ਜੀਵਨਾਸ਼ਕ ਰਸਾਇਣਾਂ (ਪੈਸਟੀਸਾਈਡਜ਼) ਦੀ ਵਰਤੋਂ ਖੇਤੀਬਾੜੀ ਉਤਪਾਦਨ ਵਿਚ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਤਾਂ ਜੋ ਉਨਾਂ ਤੋਂ ਹੋਣ ਵਾਲੇ ਝਾੜ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਉਤਪਾਦ ਦੀ ਉੱਚ ਗੁਣਵਤਾ (ਬੀਮਾਰੀ ਅਤੇ ਕੀਟ ਰਹਿਤ) ਨੂੰ ਬਣਾਏ ਰੱਖਿਆ ਜਾ ਸਕੇ। ਕੀਟਨਾਸ਼ਕਾਂ ਦੀ ਵਿਆਪਕ ਤੇ ਬੇਲੋੜੀ, ਅਤੇ ਕੁਚੱਜੀ ਅਤੇ ਅਸੁਰਖਿੱਅਤ ਵਰਤੋਂ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੀਟਨਾਸ਼ਕਾਂ ਨੂੰ ਸਰੀਰ ਵਿਚ ਜਾਣ ਦੇ ਚਾਰ ਰਾਹ ਹਨ, ਉਹ ਹਨ: ਮੂੰਹ ਰਾਹੀਂ, ਚਮੜੀ ਨਾਲ ਸੰਪਰਕ ਰਾਹੀਂ, ਸਾਹ ਰਾਹੀਂ, ਅਤੇ ਅੱਖਾਂ ਰਾਹੀਂ ਜਿਨਾਂ੍ਹ ਵਿਚੋਂ ਚਮੜੀ ਰਾਹੀਂ ਸਭ ਤੋਂ ਆਮ ਕਿਸਮ ਦਾ ਸੰਪਰਕ ਹੈ। ਇਸ ਤਰ੍ਹਾਂ ਦੇ ਸੰਪਰਕ ਅਤੇ ਜ਼ਿਆਦਾ ਅਤੇ ਗਲਤ ਵਰਤੋਂ ਕਾਰਨ ਵਾਤਾਵਰਣ ਅਤੇ ਖਾਧ ਪਦਾਰਥਾਂ ਵਿੱਚ ਰਹਿੰਦ ਖੂੰਅਦ ਮਨੁੱਖਾਂ, ਪਸ਼ੂਆਂ, ਪਾਲਤੂ ਜਾਨਵਰਾਂ, ਅਤੇ ਪਰਾਗਣਿਆਂ 'ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ।
ਜਿਆਦਾ ਸੰਪਰਕ ਵਿੱਚ ਆਉਣ ਨਾਲ ਘੱਟ ਜ਼ਹਿਰੀਲਾ ਕੀਟਨਾਸ਼ਕ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ। ਸੁਚੱਜੇ ਅਤੇ ਸੁਰਖਿੱਅਤ ਤਰੀਕਿਆਂ ਨਾਲ ਇਨਾਂ ਦੀ ਵਰਤੋਂ ਨਾ ਕਰਨ ਨਾਲ ਮਨੁੱਖਾਂ, ਪਾਲਤੂ ਪਸ਼ੂਆਂ, ਆਦਿ ਵਿੱਚ ਕੀਟਨਾਸ਼ਕਾਂ ਦੇ ਮਾੜੇ ਅਸਰ ਇੱਕਦਮ ਹੀ ਨਹੀਂ, ਸਗੌਂ ਇਨਾਂ ਦੇ ਸੰਪਰਕ ਦੇ ਦੁਸ਼ਪ੍ਰਭਾਵ ਲੰਬੇ ਸਮੇਂ ਬਾਅਦ ਵਿੱਚ ਵੀ ਪਰਗਟ ਹੋਏ ਵੇਖੇ ਜਾ ਸਕਦੇ ਹਨ। ਕੀਟਨਾਸ਼ਕ ਦੀ ਸਹੀ ਵਰਤੋਂ ਨਾ ਕਰਨ, ਨਿਜ਼ੀ ਸਰੀਰਕ ਸੁਰੱਖਿਆ ਉਪਕਰਨਾਂ ਦੀ ਵਰਤੋਂ ਨਾ ਕਰਨ, ਅਤੇ ਲੋੜੀਂਦੀ ਸਫਾਈ ਨਾ ਰੱਖਣ ਨਾਲ ਹਾਨੀਕਾਰਕ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਵਧ ਰਹਿਂਦਾ ਹੈ। ਕੀਟਨਾਸ਼ਕਾਂ ਦੇ ਸੰਪਰਕ ਤੋਂ ਬਚਣ ਲਈ, ਸੰਪਰਕ ਦੇ ਕਾਰਨਾਂ ਤੋਂ ਬਚਣਾ ਜ਼ਰੂਰੀ ਹੈ। ਇਸ ਲਈ ਕੀਟਨਾਸ਼ਕਾਂ ਦੇ ਜੋਖਮਾਂ ਦੇ ਖਤਰਿਆਂ ਦੀ ਜ਼ਾਹਰ ਕਰਨ ਦੀ ਹੱਦ ਨੂੰ ਘਟਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਬਹੁਤ ਲਾਜ਼ਮੀ ਹਨ:
ਕੀਟਨਾਸ਼ਕਾਂ ਦੀ ਵਰਤੋਂ ਲਈ ਸਾਵਧਾਨੀਆਂ
ਵਰਤੋਂ ਤੋਂ ਪਹਿਲਾਂ
-
1. ਕੀਟਨਾਸ਼ਕਾਂ ਨੂੰ ਸਿਰਫ ਰਜਿਸਟਰਡ ਡੀਲਰ ਤੋਂ ਹੀ ਖਰੀਦੋ ਅਤੇ ਬੈਚ ਨµਬਰ, ਰਜਿਸਟ੍ਰੇਸ਼ਨ ਨµਬਰ, ਲੇਬਲਾਂ 'ਤੇ ਸਮਾਪਤੀ ਦੀ ਮਿਤੀ ਵੇਖੋ ਅਤੇ ਨਕਲੀ/ ਮਿਲਾਵਟੀ ਰਸਾਇਣਾਂ ਤੋਂ ਬਚਣ ਲਈ ਸਹੀ ਬਿੱਲ ਜ਼ਰੂਰ ਪ੍ਰਾਪਤ ਕਰੋ।
-
2. ਕੀਟਨਾਸ਼ਕਾਂ ਦੀ ਸਿਰਫ ਲੋੜੀਂਦੀ ਮਾਤਰਾ ਦੀ ਹੀ ਖਰੀਦ ਕਰੋ।
-
3. ਕੀਟਨਾਸ਼ਕਾਂ ਨੂੰ ਸਿਰਫ ਲੇਬਲ ਵਾਲੇ / ਅਸਲ ਡੱਬਿਆਂ ਵਿਚ ਹੀ ਰੱਖੋ।
-
4. ਕੀਟਨਾਸ਼ਕਾਂ ਨੂੰ ਬੱਚਿਆਂ ਅਤੇ ਪਸ਼ੂਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
-
5. ਕੀਟਨਾਸ਼ਕਾਂ ਦੀ ਭੰਡਾਰਨ ਦੀ ਜਗ੍ਹਾ ਨੂੰ ਧੁੱਪ ਅਤੇ ਬਾਰਸ਼ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ। ਚੇਤਾਵਨੀ ਦੇ ਚਿੰਨ੍ਹ ਨਾਲ ਉਸ ਖੇਤਰ / ਅਲਮਾਰੀ ਨੂੰ ਨਿਸ਼ਾਨ ਲਗਾਓ ਜਿੱਥੇ ਕੀਟਨਾਸ਼ਕਾਂ ਨੂੰ ਸਟੋਰ ਕੀਤਾ ਗਿਆ ਹੈ।
-
6. ਕੀਟਨਾਸ਼ਕਾਂ ਨੂੰ ਕਦੇ ਵੀ ਖਾਣੇ ਦੇ ਭਾਂਡਿਆਂ, ਪੀਣ ਵਾਲੀਆਂ ਬੋਤਲਾਂ ਜਾਂ ਨਿਸ਼ਾਨ-ਰਹਿਤ ਡੱਬਿਆਂ ਵਿਚ ਨਾ ਪਾਉ, ਕਿਉਂਕਿ ਇਸ ਨਾਲ ਦੂਸਰੇ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ।
-
7. ਆਵਾਜਾਈ ਦੇ ਦੌਰਾਨ ਕੀਟਨਾਸ਼ਕਾਂ ਨੂੰ ਵੱਖਰਾ ਰੱਖੋ. ਕੀਟਨਾਸ਼ਕਾਂ ਨੂੰ ਕਦੇ ਵੀ ਖਾਣੇ / ਚਾਰੇ / ਖਾਣ ਪੀਣ ਵਿੱਚ ਵਰਤੇ ਜਾਣ ਵਾਲੇ ਬਾਰਦਾਨੇ ਦੇ ਨਾਲ ਨਾ ਲਿਜਾਓ।
-
8. ਕੀਟਨਾਸ਼ਕਾਂ ਨੂੰ ਵਰਤੋਂ ਵਾਲੀ ਥਾਂ ਤੇ ਸਾਵਧਾਨੀ ਨਾਲ ਲਿਜਾਇਆ ਜਾਣਾ ਚਾਹੀਦਾ ਹੈ। ਆਵਾਜਾਈ ਦੌਰਾਨ ਕੀਟਨਾਸ਼ਕਾਂ ਦੇ ਡੱਬਿਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਹੋਣ ਤਾਂ ਜੋ ਇਹ ਪੈਕਿੰਗ ਵਿੱਚੋਂ ਨਾ ਛਲਕਨ।
-
9. ਸਹੀ ਵਰਤੋਂ, ਜੋਖਮਾਂ ਅਤੇ ਲੋੜੀਂਦੀਆਂ ਸਾਵਧਾਨੀਆਂ ਨੂੰ ਨਿਰਧਾਰਤ ਅਤੇ ਪਾਲਣ ਕਰਨ ਲਈ ਵਰਤੋਂ ਤੋਂ ਪਹਿਲਾਂ ਕੀਟਨਾਸ਼ਕ ਕੰਟੇਨਰ ਤੇ ਲੱਗੇ ਲੇਬਲ ਦੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।
-
10. ਡੱਬੇ ਦੇ ਲੇਬਲ ਤੇ ਬਣੇ ਵਾਰਨਿੰਗ ਚੌਕੋਰ ਦੇ ਹੇਠਲੇ ਤਿਕੋਣ ਦਾ ਰੰਗ ਕੀਟਨਾਸ਼ਕਾਂ ਦੇ ਜ਼ਹਿਰੀਲੇ-ਪਣ ਦੀ ਡਿਗਰੀ ਬਾਰੇ ਜਾਨਕਾਰੀ ਦਿੰਦਾ ਹੈ। ਡੱਬੇ ‘ਤੇ ਇਸ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੋ।
ਹੇਠਲੇ ਤਿਕੋਣ ਦਾ ਰੰਗ ਜ਼ਹਿਰ ਦੀ ਸ਼੍ਰੇਣੀ ਉਪਰਲਾ ਤਿਕੋਣ (ਸ਼ਬਦ)
ਲ਼ਾਲ ਅਤਿ ਜ਼ਹਿਰੀਲਾ ਜ਼ਹਿਰ
ਪੀਲਾ ਬਹੁਤ ਜ਼ਹਿਰੀਲਾ ਜ਼ਹਿਰ
ਨੀਲਾ ਦਰਮਿਆਨਾ ਜ਼ਹਿਰੀਲਾ ਖਤਰਾ
ਹਰਾ ਘੱਟ ਜ਼ਹਿਰੀਲਾ ਸਾਵਧਾਨੀ
-
11. ਲੇਬਲ ਉੱਤੇ ਦੱਸੇ ਜ਼ਹਿਰ ਤੋੜ (ਐਂਟੀਡੋਟ) ਨੂੰ ਸੁਵਿਧਾ ਵਿੱਚ ਰੱਖੋ ਤਾਂ ਜੋ ਅਚਨਚੇਤ ਕੀਟਨਾਸ਼ਕ ਨਿਗਲਣ ਜਾਂ ਸਾਹ ਰਾਹੀਂ ਸਰੀਰ ਅੰਦਰ ਜਾਣ ਦੀ ਸਥਿਤੀ ਵਿੱਚ ਕੰਮ ਆ ਸਕੇ। ਤੀਬਰ ਅਤੇ ਅਚਾਨਕ ਵਿਸ਼ੈਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਲੇਬਲ ਅਤੇ ਪੈਕਿੰਗ ਵਗੈਰਾ ਆਪਣੇ ਨਾਲ ਰੱਖੋ ਤਾਂ ਜੋ ਦੱਸੇ ਅਨੁਸਾਰ ਡਾਕਟਰ ਦੁਆਰਾ ਫੌਰੀ ਤੌਰ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ।
-
12. ਰਸਾਇਣ ਦੀ ਮਾਤਰਾ ਅਤੇ ਪਾਣੀ ਦੀ ਮਾਤਰਾ ਨਿਰਧਾਰਤ ਕਰਨ ਲਈ ਜ਼ਰੂਰੀ ਹਿਸਾਬ ਲਗਾੳ। ਜ਼ਰੂਰਤ ਅਨੁਸਾਰ/ ਸਿਰਫ ਲੋੜੀਂਦੀ ਘੋਲ ਦੀ ਮਾਤਰਾ ਹੀ ਤਿਆਰ ਕਰੋ।
-
13. ਇਹ ਸੁਨਿਸ਼ਚਿਤ ਕਰੋ ਕਿ ਕੀਟਨਾਸ਼ਕ-ਉਪਕਰਣ ਸਹੀ ਵਰਤੋਂ ਦੀ ਹਾਲਤ ਵਿੱਚ ਹੋਵੇ। ਜੇ ਨਹੀਂ, ਤਾਂ ਇਸ ਨੂੰ ਕਿਸੇ ਜਾਣਕਾਰ ਮਕੈਨਿਕ ਤੋਂ ਮੁਰੰਮਤ ਕਰਵਾਓ। ਸਹੀ ਕਿਸਮ ਦੇ ਉਪਕਰਣ ਅਤੇ ਸਹੀ ਆਕਾਰ ਵਾਲੀਆਂ ਨੋਜਲਾਂ ਦੀ ਚੋਣ ਕਰ। ਲੀਕ ਕਰ ਰਹੇ ਜਾਂ ਖਰਾਬ ਉਪਕਰਣ ਦੀ ਵਰਤੋਂ ਨਾ ਕਰੋ। ਰੁੱਕੇ ਨੋਜਲ਼ ਨੂੰ ਮੂੰਹ ਨਾਲ ਸਾਫ ਨਾ ਕਰੋ। ਉਪਕਰਣਾਂ ਨੂੰ ਹਰ ਵਰਤੋਂ ਤੋਂ ਪਹਿਲਾਂ ਉਣਾਂ ਦਾ ਸਹੀ ਰੱਖ-ਰਖਾਵ, ਚੈੱਕਿੰਗ ਅਤੇ ਕੈਲੀਬਰੇਸ਼ਨ ਜ਼ਰੂਰੀ ਹੈ। ਪਿੱਠੂ ਪੰਪ ਜਾਂ ਹੱਥ ਨਾਲ ਸਪਰੇ ਕਰਨ ਵਾਲੇ ਪੰਪ ਲੀਕ ਨਹੀਂ ਕਰਨੇ ਚਾਹੀਦੇ ਤਾਂ ਜੋ ਸਪਰੇ ਕਰਨ ਵਾਲਾ ਕਾਮਾ ਕੀਟਨਾਸ਼ਕ ਦੇ ਸੰਪਰਕ ਵਿੱਚ ਨਾ ਆਵੇ।
-
14. ਕੀਟਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਲਈ ਵੱਖਰੇ ਸਪਰੇਅਰ ਦੀ ਹੀ ਵਰਤੋਂ ਕਰੋ।
-
15. ਜਾਂਚ ਕਰੋ ਕਿ ਕਾਮਿਆਂ ਲਈ ਢੁੁਕਵੇਂ ਕੀਟਨਾਸ਼ਕ ਸੁਰੱਖਿਆ ਉਪਕਰਣ, ਭਾਵ ਪੀ.ਪੀ.ਈ. (ਹੱਥਾਂ ਦੇ ਦਸਤਾਨੇ, ਚਿਹਰੇ ਦੇ ਮਾਸਕ, ਕੈਪ, ਸੁਰੱਖਿਆ ਕਪੜੇ, ਐਪਰਨ, ਆਰ.ਪੀ.ਈ. (ਸਾਹ ਪ੍ਰੋਟੈਕਸ਼ਨ ਉਪਕਰਣ) ਅਤੇ ਕੰਨ ਸੁਰੱਖਿਆ ਉਪਕਰਣ, ਆਦਿ) ਉਪਲਬਧ ਹਨ। ਇਹ ਸੁਨਿਸ਼ਚਿਤ ਕਰੋ ਕਿ ਸਾਫ ਸੁਥਰੇ ਕੱਪੜੇ ਉਪਲਬਧ ਹਨ ਤਾਂ ਜੋ ਕਰਮਚਾਰੀ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਜ਼ਲਦੀ ਹੀ ਸਾਫ ਸੁਥਰੇ ਕੱਪੜੇ ਪਹਿਨ ਸਕਣ। ਕੀਟਨਾਸ਼ਕਾਂ ਨੂੰ ਸੰਭਾਲਣ ਅਤੇ ਇਸਤੇਮਾਲ ਕਰਨ ਸਮੇਂ ਗਲਤ ਪੀ.ਪੀ.ਈ. ਦੀ ਵਰਤੋਂ ਜੋਖਮ ਨੂੰ ਵਧਾਏਗੀ। ਇਸ ਸਮਝ ਨਾਲ ਕਿ ਪੀ.ਪੀ.ਈ. ਰਸਾਇਣਕ ਜ਼ਹਿਰਾਂ ਦਾ ਸਰੀਰ ਨਾਲ ਸੰਪਰਕ ਨੂੰ ਘਟਾਉਂਦੇ ਹਨ, ਪਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਰੋਕਦੇ, ਇਸ ਲਈ ਢੁਕਵੇਂ ਸੁਰੱਖਿਆ ਕਪੜਿਆਂ ਦੀ ਵਰਤੋਂ ਤੋਂ ਇਲਾਵਾ ਬਾਕੀ ਸਾਰੀਆਂ ਸਾਵਧਾਨੀਆਂ ਨੂੰ ਵੀ ਧਿਆਨ ਵਿੱਚ ਰਖਣਾ ਅਤੇ ਉਨਾਂ ਦੀ ਪਾਲਣਾ ਕਰਨੀ ਜਰੂਰੀ ਹੈ। ਦਸਤਾਨੇ ਕੂਹਣੀ ਤੱਕ ਪਾਉਣੇ ਚਾਹੀਦੇ ਹਨ ਅਤੇ ਇਹ ਲੀਕ-ਪਰੂਫ ਹੋਣੇ ਚਾਹੀਦੇ ਹਨ। ਛਿੜਕਾਅ ਕਰਨ ਤੋਂ ਬਾਅਦ ਦਸਤਾਨਿਆਂ ਵਾਲੇ ਹੱਥ ਧੋਵੋ ਤਾਂ ਜੋ ਦਸਤਾਨੇ ਉਤਾਰਨ ਵੇਲੇ ਹੱਥਾਂ ਤੇ ਕੋਈ ਰਸਾਇਣ ਨਾ ਲੱਗੇ। ਦਸਤਾਨੇ ਉਤਾਰਨ ਤੋਂ ਬਾਅਦ ਹੱਥ ਸਾਬਣ ਨਾਲ ਫੇਰ ਧੋਵੋ।
-
16. ਸਾਫ ਕੱਪੜਿਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਤਾਂ ਜੋ ਛਿੜਕਾਅ ਤੋਂ ਬਾਅਦ ਕਾਮੇ ਵਰਤੇ ਹੋਏ ਕੱਪੜੇ ਉਤਾਰ ਕੇ ਇਹ ਕੱਪੜੇ ਪਾਏ ਜਾ ਸਕਣ। ਪੀ.ਪੀ.ਈ. ਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਕਰ ਕੇ ਰੱਖੌ।
-
17. ਇਹ ਸੁਨਿਸ਼ਚਿਤ ਕਰੋ ਕਿ ਕਾਰਜ ਕਰਨ ਵਾਲੀ ਥਾਂ 'ਤੇ ਕਾਫ਼ੀ ਪਾਣੀ, ਸਾਬਣ ਅਤੇ ਤੌਲੀਏ ਉਪਲਬਧ ਹਨ।
-
18. ਕੀਟਨਾਸ਼ਕ (ਬਰੈਂਡ), ਉਸਦਾ ਨਿਰੂਪਣ (ਫਾਰਮੁਲੇਸ਼ਨ), ਮੁੱਖ ਜ਼ਹਿਰ (ਟੈਕਨੀਕਲ) ਅਤੇ ਮਾਤਰਾ ਸਿਫਾਰਿਸ਼ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ।
-
19. ਜੇ ਆਲੇ-ਦੁਆਲੇ ਸ਼ਹਿਦ ਮੱਖੀ ਪਾਲਣ ਹੋ ਰਿਹਾ ਹੈ ਤਾਂ ਆਪਣੇ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕਾਂ ਨੂੰ ਸਪਰੇ ਦੇ ਸਮੇਂ ਜਾਂ ਦਿਨ ਬਾਰੇ ਦੱਸੋ, ਤਾਂ ਜੋ ਉਹ ਅਗਲੇਰੀ ਢੁਕਵੀਂ ਸਾਵਧਾਨੀ ਵਰਤ ਸਕਣ।
-
20. ਕੀੜੇਮਾਰ ਜ਼ਹਿਰਾਂ ਦੀ ਵਰਤੋਂ ਤੋਂ ਪਹਿਲਾਂ ਪੱਕੇ ਫਲ, ਸਬਜ਼ੀਆਂ ਅਤੇ ਖਾਣ ਵਾਲੇ ਪਤੇ, ਆਦਿ ਤੋੜ ਲਵੋ
ਵਰਤੋਂ ਦੌਰਾਨ
ਕੀਟਨਾਸ਼ਕਾਂ ਨੂੰ ਹਰ ਸਮੇਂ ਇਸ ਸਮਝ ਨਾਲ ਵਰਤਿਆ ਜਾਣਾ ਚਾਹੀਦਾ ਹੈ ਕਿ ਸਾਰੇ ਰਸਾਇਣਕ ਕੀਟਨਾਸ਼ਕ ਜ਼ਹਿਰੀਲੇ ਹਨ ਅਤੇ ਇਸ ਦੀ ਵਰਤੋਂ ਦੌਰਾਨ ਲੇਬਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਅਤੇ ਆਪਣੇ ਆਪ ਅਤੇ ਹੋਰਾਂ ਨੂੰ ਕੀਟਨਾਸ਼ਕ ਦੇ ਸੰਪਰਕ ਤੋਂ ਦੂਰ ਰਖਣਾ ਜ਼ਰੂਰੀ ਹੈ।
-
1. ਸਪਰੇ ਕਰਨ ਦਾ ਫੈਸਲਾ ਜ਼ਰੂਰਤ ਦੇ ਅਧਾਰ ਤੇ ਹੀ ਹੋਣਾ ਚਾਹੀਦਾ ਹੈ ਜਾਂ ਆਰਥਿਕ ਕਗਾਰ ਦੀ ਸੀਮਾ (ਜਿੱਥੇ ਲਾਗੂ ਹੋਵੇ) ਦੀ ਪਾਲਣਾ ਕਰਨੀ ਚਾਹੀਦੀ ਹੈ।
-
2. ਰਸਾਇਣਾਂ ਦੀ ਵਰਤਣ ਲਈ ਲੇਬਲ ਅਤੇ ਇਸ਼ਤਿਹਾਰ ਤੇ ਦੱਸੇ ਨਿਰਦੇਸ਼ਾਂ ਦੀ ਮੁੜ ਜਾਂਚ ਕਰੋ।
-
3. ਕੀਟਨਾਸ਼ਕ ਪੈਕਿੰਗ ਨੂੰ ਧੱਕੇ ਨਾਲ ਨਾ ਫਾੜੋ/ ਤੋੜੋ/ ਖੋਲੋ, ਇਹਨਾਂ ਪੈਕਿੰਗਾਂ ਨੂੰ ਖੋਲਣ ਲਈ ਚਾਕੂ ਦਾ ਪ੍ਰਯੋਗ ਕਰੋ।
-
4. ਕੀਟਨਾਸ਼ਕ ਦੇ ਘੋਲ ਦੀ ਓਨੀ ਮਾਤਰਾ ਹੀ ਬਣਾਓ, ਜਿੰਨ੍ਹੀ ਜ਼ਰੂਰਤ ਹੈੇ ਤਾਂ ਜੋ ਛਿੜਕਾਅ ਤੋਂ ਬਾਅਦ ਵਾਧੂ ਘੋਲ ਨਾ ਬਚੇ।
-
5. ਬੱਚੇ, ਬਜ਼ੁਰਗ ਅਤੇ ਕੋਈ ਬਿਮਾਰੀ ਗ੍ਰਸਤ ਲੋਕ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਣ।
-
6. ਕੀਟਨਾਸ਼ਕਾਂ ਨੂੰ ਕਦੇ ਵੀ ਖੇਤ ਵਿਚ ਬਿਨਾ ਨਿਗਰਾਨੀ ਦੇ ਨਾ ਰੱਖੋ। ਉਤਸੁਕ ਬੱਚੇ ਜਾਂ ਜਾਨਵਰ ਆਕਰਸ਼ਤ ਹੋ ਸੰਪਰਕ ਵਿੱਚ ਆ ਸਕਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
-
7. ਕੀਟਨਾਸ਼ਕਾਂ ਨੂੰ ਵਰਤੋਂ ਤੋਂ ਪਹਿਲਾਂ ਸਾਫ਼ ਸੁਰੱਖਿਆ ਪ੍ਰਦਾਨ ਕਰਨ ਵਾਲੇ ਕੱਪੜੇ (ਪੀ.ਪੀ.ਈ.) ਪਹਿਨੋ। ਜੇ ਵਰਤੋਂ ਦੇ ਦੌਰਾਨ ਕੱਪੜੇ ਗੰਦੇ ਹੋ ਜਾਂਦੇ ਹਨ, ਤਾਂ ਇਨਾਂ ਨੂੰ ਤੁਰੰਤ ਬਦਲੋ।
-
8. ਕੀਟਨਾਸ਼ਕਾਂ ਨਾਲ ਸਰੀਰ ਦੇ ਸੰਪਰਕ ਤੋਂ ਪ੍ਰਹੇਜ ਕਰੋ। ਜੇ ਸਰੀਰ ਦਾ ਕੀਟਨਾਸ਼ਕਾਂ ਨਾਲ ਸੰਪਰਕ ਹੋ ਜਾਂਦਾ ਹੈ, ਤਾਂ ਤੁਰੰਤ ਸਾਬਣ ਅਤੇ ਪਾਣੀ ਨਾਲ ਧੋ ਲਵੋ।
-
9. ਕੀਟਨਾਸ਼ਕਾਂ ਨਾਲ ਕੰਮ ਕਰਦੇ ਸਮੇਂ ਕਦੇ ਆਪਣੀਆਂ ਅੱਖਾਂ ਜਾਂ ਚਿਹਰੇ ਨੂੰ ਨਾ ਮਲੋ। ਕੀਟਨਾਸ਼ਕਾਂ ਦੇ ਮੂੰਹ ਜਾਂ ਸਾਹ ਰਾਹੀਂ ਸਰੀਰ ਵਿੱਚ ਜਾਣ ਤੋਂ ਬਚੋੋ।
-
10. ਕੀਟਨਾਸ਼ਕਾਂ ਦੀ ਵਰਤੋਂ ਸਮੇਂ ਨਾ ਕੁਝ ਪੀਓ, ਨਾ ਖਾਓ। ਕੰਮ ਕਰਨ ਵਾਲੇ ਖੇਤਰ ਵਿਚ ਖਾਣ ਪੀਣ ਦੀਆਂ ਚੀਜ਼ਾਂ, ਪੀਣ ਵਾਲੇ ਪਾਣੀ ਜਾਂ ਖਾਣਾ ਬਣਾਉਣ ਵਾਲੇ ਬਰਤਨ ਨਾ ਰੱਖੋ।
-
11. ਜੇ ਪਹਿਲਾਂ ਕਿਸੇ ਸਪਰੇਅਰ ਦੀ ਵਰਤੋਂ ਨਦੀਨ ਨਾਸ਼ਕ ਲਈ ਕੀਤੀ ਗਈ ਹੈ, ਤਾਂ ਹੋਰ ਕੀਟਨਾਸ਼ਕਾਂ ਦੀ ਵਰਤੋਂ ਤੋਂ ਪਹਿਲਾਂ ਇਸ ਨੂੰ ਮਿੱਠੇ ਸੋਡੇ ਦੇ ਘੋਲ (ਲਗਭਗ 2 ਗ੍ਰਾਮ ਪ੍ਰਤੀ ਲੀਟਰ) ਨਾਲ ਚੰਗੀ ਤਰ੍ਹਾਂ ਧੋ ਲਵੋ।
-
12. ਸੰਘਣੇ ਕੀਟਨਾਸ਼ਕਾਂ ਦੇ ਸਪਰੇਅ ਘੋਲ ਡਰੰਮਾਂ ਵਿਚ ਲµਬੀ ਲਕੱੜ ਦੀ ਵਰਤੋਂ ਕਰਦਿਆਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਤਾਂ ਜ ੋਕਿਸੇ ਤੇ ਇਸ ਦੇ ਛਿੱਟੇ ਨਾ ਪੈਣ।
-
13. ਤੇਜ ਹਵਾ ਵਾਲੇ ਦਿਨ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। ਸਪਰੇਅ ਹਵਾ ਦੀ ਦਿਸ਼ਾ ਵਿਚ ਕੀਤੀ ਜਾਣੀ ਚਾਹੀਦੀ ਹੈ।
-
14. ਉਨ੍ਹਾਂ ਵਿਅਕਤੀਆਂ ਦਾ ਲੋੜੀਂਦਾ ਧਿਆਨ ਰੱਖੋ ਜਿਨ੍ਹਾਂ ਨੇ ਪਹਿਲਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਹੈ। ਇੱਕ ਅਣਜਾਣ ਜਾਂ ਨਵੇਂ ਕਰਮਚਾਰੀ ਦੇ ਨੁਕਸਾਨ ਹੋਣ ਦੀ ਸੰਭਾਵਨਾ ਵੱਧੇਰੇ ਹੁੰਦੀ ਹੈ।
-
15. ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵਿੱਚ ਲੱਗੇ ਕਾਮਿਆਂ ਲਈ ਅਰਾਮ ਦੇ ਸਮੇਂ ਦੀ ਵਿਵਸਥਾ ਕਰੋ। ਕਰਮਚਾਰੀ ਨੂੰ ਦਿਨ ਵਿਚ ਅੱਠ ਘੰਟੇ ਤੋਂ ਵੱਧ ਸਪਰੇ ਦਾ ਕੰਮ ਨਹੀਂ ਕਰਨਾ ਚਾਹੀਦਾ।
-
16. ਗਰਮ ਮੌਸਮ ਵਿਚ, ਕੀਟਨਾਸ਼ਕਾਂ ਦਾ ਛਿੜਕਾਅ ਸਵੇਰੇ ਜਲਦੀ ਜਾਂ ਦੇਰ ਸ਼ਾਮ ਨੂੰ ਕਰੋ। ਇਸ ਸਮੇਂ, ਸੁਰੱਖਿਅਤ ਕਪੜੇ ਪਹਿਨਣਾ ਅਸੁਵਿਧਾਜਨਕ ਨਹੀਂ ਹੁੰਦੇ।
-
17. ਦਾਣੇਦਾਰ ਜ਼ਹਿਰਾਂ ਦੇ ਛਿੜਕਾਅ ਵੇਲੇ ਹਮੇਸ਼ਾਂ ਦਸਤਾਨੇ ਪਾਓ। ਜੇ ਤੁਹਾਡੇ ਹੱਥਾਂ ਜਾਂ ਬਾਹਾਂ 'ਤੇ ਕੱਟ ਜਾਂ ਜ਼ਖ਼ਮ ਹੋਣ ਤਾਂ ਦਾਣਿਆਂ ਵਾਲੀਆਂ ਜੀਵਨਾਸ਼ਕਾਂ ਦੇ ਛਿੜਕਾਅ ਨਾ ਕਰੋ।
ਵਰਤੋਂ ਤੋਂ ਬਾਅਦ
-
1. ਬਚੇ ਹੋਏ ਕੀਟਨਾਸ਼ਕਾਂ ਦੇ ਡੱਬਿਆਂ ਨੂੰ ਚੰਗੀ ਤਰਾਂ੍ਹ ਨਾਲ ਬੰਦ ਕਰਨ ਤੋਂ ਬਾਅਦ ਸਟੋਰ ਵਿਚ ਵਾਪਸ ਰੱਖੋ।
-
2. ਕੀਟਨਾਸ਼ਕਾਂ ਦੇ ਖਾਲੀ ਡੱਬੇ ਚੰਗੀ ਤਰ੍ਹਾਂ ਧੋ ਕੇ ਅਤੇ ਤੋੜ-ਮਰੋੜ ਕੇ ਹੀ ਸੁੱਟਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੀ ਮੁੜ ਵਰਤੋਂ ਨਾਂ ਹੋ ਸਕੇ ਪਰ ਧਿਆਨ ਰੱਖੋ ਕਿ ਉਸ ਡੱਬੇ ਦਾ ਲੇਬਲ ਨਸ਼ਟ ਨਾ ਹੋਵੇ, ਇਸ ਨਾਲ ਉਸ ਦੇ ਕੀਟਨਾਸ਼ਕ ਜਾਂ ਰਸਾਇਣ ਵਾਲੇੇ ਡੱਬੇ ਹੋਣ ਬਾਰੇ ਪਤਾ ਲੱਗੇਗਾ। ਇਹਨਾਂ ਖਾਲੀ ਡੱਬਿਆਂ ਨੂੰ ਡੂੰਘਾ ਦਬਾ ਦਿਓ ਦਾਂ ਕੂੜੇ ਵਿੱਚ ਸੁੱਟ ਦਿਓ। ਇੰਨ੍ਹਾਂ ਨੂੰ ਜਲਾਉਣ ਤੋਂ ਪਰਹੇਜ਼ ਕਰੋ ਜਿਸ ਨਾਲ ਕਿ ਧਮਾਕਾ ਹੋਣ ਦਾ ਖਤਰਾ ਹੋ ਸਕਦਾ ਹੈ।
-
3. ਸਪਰੇਅ ਉਪਕਰਣਾਂ ਵਿਚ ਕੀਟਨਾਸ਼ਕਾਂ ਨੂੰ ਕਦੇ ਨਾ ਛੱਡੋ। ਜੇ ਉਪਕਰਣਾਂ ਵਿਚ ਕੁਝ ਵਧੇਰੇ ਕੀਟਨਾਸ਼ਕ ਬਚੀ ਹੋਈ ਹੈ, ਤਾਂ ਇਸ ਨੂੰ ਬੰਜਰ/ ਅਣਵਾਹੀ ਜ਼ਮੀਨ (ਰਸਤੇ ਅਤੇ ਜੀਆਂ ਦੇ ਸੰਪਰਕ ਤੋਂ ਦੂਰ) 'ਤੇ ਖਾਲੀ ਕਰੋ। ਸਿੰਜਾਈ ਨਹਿਰਾਂ/ ਖਾਲਾਂ, ਛੱਪੜਾਂ, ਖੂਹਾਂ ਜਾਂ ਨਦੀਆਂ ਵਿਚ ਇਹ ਬਿਲਕੁਲ ਨਾ ਪਾਓ।
-
4. ਖਾਲੀ ਸਪਰੇਅ ਉਪਕਰਣ ਨੂੰ ਪਹਿਲਾਂ ਡਿਟਰਜੈਂਟ ਅਤੇ ਪਾਣੀ ਨਾਲ ਧੋਵੋ ਅਤੇ ਫਿਰ ਇਸ ਨੂੰ ਖੱੁਲੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ।
-
5. ਸਾਬਣ ਅਤੇ ਸਾਫ ਪਾਣੀ ਨਾਲ ਨਹਾਓ। ਵਰਤੇ ਕੱਪੜੇ ਵੱਖਰੇ ਤੌਰ ਤੇ ਧੋ ਲਓ। ਵਰਤੇ ਕੱਪੜੇ ਘਰ ਨੂੰ ਦੂਜੇ ਕੱਪੜਿਆਂ ਦੇ ਨਾਲ ਧੋਣ ਲਈ ਨਾ ਲਿਆਓ।
-
6. ਕੀਟਨਾਸ਼ਕਾਂ ਦੀ ਵਰਤੋਂ ਦਾ ਰਿਕਾਰਡ ਰੱਖੋ।
-
7. ਵੱਖ-ਵੱਖ ਕੀਟਨਾਸ਼ਕਾਂ ਦੀ ਸਪਰੇਅ ਤੋਂ ਬਾਅਦ ਖੇਤ ਵਿੱਚ ਦੁਬਾਰਾ ਬਿਨ੍ਹਾਂ ਸੁਰੱੱਖਿਆ ਕੱਪੜਿਆਂ ਤੋਂ ਦਾਖਲ ਹੋਣ ਲਈ ਵੀ ਆਮ ਤੌਰ ਤੇ ਘੱਟੋ-ਘੱਟ ਸਮੇਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਸ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹ ਅੰਤਰਾਲ ਕਾਮਿਆਂ ਨੂੰ ਜ਼ਹਿਰ ਦੇ ਸੰਭਾਵਿਤ ਦੁਸ਼ਪ੍ਰਭਾਵਾਂ ਤੋਂ ਬਚਾਉਂਦਾ ਹੈ। ਜਿੱਥੇ ਇਹ ਸਮਾਂ ਜਾਂ ਅੰਤਰਾਲ ਲੇਬਲ ਤੇ ਘੋਸ਼ਿਤ ਨਾ ਕੀਤਾ ਹੋਵੇ, ਉੱਥੇ ਇਸ ਨੂੰ ਘੱਟੋ-ਘੱਟ 24 ਘੰਟੇ ਮੰਨਣਾ ਚਾਹੀਦਾ ਹੈ ਅਤੇ ਜਦੋਂ ਤੱਕ ਸਪਰੇ ਕੀਤਾ ਰਸਾਇਣ ਸੁੱਕ ਨਾ ਜਾਵੇ।
ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਘਟਾਉਣ ਲਈ ਸੁਝਾਅ
1. ਕੀਟਨਾਸ਼ਕ ਦੀ ਚੋਣ
• ਆਪਣੀਆਂ ਫਸਲਾਂ ਤੇ ਹਮਲਾ ਕਰਨ ਵਾਲੇ ਕੀੜਿਆਂ ਬਾਰੇ ਜਾਣੋ ਅਤੇ ਉਨ੍ਹਾਂ ਦੇ ਰੋਕਥਾਮ ਦੇ ਤਰੀਕਿਆਂ ਬਾਰੇ ਮਾਹਿਰਾਂ ਦੀ ਸਲਾਹ ਲਓ ਜਾਂ ਪੀ.ਏ.ਯ.ੂ ਦੀਆਂ ਵੱਖ ਵੱਖ ਫਸਲਾਂ ਸਬੰਧੀ ਸਿਫਾਰਿਸ਼ਾਂ ਦੀ ਪਾਲਣਾ ਕਰੋ।
• ਜਿਥੇ ਵੀ ਸੰਭਵ ਹੋਵੇ, ਕੀਟ-ਨਿਯੰਤਰਣ ਦੇ ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਓ- ਖੇਤੀ ਉਤਪਾਦਕਤਾ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਥੋੜ੍ਹੇ ਅਤੇ ਲµਮੇ ਸਮੇਂ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖੋ, ਖ਼ਾਸਕਰ ਸੰਯੁਕਤ ਕੀਟ ਪ੍ਰਬੰਧ (ਆਈ. ਪੀ. ਐਮ.) ਨੂੰ ਤਰਜੀਹ ਦਿੳ।
• ਪਾਬੰਦੀਸ਼ੁਦਾ ਕੀਟਨਾਸ਼ਕ ਨਾ ਵਰਤੋ।
• ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਸਿਫਾਰਸ਼ ਕੀਤੀ ਮਿਕਦਾਰ ਤੇ ਹੀ ਵਰਤੋਂ ਕਰੋ।
• ਜੇ ਇਕ ਕੀੜੇ ਦੇ ਵਿਰੁੱਧ ਕਈ ਕੀਟਨਾਸ਼ਕਾਂ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਅਜਿਹਾ ਕੀਟਨਾਸ਼ਕ ਚੁਣੋ ਜੋ ਬੰਦਿਆਂ ਲਈ ਘੱਟ ਖਤਰਨਾਕ ਹੋਵੇ। ਖੇਤੀਬਾੜੀ ਵਿੱਚ ਵਰਤਣ ਲਈ ਨਵੇਂ ਕੀਟਨਾਸ਼ਕਾਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ, ਜੋ ਕਿ ਮੌਜੂਦਾ ਕੀਟਨਾਸ਼ਕਾਂ ਦੇ ਮੁਕਾਬਲੇ ਕਾਫ਼ੀ ਘੱਟ ਮਿਕਦਾਰ ਵਾਲੇ ਅਤੇ ਕੀੜਿਆਂ ਦੀ ਰੋਕਥਾਮ ਲਈ ਵਧੇਰੇ ਪ੍ਰਭਾਵਸ਼ਾਲੀ ਹਨ।
ਇਹ ਵੀ ਪੜ੍ਹੋ: ਕੀੜੇ-ਮਕੌੜੇ, ਬਿਮਾਰੀਆਂ ਤੇ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਦਾ ਸਹੀ ਢੰਗ
-
2. ਕੀਟਨਾਸ਼ਕਾਂ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਬਿਲਕੁਲ ਜ਼ਰੂਰੀ ਹੋਵੇ। ਕੀੜਿਆਂ ਦੀ ਆਬਾਦੀ 'ਤੇ ਨਜ਼ਰ ਰੱਖੋ ਅਤੇ ਕੀਟਨਾਸ਼ਕਾਂ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਅਸਲ ਵਿੱਚ ਜ਼ਰੂਰਤ ਹੋਵੇ। ਵੱਖ-ਵੱਖ ਫਸਲਾਂ ਵਿੱਚ ਵੱਖ-ਵੱਖ ਕੀੜਿਆਂ ਲਈ ਸਿਫਾਰਸ਼ ਕੀਤੇ ਆਰਥਿਕ ਕਗਾਰ (ਜਦੋਂ ਕੀੜਿਆਂ ਦੁਆਰਾ ਸੰਭਾਵਿਤ ਨੁਕਸਾਨ ਹੋਣ ਦੇ ਨਤੀਜੇ ਵਜੋਂ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ) ਦੀ ਹਮੇਸ਼ਾ ਪਾਲਣਾ ਕਰੋ।
-
3. ਕੀਟਨਾਸ਼ਕਾਂ ਨੂੰ ਕਦੇ ਵੀ ਸਟੋਰ ਕੀਤੇ ਦਾਣਿਆਂ ਵਿੱਚ ਨਾ ਮਿਲਾਓ ਅਤੇ ਨਾ ਹੀ ਦਾਣਿਆਂ ਦੀ ਹੋਂਦ ਵਿੱਚ ਸਟੋਰ ਨੂੰ ਸੋਧਣ ਲਈ ਇਨਾਂ੍ਹ ਦਾ ਇਸਤੇਮਾਲ ਕਰੋ।
-
4. ਕੀੜੇਮਾਰ ਜ਼ਹਿਰ ਦੀ ਵਰਤੋਂ ਤੋਂ ਪਹਿਲਾਂ ਪੱਕੇ ਫਲ ਅਤੇ ਸਬਜ਼ੀਆਂ ਨੂੰ ਤੋੜ ਲਵੋ।
-
5. ਕੀਟਨਾਸ਼ਕਾਂ ਦੀ ਵਰਤੋਂ ਤੋਂ ਬਾਅਦ, ਸਿਫਾਰਸ਼ ਕੀਤੀ ਉਡੀਕ ਅਵਧੀ (ਵੇਟਿੰਗ ਪੀਰੀਅਡ) ਦੀ ਪਾਲਣਾ ਕਰਨ ਤੋਂ ਬਾਅਦ ਹੀ ਫਸਲ ਦੀ ਤੁੜਾਈ/ ਵਾਢੀ ਕਰੋ। ਖਪਤਕਾਰਾਂ ਦੀ ਸੁਰੱਖਿਆ ਲਈ ਵੱਖੋ ਵੱਖਰੀਆਂ ਫਸਲਾਂ 'ਤੇ ਵਰਤੇ ਜਾਣ ਵਾਲੇ ਵੱਖ-ਵੱਖ ਕੀਟਨਾਸ਼ਕਾਂ ਲਈ ਸੁਰੱਖਿਅਤ ਉਡੀਕ ਅਵਧੀ (ਕੀਟਨਾਸ਼ਕਾਂ ਦੀ ਵਰਤੋਂ ਅਤੇ ਫਲ/ ਸਬਜੀ, ਆਦਿ ਦੇ ਤੁੜਾਈ ਵਿਚਲਾ ਸਮਾਂ ਅਤੇ ਦਿਨ) ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਤਪਾਦਕਾਂ ਨੂੰ ਆਪਣੀਆਂ ਫਸਲਾਂ ਦੀ ਕਟਾਈ/ ਤੁੜਾਈ ਵੇਲੇ ਇਸ ਉਡੀਕ ਅਵਧੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
-
6. ਉਤਪਾਦਾਂ ਨੂੰ ਚੰਗੀ ਤਰ੍ਹਾਂ ਮਲ ਕੇ ਧੋਣਾ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਸਬਜ਼ੀਆਂ ਅਤੇ ਫਲਾਂ ਨੂੰ ਛਿਲਣਾ ਵੀ ਰਹਿੰਦ-ਖੂੰਹਦ ਦੇ ਪੱਧਰ ਨੂੰ ਘਟਾਉਂਦਾ ਹੈ। ਗੋਭੀ ਦੇ ਮਾਮਲੇ ਵਿਚ ਬਾਹਰਲੇ ਲਪੇਟ ਦੇ ਪੱਤਿਆਂ ਨੂੰ ਹਟਾਉਣਾ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨੂੰ ਕਾਫ਼ੀ ਹੱਦ ਤਕ ਘਟਾਉਣ ਵਿੱਚ ਮਦਦ ਕਰਦਾ ਹੈ। ਫਲਾਂ ਅਤੇ ਸਬਜ਼ੀਆਂ, ਜਿਵੇਂ ਖਰਬੂਜ਼ੇ ਅਤੇ ਜੜਾਂ ਵਾਲੀਆਂ ਸਬਜ਼ੀਆਂ, ਨੂੰ ਤਰਜੀਹ ਵਜੋਂ ਛਿੱਲ ਕੇ ਹੀ ਖਾੳ।
ਪੁਸ਼ਪਿੰਦਰ ਕੌਰ ਬਰਾੜ, ਬਲਪ੍ਰੀਤ ਕੌਰ ਕੰਗ ਅਤੇ ਪ੍ਰਦੀਪ ਕੁਮਾਰ ਛੁਨੇਜਾ
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Safe use of biochemicals