Krishi Jagran Punjabi
Menu Close Menu

ਗੰਡੋਆਂ ਖਾਦ – ਖੇਤੀ ਸਬੰਧੀ ਰਹਿੰਦ ਖੁਹੰਦ ਨੂੰ ਮੁੜ ਵਰਤੋਂ ਯੋਗ ਬਣਾਉਣ ਦੀ ਵਿਧੀ

Thursday, 25 June 2020 06:48 PM
ਭਾਰਤ ਵਿੱਚ ਕਈ ਪ੍ਰਕਾਰ ਦੀ ਨਸਲ ਦੇ ਗੰਡੋਏ ਮਿਲਦੇ ਹਨ। ਗੰਡੋਏ ਦੀ ਇਕ ਪ੍ਰਜਾਤੀ ਆਈਸੀਨੀਆ ਫੀਟਿਡਾ ਕੰਪੋਸਟ ਤਿਆਰ ਕਰਣ ਲਈ ਵਧੀਆ ਨਸਲ ਮੰਨੀ ਜਾਂਦੀ ਹੈ। ਇਸਦੀ ਔਸਤਨ ਲੰਬਾਈ 3 ਤੋਂ 4 ਇੰਚ ਹੁੰਦੀ ਹੈ ਅਤੇ ਭਾਰ 1 ਗ੍ਰਾਮ ਦੇ ਕਰੀਬ ਹੁੰਦਾ ਹੈ। ਇਹ ਆਪਣਾ ਭੋਜਨ ਮਿੱਟੀ ਦੀ ਉਪਰਲੀ ਸਤਹ ਵਿੱਚ ਰਹਿਕੇ ਖਾਂਦੇ ਹਨ ਅਤੇ ਜ਼ਿਆਦਾ ਡੁੰਗਾਈ ਵਿੱਚ ਨਹੀਂ ਜਾਂਦੇ। ਇਹਨਾਂ ਦੇ ਵਾਧੇ ਦੀ ਦਰ ਜ਼ਿਆਦਾ ਅਤੇ ਜੀਵਨ ਚੱਕਰ ਛੋਟਾ ਹੋਣ ਕਰਕੇ ਕੰਪੋਸਟ ਵੀ ਵਧੀਆ ਅਤੇ ਜਲਦੀ ਤਿਆਰ ਹੁੰਦੀ ਹੈ।
ਗੰਡੋਇਆਂ ਦੀਆਂ ਕਿਸਮਾਂ 
ਵਰਮੀਕੰਪੋਸਟਿੰਗ
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਨਿਮਾਟੋਡ, ਬੈਕਟੀਰੀਆ, ਉਲੀ ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮੱਦਦ ਕਰਦੇ ਹਨ। ਇਹ ਸਾਰੀ ਪਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ। ਗੰਡੋਏ ਇਕ ਦਿਨ ਵਿੱਚ ਆਪਣੇ ਭਾਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਸਕਦੇ ਹਨ। ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀਕੰਪੋਸਟ ਕਹਾਉਂਦੀ ਹੈ ।
ਗੰਡੋਇਆਂ ਦੇ ਫਾਇਦੇ 
•    ਮਿੱਟੀ ਵਿੱਚ ਮੌਜੂਦ ਪਦਾਰਥ ਦੇ ਮਿਸ਼ਰਣ ਚ ਅਸਾਨੀ ਹੁੰਦੀ ਹੈ।
•    ਫਸਲ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ।
•    ਜੈਵਿਕ ਪਦਾਰਥ ਵਿੱਚ ਗਲਣ ਸੜਨ ਦੀ ਪਰਕਿਰਿਆ ਦਾ ਵਾਧਾ ਹੁੰਦਾ ਹੈ।
•    ਕਾਰਬਨਿਕ ਕੂੜੇ ਕਚਰੇ ਦੀ ਦੁਰਗੰਧ ਨੂੰ ਰੋਕਣ ਲਈ ਵੀ ਇਹ ਸਹਾਈ ਹੁੰਦੇ ਹਨ
ਵਰਮੀਕੰਪੋਸਟ ਬਣਾਉਣ ਦੀ ਵਿਧੀ 
ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ। ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ ਕਿਉਂਕਿ ਕੰਪੋਸਟ ਵਿੱਚ ਹੱਥ ਮਾਰਣਾ ਮੁਸ਼ਕਲ ਹੋ ਜਾਂਦਾ ਹੈ। ਬੈਡ ਦੀ ਲੰਬਾਈ ਉਪਲਬਧ ਜਗਹ ਅਨੁਸਾਰ 6 ਤੋਂ 10 ਫੁੱਟ ਤੱਕ ਹੋ ਸਕਦੀ ਹੈ। ਬੈਡ ਦਾ ਫਰਸ਼ ਪੱਕਾ ਹੋਣਾ ਜਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ। ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ।
ਸਭ ਤੋਂ ਪਹਿਲਾਂ ਬੈਡ ਵਿੱਚ 2-3 ਇੰਚ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜਰੂਰੀ ਹੈ ਪਰ ਫਰਸ਼ ਤੇ ਪਾਣੀ ਨਹੀਂ ਖੜਨਾ ਚਾਹੀਦਾ। ਇਸ ਨਾਲ ਕਾਫੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ। ਇਸ ਦੇ ਉਪਰ ਡੇਡ ਤੋਂ ਦੋ ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਭਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ। ਗੋਬਰ ਪਾਉਣ ਤੋਂ ਬਾਅਦ 2 ਤੋਂ 3 ਕਿੱਲੋ ਗੰਡੋਏ ਪ੍ਰਤੀ ਬੈਡ (ਲੰਬਾਈ ਤੇ ਅਧਾਰ ਤੇ) ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਹਨਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫਸਲਾਂ ਅਤੇ ਡੇਅ੍ਰੀ ਫਾਰਮਾਂ ਦੀ ਰਹਿੰਦ ਖੂੰਹਦ ਵੀ ਪਾਈ ਜਾ ਸਕਦੀ ਹੈ। ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈਡ ਬਣਾਉਣ ਦੀ ਲੋੜ ਹੈ। ਸ਼ੈਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ ਮੀਂਹ ਕਣੀ ਨੂੰ ਵੀ ਰੋਕਦਾ ਹੈ। ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਇਸ ਕਲਚਰ ਬੈਡ ਨੂੰ ਤਿਆਰ ਹੋਣ ਚ 2 ਤੋਂ 3 ਮਹੀਨੇ ਲਗਦੇ ਹਨ।
ਕੰਪੋਸਟ ਨੂੰ ਗੰਡੋਇਆਂ ਤੋਂ ਅਲੱਗ ਕਰਣਾ
ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਨੂੰ ਗੰਡੋਇਆਂ ਤੋਂ ਅਲੱਗ ਕਰਣ ਲਈ ਬੈਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੋੜੇ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 9 ਅਤੇ 10 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। 10 ਨੰਬਰ ਦੀ ਸੀਵ ਸੰਘਣੀ ਹੁੰਦੀ ਹੈ ਅਤੇ ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ ਜੋ ਕਿ ਨਵੇਂ ਬੈਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ। 
ਨੀਰਜ ਰਾਣੀ ਅਤੇ ਸੋਹਨ ਸਿੰਘ ਵਾਲੀਆ
ਸਕੂਲ ਆਫ਼ ਆਰਗੈਨਿਕ ਫਾਰਮਿੰਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
vermicompost farming Agricultural news punjabi news Rotten Fertilizer Fertilizer
English Summary: Rotten Fertilizer - A method of recycling agricultural waste

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.