ਝੋਨੇ ਉਤੇ ਕਈ ਤਰਾਂ ਦੇ ਜਰਾਸੀਮ ਫਸਲ ਦੇ ਵਖ-ਵਖ ਪੜਾਵਾਂ ਦੌਰਾਨ ਹਮਲਾ ਕਰਦੇ ਹਨ। ਇਹ ਜਰਾਸੀਮ ਬੀਜ ਤੋਂ ਲੈ ਕੇ, ਪਨੀਰੀ ਖੇਤ ਵਿਚ ਲਾਉਣ ਸਮੇ, ਤੇ ਬਾਅਦ ਵਿਚ ਪੌਦੇ ਦੇ ਜਾੜ ਮਾਰਨ ਅਤੇ ਦਾਣੇ ਬਣਨ ਸਮੇ ਫਸਲ ਵਿਚ ਬਿਮਾਰੀ ਫੈਲਾ ਕੇ ਨੁਕਸਾਨ ਕਰ ਸਕਦੇ ਹਨ। ਬਿਮਾਰੀ ਨੂੰ ਰੋਕਣ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਦੀ ਲਾਗ ਨੂੰ ਖਤਮ ਕਰੀਏ। ਝੋਨੇ ਵਿਚ ਕਈ ਬਿਮਾਰੀਆਂ ਜਿਵੇਂ ਕਿ ਭੂਰੇ ਧਬਿਆਂ ਦਾ ਰੋਗ, ਭੁਰੜ ਰੋਗ ਤੇ ਕਈ ਤਰਾਂ ਦੀਆਂ ਫੂਜੇਰੀਅਮ ਉਲੀਆਂ ਦੀ ਲਾਗ ਬੀਜ ਤੋਂ ਸ਼ੁਰੂ ਹੁੰਦੀ ਹੈ। ਇਹ ਉਲੀਆਂ ਬੀਜ ਰਾਹੀਂ ਇਕ ਸੀਜਨ ਤੋਂ ਦੂਜੇ ਸੀਜਨ ਤਕ ਜਾਂਦੀਆਂ ਹਨ ਅਤੇ ਝੋਨੇ ਦੀ ਪਨੀਰੀ ਵਿਚ ਅਗੇਤੀ ਲਾਗ ਲਾ ਦਿੰਦੀਆਂ ਹਨ। ਮਿਟੀ ਵਿਚ ਰਹਿਣ ਵਾਲ਼ੀਆਂ ਉਲੀਆਂ ਜਿਵੇਂ ਕਿ ਰਾਈਜਕਟੋਨੀਆ ਵੀ ਪੁੰਗਰਦੇ ਹੋਏ ਬੀਜ ਤੇ ਹਮਲਾ ਕਰ ਕੇ ਨੁਕਸਾਨ ਕਰਦੀਆਂ ਹਨ।ਇਸ ਦੇ ਨਾਲ਼-ਨਾਲ਼ ਹੀ ਇਹ ਸਾਰੇ ਜਰਾਸੀਮ ਬੀਜ ਦੇ ਪੁੰਗਾਰ ਅਤੇ ਪਨੀਰੀ ਦੇ ਵਾਧੇ ਤੇ ਅਸਰ ਪਾਉਂਦੇ ਹਨ। ਪ੍ਰਭਾਵਿਤ ਬੀਜ ਤੋਂ ਇਹ ਬਿਮਾਰੀਆਂ ਪਨੀਰੀ ਰਾਹੀਂ ਖੇਤ ਵਿਚ ਜਾ ਸਕਦੀਆਂ ਹਨ ਜਿਥੇ ਇਹਨਾਂ ਦੀ ਰੋਕਥਾਮ ਕਰਨੀ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਇਹਨਾਂ ਬਿਮਾਰੀਆਂ ਦੇ ਜਰਾਸੀਮਾਂ ਨੂੰ ਬੀਜ ਦੇ ਪੜਾਅ ਤੇ ਹੀ ਕਾਬੂ ਕਰਨਾ ਬਹੁਤ ਜਰੂਰੀ ਹੈ ਅਤੇ ਇਸਦਾ ਸਭ ਤੋਂ ਵਧੀਆ ਤਰੀਕਾ ਬੀਜ ਦੀ ਸੋਧ ਹੈ।
ਝੋਨੇ ਦੇ ਬੀਜ ਦੀ ਸੋਧ ਕਿਵੇਂ ਕਰੀਏ: ਇਕ ਏਕੜ ਲਈ 8 ਕਿਲੋ ਝੋਨੇ ਦਾ ਨਿਰੋਗ ਬੀਜ ਲਵੋ। ਬੀਜ ਨੂੰ 10 ਲਿਟਰ ਪਾਣੀ ਵਿਚ ਡੁਬਾ ਕੇ ਚੰਗੀ ਤਰਾਂ ਹਿਲਾਓ। ਜਿਹੜਾ ਹਲਕਾ ਬੀਜ ਪਾਣੀ ਉਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਬੀਜ ਨੂੰ 10-12 ਘੰਟੇ ਲਈ ਪਾਣੀ ਵਿਚ ਡੋਬਣ ਤੋਂ ਬਾਅਦ ਵਾਧੂ ਪਾਣੀ ਨਿਤਾਰ ਦਿਉ ਅਤੇ ਬੀਜ ਨੂੰ ਛਾਂਵੇਂ ਸੁਕਾ ਕੇ ਉਲੀਨਾਸ਼ਕ ਨਾਲ਼ ਸੋਧੋ। ਬੀਜ ਨੂੰ ਬੀਜਣ ਤੋਂ ਪਹਿਲਾਂ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਂਬ + ਕਾਰਬੈਂਡਾਜ਼ਿਮ) ਨਾਲ਼ ਸੋਧੋ। ਅਠ ਕਿਲੋ ਬੀਜ ਲਈ 24 ਗ੍ਰਾਮ ਉਲੀਨਾਸ਼ਕ ਵਰਤੋ। 24 ਗ੍ਰਾਮ ਸਪਰਿੰਟ 75 ਡਬਲਯੂ ਐਸ ਨੂੰ 80-100 ਮਿ.ਲਿ. ਪਾਣੀ ਵਿਚ ਘੋਲ਼ ਲਵੋ ਅਤੇ ਚੰਗੀ ਤਰਾਂ ਇਸ ਨੂੰ 8 ਕਿੱਲੋ ਬੀਜ ਨਾਲ਼ ਮਿਲਾ ਦਿਉ। ਇਹ ਬੀਜ ਦੀ ਸੋਧ ਸਿਧੀ ਬਿਜਾਈ ਲਈ ਵੀ ਕੀਤੀ ਜਾ ਸਕਦੀ ਹੈ।
ਬੀਜ ਦੀ ਸੋਧ ਦੇ ਲਾਭ:
ਬੀਜ ਦੀ ਪੁੰਗਰਨ ਸ਼ਕਤੀ ਵਧਦੀ ਹੈ ਕਿਉਂਕਿ ਇਹ ਪੁੰਗਰਦੇ ਬੀਜ ਦੀ ਬਿਮਾਰੀਆਂ ਤੋਂ ਸੁਰਖਿਆ ਕਰਦੀ ਹੈ। ਬੀਜ ਸੋਧ ਕਰਕੇ ਪੁੰਗਾਰਵਿਚ 20-25% ਤਕ ਦਾ ਵਾਧਾ ਹੋ ਸਕਦਾ ਹੈ।ਖੇਤ ਵਿਚ ਉਲੀਨਾਸ਼ਕ ਵਰਤਣ ਦੇ ਮੁਕਾਬਲੇ ਇਹ ਕੀਮਤ ਪਖੋਂ ਲਾਭਦਾਇਕ ਹੈ ਕਿਉਂਕਿ ਇਸ ਵਿਚ ਘੱਟ ਉਲੀਨਾਸ਼ਕ ਲੋੜੀਂਦਾ ਹੈ। ਇਕ ਏਕੜ ਬੀਜ ਦੀ ਸੋਧ ਦੀ ਕੀਮਤ 30 ਰੁਪਏ ਤੋਂ ਵੀ ਘਟ ਹੈ। ਝੋਨੇ ਵਿਚ ਬੀਜ ਸੋਧ ਨਾਲ਼ ਬੀਜ ਉਪਰੋਂ ਬਿਮਾਰੀ ਦੀ ਅਗੇਤੀ ਲਾਗ ਨਸ਼ਟ ਹੋ ਜਾਂਦੀ ਹੈ ਜਿਸ ਕਰਕੇ ਬਾਅਦ ਵਿਚ ਖੇਤ ਵਿਚ ਉਲੀਨਾਸ਼ਕ ਦੀ ਲੋੜ ਘਟ ਜਾਂਦੀ ਹੈ
ਬਿਜਾਈ ਤੋਂ ਪਹਿਲਾਂ ਬੀਜ ਸੋਧ ਝੋਨੇ ਨੂੰ ਤੰਦਰੁਸਤ, ਬਿਮਾਰੀ ਰਹਿਤ ਤੇ ਜਿਆਦਾ ਝਾੜ ਦੇਣ ਵਾਲ਼ਾ ਬਣਾਉਂਦੀ ਹੈ। ਪਰ ਇਸ ਗਲ ਦੀ ਸਾਵਧਾਨੀ ਜਰੂਰ ਵਰਤਣੀ ਚਾਹੀਦੀ ਹੈ ਕਿ ਉਲੀਨਾਸ਼ਕ ਦੀ ਸਹੀ ਮਾਤਰਾ ਨਾਲ਼ ਹੀ ਬੀਜ ਦੀ ਸੋਧ ਕੀਤੀ ਜਾਵੇ। ਵਧੇਰੇ ਜਾਂ ਘਟ ਉਲੀਨਾਸ਼ਕ ਦੀ ਮਾਤਰਾ ਨੁਕਸਾਨਦਾਇਕ ਹੋ ਸਕਦੀ ਹੈ।
ਮਨਦੀਪ ਹੁੰਜਨ, ਜਗਜੀਤ ਲੋਰੇ ਅਤੇ ਪੀ ਪੀ ਐਸ ਪੰਨੂ
Summary in English: Seed improvement for prevention of seed borne diseases