ਇਸ ਸਾਲ ਪੰਜਾਬ ਵਿੱਚ ਲੇਬਰ ਦੀ ਘਾਟ ਹੋਣ ਕਾਰਨ ਕਿਸਾਨਾਂ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਦੇਖਿਆ ਜਾ ਸਕਦਾ ਹੈ । ਕੁੱਝ ਕਿਸਾਨ ਵੀਰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਦੀ ਕਾਸ਼ਤ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ ਪਰੰਤੂ ਨਾਲ ਹੀ ਕੁਝ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨਾਲ ਮਖੌਲ ਕਰਦੇ ਦਿੱਸਦੇ ਹਨ ਤੇ ਕਈਆਂ ਨੇ ਤਾਂ ਠਾਣ ਲਿਆ ਹੈ ਕਿ ਉਨ੍ਹਾਂ ਨੇ ਸਿੱਧੀ ਬਿਜਾਈ ਨੂੰ ਨਾ-ਕਾਮਯਾਬ ਹੀ ਕਰਨਾ ਹੈ, ਜੋ ਕਿ ਕੁੱਝ ਕਾਰਨਾਂ ਤੋਂ ਸ਼ਪੱਸਟ ਹੋ ਰਿਹਾ ਹੈ, ਜੋ ਹੇਠਾਂ ਦਿੱਤੇ ਗਏ ਹਨ:
• ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਪਰਮਲ ਦੀਆਂ ਕਿਸਮਾਂ (ਜਿਵੇਂ ਕਿ ਪੀ. ਆਰ. 126, 122, 121) ਦਾ ਬੀਜ 8-10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨਾ ਹੈ । ਕਈ ਕਿਸਾਨ ਵੀਰ ਘੱਟ ਬੀਜ (4-5 ਕਿਲੋ ਪ੍ਰਤੀ ਏਕੜ) ਨਾਲ ਬਿਜਾਈ ਕਰਦੇ ਦਿੱਸਦੇ ਹਨ, ਜਿਸ ਨਾਲ ਫ਼ਸਲ ਵਿਰਲੀ ਰਹਿ ਜਾਂਦੀ ਅਤੇ ਝਾੜ ਵੀ ਘੱਟ ਜਾਂਦਾ ਹੈ।
• ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀ ਜ਼ਮੀਨਾਂ ਵਿੱਚ ਹੀ ਕਰਨ। ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਕਰਨ ਨਾਲ ਲੋਹੇ ਦੀ ਘਾਟ ਆਉਂਦੀ ਹੈ ਅਤੇ ਜਿਆਦਾ ਪਾਣੀ ਦੀ ਵਰਤੋਂ ਨਾਲ ਨਦੀਨ ਕਾਬੂ ਵਿੱਚ ਨਹੀਂ ਆਉਂਦੇ, ਜਿਸਦਾ ਮਾੜਾ ਅਸਰ ਝਾੜ ਤੇ ਪੈਂਦਾ ਹੈ ।
• ਕੁੱਝ ਕਿਸਾਨ ਪਰੇਸ਼ਾਨ ਲੱਗ ਰਹੇ ਹਨ ਕਿਉਂਕਿ ਉਹ ਆਮ ਤੌਰ ਤੇ ਕਹਿੰਦੇ ਦੇਖੇ ਗਏ ਹਨ ਕਿ ਅਸੀਂ ਬਿਜਾਈ ਲਈ ਲੇਟ ਹੋ ਚੁੱਕੇ ਹਾਂ, ਜਦਕਿ ਬਿਜਾਈ ਦਾ ਸਮਾਂ ਪਰਮਲ ਝੋਨੇ ਲਈ ਇੱਕ ਤੋਂ ਪੰਦਰਾਂ ਜੂਨ ਸਿਫਾਰਸ਼ ਕੀਤਾ ਗਿਆ ਹੈ। ਗਲਤ ਸਮੇਂ ਤੇ ਬੀਜੀ ਹੋਈ ਫ਼ਸਲ ਕਦੇ ਵੀ ਵਧੀਆ ਝਾੜ ਨਹੀਂ ਦੇ ਸਕਦੀ, ਜਿਸ ਕਰਕੇ ਕਿਸਾਨ ਦੀ ਜੇਬ ਹਲਕੀ ਹੀ ਰਹਿੰਦੀ ਹੈ ।
• ਝੋਨੇ ਦੀ ਸਿੱਧੀ ਬਿਜਾਈ ਉਹਨਾਂ ਖੇਤਾਂ ਵਿੱਚ ਹੀ ਕੀਤੀ ਜਾਵੇ ਜਿਥੇ ਪਿਹਲਾਂ ਕੱਦੂ ਕੀਤਾ ਝੋਨਾ ਲਗਦਾ ਰਿਹਾ ਹੈ।ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਨਰਮਾ, ਕਮਾਦ, ਮੱਕੀ ਵਰਗੀਆਂ ਫ਼ਸਲਾਂ ਲਗੀਆਂ, ਉਨ੍ਹਾਂ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ।
• ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਤਰ ਵੱਤਰ ਖੇਤ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਨਦੀਨਾਂ ਦੀ ਗਿਣਤੀ ਵੀ ਘੱਟ ਰਹਿੰਦੀ ਹੈ ਅਤੇ ਲੋਹੇ ਦੀ ਘਾਟ ਵੀ ਨਹੀਂ ਆਉਂਦੀ। ਖੇਤ ਨੂੰ ਦੂਹਰੀ ਵਾਰ ਰੌਣੀ ਕਰਨ ਤੋਂ ਬਾਅਦ ਹੀ ਬੀਜਣਾ ਚਾਹੀਦਾ ਹੈ। ਦੋਹਰਾ ਹਲ ਮਾਰ ਕੇ, ਫਿਰ ਸੁਹਾਗਾ ਫੇਰ ਕੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ।
• ਖੇਤ ਨੂੰ ਰੌਣੀ ਕਰਨ ਤੋਂ ਪਹਿਲਾ ਲੇਜ਼ਰ ਕਰਾਹੇ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਲੇਜ਼ਰ ਕਰਾਹੇ ਨਾਲ ਖੇਤ ਪਧਰਾ ਕੀਤੇ ਬਿਨਾ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੇ ਨਾਕਾਮਯਾਬ ਹੋਣ ਦੇ ਆਸਾਰ ਹੁੰਦੇ ਹਨ ਕਿਉਂਕਿ ਸਾਰੇ ਖੇਤ ਵਿੱਚ ਪਾਣੀ ਦਾ ਵਹਾਅ ਸਥਿਰ ਨਹੀਂ ਰਹਿੰਦਾ ਜਿਸ ਕਾਰਨ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਅਤੇ ਖੇਤ ਵਿੱਚ ਪਾਣੀ ਖੜ੍ਹੇ ਹੋਣ ਨਾਲ ਬੂਟੀਆਂ ਉੱਤੇ ਮਾੜਾ ਅਸਰ ਪੈਂਦਾ ਹੈ।
• ਝੋਨੇ ਦੀ ਬਿਜਾਈ ਦੀ ਸਹੀ ਡੂੰਘਾਈ ਇੱਕ ਤੋਂ ਸਵਾ ਇੰਚ ਹੈ । ਜੇਕਰ ਕਿਸਾਨ ਇਸ ਤੋਂ ਡੂੰਘਾ ਬੀਜ ਦੇ ਹਨ ਤਾਂ ਬੀਜ ਦੀ ਉਪਜਾਊ ਸ਼ਕਤੀ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ।
• ਸਿੱਧੀ ਬਿਜਾਈ ਲੱਕੀ ਸੀਡ ਡਰਿਲ ਨਾਲ ਕੀਤੀ ਜਾ ਸਕਦੀ ਹੈ । ਪ੍ਰੰਤੂ ਜੇਕਰ ਇਹ ਮਸ਼ੀਨ ਉਪਲੱਬਧ ਨਹੀਂ ਹੈ ਤਾਂ ਜ਼ੀਰੋ ਟਿਲ ਡਰਿਲ, ਹੈਪੀ ਸੀਡਰ ਜਾਂ ਸੁਪਰ ਸੀਡਰ ਦੇ ਵਿੱਚ ਕੁਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਪ੍ਰੰਤੂ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਜੋ ਸਿਆੜ ਟਰੈਕਟਰ ਦੇ ਪਹੀਆਂ ਦੇ ਪਛਿਲੇ ਪਾਸੇ ਹੋਣਗੇ, ਉਨ੍ਹਾਂ ਨੂੰ ਇੱਕ ਤੋਂ ਸਵਾ ਇੰਚ ਬੈਟ ਲਾ ਕੇ ਹੋਰ ਡੂੰਘਾ ਕਰਕੇ ਮਸ਼ੀਨ ਨੂੰ ਵਰਤਆਿ ਜਾਣਾ ਚਾਹੀਦਾ ਹੈ।
• ਝੋਨੇ ਦੀ ਸਿੱਧੀ ਬਿਜਾਈ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ। ਜੇਕਰ ਬਿਜਾਈ ਲੱਕੀ ਸੀਡ ਡਰਿਲ ਤੋਂ ਇਲਾਵਾ ਕਿਸੇ ਹੋਰ ਮਸ਼ੀਨ ਨਾਲ ਕੀਤੀ ਜਾਵੇ ਤੱਦ ਧਿਆਨ ਰੱਖਣਾ ਹੈ ਕਿ ਬਿਜਾਈ ਦੇ ਤੁਰੰਤ ਬਾਦ ਨਦੀਨ ਨਾਸ਼ਕ ਸਪਰੇਅ ਕੀਤੀ ਜਾਵੇ। ਨਦੀਨਾਂ ਦੇ ਰੋਕਥਾਮ ਲਈ 1.0 ਲੀਟਰ ਪ੍ਰਤੀ ਏਕੜ ਸਟੌਂਪ/ ਬੰਕਰ 30 ਈ.ਸੀ (ਪੈਂਡੀਮੈਥਾਲਿਨ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਸਪਰੇਅ ਸਵੇਰੇ ਜਾਂ ਫਿਰ ਸ਼ਾਮ ਦੇ ਸਮੇਂ ਹੀ ਕੀਤੀ ਜਾਵੇ ਕਿਉਂਕਿ ਦਿਨ ਵਿੱਚ ਤਾਪਮਾਨ ਵੱਧ ਹੋਣ ਕਾਰਣ ਨਦੀਨ ਨਾਸ਼ਕ ਦਾ ਅਸਰ ਘੱਟ ਜਾਂਦਾ ਹੈ।
• ਕੁਝ ਕਿਸਾਨ ਵੀਰ ਝੋਨੇ ਨੂੰ ਬੀਜਣ ਤੋਂ ਬਾਅਦ ਪਾਣੀ ਲਾਉਣ ਵੱਲ ਤੁਰ ਪਏ ਹਨ ਜੋ ਕਿ ਇੱਕ ਪੂਰੀ ਨਾਕਾਮਯਾਬ ਤਕਨੀਕ ਹੈ। ਪਹਿਲਾ ਪਾਣੀ 21 ਦਿਨਾਂ ਬਾਅਦ ਖੇਤ ਵਿੱਚ ਲਾਉਣਾ ਹੁੰਦਾ ਹੈ ਜਿਸ ਨਾਲ ਝੋਨੇ ਦੇ ਬੂਟੇ ਦੀਆਂ ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ਚਲੀਆਂ ਜਾਂਦੀਆਂ ਹਨ ਅਤੇ ਲੋੜੀਂਦਾ ਲੋਹੇ ਦਾ ਤੱਤ ਬੂਟੇ ਨੂੰ ਮਿਲਦਾ ਰਹਿੰਦਾ ਹੈ ਅਤੇ ਨਾਲ ਹੀ ਨਦੀਨ ਕਾਬੂ ਵਿੱਚ ਰਹਿੰਦੇ ਹਨ ।
• ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕਰਨ ਤੋਂ ਪਰਹੇਜ਼ ਕਰਨ। ਕਈ ਕਿਰਾਏ ਤੇ ਮਸ਼ੀਨਾਂ ਨਾਲ ਬਿਜਾਈ ਕਰਨ ਵਾਲੇ ਬੰਦੇ, ਕਿਸਾਨਾਂ ਨੂੰ ਸੁੱਕੇ ਖੇਤ ਵਿੱਚ ਬਿਜਾਈ ਕਰਨ ਲਈ ਗੁਮਰਾਹ ਕਰਦੇ ਹਨ। ਇਹ ਸਮੇਂ ਦੀ ਬੱਚਤ ਅਤੇ ਸੁਖਾਲੀ ਬਿਜਾਈ ਕਰਨ ਲਈ ਕਿਸਾਨ ਭਰਾਵਾਂ ਤੋਂ ਸੁੱਕੇ ਖੇਤ ਵਿੱਚ ਬਿਜਾਈ ਕਰਵਾਉਂਦੇ ਹਨ ਕਿਉਂਕਿ ਵੱਤਰ ਵਾਲੇ ਖੇਤ ਵਿੱਚ ਬਿਜਾਈ ਲਈ ਸਮਾਂ ਵੀ ਵੱਧ ਲਗਦਾ ਹੈ ਅਤੇ ਮਸ਼ੀਨ ਵੀ ਹੌਲੀ ਚਲਦੀ ਹੈ।
• ਕਈ ਕਿਸਾਨ ਵੀਰ ਬੀਜ ਨੂੰ ਪਾਣੀ ਵਿੱਚ ਭਿਓਏ ਬਿਨਾਂ ਸਿੱਧਾ ਹੀ ਖੇਤ ਵਿੱਚ ਬੀਜ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਬੀਜ ਦਾ ਫੁੰਗਾਰਾ ਸਹੀ ਨਹੀਂ ਹੁਦਾ। ਬੀਜ ਨੂੰ ਬਿਜਾਈ ਤੋਂ ਘੱਟੋ ਘੱਟ ਦਸ ਤੋਂ ਬਾਰਾਂ ਘੰਟੇ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਇੱਕ ਘੰਟੇ ਪਹਿਲਾ ਬੀਜ ਨੂੰ ਛਾਂ ਵਿੱਚ ਹਵਾ ਲਵਾਕੇ ਬੀਜਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਿਹਲਾਂ ਤਿੰਨ ਗ੍ਰਾਮ ਸਪ੍ਰਿੰਟ 75 ਡਬਲਯੂ. ਅੇਸ. (ਮੈਨਕੋਜ਼ੈਬ+ ਕਾਰਬੈਂਡਾਜ਼ਿਮ) ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ (8 ਕਿਲੋ ਬੀਜ ਲਈ 24 ਗ੍ਰਾਮ ਉੱਲੀਨਾਸ਼ਕ 80-100 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕਰੋ)।
• ਕਈ ਨਦੀਨ ਨਾਸ਼ਕ ਦੀਆਂ ਕੰਪਨੀਆਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਿਸ਼ ਦੇ ਅਨੁਸਾਰ ਪੈਂਡੀਮੈਥਲੀਨ 30 ਈ. ਸੀ. ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਹੈ, ਪ੍ਰੰਤੂ ਕੰਪਨੀ ਆਪਣਾ ਫਾਇਦਾ ਦੇਖਦੇ ਹੋਏ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਤੇ ਖੇਤ ਸੁੱਕਾ ਬੀਜ ਕੇ, ਪੈਂਡੀਮੈਥਲੀਨ 38.7 ਸੀ. ਅੇਸ. ਜਿਸ ਨੂੰ ਕਿ ਸਟੌਂਪ ਐਕਸਟਰਾ ਦੇ ਨਾਂ ਤੋਂ ਵੀ ਜਾਣਆਿ ਜਾਂਦਾ ਹੈ ਉਸ ਨੂੰ ਪਾਉਣ ਦੀ ਸਿਫਾਰਸ਼ ਕਰ ਰਹੀਆਂ ਹਨ ਜਿਸ ਦੀ ਮਾਤਰਾ 750 ਐਮ. ਐਲ. ਪ੍ਰਤੀ ਏਕੜ ਦੇ ਹਿਸਾਬ ਨਾਲ ਹੈ।
ਕਿਸਾਨਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਪੈਂਡੀਮੈਥਲੀਨ (38.7 ਸੀ. ਅੇਸ.) 750 ਐਮ.ਐਲ. ਦੇ ਹਿਸਾਬ ਨਾਲ ਝੋਨੇ ਦੀ ਸਿੱਧੀ ਬਿਜਾਈ ਲਈ ਬਿਲਕੁਲ ਵੀ ਸਹੀ ਸਿਫ਼ਾਰਸ਼ ਨਹੀਂ ਹੈ ਕਿਉਂਕਿ ਇਹ ਨਦੀਨ ਨਾਸ਼ਕ ਉਦੋਂ ਹੀ ਕੰਮ ਕਰਦਾ ਹੈ ਜਦੋਂ ਜ਼ਮੀਨ ਦੇ ਵਿੱਚ ਨਮੀ ਹੋਵੇ ਜਾਂ ਮੀਂਹ ਪੈਂਦੇ ਹੋਣ।ਸਿੱਧੀ ਬਿਜਾਈ ਕੀਤੇ ਖੇਤਾਂ ਵਿੱਚ ਨਮੀਂ ਦੀ ਘਾਟ ਹੋਣ ਕਾਰਨ ਇਹ ਨਦੀਨ ਨਾਸ਼ਕ ਕੰਮ ਨਹੀਂ ਕਰਦਾ ਅਤੇ ਕਿਸਾਨਾਂ ਨੂੰ ਇਸ ਦੀ ਵਰਤੋਂ ਥੋੜੇ ਸਮੇਂ ਉਪਰੰਤ ਹੀ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਵੱਧਦਾ ਹੈ।
ਕਿਸਾਨ ਵੀਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈਆਂ ਤਕਨੀਕਾਂ ਦੀ ਪਾਲਣਾ ਕਰਣ ਅਤੇ ਨਾਲ ਹੀ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਤੋਂ ਬਚਣ ਤਾਂ ਜੋ ਉਹ ਝੋਨੇ ਦੀ ਸਹੀ ਢੰਗ ਨਾਲ ਬਿਜਾਈ ਕਰ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ । ਕਿਸਾਨਾਂ ਨੂੰ ਅਗਾਂਹਵਧੂ ਹੋ ਕੇ ਚੰਗੀ ਸਿਫਾਰਸ਼ਾਂ ਨੂੰ ਅਪਣਾਉਣਾਂ ਚਾਹੀਦਾ ਹੈ, ਅਤੇ ਗਲਤ ਰਾਹ ਤੇ ਪਾਉਣ ਵਾਲੇ ਖੜਪੰਚਾਂ ਤੋਂ ਵੀ ਬਚਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਅੱਗੇ ਆ ਕੇ ਇਹ ਸੁਧਰੀ ਤਕਨੀਕ ਅਪਣਾਉਣ।
Summary in English: Request to farmers: Avoid reverse sowing of paddy in Punjab