ਕਣਕ, ਹਾੜੀ ਦੀ ਮੁੱਖ ਫ਼ਸਲ ਹੈ ਤੇ ਲਗਪਗ 35.12 ਲੱਖ ਹੈਕਟੇਅਰ ਰਕਬੇ 'ਤੇ ਇਸ ਦੀ ਕਾਸ਼ਤ ਹੁੰਦੀ ਹੈ। 2019-20 ਦੌਰਾਨ ਕਣਕ ਦਾ ਔਸਤ ਝਾੜ 50.08 ਕੁਇੰਟਲ ਪ੍ਰਤੀ ਹੈਕਟੇਅਰ ਰਹਿਣ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਰਿਹਾ। ਕਣਕ ਦੇ ਚੰਗੇ ਫੁਟਾਰੇ ਤੇ ਵੱਧ ਝਾੜ ਲਈ ਘੱਟ ਤਾਪਮਾਨ ਤੇ ਘੱਟ ਨਮੀ ਦੀ ਲੋੜ ਹੁੰਦੀ ਹੈ। ਜੇ ਬਿਜਾਈ ਤੋਂ ਬਾਅਦ ਦਸੰਬਰ-ਜਨਵਰੀ 'ਚ ਵੱਧ ਬੱਦਲਵਾਈ ਜਾਂ ਮੀਂਹ ਪੈ ਜਾਣ ਤਾਂ ਪੀਲੀ ਜਾਂ ਭੂਰੀ ਕੁੰਗੀ ਦੇ ਫ਼ੈਲਣ ਦੀ ਸੰਭਾਵਨਾ ਹੁੰਦੀ ਹੈ। ਜੇ ਮਾਰਚ ਮਹੀਨੇ ਤਾਪਮਾਨ ਵੱਧ ਜਾਵੇ ਤਾਂ ਦਾਣੇ ਮਾੜਚੂ ਜਿਹੇ ਰਹਿ ਜਾਂਦੇ ਹਨ ਤੇ ਝਾੜ ਘਟ ਜਾਂਦਾ ਹੈ।
ਕਿਸਮਾਂ ਦੀ ਚੋਣ
ਪੰਜਾਬ ਦੇ ਸੇਂਜੂ ਇਲਾਕਿਆਂ 'ਚ ਸਮੇਂ ਸਿਰ ਬਿਜਾਈ ਲਈ ਉੱਨਤ ਪੀਬੀਡਬਲਿਊ- 343, ਉੱਨਤ ਪੀਬੀਡਬਲਿਊ-550, ਪੀਬੀਡਬਲਿਊ-1 ਜ਼ਿੰਕ, ਪੀਬੀਡਬਲਿਊ-725, ਪੀਬੀਡਬਲਿਊ-677, ਪੀਬੀਡਬਲਿਊ-621, ਐੱਚਡੀ-2967, ਐੱਚਡੀ-3086 ਅਤੇ ਡਬਲਿਊਐੱਚ-1105 ਦੀ ਸਿਫ਼ਾਰਸ਼ ਕੀਤੀ ਗਈ ਹੈ। ਨੀਮ ਪਹਾੜੀ ਇਲਾਕਿਆਂ 'ਚ ਸੇਂਜੂ ਹਾਲਾਤ ਲਈ ਉੱਨਤ ਪੀਬੀਡਬਲਿਊ-550 ਤੇ ਪੀਬੀਡਬਲਿਊ-677 ਦੀ ਬਿਜਾਈ ਕਰੋ।
ਬਿਜਾਈ ਦਾ ਸਮਾਂ
ਕਣਕ ਦੇ ਝਾੜ 'ਚ ਬਿਜਾਈ ਦਾ ਸਮਾਂ ਅਹਿਮ ਭੂਮਿਕਾ ਨਿਭਾਉਂਦਾ ਹੈ। ਵੱਧ ਝਾੜ ਲਈ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਤਕ ਖ਼ਤਮ ਕਰ ਲਵੋ। ਸਮੇਂ ਤੋਂ ਇਕ ਹਫ਼ਤੇ ਦੀ ਪਿਛੇਤ 1.5 ਕੁਇੰਟਲ ਪ੍ਰਤੀ ਏਕੜ ਝਾੜ ਘਟਾ ਦਿੰਦੀ ਹੈ। ਕਣਕ ਦੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਸ਼ੁਰੂ ਕਰੋ ਪਰ ਯਾਦ ਰੱਖੋ ਕਿ ਉੱਨਤ ਪੀਬੀਡਬਲਿਊ-550 ਕਿਸਮ ਦੀ ਬਿਜਾਈ 8 ਨਵੰਬਰ ਤੋਂ ਸ਼ੁਰੂ ਕਰੋ ਕਿਉਂਕਿ ਇਹ ਘੱਟ ਸਮੇਂ 'ਚ ਪੱਕਦੀ ਹੈ। ਜੇ ਇਸ ਦੀ ਬਿਜਾਈ ਅਗੇਤੀ ਕੀਤੀ ਜਾਵੇ ਤਾਂ ਦਾਣੇ ਪੈਣ ਵੇਲੇ ਕੋਰ੍ਹਾ ਪੈਣ ਕਾਰਨ ਝਾੜ ਘਟ ਜਾਂਦਾ ਹੈ। ਕਿਸਮ ਦੀ ਚੋਣ ਤੋਂ ਬਾਅਦ ਬਿਮਾਰੀ ਰਹਿਤ ਤੇ ਸਾਫ਼ ਸੁਥਰੇ ਬੀਜ ਦੀ ਚੋਣ ਕਰੋ। ਉੱਨਤ ਪੀਬੀਡਬਲਿਊ-550 ਕਿਸਮ ਲਈ 45 ਕਿੱਲੋ, ਬਾਕੀ ਕਿਸਮਾਂ ਲਈ 40 ਕਿੱਲੋ ਤੇ ਹੈਪੀ ਸੀਡਰ ਨਾਲ ਬਿਜਾਈ ਲਈ 45 ਕਿੱਲੋ ਬੀਜ ਵਰਤੋ।
ਬੀਜ ਦੀ ਸੋਧ
ਸਿਉਂਕ ਤੇ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬੀਜਾਂ ਦੀ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ। ਸਿਉਂਕ ਦੀ ਰੋਕਥਾਮ 40 ਗ੍ਰਾਮ ਕਰੂਜ਼ਰ 70 ਡਬਲਿਊਐੱਸ (ਥਾਇਆਮੀਥੋਕਸਮ) ਜਾਂ 80 ਮਿਲੀਲਿਟਰ ਨਿਉਨਿਕਸ 20 ਐੱਫਐੱਸ (ਇਮਿਡਾਕਲੋਪਰਿਡ + ਹੈਕਸਾਕੋਨਾਜ਼ੋਲ) ਜਾਂ ਡਰਸਬਾਨ ਜਾਂ ਰੂਬਾਨ ਜਾਂ ਡਰਮਿਟ 20 ਈਸੀ (ਕਲੋਰਪਾਈਰੀਫਾਸ) 160 ਮਿ.ਲੀ. ਪ੍ਰਤੀ ਏਕੜ 40 ਕਿੱਲੋ ਬੀਜ ਲਈ ਵਰਤੋ। ਸਿੱਟਿਆਂ ਤੇ ਪੱਤਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਪ੍ਰਤੀ 40 ਕਿੱਲੋ ਨੂੰ 13 ਗ੍ਰਾਮ ਰੈਕਸਿਲ ਇਜ਼ੀ ਜਾਂ ਓਰੀਅਸ 6 ਐੱਸਐੱਫ ਨੂੰ 400 ਮਿ.ਲੀ. ਪਾਣੀ 'ਚ ਘੋਲ ਕੇ ਬੀਜ ਨੂੰ ਲਗਾਉ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 7.5 ਡਬਲਿਊਪੀ ਜਾਂ 80 ਗ੍ਰਾਮ ਵੀਟਾਵੈਕਸ ਜਾਂ ਸੀਡੈਕਸ 2 ਡੀਐੱਸ ਜਾਂ ਏਕਸਜ਼ੋਲ 2 ਡੀਐੱਸ ਨੂੰ 40 ਕਿੱਲੋ ਬੀਜ ਲਈ ਵਰਤੋ। ਦਾਣੇ ਦੇ ਛਿਲਕੇ ਦੀ ਕਾਲੀ ਨੋਕ ਤੇ ਝੁਲਸ ਰੋਗ ਦੀ ਰੋਕਥਾਮ ਲਈ 40 ਕਿੱਲੋ ਬੀਜ ਨੂੰ 120 ਗ੍ਰਾਮ ਕੈਪਟਨ ਨਾਲ ਸੋਧ ਲਵੋ।
ਬਿਜਾਈ ਦੇ ਢੰਗ
ਕਣਕ ਦੀ ਬਿਜਾਈ ਲਈ ਖੇਤ ਦੀ ਤਿਆਰੀ ਅਨੁਸਾਰ ਬੀਜ ਕਮ ਖਾਦ ਡਰਿੱਲ, ਜ਼ੀਰੋ ਡਰਿੱਲ ਜਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਬਿਜਾਈ ਚੰਗੇ ਵੱਤਰ 'ਚ 4-6 ਸੈਂਟੀਮੀਟਰ ਡੂੰਘਾਈ 'ਤੇ ਕਤਾਰ ਤੋਂ ਕਤਾਰ 15-20 ਸੈਂਟੀਮੀਟਰ ਫ਼ਾਸਲੇ 'ਤੇ ਕਰੋ। ਬੈੱਡ ਉੱਪਰ ਬਿਜਾਈ ਲਈ 37.5 ਸੈਂਟੀਮੀਟਰ ਚੌੜੇ ਬੈੱਡ ਉੱਪਰ 20 ਸੈਂਟੀਮੀਟਰ ਫ਼ਾਸਲੇ 'ਤੇ ਦੋ ਕਤਾਰਾਂ ਬੀਜੋ। ਇਸ ਵਿਧੀ 'ਚ ਬੈੱਡ ਪਲਾਂਟਰ ਨਾਲ ਪ੍ਰਤੀ ਏਕੜ 30 ਕਿੱਲੋ ਬੀਜ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ 25 ਫ਼ੀਸਦੀ ਤਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਖੇਤੀ ਸੰਦਾਂ ਨਾਲ ਕੀਤੀ ਜਾ ਸਕਦੀ ਹੈ।
ਖਾਦਾਂ
ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਨੁਸਾਰ ਕਰਨੀ ਚਾਹੀਦੀ ਹੈ। ਹਮੇਸ਼ਾ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ (10 ਟਨ ਪ੍ਰਤੀ ਏਕੜ) ਜਾਂ ਮੁਰਗੀਆਂ ਦੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਹਰੀ ਖਾਦ ਜਾਂ ਚੌਲਾਂ ਦੀ ਫੱਕ ਦੀ ਸੁਆਹ ਜਾਂ ਗੰਨਿਆਂ ਦੇ ਪੀੜ ਦੀ ਸੁਆਹ (4 ਟਨ ਪ੍ਰਤੀ ਏਕੜ) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਕਿ ਮਿੱਟੀ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਰਸਾਇਣਿਕ ਖਾਦਾਂ ਤੇ ਹੋਣ ਵਾਲੇ ਖਰਚੇ ਨੂੰ ਵੀ ਘਟਾਉਂਦੇ ਹਨ। ਜੇਕਰ ਮਿੱਟੀ ਦੀ ਪਰਖ ਨਾ ਕਰਵਾਈ ਹੋਵੇ ਤਾਂ ਦਰਮਿਆਨੀਆਂ ਜ਼ਮੀਨਾਂ ਵਿੱਚ 50 ਕਿਲੋ ਨਾਈਟ੍ਰੋਜਨ ਅਤੇ 25 ਕਿਲੋ ਫਾਸਫੋਸ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਹ ਤੱਤ 90 ਕਿਲੋ ਯੂਰੀਆ ਅਤੇ 55 ਕਿਲੋ ਡੀ.ਏ.ਪੀ ਪ੍ਰਤੀ ਏਕੜ ਪਾਉਣ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਪੋਟਾਸ਼ੀਅਮ ਦੀ ਵਰਤੋਂ ਉਨ੍ਹਾਂ ਖੇਤਾਂ ਵਿਚ ਕਰਨੀ ਚਾਹੀਦੀ ਹੈ ਜਿਸ ਵਿੱਚ ਪੋਟਾਸ਼ੀਆਮ ਦੀ ਘਾਟ ਹੋਵੇ। ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਕੇਰ ਦਿਓ ਅਤੇ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛੱਟੇ ਨਾਲ ਪਾਉ। ਬਚਦੀ ਅੱਧੀ ਨਾਈਟ੍ਰੋਜਨ ਦੂਜੇ ਪਾਣੀ ਤੌਂ ਪਹਿਲਾਂ ਛੱਟੇ ਨਾਲ ਪਾਉ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਬੀਜਣ ਸਮੇਂ ਇੱਕ ਚੋਥਾਈ ਹਿੱਸਾ ਪਹਿਲਾ ਪਾਣੀ ਲਾÀਣ ਸਮੇਂ ਅਤੇ ਬਚਦਾ ਇੱਕ ਚੌਥਾਈ ਹਿੱਸਾ ਦੂਜਾ ਪਾਣੀ ਲਾÀਣ ਸਮੇਂ ਪਾਉਣੀ ਚਾਹੀਦੀ ਹੈ।ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾਈ ਜਾਵੇ ਤਾਂ ਅਸਰ ਜਲਦੀ ਅਤੇ ਵੱਧ ਕਰਦੀ ਹੈ।ਫਲੀਦਾਰ ਫਸਲਾਂ ਤੋਂ ਬਾਅਦ ਬੀਜੀ ਕਣਕ ਨੂੰ 25 ਪ੍ਰਤੀਸ਼ਤ ਨਾਈਟ੍ਰੋਜਨ ਘੱਟ ਪਾਉ। ਜਦੋਂ ਕਣਕ, ਆਲੂਆਂ ਦੀ ਫਸਲ ਪਿੱਛੋਂ ਬੀਜੀ ਜਾਵੇ ਅਤੇ ਆਲੂਆਂ ਨੂੰ 10 ਟਨ ਪ੍ਰਤੀ ਏਕੜ ਰੂੜੀ ਪਾਈ ਗਈ ਹੋਵੇ ਤਾਂ ਕਣਕ ਦੀ ਫਸਲ ਨੂੰ ਫਾਸਫੋਰਸ ਦੀ ਕੋਈ ਜ਼ਰੂਰਤ ਨਹੀਂ ਹੈ। ਨਾਈਟ੍ਰੋਜਨ ਵਾਲੀ ਖਾਦ ਵੀ ਕੇਵਲ ਸਿਫਾਰਿਸ਼ ਕੀਤੀ ਖਾਦ ਨਾਲੋਂ ਅੱਧੀ ਪਾਉਣੀ ਚਾਹੀਦੀ ਹੈ। ਕਲਰ ਵਾਲੀਆਂ ਜ਼ਮੀਨਾਂ ਵਿੱਚ 25 ਪ੍ਰਤੀਸ਼ਤ ਵੱਧ ਨਾਈਟ੍ਰੋਜਨ ਪਾਓ।
ਨਦੀਨਾਂ ਦੀ ਰੋਕਥਾਮ
ਬਿਜਾਈ ਤੋਂ 30-35 ਦਿਨਾਂ ਤਕ ਫ਼ਸਲ 'ਚ ਨਦੀਨਾਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਝੋਨਾ-ਕਣਕ ਫ਼ਸਲੀ ਚੱਕਰ ਦਾ ਮੁੱਖ ਨਦੀਨ ਗੁੱਲੀ ਡੰਡਾ ਹੈ। ਕਣਕ ਦੀ ਬਿਜਾਈ ਅਗੇਤੀ ਕਰਨ ਨਾਲ ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਫ਼ਸਲ ਬਚੀ ਰਹਿੰਦੀ ਹੈ। ਹੈਪੀ ਸੀਡਰ ਨਾਲ ਕੀਤੀ ਬਿਜਾਈ 'ਚ ਜ਼ਮੀਨ ਦੀ ਉਪਰਲੀ ਤਹਿ 'ਤੇ ਪਰਾਲੀ ਹੋਣ ਕਾਰਨ ਗੁੱਲੀ ਡੰਡੇ ਦੇ ਬੀਜ ਨੂੰ ਧੁੱਪ ਨਹੀਂ ਮਿਲਦੀ ਜਿਸ ਕਾਰਨ ਉਸ ਦੇ ਬੂਟੇ ਕਮਜ਼ੋਰ ਰਹਿ ਜਾਂਦੇ ਹਨ ਤੇ ਫ਼ਸਲ ਦਾ ਨੁਕਸਾਨ ਨਹੀਂ ਕਰਦੇ। ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਨਦੀਨ ਨਾਸ਼ਕ ਦਵਾਈਆਂ, ਜਿਵੇਂ ਸਟੌਂਪ 30 ਈਸੀ (1.5 ਲੀਟਰ) ਜਾਂ ਅਵਕੀਰਾ 85 ਡਬਲਿਊਜੀ (60 ਗ੍ਰਾਮ) ਪਲੈਟਫਾਰਮ 385 ਐੱਸਈ (1 ਲੀਟਰ) ਦਾ ਪ੍ਰਤੀ ਏਕੜ ਛਿੜਕਾਅ ਕਰਨ ਨਾਲ ਗੁੱਲੀ ਡੰਡੇ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਜਾਈ
ਕਣਕ ਦੀ ਬਿਜਾਈ ਭਰਵੀਂ ਰੌਣੀ ਕਰ ਕੇ ਕਰੋ। ਜੇ ਝੋਨੇ ਦੀ ਫ਼ਸਲ ਕੱਟਣ 'ਚ ਦੇਰੀ ਹੋ ਰਹੀ ਹੋਵੇ ਤਾਂ ਖੜ੍ਹੇ ਝੋਨੇ 'ਚ ਹੀ ਰੌਣੀ ਵਾਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਸ ਨਾਲ ਬਿਜਾਈ ਇਕ ਹਫ਼ਤੇ ਤਕ ਅਗੇਤੀ ਹੋ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀਆਂ ਜ਼ਮੀਨਾਂ 'ਚ 8 ਤੇ ਹਲਕੀਆਂ ਜ਼ਮੀਨਾਂ 'ਚ 16 ਕਿਆਰੇ ਪ੍ਰਤੀ ਏਕੜ ਪਾਓ। ਪਹਿਲਾ ਪਾਣੀ ਬਿਜਾਈ ਤੋਂ ਬਾਅਦ ਹਲਕਾ ਲਗਾਉ। ਅਕਤੂਬਰ ਵਿਚ ਬੀਜੀ ਕਣਕ ਨੂੰ ਪਹਿਲਾ ਪਾਣੀ ਤਿੰਨ ਹਫ਼ਤਿਆਂ ਬਾਅਦ ਜਦਕਿ ਨਵੰਬਰ 'ਚ ਬੀਜੀ ਕਣਕ ਨੂੰ ਚਾਰ ਹਫ਼ਤਿਆਂ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ। ਹਨੇਰੀ-ਝੱਖੜ ਦੌਰਾਨ ਕਣਕ ਨੂੰ ਪਾਣੀ ਨਾ ਲਗਾਉ। ਜੇਕਰ ਹਲਕੀਆਂ ਜ਼ਮੀਨਾਂ ਹਨ ਤਾਂ ਸਿੰਜਾਈ ਅਗੇਤੀ ਕਰੋ ਤੇ ਜੇਕਰ ਭਾਰੀਆਂ ਹਨ ਤਾਂ ਇਕ ਹਫ਼ਤਾ ਪਿਛੇਤੀ ਸਿੰਜਾਈ ਕਰੋ। ਜੇਕਰ ਮਾਰਚ ਵਿਚ ਇਕਦਮ ਤਾਪਮਾਨ ਵੱਧ ਜਾਵੇ ਅਤੇ ਦਾਣੇ ਬਣ ਰਹੇ ਹੋਣ ਤਾਂ ਫ਼ਸਲ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ।
ਖੇਤ ਦੀ ਤਿਆਰੀ
ਪਿਛਲੀ ਫ਼ਸਲ ਅਤੇ ਮਿੱਟੀ ਪਰਖ ਦੇ ਅਧਾਰ 'ਤੇ ਖੇਤ ਨੂੰ ਤਵੀਆਂ ਜਾਂ ਹਲ ਨਾਲ ਵਾਹ ਕੇ ਤਿਆਰ ਕਰੋ। ਭਾਰੀਆਂ ਜ਼ਮੀਨਾਂ ਨੂੰ ਵੱਧ ਵਹਾਈ ਦੀ ਲੋੜ ਹੁੰਦੀ ਹੈ। ਖੇਤ ਵਿਚ ਗਿੱਲ ਅਨੁਸਾਰ ਖੇਤ ਦੀ ਵਹਾਈ ਕਰੋ। ਜੇ ਨਮੀ ਘੱਟ ਹੋਵੇ ਤਾਂ ਰੌਣੀ ਕਰਨ ਉਪਰੰਤ ਖੇਤ ਦੀ ਤਿਆਰੀ ਕਰੋ। ਜੇ ਝੋਨੇ ਦੀ ਕਟਾਈ ਤੋਂ ਬਾਅਦ ਕਰਚੇ ਬਾਹਰ ਕੱਢੇ ਹੋਣ ਤਾਂ ਖੇਤ ਨੂੰ ਬਿਨ੍ਹਾਂ ਵਾਹੇ ਕਣਕ ਦੀ ਬਿਜਾਈ ਜ਼ੀਰੋ ਟਿੱਲ ਡਰਿਲ ਨਾਲ ਕੀਤੀ ਜਾ ਸਕਦੀ ਹੈ। ਕੰਬਾਈਨ ਨਾਲ ਕਟਾਈ ਤੋਂ ਬਾਅਦ ਖੜ੍ਹੇ ਕਰਚਿਆਂ ਵਿਚ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਪੀਏਯੂ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕੀਤੀ ਜਾ ਸਕਦੀ ਹੈ।
Summary in English: Successful crop of grain, know how to do