"ਕਰਨੌਲੀ" ਹਾੜੀ ਰੁੱਤ ਵਿੱਚ ਉਗਾਈ ਜਾਣ ਵਾਲੀਆਂ ਦਵਾਈਆਂ ਅਤੇ ਮਸਾਲੇ ਫਸਲਾਂ ਵਿਚੌਂ ਇੱਕ ਮਹੱਤਵਪੂਰਨ ਮਸਾਲੇ ਵਾਲੀ ਫ਼ਸਲ ਹੈ। ਪੰਜਾਬ ਵਿੱਚ, ਇਸਦੀ ਕਾਸ਼ਤ ਮੁੱਖ ਤੌਰ 'ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਵਿੱਚ 2-3 ਪ੍ਰਤੀਸ਼ਤ ਤੇਲ ਹੁੰਦਾ ਹੈ, ਜਿਸ ਦੀ ਵਰਤੋਂ ਦਵਾਈਆਂ, ਭੋਜਨ ਅਤੇ ਸਾਬਣਾਂ ਵਿੱਚ ਕੀਤੀ ਜਾਂਦੀ ਹੈ। ਕਰਨੌਲੀ ਦੇ ਹਰੇ ਪੱਤੇ ਕਈ ਪਕਵਾਨਾਂ, ਸੂਪ ਅਤੇ ਸਲਾਦਾਂ ਵਿੱਚ ਵੀ ਵਰਤੇ ਜਾਂਦੇ ਹਨ।
ਜਲਵਾਯੂ ਲੋੜਾਂ ਅਤੇ ਮਿੱਟੀ: ਕਰਨੌਲੀ ਨੂੰ ਸ਼ੁਰੂਆਤੀ ਵਿਕਾਸ ਦੇ ਪੜਾਵਾਂ ਦੌਰਾਨ ਹਲਕੇ ਠੰਡੇ ਮੌਸਮ ਦੀ ਲੋੜ ਹੁੰਦੀ ਹੈ, ਪਰ ਫ਼ਸਲ ਨੂੰ ਪੱਕਣ ਸਮੇਂ ਖੁਸ਼ਕ ਅਤੇ ਗਰਮ ਮੌਸਮ ਚਾਹੀਦਾ ਹੈ। ਇਸਦੀ ਕਾਸ਼ਤ ਕਲਰਾਠੀਆ ਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਬਾਕੀ ਹਰ ਤਰਾਂ ਦੀਆ ਜ਼ਮੀਨਾਂ 'ਤੇ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਹਾਲਾਂਕਿ, ਦੁਮਟੀਆਂ ਮਿੱਟੀ ਵਾਲੀਆ ਜ਼ਮੀਨਾਂ ਜਿਨਾਂ ਵਿੱਚ ਜੈਵਿਕ ਮਾਦਾ ਦੀ ਮਾਤਰਾ ਭਰਪੂਰ ਹੋਵੇ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵੀ ਜਿਆਦਾ ਹੋਵੇ, ਇਸਦੀ ਕਾਸ਼ਤ ਲਈ ਸਭ ਤੋਂ ਅਨੁਕੂਲ ਹਨ।
ਜ਼ਮੀਨ ਦੀ ਤਿਆਰੀ, ਨਰਸਰੀ ਦੀ ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਕਰਨੌਲੀ ਦੀ ਫਸਲ ਨੂੰ ਪਨੀਰੀ ਦੁਆਰਾ ਉਗਾਈ ਜਾਂਦਾ ਹੈ। ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 15 ਸਤੰਬਰ ਤੋਂ 15 ਅਕਤੂਬਰ ਹੈ। ਇੱਕ ਏਕੜ ਦੀ ਬਿਜਾਈ ਲਈ 400 ਗ੍ਰਾਮ ਬੀਜ ਦੀ ਮਾਤਰਾ ਕਾਫ਼ੀ ਹੈ। ਫਸਲ ਤੌਂ ਪੂਰਾ ਝਾੜ ਲੈਣ ਲਈ ਬਿਜਾਈ ਸਮੇਂ ਸਿਰ ਕਰੌ।
ਪਨੀਰੀ ਉਗਾਉਣ ਦਾ ਤਰੀਕਾ: ਖੇਤ ਤਿਆਰ ਕਰਨ ਤੋਂ ਪਹਿਲਾਂ, 15 ਗੱਡੇ ਚੰਗੀ ਗਲੀ ਸੜੀ ਰੂੜੀ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਰਲਾ ਦਿਓੁ। ਪਨੀਰੀ ਉਗਾਉਣ ਲਈ ਚੁਣਿਆ ਗਿਆ ਖੇਤ ਉਪਜਾਊ ਅਤੇ ਨਦੀਨਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਪਨੀਰੀ ਬੀਜਣ ਵਾਲੀ ਥਾਂ ਨੂੰ 4-5 ਵਾਰ ਵਾਹੋ ਅਤੇ ਸੁਹਾਗਾ ਮਾਰ ਕੇ ਚੰਗੀ ਤਰਾਂ ਬਰੀਕ ਤਿਆਰ ਕਰ ਲਵੋ ਕਿਉਂਕਿ ਇਸ ਦੇ ਬੀਜ ਆਕਾਰ ਵਿਚ ਬਹੁਤ ਛੋਟੇ ਹੁੰਦੇ ਹਨ। ਫਿਰ 8 ਮੀਟਰ ਲੰਬੀਆਂ ਅਤੇ 1.25 ਮੀਟਰ ਚੌੜੀਆ ਕਿਆਰੀਆਂ ਤਿਆਰ ਕਰੋ।
ਸਿੰਚਾਈ ਦੀ ਸਹੂਲਤ ਲਈ ਕਿਆਰੀਆਂ ਦੇ ਚੁਫੇਰੇ ਇੱਕ ਖਾਲੀ ਬਣਾਉ। ਕਿਆਰੀਆਂ ਦਾ ਆਕਾਰ ਸਹੂਲਤ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇੱਕ ਏਕੜ ਵਿੱਚ ਲੁਆਈ ਲਈ ਲੋੜੀਂਦੇ ਬੂਟੇ ਪ੍ਰਾਪਤ ਕਰਨ ਲਈ ਅੱਠ ਕਿਆਰੀਆਂ ਕਾਫੀ ਹਨ। ਕਿਸਾਨ ਖਾਦ (ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ) ਅਤੇ ਸਿੰਗਲ ਸੁਪਰ ਫਾਸਫੇਟ ਖਾਦ ਦੀ ਬਰਾਬਰ ਮਾਤਰਾ ਦਾ 150 ਗ੍ਰਾਮ ਮਿਸ਼ਰਣ ਹਰੇਕ ਕਿਆਰੀਆਂ ਵਿੱਚ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਇੱਕ ਕਿਆਰੀ ਵਿੱਚ ਦੀ ਬਿਜਾਈ ਲਈ 50 ਗ੍ਰਾਮ ਬੀਜ ਕਾਫ਼ੀ ਹੈ।
ਇਹ ਵੀ ਪੜ੍ਹੋ : Coriander Farming: ਧਨੀਆ ਦੀ ਫਸਲ ਤੋਂ ਪਾ ਸਕਦੇ ਹੋ ਚੰਗਾ ਲਾਭ, ਬਹੁਤ ਘੱਟ ਸਮੇਂ ਵਿੱਚ ਹੁੰਦੀ ਹੈ ਲੱਖਾਂ ਦੀ ਕਮਾਈ
ਬੀਜ ਨੂੰ ਰੂੜੀ ਅਤੇ ਮਿੱਟੀ ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਢੱਕ ਦਿਓ ਅਤੇ ਉਸ ਵੇਲੇ ਫੁਆਰੇ ਨਾਲ ਪਾਣੀ ਲਗਾਓ। ਬੀਜ ਬੀਜਣ ਤੋਂ ਲਗਭਗ 12-15 ਦਿਨਾਂ ਵਿੱਚ ਉੱਗ ਜਾਣਗੇ। ਬੀਜ ਦੇ ਉਗਣ ਤੋਂ ਲਗਭਗ ਦੌ ਹਫਤਿਆਂ ਬਾਅਦ ਹਰੇਕ ਕਿਆਰੀ ਵਿੱਚ 100 ਗ੍ਰਾਮ ਕਿਸਾਨ ਖਾਦ ਪਾਓ। ਜੇਕਰ ਬੂਟੇ ਫੇਰ ਵੀ ਕਮਜੌਰ ਲਗੱਣ ਤਾਂ ਲਗਭਗ ਇੱਕ ਮਹੀਨੇ ਬਾਅਦ 100 ਗ੍ਰਾਮ ਕਿਸਾਨ ਖਾਦ ਪ੍ਰਤੀ ਕਿਆਰੀ ਹੋਰ ਪਾ ਦਿਓ। ਲਗਭਗ 60-70 ਦਿਨਾਂ ਵਿੱਚ ਪਨੀਰੀ ਖੇਤ ਵਿੱਚ ਲੁਆਈ ਲਈ ਤਿਆਰ ਹੋ ਜਾਂਦੀ ਹੈ। ਬੂਟਿਆਂ ਦੇ ਚੰਗੇ ਵਿਕਾਸ ਲਈ ਪਨੀਰੀ ਨੂੰ ਨਦੀਨਾਂ ਤੋਂ ਮੁਕਤ ਰੱਖੌ।
ਬਿਜਾਈ ਦਾ ਸਮਾਂ ਅਤੇ ਤਰੀਕਾ: ਪੂਰਾ ਝਾੜ ਲੈਣ ਲਈ ਲੁਆਈ ਸਹੀ ਸਮੇਂ ਤੇ ਕਰਨੀ ਬਹੁਤ ਜਰੂਰੀ ਹੈ। ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾਉਣ ਦਾ ਢੁੱਕਵਾਂ ਸਮਾਂ ਅੱਧ ਨਵੰਬਰ ਤੋਂ ਦਸੰਬਰ ਦੇ ਅੰਤ ਤੱਕ ਹੈ। ਪਨੀਰੀ ਨੂੰ ਪੁੱਟਣ ਤੋਂ ਇੱਕ ਦਿਨ ਪਹਿਲਾਂ ਹਲਕਾ ਜਿਹਾ ਪਾਣੀ ਲਗਾ ਦੇਣਾ ਚਾਹੀਦੀ ਹੈ, ਤਾਂਕਿ ਪੁੱਟਣ ਵੇਲੇ ਬੂਟਿਆਂ ਦੀਆਂ ਜੜ੍ਹਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ। ਪਨੀਰੀ ਵਾਲੇ ਬੂਟੇ ਇੱਕ ਉਮਰ ਅਤੇ ਇੱਕੋ ਅਕਾਰ ਦੇ ਹੌਣੇ ਚਾਹੀਦੇ ਹਨ। ਬੂਟਿਆਂ ਦੀ ਖੇਤ ਵਿੱਚ ਲੁਆਈ ਸਮੇਂ ਲਾਈਨ ਤੋਂ ਲਾਈਨ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ 25 ਸੈਂਟੀਮੀਟਰ ਰਖੋ। ਵੱਧ ਝਾੜ ਪ੍ਰਾਪਤ ਕਰਨ ਲਈ ਪੌਦਿਆਂ ਦੀ ਗਿਣਤੀ ਖੇਤ ਵਿੱਚ ਪੂਰੀ ਰਖੋ।
ਨਦੀਨਾਂ ਦੀ ਰੋਕਥਾਮ: ਜੇ ਨਦੀਨਾਂ ਦੀ ਰੋਕਥਾਮ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਝਾੜ ਤੇ ਕਾਫ਼ੀ ਅਸਰ ਪੈਂਦਾ ਹੈ। ਇਸ ਫ਼ਸਲ ਵਿੱਚ ਮੱਢਲੇ ਵਾਧੇ ਸਮੇਂ ਨਦੀਨਾਂ ਦੀ ਸਮਸਿੱਆ ਜ਼ਿਆਦਾ ਹੁੰਦੀ ਹੈ, ਕਿਉਕਿ ਕਰਨੌਲੀ ਸ਼ੁਰੂ ਵਿੱਚ ਹੌਲੀ ਵਧੱਦੀ ਹੈ। ਫਸਲ ਨੂੰ ਨਦੀਨਾਂ ਮੁਕਤ ਰਖੱਣ ਲਈ ਦੋ ਜਾਂ ਤਿੰਨ ਗੋਡੀਆਂ ਕਰੋ। ਸਮੇਂ ਦੀ ਬਚੱਤ ਲਈ ਗੋਡੀ ਪਹੀਏ ਵਾਲੀ ਸੁਧਰੀ ਤਿਫਾਲੀ ਨਾਲ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਨਵੇਂ ਤਰੀਕੇ ਨਾਲ ਉਗਾਓ ਧਨੀਆ, ਦਿਨਾਂ ਵਿੱਚ ਬਣ ਜਾਓ ਲੱਖਪਤੀ
ਸਿੰਚਾਈ: ਪਹਿਲੀ ਸਿੰਚਾਈ ਲੁਆਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ, ਮਿੱਟੀ ਦੀ ਕਿਸਮ ਅਤੇ ਮੌਸਮ ਦੇ ਆਧਾਰ 'ਤੇ ਫ਼ਸਲ ਨੂੰ ਹਲਕੇ ਪਾਣੀ ਦਿੰਦੇ ਰਹੋ। ਇਸ ਗੱਲ ਦਾ ਧਿਆਨ ਰੱਖੋ ਕਿ ਜਿਆਦਾ ਦੇਰ ਪਾਣੀ ਖੇਤ ਵਿੱਚ ਨਾ ਖੜਾ ਰਹੇ। ਫੁੱਲ ਅਤੇ ਬੀਜ ਬਣਨ ਦੇ ਸਮੇਂ ਫਸਲ ਨੂੰ ਔੜ ਨਹੀਂ ਲਗਣੀ ਚਾਹੀਦੀ।
ਖਾਦਾਂ ਦੀ ਲੋੜ: ਫ਼ਸਲ ਦੀ ਖਾਦ ਦੀ ਲੋੜ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਨਿਰਭਰ ਕਰਦੀ ਹੈ। ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ (35 ਕਿਲੋ ਡੀਏਪੀ ਜਾਂ 100 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ। ਜਦੋਂ 35 ਕਿਲੋ ਡੀਏਪੀ ਦੀ ਵਰਤੋਂ ਕਰਨੀ ਹੋਵੇ ਤਾਂ ਯੂਰੀਆ ਦੀ ਮਾਤਰਾ 13 ਕਿਲੋ ਘਟਾ ਦਿਓ। ਅੱਧੀ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਵੇਲੇ ਪਾਓ। ਚੌਥਾ ਹਿੱਸਾ ਨਾਈਟ੍ਰੋਜਨ, ਲੁਆਈ ਤੋਂ 45 ਦਿਨ ਬਾਅਦ ਅਤੇ ਬਾਕੀ ਦਾ ਚੌਥਾ ਹਿੱਸਾ ਨਾਈਟ੍ਰੋਜਨ 75 ਦਿਨ ਬਾਅਦ ਫ਼ਸਲ ਨੂੰ ਪਾਓ।
ਕੀੜੇ-ਮਕੌੜੇ: ਕਈ ਵਾਰ ਇਸ ਫ਼ਸਲ 'ਤੇ ਚੇਪਾ ਹਮਲਾ ਕਰ ਦਿੰਦਾ ਹੈ। ਚੇਪਾ ਇੱਕ ਚੂਸਣ ਵਾਲਾ ਕੀੜਾ ਹੈ ਅਤੇ ਇਹ ਪੱਤਿਆਂ ਅਤੇ ਫਲਾਂ ਵਿੱਚੋਂ ਰਸ ਚੂਸਦਾ ਹੈ। ਜੇਕਰ ਇਸ ਦੀ ਸਮੇਂ ਸਿਰ ਰੋਕਥਾਮ ਨਾ ਕੀਤਾ ਜਾਵੇ ਤਾਂ ਇਹ ਫ਼ਸਲ ਦੇ ਵਾਧੇ 'ਤੇ ਮਾੜਾ ਅਸਰ ਪਾਉਂਦਾ ਹੈ। ਇਸ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥੀਓਨ 50 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇ ਲੋੜ ਲੱਗੇ ਤਾਂ 15 ਦਿਨਾਂ ਬਾਅਦ ਇੱਕ ਛਿੜਕਾਅ ਹੌਰ ਵੀ ਕੀਤਾ ਜਾ ਸਕਦਾ ਹੈ।
ਵਾਢੀ, ਗਹਾਈ ਅਤੇ ਝਾੜ: ਜਦੋਂ ਜ਼ਿਆਦਾਤਰ ਛੱਤਰੀਆਂ ਵਿੱਚ ਬੀਜ ਹਲਕੇ ਭੂਰੇ ਰੰਗ ਦੇ ਹੋ ਜਾਂਣ ਤਾਂ ਸਮਝੋ ਫ਼ਸਲ ਵਾਢੀ ਲਈ ਤਿਆਰ ਹੈ। ਵਾਢੀ ਸਹੀ ਸਮੇਂ ਤੇ ਕਰਨੀ ਚਾਹੀਦੀ ਹੈ। ਸਵੇਰ ਦੇ ਸਮੇਂ ਫਸਲ ਦੀ ਕਟਾਈ ਨੂੰ ਤਰਜੀਹ ਦਿਓ। ਵਾਢੀ ਤੋਂ ਬਾਅਦ ਤੁਰੰਤ ਫ਼ਸਲ ਨੂੰ ਗਹਾਈ ਵਾਲੀ ਥਾਂ 'ਤੇ ਪਹੁੰਚਾ ਦਿਓ। ਇਸ ਦੇ ਬੀਜ ਬਹੁਤ ਛੋਟੇ ਅਤੇ ਹਲਕੇ ਹੁੰਦੇ ਹਨ ਇਸ ਲਈ ਬੀਜ ਸਾਫ਼ ਕਰਦੇ ਸਮੇਂ ਧਿਆਨ ਰਖੌ ਕਿ ਤੇਜ਼ ਹਵਾ ਨਾ ਚਲਦੀ ਹੋਵੇ।
ਪਰਮਜੀਤ ਕੌਰ ਸਰਾਂ ਅਤੇ ਰਜਿੰਦਰ ਕੁਮਾਰ, ਸਕੂਲ ਆਫ਼ ਔਰਗੈਨਿਕ ਫਾਰਮਿੰਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Successful Cultivation of Celery