਫੇਰੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੜੁੱਚ ਕਰ ਦੇਵੋ। ਬੂਟਿਆਂ ਦੇ ਮੁੱਢਾਂ ਤੇ ਛਤਰੀ ਹੇਠ ਸੋਡੀਹਾਈਪੋਕਲੋਰਾਈਟ ਦਵਾਈ ਦੀ 50 ਮਿਲੀਲਿਟਰ ਮਾਤਰਾ ਨੂੰ 10 ਲੀਟਰ ਪਾਣੀ ’ਚ ਘੋਲ ਕੇ ਪ੍ਰਤੀ ਬੂਟਾ ਫਰਵਰੀ-ਮਾਰਚ ਤੇ ਜੁਲਾਈ-ਅਗਸਤ ਵਿਚ ਦੋ ਛਿੜਕਾਅ ਕਰੋ ਅਤੇ ਇਕ ਹਫ਼ਤੇ ਬਾਅਦ 100 ਗ੍ਰਾਮ ਟਰਾਈਕੋਡਰਮਾ ਐਸਪੈਰੇਲਮ (ਸਟਰੈਨ ਟੀ-20) 2.5 ਕਿੱਲੋ ਰੂੜੀ ਦੀ ਖਾਦ ’ਚ ਮਿਲਾ ਕੇ ਫਰਵਰੀ-ਮਾਰਚ ਤੇ ਜੁਲਾਈ-ਅਗਸਤ ਵਿਚ ਬੂਟਿਆਂ ਦੇ ਮੁੱਢਾਂ ’ਚ ਪਾਓ।

lemon

lemon

ਫਲਾਂ ਦਾ ਕੇਰਾ

ਫਲਾਂ ਦਾ ਕੇਰਾ ਦੋ ਤਰ੍ਹਾਂ ਦਾ ਹੁੰਦਾ ਹੈ। ਹਾਰਮੋਨ ਜਾਂ ਤੱਤਾਂ ਦੀ ਘਾਟ ਵਾਲਾ ਫਲ ਦਾ ਕੇਰਾ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ-ਜੂਨ ਦੇ ਮਹੀਨੇ ਜ਼ਿਆਦਾ ਹੁੰਦਾ ਹੈ ਅਤੇ ਫਿਰ ਸਤੰਬਰ-ਅਕਤੂਬਰ ’ਚ ਅਜਿਹਾ ਹੁੰਦਾ ਹੈ। ਹਾਰਮੋਨ ਦੀ ਕਮੀ ਕਾਰਨ ਡਿੱਗੇ ਫਲ ਸਿਹਤਮੰਦ ਤੇ ਹਰੇ ਰੰਗ ਦੇ ਹੁੰਦੇ ਹਨ ਪਰ ਡੰਡੀ ਵਾਲੇ ਪਾਸਿਓਂ ਸੰਤਰੀ ਰੰਗ ਦੇ ਹੋ ਜਾਂਦੇ ਹਨ। ਬਿਮਾਰੀ ਵਾਲੀ ਕੇਰ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਇਹ ਜੁਲਾਈ ਦੇ ਮਹੀਨੇ ਸ਼ੁਰੂ ਹੋ ਕੇ ਤੁੜਾਈ ਤਕ ਜਾਰੀ ਰਹਿੰਦੀ ਹੈ ਪਰ ਸਭ ਤੋਂ ਜ਼ਿਆਦਾ ਕੇਰ ਸਤੰਬਰ ਤੋਂ ਅਕਤੂਬਰ ਤਕ ਪੈਂਦੀ ਹੈ। ਸ਼ੁਰੂ ’ਚ ਇਹ ਬਿਮਾਰੀ ਪੱਤਿਆਂ, ਟਹਿਣੀਆਂ ਤੇ ਫਲਾਂ ਉੱਪਰ ਹਮਲਾ ਕਰਦੀ ਹੈ। ਬਿਮਾਰੀ ਨਾਲ ਫਲ ਦੀ ਡੰਡੀ ਦੁਆਲੇ ਭੂਰੇ ਗੋਲ ਧੱਬੇ ਬਣ ਜਾਂਦੇ ਹਨ। ਗਲਣ ਦੀ ਪ੍ਰਕਿਰਿਅਿਾ ਫਲ ਦੀ ਡੰਡੀ ਵੱਲੋਂ ਸ਼ੁਰੂ ਹੋ ਕੇ ਫਲ ਦੀ ਧੁੰਨੀ ਤਕ ਪਹੁੰਚ ਜਾਂਦੀ ਹੈ ਤੇ ਸਾਰਾ ਫਲ ਉੱਲੀ ਨਾਲ ਢਕਿਆ ਜਾਂਦਾ ਹੈ। ਰੋਗੀ ਫਲ ਪਿਚਕੇ ਹੋਏ ਤੇ ਸਖ਼ਤ ਹੁੰਦੇ ਹਨ। ਜੇ ਬਿਮਾਰੀ ਦਾ ਹਮਲਾ ਲੇਟ ਹੋਵੇ ਤਾਂ ਫਲ ਸੁੰਗੜ ਕੇ ਕਾਲੇ ਹੋ ਜਾਂਦੇ ਹਨ ਤੇ ਬੂਟੇ ਨਾਲ ਲਟਕਦੇ ਰਹਿੰਦੇ ਹਨ। ਰੋਗੀ ਫ਼ਲਾਂ ਦੀਆਂ ਡੰਡੀਆਂ ਸਲੇਟੀ ਹੋ ਜਾਂਦੀਆ ਹਨ ਤੇ ਉਨ੍ਹਾਂ ਉੱਤੇ ਉੱਲੀ ਦੇ ਕਾਲੇ ਟਿਮਕਣੇ ਬਣ ਜਾਂਦੇ ਹਨ। ਰੋਗੀ ਬੂਟਿਆਂ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ। ਵਾਤਾਵਰਣ ’ਚ ਵਧੇਰੇ ਸਿੱਲ੍ਹ ਅਤੇ ਮੌਨਸੂਨ ਦੀ ਵਰਖਾ ਕਿੰਨੂੂ ਦੀ ਇਸ ਕੇਰ ’ਚ ਵਾਧਾ ਕਰਦੀ ਹੈ।

ਰੋਕਥਾਮ : ਬਾਗ਼ ’ਚ ਸਫ਼ਾਈ ਰੱਖੋ। ਫਲ ਦੀ ਕੇਰ ਦਾ ਵਾਧਾ ਸੁੱਕੀਆਂ ਤੇ ਰੋਗੀ ਟਹਿਣੀਆਂ ਤੋਂ ਸ਼ੁਰੂ ਹੁੰਦਾ ਹੈ। ਫਲ ਤੋੜਣ ਤੋਂ ਬਾਅਦ ਜਨਵਰੀ-ਫ਼ਰਵਰੀ ਵਿਚ ਸਾਰੀ ਸੋਕ ਕੱਟ ਕੇ ਸਾੜ ਦੇਵੋ ਤੇ ਬੋਰਡੋ ਮਿਸ਼ਰਣ ਜਾਂ ਕੌਪਰ ਆਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰੋ। ਕੱਟੀ ਹੋਈ ਸੋਕ ਨੂੰ ਬੂਟਿਆਂ ਦੇ ਹੇਠਾਂ ਜਾਂ ਬਾਗ਼ ਦੇ ਨੇੜੇੇ ਨਾ ਰੱਖੋ, ਕਿਉਂਕਿ ਇਸ ਤੋਂ ਵਰਖਾ ਦੌਰਾਨ ਬਿਮਾਰੀ ਬੂਟਿਆ ’ਤੇ ਫੈਲ ਸਕਦੀ ਹੈ। ਡਿੱਗੇ ਹੋਏ ਅਤੇ ਬੂਟੇ ਉੱਤੇ ਲਟਕਦੇ ਰੋਗੀ ਫਲਾਂ ਨੰੂ ਤੋੜ ਕੇ ਜ਼ਮੀਨ ’ਚ ਡੂੰਘਾ ਦੱਬ ਦੇਵੋ ਜਾਂ ਸਾੜ ਦੇਵੋ। ਅਜਿਹੇ ਫਲਾਂ ਦੇ ਢੇਰ ਨੂੰ ਬਾਗ ਵਿਚ ਨਾ ਰੱਖੋ। ਬਾਗ਼ ਵਿਚ ਪਾਣੀ ਖੜ੍ਹਾ ਨਾ ਰਹਿਣ ਦੇਵੋ ਤੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਰੱਖੋ। ਬੂਟੇ ਦੀ ਸਿਹਤ ਬਰਕਰਾਰ ਰੱਖਣ ਲਈ ਸਿਫ਼ਾਰਸ਼ ਕੀਤੀਆਂ ਖਾਦਾਂ ਤੇ ਲਘੂ ਤੱਤਾਂ ਦੀ ਸਮੇਂ ਸਿਰ ਵਰਤੋਂ ਕਰੋ। ਫਲਾਂ ਦੀ ਕੇਰ ਨੂੰ ਰੋਕਣ ਲਈ ਬੂਟਿਆਂ ’ਤੇ ਜ਼ਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲੀਟਰ ਪਾਣੀ) 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਅੱਧ ਅਪ੍ਰੈਲ, ਅਗਸਤ ਤੇ ਸਤੰਬਰ ਵਿਚ ਛਿੜਕਾਅ ਕਰੋ।

ਕੋਹੜ ਰੋਗ (ਕੈਂਕਰ)

ਇਹ ਬਿਮਾਰੀ ਬੈਕਟੀਰੀਆ ਰਾਹੀਂ ਲਗਦੀ ਹੈ। ਸਿੱਲ੍ਹ ਤੇ ਮੀਂਹ ਇਸ ਰੋਗ ’ਚ ਵਾਧਾ ਕਰਦੇ ਹਨ। ਇਹ ਬਿਮਾਰੀ ਨਰਸਰੀ ਵਿਚ ਅਤੇ 2-3 ਸਾਲ ਦੇ ਬੂਟਿਆਂ ’ਤੇ ਬਹੁਤ ਹਮਲਾ ਕਰਦੀ ਹੈ। ਰੋਗੀ ਬੂਟੇ, ਰੋਗੀ ਟਹਿਣੀਆਂ ਤੇ ਪੱਤਿਆਂ ਦੇ ਧੱਬੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ। ਝੱਖੜ ਵਾਲਾ ਮੀਂਹ ਇਸ ਬਿਮਾਰੀ ਨੂੰ ਇਕ ਤੋਂ ਦੂਜੇ ਬੂਟੇ ਤਕ ਫੈਲਾਉਣ ’ਚ ਸਹਾਈ ਹੁੰਦਾ ਹੈ। ਬਿਮਾਰੀ ਦੇ ਹਮਲੇ ਨਾਲ ਪੱਤਿਆਂ ’ਤੇ ਪੀਲੇ-ਭੂੁਰੇ ਧੱਬੇ ਪੈ ਜਾਂਦੇ ਹਨ, ਜੋ ਹੌਲੀ-ਹੌਲੀ ਆਕਾਰ ’ਚ ਵੱਡੇ, ਖੁਰਦਰੇ ਤੇ ਭੂੁਰੇ ਹੁੰਦੇ ਜਾਂਦੇ ਹਨ ਅਤੇ ਧੱਬਿਆਂ ਦੁਆਲੇ ਪੀਲੇ ਰੰਗ ਦੇ ਘੇਰੇ ਬਣ ਜਾਂਦੇ ਹਨ। ਇਹ ਧੱਬੇ ਆਪਸ ’ਚ ਮਿਲ ਕੇ ਸਾਰੇ ਪੱਤੇ ਨੂੰ ਢਕ ਲੈਂਦੇ ਹਨ ਤੇ ਰੋਗੀ ਪੱਤੇ ਝੜ ਜਾਂਦੇ ਹਨ। ਟਹਿਣੀਆਂ ਉੱਤੇ ਇਹ ਧੱਬੇ ਵਿੰਗੇ-ਟੇਢੇ ਤੇ ਭੂੁਰੇ ਰੰਗ ਦੇ ਹੁੰਦੇ ਹਨ। ਰੋਗੀ ਟਹਿਣੀਆਂ ਸੁੱਕ ਕੇ ਸੋਕੜ ਪੈਦਾ ਕਰ ਦਿੰਦੀਆਂ ਹਨ, ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਰੋਗੀ ਫਲ ਮੰਡੀਕਰਣ ਦੇ ਯੋਗ ਨਹੀਂ ਰਹਿੰਦੇ।
ਰੋਕਥਾਮ : ਬਾਗ਼ ਲਗਾਉਣ ਲਈ ਹਮੇਸ਼ਾ ਬਿਮਾਰੀ ਰਹਿਤ ਬੂਟੇ ਹੀ ਖ਼ਰੀਦੋ। ਮਈ-ਜੂਨ ਵਿਚ ਬੂਟਿਆਂ ਦੀਆਂ ਰੋਗੀ ਟਹਿਣੀਆਂ ਨੂੰ ਕੱਟ ਕੇ ਸਾੜ ਦੇਵੋ ਅਤੇ ਜ਼ਖ਼ਮਾਂ ਉੱਪਰ ਬੋਰਡੋ ਪੇਸਟ ਲਗਾ ਦੇਵੋ। ਰੋਗੀ ਫਲਾਂ ਨੂੰ ਨਸ਼ਟ ਕਰ ਦੇਵੋ। 50 ਗ੍ਰਾਮ ਸਟ੍ਰੈਪਟੋਸਾਈਕਲੀਨ ਤੇ 25 ਗ੍ਰਾਮ ਕਾਪਰ ਸਲਫੇਟ (ਨੀਲਾ ਥੋਥਾ) ਨੂੰ 500 ਲੀਟਰ ਪਾਣੀ ’ਚ ਘੋਲ ਕੇ ਤਿੰਨ ਵਾਰ ਛਿੜਕਾਅ ਕਰੋ। ਪਹਿਲਾ ਛਿੜਕਾਅ ਅਕਤੂਬਰ, ਦੂਜਾ ਦਸੰਬਰ ਤੇ ਤੀਜਾ ਫਰਵਰੀ ਵਿਚ ਕਰੋ।

ਗਰੀਨਿੰਗ

ਇਹ ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਹੈ ਜਿਹੜੀ ਕਿ ਨਿੰਬੂ ਜਾਤੀ ਦੇ ਬਾਗ਼ਾਂ ਦੇ ਸੁੱਕਣ ਦਾ ਮੁੱਖ ਕਾਰਨ ਬਣਦੀ ਹੈ। ਬਿਮਾਰੀ ਵਾਲੇ ਬੂਟਿਆਂ ਦਾ ਹਰਾ ਰੰਗ ਖ਼ਰਾਬ ਹੋ ਜਾਂਦਾ ਹੈ ਅਤੇ ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ ਪਰ ਨਾੜੀਆਂ ਹਰੇ ਰੰਗ ਦੀ ਹੀ ਰਹਿੰਦੀਆਂ ਹਨ। ਪੱਤੇ ਛੋਟੇ ਤੇ ਮੋਟੇ ਹੋ ਜਾਂਦੇ ਹਨ ਅਤੇ ਅਜਿਹੇ ਪੱਤੇ ਉੱਪਰ ਵੱਲ ਨੂੰ ਖੜ੍ਹੇ ਹੁੰਦੇ ਹਨ ਅਤੇ ਪਹਿਲਾਂ ਹੀ ਡਿੱਗ ਪੈਂਦੇ ਹਨ। ਟਾਹਣੀਆਂ ’ਤੇ ਬਹੁਤੀਆਂ ਅੱਖਾਂ ਫੁੱਟਣ ਕਾਰਨ ਗੰਢ ਤੋਂ ਗੰਢ ਦਾ ਫ਼ਾਸਲਾ ਘਟ ਜਾਂਦਾ ਹੈ ਅਤੇ ਬਾਅਦ ਵਿਚ ਇਹ ਟਾਹਣੀਆਂ ਉੱਪਰੋਂ ਹੇਠਾਂ ਵੱਲ ਨੂੰ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੁੱਖ ਤੌਰ ’ਤੇ ਇਸ ਬਿਮਾਰੀ ਨੂੰ ਸਿਟਰਸ ਸਿੱਲਾ ਨਾਂ ਦਾ ਕੀੜਾ ਅੱਗੇ ਫੈਲਾਉਂਦਾ ਹੈ।

ਰੋਕਥਾਮ : ਪਿਉਂਦ ਕਰਨ ਲਈ ਅੱਖ ਜਾਂ ਲੱਕੜ ਦਾ ਦੂਜਾ ਹਿੱਸਾ ਕੇਵਲ ਬਿਮਾਰੀ ਰਹਿਤ ਬੂਟਿਆਂ ਤੋਂ ਹੀ ਲਵੋ। ਸਿਟਰਸ ਸਿੱਲੇ ਦੀ ਰੋਕਥਾਮ ਲਈ 200 ਮਿਲੀਲਿਟਰ ਕਰੋਕੋਡਾਇਲ/ਕੋਨਫੀਡੋਰ 17.8 ਐੱਸਐੱਲ ਜਾਂ 160 ਗ੍ਰਾਮ ਐਕਟਾਰਾ/ਦੋਤਾਰਾ 25-ਡਬਲਿਊਜੀ 500 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਰਚ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਦੌਰਾਨ ਛਿੜਕਾਅ ਕਰੋ। ਇਸ ਤੋਂ ਇਲਾਵਾ 6.25 ਲੀਟਰ ਐੱਮਏਕੇ ਐੱਚਐੱਮਓ (ਹਾਰਟੀਕਲਚਰਲ ਮਿਨਰਲ ਆਇਲ) 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਛਿੜਕਾਅ (ਮਾਰਚ ਅਤੇ ਸਤੰਬਰ ਦੇ ਪਹਿਲੇ ਹਫ਼ਤੇ) ਕਰਨ ਨਾਲ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

- ਨਰਿੰਦਰ ਸਿੰਘ, ਦਲਜੀਤ ਸਿੰਘ ਬੁੱਟਰ

Summary in English: Proper prevention of citrus diseases

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters