1. Home
  2. ਖੇਤੀ ਬਾੜੀ

ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨਾਲ ਇੱਕਲੇ ਕਿਸਾਨਾਂ ਦਾ ਹੀ ਨਹੀਂ "ਵਾਤਾਵਰਣ" ਦਾ ਵੀ ਹੋਵੇਗਾ ਨੁਕਸਾਨ

ਚਾਹੇ ਸਾਇੰਸਦਾਨਾਂ ਵਲੋਂ ਅਕਸਰ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਦੇ ਲਈ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਪਰ 'ਵਾਤਾਵਰਣ ਸੰਭਾਲ' ਅਕਸਰ ਹੀ ਭਾਰਤ ਸਰਕਾਰ ਦੇ ਨੀਤੀ ਨਿਰਮਾਤਾਵਾਂ ਵਲੋਂ ਨਜ਼ਰ ਅੰਦਾਜ਼ ਕੀਤੀ ਜਾਂਦੀ ਰਹੀ ਹੈ।ਅਜਿਹੀ ਹੀ ਸਥਿਤੀ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨਾਲ ਸੰਬੰਧ ਰੱਖਦੀ ਹੈ ਜਿਸ ਨਾਲ ਕਿਸਾਨੀ ਅਤੇ ਵਾਤਾਵਰਣ ਨੂੰ ਖ਼ਤਰੇ ਵਿੱਚ ਪਾ ਦਿੱਤਾ ਗਿਆ ਹੈ।

KJ Staff
KJ Staff
Punjab Farmer

Punjab Farmer

ਚਾਹੇ ਸਾਇੰਸਦਾਨਾਂ ਵਲੋਂ ਅਕਸਰ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਦੇ ਲਈ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਪਰ 'ਵਾਤਾਵਰਣ ਸੰਭਾਲ' ਅਕਸਰ ਹੀ ਭਾਰਤ ਸਰਕਾਰ ਦੇ ਨੀਤੀ ਨਿਰਮਾਤਾਵਾਂ ਵਲੋਂ ਨਜ਼ਰ ਅੰਦਾਜ਼ ਕੀਤੀ ਜਾਂਦੀ ਰਹੀ ਹੈ।ਅਜਿਹੀ ਹੀ ਸਥਿਤੀ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨਾਲ ਸੰਬੰਧ ਰੱਖਦੀ ਹੈ ਜਿਸ ਨਾਲ ਕਿਸਾਨੀ ਅਤੇ ਵਾਤਾਵਰਣ ਨੂੰ ਖ਼ਤਰੇ ਵਿੱਚ ਪਾ ਦਿੱਤਾ ਗਿਆ ਹੈ।

ਭਾਰਤ ਇੱਕ ਖੇਤੀ ਅਧਾਰਤ ਦੇਸ਼ ਹੈ ਜਿੱਥੇੇ 70 ਪ੍ਰਤੀਸ਼ਤ ਪੇਂਡੂ ਪਰਿਵਾਰ ਅਜੇ ਵੀ ਆਪਣੀ ਰੋਜ਼ੀ ਰੋਟੀ ਲਈ ਮੁੱਖ ਤੌਰ 'ਤੇ ਖੇਤੀਬਾੜੀ' ਤੇ ਹੀ ਨਿਰਭਰ ਹਨ।ਇਹਨਾਂ ਵਿਚੋਂ 82 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਦਰਮਿਆਨੇ ਦਰਜੇ ਦੇ ਹਨ। ਇਹ ਕਿਸਾਨ ਆਪਣੀ ਰੋਜ਼ੀ ਰੋਟੀ ਦਾ ਖਰਚਾ ਚਲਾਉਣ ਲਈ ਖੇਤੀ ਦੇ ਨਾਲ ਛੋਟੇ ਮੋਟੇ ਸਹਾਇਕ ਧੰਦੇ ਵੀ ਕਰਦੇ ਹਨ ਜਿਵੇਂ ਪਸ਼ੂ ਪਾਲਣ, ਮੁਰਗੀ ਪਾਲਣ, ਮੱਖੀ ਪਾਲਣ, ਬੱਕਰੀ ਪਾਲਣ ਅਤੇ ਛੋਟੇ ਪੱਧਰ ‘ਤੇ ਵਣ ਖੇਤੀ (ਰੁੱਖਾਂ ਦੀ ਖੇਤੀ) ਆਦਿ।ਇਸ ਤਰ੍ਹਾਂ ਇਹ ਕਿਸਾਨ ਇਹਨਾਂ ਛੋਟੇ-ਛੋਟੇ ਸਹਾਇਕ ਧੰਦਿਆਂ ਨਾਲ ਆਪਣਾ ਚੰਗਾ ਗੁਜ਼ਾਰਾ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਕਿਸਾਨ ਆਪਣੇ ਖੇਤਾਂ ਵਿੱਚ ਇਹਨਾਂ ਧੰਦਿਆਂ ਨਾਲ ਏਕੀਕ੍ਰਿਤ ਖੇਤੀ ਪ੍ਰਣਾਲੀ (ਇੰਟੀਗ੍ਰੇਟਡ ਫਾਰਮਿੰਗ ਸਿਸਟਮ) ਨੂੰ ਉਤਸ਼ਾਹਿਤ ਕਰਦੇ ਹਨ ਜਿਸ ਵਿੱਚ ਇਹਨਾਂ ਧੰਦਿਆਂ ਦੀ ਰਹਿੰਦ ਖੂੰਹਦ ਨੂੰ ਵਰਤ ਕੇ ਰਸਾਇਣਕ ਪਦਾਰਥਾਂ ਦੀ ਵਰਤੋਂ ਨੂੰ ਘਟਾਇਆ ਜਾਂਦਾ ਹੈ।(ਉਦਾਹਰਨ ਦੇ ਤੌਰ ‘ਤੇ ਕਿਸਾਨਾਂ ਦੁਆਰਾ ਪਾਲੇ ਦੁਧਾਰੂ ਪਸ਼ੂਆਂ ਦੇ ਗੋਬਰ ਦੀ ਰੂੜੀ ਨੂੰ ਖੇਤਾਂ ਵਿੱਚ ਵਰਤਿਆ ਜਾਂਦਾ ਹੈ ਜੋ ਮਿੱਟੀ ਵਿੱਚ ਜੀਵ ਜੰਤੂਆਂ ਦੀ ਗਿਣਤੀ ਵਧਾਉਂਦੀ ਹੈ।ਇਹਨਾਂ ਮਿੱਟੀ ਦੇ ਜੀਵ ਜੰਤੂਆਂ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਗਲ੍ਹਣ ਵਿੱਚ ਤੇਜ਼ੀ ਆਉਂਦੀ ਹੈ ਅਤੇ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।) ਇਹ ਪ੍ਰਦੂਸ਼ਨ ਰਹਿਤ ਕੁਦਰਤੀ ਮਾਹੌਲ ਜੰਗਲੀ ਪੰਛੀ, ਜਾਨਵਰ ਅਤੇ ਜੀਵ ਜੰਤੂਆਂ ਦੀ ਆਬਾਦੀ ਵਿੱਚ ਵੀ ਵਾਧਾ ਕਰਦਾ ਹੈੈ।ਜਿਸ ਨਾਲ ਜੀਵ ਵਿਭਿਨਤਾ ਨੂੰ ਵੀ ਉਤਸ਼ਾਹ ਮਿਲਦਾ ਹੈ। (ਉਦਾਹਰਨ ਦੇ ਤੌਰ ‘ਤੇ ਖੇਤਾਂ ਦੀਆਂ ਵੱਟਾਂ ‘ਤੇ ਲਾਏ ਵੰਨ ਸੁਵੰਨੇ ਰੁੱਖ ਪੰਛੀਆਂ ਅਤੇ ਜਾਨਵਰਾਂ ਦੇ ਰਹਿਣ ਲਈ ਸੁਰੱਖਿਅਤ ਜਗ੍ਹਾ ਮੁੱਹਈਆ ਕਰਵਾਉਣ ਦੇ ਨਾਲ ਨਾਲ ਘਰੇਲੂ ਬਾਲਣ ਵੀ ਦਿੰਦੇ ਹਨ।) ਇਸ ਤੋਂ ਇਲਾਵਾ ਮਧੂ ਮੱਖੀਆਂ ਵੀ ਫ਼ਸਲਾਂ ਦੀ ਪਰਾਗਣ ਪ੍ਰਕਿਿਰਆ ਵਿੱਚ ਵਾਧਾ ਕਰਕੇ ਝਾੜ ਵਿੱਚ ਵਾਧਾ ਕਰਦੀਆਂ ਹਨ।ਇਹਨਾਂ ਸਾਰੇ ਤੱਥਾਂ ਦੇ ਆਧਾਰ ‘ਤੇ ਇਹ ਕਹਿਣ ਵਿੱਚ ਕੋਈ ਦੋ ਰਾਇ ਨਹੀ ਕਿ ਕਿਸਾਨ ਸੱਚੀਂ ਕੁਦਰਤ ਦਾ ਰੱਖਵਾਲਾ ਹੈ।

Khetibadi

Khetibadi

ਪਰ ਜਦੋਂ 2020 ਦੇ ਮਾਨਸੂਨ ਸ਼ੈਸ਼ਨ ਦੌਰਾਨ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਣ ਨਾਲ ਇਕਰਾਰਨਾਮੇ ਦੀ ਖੇਤੀ ਅਤੇ ਖੇਤੀ ਉਤਪਾਦਨ ਨੂੰ ਐਗਰੀਕਲਚਰਲ ਪੋ੍ਡਿਊਸ ਮਾਰਕੀਟ ਕਮੇਟੀ (ਏ. ਪੀ. ਐਮ. ਸੀ.) ਤੋਂ ਬਾਹਰ ਰਾਜ ਵਿੱਚ ਜਾਂ ਹੋਰਾਂ ਰਾਜਾਂ ਵਿੱਚ ਵਪਾਰ ਕਰਨ ਦੀ ਆਗਿਆ ਅਤੇ ਫਾਰਮਰ ਪੋ੍ਡਿਊਸ ਔਰਗਨਾਈਜੇਸ਼ਨ ਨੂੰ ਵੀ ਕਿਸਾਨ ਦਾ ਦਰਜ਼ਾ ਦੇ ਦਿੱਤਾ ਗਿਆ ਤਾਂ ਸਿੱਧੇ ਤੌਰ ‘ਤੇ ਕਾਰਪੋਰੇਟ ਕੰਪਨੀਆਂ ਦਾ ਖੇਤੀਬਾੜੀ ਵਿੱਚ ਦਾਖ਼ਲ ਹੋਣ ਲਈ ਰਾਹ ਸੁਖਾਲਾ ਕਰ ਦਿੱਤਾ ਗਿਆ।

ਇਹਨਾਂ ਕਾਰਪੋਰੇਟ ਕੰਪਨੀਆਂ ਦੁਆਰਾ ਖੇਤੀਬਾੜੀ ਵਿੱਚ ਦਾਖ਼ਲ ਹੋਣ ਉਪਰੰਤ ਸਭ ਤੋਂ ਪਹਿਲਾਂ ਉਹ ਛੋਟੇ ਕਿਸਾਨਾਂ ਨੂੰ ਵਧੇਰੇ ਜ਼ਮੀਨ ਦਾ ਠੇਕਾ ਦੇ ਕੇ ਵੱਡੇ ਵੱਡੇ ਫਾਰਮ ਬਣਾਉਣਗੇ। ਇਹਨਾਂ ਫਾਰਮਾਂ ਵਿੱਚ ਵੱਡੇ ਟਰੈਕਟਰ ਅਤੇ ਵੱਡੀ ਮਸ਼ੀਨਰੀ ਲਈ ਵੱਡੇ ਖੇਤਾਂ ਦੀ ਜ਼ਰੂਰਤ ਹੋਵੇਗੀ ਜਿਸ ਕਰਕੇ ਇਹ ਕਾਰਪੋਰੇਟ ਕੰਪਨੀਆਂ ਹਜ਼ਾਰਾਂ ਏਕੜ ਦੇ ਵਿਸ਼ਾਲ ਫਾਰਮ ਬਣਾਉਣ ਲਈ ਖੇਤਾਂ ਵਿਚਲੇ ਰੁੱਖਾਂ ਨੂੰ ਵੀ ਕੱਟ ਦੇਣਗੀਆਂ। ਜਿਸ ਨਾਲ ਸਿੱਧੇ ਤੌਰ ‘ਤੇ ਵਾਤਾਵਰਣ ਨੂੰ ਖਰਾਬ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਾਰਪੋਰੇਟ ਕੰਪਨੀਆਂ ਦੁਆਰਾ ਵਧੇਰੇ ਝਾੜ ਲੈਣ ਲਈ ਵਧੇਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲੀ ਉਦਹਾਰਨ ਵਜੋਂ ਇਹਨਾਂ ਫਰਮਾਂ ਦੁਆਰਾ ਹਾਈਬ੍ਰਰੈਡ ਕਿਸਮਾਂ ਦੀ ਵਰਤੋਂ ਕੀਤੀ ਜਾਵੇਗੀ। ਇਹਨਾਂ ਕਿਸਮਾਂ ‘ਤੇ ਕੀੜਿਆਂ ਮੌਕੜਿਆਂ ਅਤੇ ਬਿਮਾਰੀਆਂ ਦਾ ਵੀ ਹਮਲਾ ਜ਼ਿਆਦਾ ਹੁੰਦਾ ਹੈ।ਜਿਨ੍ਹਾਂ ‘ਤੇ ਵੱਡੀ ਮਸ਼ੀਨਰੀ ਨਾਲ ਸਪਰੇਆਂ ਕੀਤੀਆਂ ਜਾਣਗੀਆਂ ਜਿਸ ਨਾਲ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋਣ ਦੇ ਨਾਲ ਆਮ ਜਨ ਜੀਵਨ ਅਤੇ ਪਿੰਡਾਂ ਦੇ ਕੁਦਰਤੀ ਮਾਹੌਲ ਵਿੱਚ ਬਹੁਤ ਵੱਡਾ ਵਿਗਾੜ ਆਵੇਗਾ।ਇਸ ਤਰ੍ਹਾਂ ਦੂਜੀ ਉਦਹਾਰਨ ਦੇ ਤੌਰ ‘ਤੇ ਇਕ ਕਿਸਾਨ ਆਪਣੇ 10 ਏਕੜ ਵਿੱਚ ਕਿਸੇ ਕੀੜੇ ਮਕੌੜੇ ਜਾਂ ਬਿਮਾਰੀ ਦਾ ਸਰਵੇਖਣ ਹਰ ਰੋਜ਼ ਕਰ ਸਕਦਾ ਹੈ।ਜੇਕਰ ਕਿਤੇ ਇੱਕ ਏਕੜ ਵਿੱਚ ਕੋਈ ਬਿਮਾਰੀ ਆਵੇਗੀ ਤਾਂ ਉਹ ਉਸ ਖੇਤ ਵਿੱਚ ਹੀ ਸਪਰੇਅ ਕਰਕੇ ਉਸਦੀ ਰੋਕਥਾਮ ਕਰ ਲਵੇਗਾ।ਪਰ ਇਹਨਾਂ ਕੰਪਨੀ ਦੇ ਫਾਰਮਾਂ ਦਾ ਖੇਤਰ ਵੱਡਾ ਹੋਣ ਕਰਕੇ ਸਰਵੇਖਣ ਕਰਨਾ ਸੁਖਾਲਾ ਨਹੀ ਹੋਵੇਗਾ ਜਿਸ ਨਾਲ ਬਿਮਾਰੀ ਦਾ ਫੈਲਾਅ ਬਹੁਤ ਜਲਦੀ ਨਾਲ ਵਧੇਗਾ ਅਤੇ ਭਾਰੀ ਮਾਤਰਾ ਵਿੱਚ ਰਸਾਇਣਾਂ ਦੀ ਵਰਤੋਂ ਪੂਰੇ ਖੇਤ ਵਿੱਚ ਹੋਵੇਗੀ।

ਇਸ ਤੋਂ ਇਲਾਵਾ ਜੈਨੇਟਿਕ ਤੌਰ ‘ਤੇ ਸੋਧੀਆਂ ਫਸਲਾਂ (ਬੈਕਟੀਰੀਆ ਦੇ ਜੀਨ ਨਾਲ ਸੋਧਿਆ ਹੁੰਦਾ ਹੈ) ਜਿਵੇਂ ਬੀ. ਟੀ. ਨਰਮਾ, ਬੀ. ਟੀ. ਬੈਂਗਣ, ਬੀ. ਟੀ. ਮੱਕੀ ਆਦਿ ਕਿਸੇ ਖਾਸ ਕੀੜੇ ਦੀ ਰੋਕਥਾਮ ਲਈ ਵਰਤੀਆਂ ਜਾਣਗੀਆਂ ਪਰ ਮਾੜੇ ਪ੍ਰਭਾਵ ਵਜੋਂ ਇਸ ਨਾਲ ਹੋਰ ਕੀੜਿਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਵੇਗਾ ਜੋੋ ਸਿੱਧੇ ਤੌਰ ‘ਤੇ ਵਾਤਾਵਰਣ ਨਾਲ ਛੇੜ ਛਾੜ ਹੈ। ਉਦਹਾਰਨ ਦੇ ਤੌਰ ‘ਤੇ ਬੀ. ਟੀ. ਨਰਮਾ ਟੀਂਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਦੀ ਰੋਕਥਾਮ ਲਈ 2015 ਦੌਰਾਨ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਰਤਿਆ ਗਿਆ ਸੀ ਹੈ ਪਰ ਇਸ ਵਿੱਚ ਚਿੱਟੀ ਮੱਖੀ ਦਾ ਹਮਲਾ ਅਚਾਨਕ ਵੱਧ ਗਿਆ ਅਤੇ 70 ਪ੍ਰਤੀਸ਼ਤ ਫ਼ਸਲ ਤਬਾਹ ਹੋ ਗਈ । ਇਸੇ ਤਰ੍ਹਾਂ ਇਹਨਾਂ ਜੈਨੇਟਿਕ ਤੌਰ ‘ਤੇ ਸੋਧੀਆਂ ਫ਼ਸਲਾਂ ਨੂੰ ਖਾਣਾ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।ਸਿੱਟੇ ਵਜੋਂ ਭਾਰਤ ਵਿੱਚ ਵੀ ਵਿਦੇਸ਼ਾਂ ਵਾਂਗ ਖੇਤਾਂ ਵਿੱਚ ਜੀਵ ਅਤੇ ਫ਼ਸਲੀ ਵਿਭਿਨਤਾ ਖ਼ਤਮ ਹੋ ਜਾਵੇਗੀ।

ਉਪਰੋਕਤ ਵਿਸ਼ਾ ਭਵਿੱਖ ਵਿੱਚ ਦੇਸ਼ ਅੰਦਰ ਜਲਵਾਯੂ ਪਰਿਵਰਤਨ, ਗੋਲਬਲ ਵਾਰਮਿੰਗ ਅਤੇ ਪ੍ਰਦੂਸ਼ਨ ਨੂੰ ਸਿਖ਼ਰਾਂ ‘ਤੇ ਲੈ ਜਾ ਸਕਦਾ ਹੈ। ਇਸ ਕਰਕੇ ਮੈਂ ਇਹਨਾਂ ਕਾਨੂੰਨਾਂ ਦੀ ਸਖ਼ਤ ਨਿਖੇਧੀ ਕਰਦਾ ਹਾਂ। ਕਿਉਂਕਿ ਇਹ ਨਾ ਸਿਰਫ਼ ਕਿਸਾਨਾਂ ਦੇ ਵਜੂਦ ਨੂੰ ਖ਼ਤਰੇ ਵਿੱਚ ਪਾ ਰਹੇ ਹਨ, ਸਗੋਂ ਮਨੁੱਖੀ ਸਿਹਤ ਅਤੇ ਕੁਦਰਤੀ ਸਤੁੰਲਨ ਵਿੱਚ ਵਿਗਾੜ ਵੀ ਪੈਦਾ ਕਰ ਦੇਣਗੇ।

ਜਸ਼ਨਦੀਪ ਸਿੰਘ ਕੰਗ, ਪ੍ਰਸਾਰ ਸਹਾਇਕ (ਖੇਤੀ ਮੌਸਮ ਵਿਗਿਆਨ)
ਈਮੇਲ:jashandeep-soccam@pau.edu
ਮੋਬਾਈਲ ਨੰਬਰ: +919041177170

Summary in English: The new agricultural laws will harm not only the farmers but also the "environment"

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters