ਝੋਨੇ ਦੀ ਫਸਲ ਜੋ ਕਿ ਸਾਉਣੀ ਦੀ ਰੁੱਤ ਵਿੱਚ ਬੀਜੀ ਜਾਂਦੀ ਹੈ, ਉਸ ਵਿੱਚ ਨਦੀਨਾਂ ਦਾ ਹਮਲਾ ਕਾਫੀ ਹੁੰਦਾ ਹੈ। ਇਸ ਰੁਤ ਵਿੱਚ ਨਮੀ ਅਤੇ ਤਾਪਮਾਨ ਜਿਆਦਾ ਹੋਣ ਕਰਕੇ ਨਦੀਨਾਂ ਦਾ ਵਾਧਾ ਬਹੁਤ ਹੁੰਦਾ ਹੈ।ਝੋਨੇ ਦੀ ਫਸਲ ਵਿੱਚ ਕਈ ਤਰ੍ਹਾਂ ਦੇ ਨਦੀਨ ਪਾਏ ਜਾੰਦੇ ਹਨ, ਜੋ ਕਿ 30 ਤੌੰ 50 ਪ੍ਰਤਿਸ਼ਤ ਤੱਕ ਝਾੜ ਘਟਾ ਦਿੰਦੇ ਹਨ।
ਖੇਤੀ ਦੇ ਨਵੀਨਤਮ ਢੰਗ ਜਿਵੇਂ ਕਿ, ਵੱਖ ਵੱਖ ਫਸਲੀ ਚੱਕਰ, ਖਾਦਾਂ ਦੀ ਵੱਧ ਵਰਤੌਂ, ਪਾਣੀ ਆਦਿ ਇਹ ਸਾਰੇ ਖੇਤੀ ਦੇ ਢੰਗ ਨਦੀਨਾਂ ਦੇ ਵਧਣ ਫੁਲੱਣ ਲਈ ਬਹੁਤ ਅਨੁਕੂਲ ਹਨ। ਇਸ ਕਰਕੇ ਨਦੀਨਾਂ ਦੀ ਸਮੱਸਿਆ ਹਰ ਸਾਲ ਹੌਰ ਜਿਆਦਾ ਵੱਧ ਰਹੀ ਹੈ। ਇਸ ਤਰਾਂ ਵੱਧ ਰਹੀ ਨਦੀਨਾਂ ਦੀ ਸਮੱਸਿਆ ਤੇ ਸਹੀ ਤਰੀਕੇ ਨਾਲ ਪ੍ਰਬੰਧ ਦੀ ਲੋੜ ਹੈ ਤਾਂ ਹੀ ਅਸੀ ਝੋਨੇ ਦੀ ਫਸਲ ਤੌੰ ਵਧੇਰੇ ਝਾੜ ਲੈ ਸਕਾਂਗੇ। ਨਦੀਨਾਂ ਦੀ ਰੋਕਥਾਮ ਹੇਠਾਂ ਦਿੱਤੇ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
1ਗੋਡੀ ਕਰਨ ਨਾਲ: ਝੋਨੇ ਦੀ ਅਗੇਤੀ ਅਤੇ ਵੇਲੇ ਸਿਰ ਲਾਈਨਾਂ ਵਿੱਚ ਬੀਜੀ ਫਸਲ ਨੂੰ ਦੋ ਗੋਡੀਆਂ ਪਨੀਰੀ ਲਾਉਣ ਤੋਂ 15 ਅਤੇ 30 ਦਿਨਾਂ ਬਾਅਦ ਪੈਡੀਵੀਡਰ ਨਾਲ ਕਰ ਕੇ ਨਦੀਨਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਜਿਥੇ ਪੈਡੀਵੀਡਰ ਨਾ ਚੱਲ ਸਕਦਾ ਹੋਵੇ, ਉਥੇ ਨਦੀਨ ਹੱਥ ਨਾਲ ਪੁੱਟ ਕੇ ਖੇਤ ਨੂੰ ਨਦੀਨ ਰਹਿਤ ਕਰ ਸਕਦੇ ਹਾਂ। ਲਗਾਤਾਰ ਬਾਰਿਸ਼ਾਂ ਹੋਣ ਕਰਕੇ ਜਾਂ ਸਮੇ ਸਿਰ ਮਜਦੂਰ ਨਾ ਮਿਲਣ ਕਰਕੇ ਗੋਡੀ ਲੇਟ ਹੋ ਸਕਦੀ ਹੈ ਜਿਸ ਨਾਲ ਫਸਲ ਦਾ ਝਾੜ ਘੱਟ ਸਕਦਾ ਹੈ।
2 ਨਦੀਨ ਨਾਸ਼ਕ ਰਸਾਇਨਾਂ ਦੀ ਵਰਤੌਂ: ਝੋਨੇ ਦੀ ਫਸਲ ਵਿੱਚ ਨਦੀਨਾਂ ਨੂੰ ਨਦੀਨ ਨਾਸ਼ਕ ਰਸਾਇਣਾਂ ਨਾਲ ਮਾਰਨਾ ਇੱਕ ਬਹੁਤ ਹੀ ਸਸਤਾ ਅਤੇ ਅਸਰਦਾਰ ਤਰੀਕਾ ਹੈ।ਇਹ ਤਰੀਕਾ ਗੋਡੀ ਨਾਲੌਂ ਕਾਫੀ ਸਸਤਾ ਪੈਂਦਾ ਹੈ ਅਤੇ ਇਸ ਨਾਲ ਨਦੀਨਾਂ ਨੂੰ ਮੁੱਢਲੀ ਹਾਲਤ ਵਿੱਚ ਹੀ ਕਾਬੂ ਕੀਤਾ ਜਾ ਸਕਦਾ ਹੈ।ਨਦੀਨ-ਨਾਸ਼ਕ ਰਸਾਇਣਾਂ ਦੀ ਵਰਤੌਂ ਲੌੜ ਅਨੁਸਾਰ ਹੀ ਕਰਨੀ ਚਾਹੀਦੀ ਹੈ, ਤਾਂ ਜੋ ਇਹਨਾਂ ਰਸਾਇਣਾਂ ਵਾਸਤੇ ਨਦੀਨਾਂ ਵਿੱਚ ਸਹਿਣ ਸ਼ਕਤੀ ਨਾਂ ਬਣ ਸਕੇ।ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿiਆਣਾ ਵੱਲੌਂ ਵੱਖ-ਵੱਖ ਨਦੀਨ-ਨਾਸ਼ਕ ਰਸਾਇਣਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਦਾ ਵਿਸਥਾਰ ਹੇਠ ਦਿੱਤਾ ਗਿਆ ਹੈ।
ਝੋਨੇ ਦੀ ਫਸਲ ਵਿੱਚ ਨਦੀਨ-ਨਾਸ਼ਕ ਰਸਾਇਣਾਂ ਦੀ ਵਰਤੋਂ ਨਦੀਨ ਦੀ ਕਿਸਮ ਦੇ ਆਧਾਰ ਤੇ ਕਰਨੀ ਚਾਹੀਦੀ ਹੈ, ਕਿਉਂਕਿ ਝੋਨੇ ਵਿੱਚ ਤੰਗ ਪੱਤੀ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਵਾਸਤੇ ਵੱਖ-ਵੱਖ ਨਦੀਨ-ਨਾਸ਼ਕ ਰਸਾਇਨਾਂ ਦੀ ਸਿਫਾਰਿਸ਼ ਕੀਤੀ ਗਈ ਹੈ।
ਝੋਨੇ ਦੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ: ਝੋਨੇ ਦੀ ਪਨੀਰੀ ਤਿਆਰ ਕਰਨ ਸਮੇਂ ਸੁਆਂਕ ਅਤੇ ਕਈ ਪ੍ਰਕਾਰ ਦੇ ਮੋਸਮੀ ਘਾਹ ਵੱਡੀ ਸਮੱਸਿਆ ਹੁੰਦੇ ਹਨ। ਇਨ੍ਹਾਂ ਨਦੀਨਾਂ ਦੀ ਰੋਕਥਾਮ ਕਰਨ ਲਈ 1200 ਮਿਲੀਲਿਟਰ ਪ੍ਰਤੀ ਏਕੜ ਤਰਲ ਬੂਟਾਕਲੋਰ 50 ਤਾਕਤ ਨੂੰ 60 ਕਿਲੋ ਰੇਤ ਵਿਚ ਬਿਜਾਈ ਤੋਂ 7 ਦਿਨਾਂ ਪਿਛੋਂ ਛੱਟਾ ਦੇ ਕੇ ਖੇਤ ਵਿੱਚ ਪਾ ਦਿਓ। ਇਹਨਾਂ ਨਦੀਨ ਨਾਸ਼ਕ ਰਸਾਇਣਾਂ ਦੀ ਵਰਤੋਂ ਕੱਦੂ ਕਰਨ ਅਤੇ ਪੂੰਗਰੇ ਹੋਏ ਬੀਜ ਦਾ ਛੱਟਾ ਦੇਣ ਤੋਂ 3 ਤੋਂ 7 ਦਿਨ ਪਹਿਲਾਂ ਵੀ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਸੋਫਿਟ 37.5 ਈ.ਸੀ. (ਪਰੈਟੀਕਾਕਲੋਰ+ਸੋਫਨਰ ਮਿਲੀਆਂ ਹੋਈਆਂ) 500 ਮਿਲੀਲੀਟਰ ਪ੍ਰਤੀ ਏਕੜ ਨੂੰ ਰੇਤ ਵਿਚ ਮਿਲਾ ਕੇ, ਝੋਨੇ ਦੇ ਪੁੰਗਰੇ ਹੋਏ ਬੀਜ ਬੀਜਣ ਤੋਂ 3 ਦਿਨ ਪਿਛੋਂ ਛਿੜਕਣ ਨਾਲ ਵੀ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਸੁਆਂਕ ਅਤੇ ਹੋਰ ਮੋਸਮੀ ਘਾਹ ਦੀ ਰੋਕਥਾਮ ਲਈ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰੋ।
ਲਵਾਈ ਤੋਂ ਬਾਅਦ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ: ਝੋਨੇ ਵਿੱਚ ਸਆਂਕ, ਸਆਂਕੀ, ਕਣਕੀ ਆਦਿ ਨੂੰ ਕਾਬੂ ਕਰਨ ਲਈ (ਸਾਰਨੀ ਨੰ 1) ਵਿੱਚ ਦਿੱਤੀਆਂ ਗਈਆਂ ਨਦੀਨ-ਨਾਸ਼ਕ ਰਸਾਇਣਾਂ ਵਿੱਚੌਂ ਕਿਸੇ ਇੱਕ ਦਾ ਖੇਤ ਵਿਚ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।ਇਹਨਾਂ ਨਦੀਨ ਨਾਸ਼ਕ ਰਸਾਇਣਾਂ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿਚ ਪਨੀਰੀ ਲਾਉਣ ਤੋਂ 2-3 ਦਿਨਾਂ ਦੇ ਅੰਦਰ ਇੱਕਸਾਰ ਛੱਟਾ ਦਿਓ। ਇਹ ਨਦੀਨ-ਨਾਸ਼ਕ ਰਸਾਇਣਾਂ, ਸੁਆਂਕ ਦਾ ਬਹਤੁ ਚੰਗੀ ਤਰ੍ਹਾਂ ਅਤੇ ਦੂਜੇ ਨਦੀਨਾਂ ਦਾ ਕਾਫੀ ਹੱਦ ਤੱਕ ਨਾਸ਼ ਕਰਦੀਆਂ ਹਨ।
ਝੋਨੇ ਦੀ ਫਸਲ ਵਿੱਚ ਜੇਕਰ ਕਣਕੀ ਘਾਹ ਦੀ ਸਮੱਸਿਆ ਹੋਵੇ ਤਾਂ ਇਸ ਦੀ ਰੋਕਥਾਮ ਲਈ (ਸਾਰਨੀ ਨੰ 1) ਵਿੱਚ ਦਿੱਤੀਆਂ ਗਈਆਂ ਰਸਾਇਨਾਂ ਵਿੱਚੌਂ ਬੂਟਾਕਲੋਰ ਗਰੁੱਪ ਦੀ ਕੋਈ ਵੀ ਰਸਾਇਣ ਨੂੰ ਛੱਡ ਕੇ ਕਿਸੇ ਇੱਕ ਦਾ ਖੇਤ ਵਿਚ ਇਸਤੇਮਾਲ ਕਰ ਲੈਣਾ ਚਾਹਿਦਾ ਹੈ।
ਝੋਨੇ ਦੀ ਫਸਲ ਵਿੱਚ ਜੇਕਰ 2-3 ਦਿਨ ਵਿੱਚ ਕਿਸਾਨ ਤੌਂ ਨਦੀਨ-ਨਾਸ਼ਕ ਦਾ ਛਿੜਕਾਅ ਨਾਂ ਹੋਵੇ ਜਾਂ (ਸਾਰਨੀ ਨੰ 1) ਵਿੱਚ ਦਿੱਤੀਆਂ ਗਈਆਂ ਨਦੀਨ-ਨਾਸ਼ਕ ਰਸਾਇਣਾਂ ਦੇ ਬਦਲੇ ਵਿਚ ਕਿਸੇ ਹੋਰ ਨਦੀਨ-ਨਾਸ਼ਕ ਦੀ ਵਰਤੌਂ ਕਰਨੀ ਹੋਵੇ ਤਾਂ ਉਥੇ ਲੁਆਈ ਤੋਂ 10-12 ਦਿਨਾਂ ਤੇ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ (ਪਿਨੌਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਅਗਰ 20-25 ਦਿਨਾਂ ਬਾਅਦ ਕਿਸਾਨ ਨੇ ਆਪਣੇ ਖੇਤ ਵਿੱਚ ਨਦੀਨ ਨਾਸ਼ਕ ਦਾ ਛਿੜਕਾਅ ਕਰਨਾ ਹੋਵੇ ਤਾਂ ਉਹ ਨੋਮਨੀ ਗੋਲਡ/ਤਾਰਕ/ਵਾਸ਼ਆਊਟ/ਮਾਚੋ 10 ਐਸ.ਸੀ. (ਬਿਸਪਾਇਰੀਬੈਕ) 100 ਮਿਲੀਲੀਟਰ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਝੋਨੇ ਦੀ ਲੁਆਈ ਕਰਨ ਦੇ 20-25 ਦਿਨਾਂ ਬਾਅਦ ਛਿੜਕਾਅ ਕਰ ਸਕਦੇ ਹਨ। ਜਿਹਨਾਂ ਖੇਤਾਂ ਵਿੱਚ ਲੈਪਟੋਕਲੋਆ (ਚੀਨੀ) ਘਾਹ ਅਤੇ ਕਣਕੀ ਦੀ ਸਮੱਸਿਆ ਹੋਵੇ, ਉਥੇ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ਤੇ ਛਿੜਕਾਅ ਕਰਨਾ ਚਾਹੀਦਾ ਹੈ। ਇਹਨਾਂ ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਪਹਿਲਾਂ ਫਸਲ ਵਿਚ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਕ ਦਿਨ ਪਿੱਛੋਂ ਪਾਣੀ ਲਾਉਣਾ ਚਾਹੀਦਾ ਹੈ। ਕਿਸੇ ਇਕ ਨਦੀਨ ਨਾਸ਼ਕ ਗਰੁੱਪ ਦੀ ਲਗਾਤਾਰ (ਹਰ ਸਾਲ) ਵਰਤੋਂ ਨਾਲ ਨਦੀਨਾਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਜਾਂਦੀਆਂ ਹਨ, ਇਸ ਨੂੰ ਰੋਕਣ ਲਈ ਸਿਫਾਰਸ਼ ਕੀਤੇ ਨਦੀਨ ਨਾਸ਼ਕਾਂ ਵਿਚੋਂ ਹਰ ਸਾਲ ਬਦਲ ਕੇ ਵਰਤੋ।
ਚੋੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ: ਚੋੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਘਰਿਲਾ, ਸਣੀ ਆਦਿ ਕਾਬੂ ਕਰਨ ਵਾਸਤੇ ਨਦੀਨ ਨਾਸ਼ਕ, ਐਲਗਰਿਪ (ਮੈਟਸਲਫੂਰਾਨ) 20 ਡਬਲਯੂ ਪੀ, 30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿਚ ਘੋਲ ਕੇ ਝੋਨਾ ਪੁੱਟ ਕੇ ਲਾਉਣ ਤੋਂ 20-25 ਦਿਨਾਂ ਬਾਅਦ ਜਾਂ ਸਨਰਾਈਜ਼ 15 ਡਬਲਯੂ ਡੀ.ਜੀ. (ਇਥੋਕਸੀਸਲਫੂਰਾਨ) 50 ਗ੍ਰਾਮ ਜਾਂ ਲੋੰਡੈਕਸ 50 ਡੀ.ਐਫ. (ਬੈਨਸਲਫੂਰਾਨ) 40 ਗ੍ਰਾਮ ਪ੍ਰਤੀ ਏਕੜ ਜਾਂ ਸੈਗਮੈਂਟ 50 ਡੀ.ਐਫ. (ਅਜ਼ਿਮਸਲਫੂਰਾਨ) 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਝੌਨਾ ਪੁੱਟ ਕੇ ਲਾਉਣ ਤੋਂ 20 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਪਹਿਲਾਂ ਫਸਲ ਵਿਚ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਨਦੀਨ ਨਾਸ਼ਕ ਦਾ ਛਿੜਕਾਅ ਨਦੀਨਾਂ ਦੇ ਬੂਟਿਆਂ ਤੇ ਪੈ ਜਾਵੇ। ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ ਤਾਂ ਜੋ ਜਮੀਨ ਵਿੱਚ ਤਰੇੜਾਂ ਨਾਂ ਪੈਣ।ਨਦੀਨ ਨਾਸ਼ਕ ਦੇ ਚੰਗੇ ਅਸਰ ਵਾਸਤੇ ਛਿੜਕਾਅ ਉਸ ਦਿਨ ਕਰੋ ਜਿਸ ਦਿਨ ਹਵਾ ਨਾ ਚਲਦੀ ਹੋਵੇ।ਨਦੀਨਾਂ ਵਿੱਚ ਨਦੀਨਨਾਸ਼ਕਾਂ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਰੋਕਣ ਲਈ ਹਰ ਸਾਲ ਸਿਫ਼ਾਰਸ਼ ਕੀਤਾ ਨਦੀਨਨਾਸ਼ਕ ਗਰੁੱਪ ਬਦਲ ਕੇ ਵਰਤੋ। ਨਦੀਨਾਂ ਦੇ ਵੱਡੇ ਬੂਟਿਆਂ ਤੇ ਨਦੀਨਨਾਸ਼ਕਾਂ ਦਾ ਅਸਰ ਘੱਟ ਹੁੰਦਾ ਹੈ ਇਸ ਲਈ ਸਿਫਾਰਸ਼ ਸਮੇਂ ਮੁਤਾਬਿਕ ਨਦੀਨਨਾਸ਼ਕਾਂ ਦਾ ਛਿੜਕਾਅ ਕਰੋ ਕਿਉਂਕਿ ਨਦੀਨਾਂ ਦੀ ਸਹੀ ਰੋਕਥਾਮ ਵਾਸਤੇ ਛਿੜਕਾਅ ਸਮੇਂ ਸਿਰ ਕਰਨਾ ਅਤਿ ਜਰੂਰੀ ਹੈ।
ਸਾਰਨੀ ਨੰ 1: ਝੋਨੇ ਦੀ ਫਸਲ ਵਿੱਚ ਵਰਤੀਆਂ ਜਾਣ ਵਾਲੀਆਂ ਨਦੀਨ ਨਾਸ਼ਕ ਰਸਾਇਣਾਂ ਦਾ ਨਾਂ ਅਤੇ ਮਿਕਦਾਰ।
ਅਮਿਤ ਕੌਲ1 ਅਤੇ ਅਮਨਦੀਪ ਕੌਰ2
ਫਸਲ ਵਿਗਿਆਨ ਵਿਭਾਗ, ਪੀ.ਏ.ਯੂ, ਲੁਧਿਆਣਾ1
ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ2
Summary in English: Smooth control of weeds in paddy crop