ਸ਼ਹਿਦ ਮੱਖੀ ਪਾਲਣ ਭਾਰਤ ਵਿੱਚ ਬਹੁਤ ਪੁਰਾਣਾ ਕਿੱਤਾ ਹੈ ਜੋ ਕਿ ਪਹਿਲਾਂ ਤਾਂ ਸਿਰਫ ਏਸ਼ੀਆਈ ਮੱਖੀ (ਐਪਿਸ ਸਿਰਾਨਾ) ਤੇ ਹੀ ਅਧਾਰਿਤ ਸੀ।
ਇਸ ਕਿੱਤੇ ਨੇ ਵਪਾਰਿਕ ਰੂਪ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸ਼ਹਿਦ ਮੱਖੀਆਂ ਦੀ ਇੱਕ ਵਿਦੇਸ਼ੀ (ਯੂਰੋਪੀਅਨ, ਐਪਿਸ ਮੈਲੀਡਰਾ) ਪ੍ਰਜਾਤੀ ‘ਇਟੈਲੀਅਨ ਸ਼ਹਿਦ ਮੱਖੀ ਭਾਰਤ ਵਿੱਚ ਫੈਲਾਉਣ ਅਤੇ ਵਸਾਉਣ ਉਪਰੰਤ ਧਾਰਿਆ। ਬਾਕੀ ਜੀਵਾਂ ਦੀ ਤਰ੍ਹਾਂ, ਸ਼ਹਿਦ ਮੱਖੀਆਂ ਵੀ ਵੱਖ-ਵੱਖ ਤਰ੍ਹਾਂ ਦੇ ਪਰਜੀਵੀਆਂ ਅਤੇ ਸੂਖਮਜੀਵਾਂ ਦੁਆਰਾ ਹੋਣ ਵਾਲੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ। ਇਸ ਕਾਰਨ ਕਟੁੰਬਾਂ ਦੀ ਕਾਰਗੁਜ਼ਾਰੀ ਘੱਟ ਜਾਂਦੀ ਹੈ ਅਤੇ ਜ਼ਿਆਦਾ ਖਰਾਬ ਹਾਲਾਤਾਂ ਵਿੱਚ ਕਟੁੰਬ ਖਤਮ ਵੀ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਪਰਜੀਵੀ ਦਾ ਉਦਾਹਰਣ ਹੈ ਬਾਹਰੀ ਪਰਜੀਵੀ ਮਾਈਟ ‘ਵਰੋਆ ਡਿਸਟਰਕਟਰ(ਚਿੱਤਰ 1)। ਇਸ ਮਾਈਟ ਦਾ ਭਾਰਤ ਦੇਸ਼ ਵਿੱਚ ਹਮਲਾ 2004 ਵਿੱਚ ਦਰਜ ਕੀਤਾ ਗਿਆ। ਇਸ ਤੋਂ ਨਜਿੱਠਣ ਲਈ ਸ਼ਹਿਦ ਮੱਖੀ ਪਾਲਕਾਂ ਨੇ ਰਸਾਇਣਕ ਤੌਰ-ਤਰੀਕੇ ਅਪਣਾਏ, ਇਹ ਅਸਰਦਾਰ ਤਾਂ ਸਨ, ਪਰ ਇਹਨਾਂ ਦੇ ਵੀ ਆਪਣੇ ਫਾਇਦੇ-ਨੁਕਸਾਨ ਸਨ। ਪਹਿਲਾਂ ਤਾਂ ਇਹ ਰਸਾਇਣ ਥੋੜੇ ਸਮੇਂ ਲਈ ਅਸਰਦਾਰ ਹੁੰਦੇ ਹਨ ਅਤੇ ਸਮੇਂ ਨਾਲ ਇਹਨਾਂ ਦੀ ਕਾਰਗੁਜ਼ਾਰੀ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਹ ਛੱਤੇ ਤੋਂ ਮਿਲਣ ਵਾਲੇ ਪਦਾਰਥ (ਸ਼ਹਿਦ, ਮੋਮ, ਪ੍ਰੋਪੋਲਿਸ, ਆਦਿ) ਦੇ ਮਿਆਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕੁੱਝ ਤਾਂ ਅਣਗਹਿਲੀ ਹੋਣ ਤੇ ਸ਼ਹਿਦ ਮੱਖੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਵਰੋਆ ਤੋਂ ਇਲਾਵਾ ਹੋਰ ਬਰੂਡ ਅਲਾਮਤਾਂ ਜਿਵੇਂ ਕਿ ਬਰੂਡ ਮਈਟ (ਟਰੋਪਲੀਲੈਪਸ ਕਲੈਰੀ), ਵਿਸ਼ਾਨੂੰ ਰੋਗ (ਸੈਕ ਬਰੂਡ), ਆਦਿ ਵੀ ਸ਼ਹਿਦ ਮੱਖੀ ਕਟੁੰਬਾਂ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਹੋਰ ਵੀ ਨਵੇਂ ਕਾਰਗਾਰ ਢੰਗ ਲੱਭੇ ਤੇ ਸੁਝਾਏ ਜਾ ਰਹੇ ਹਨ। ਇਹਨਾਂ ਵਿਚੋਂ ਕੁਦਰਤੀ ਤੌਰ ਤੇ ਬੀਮਾਰੀਆਂ ਲਈ ਪ੍ਰਤਿਰੋਧ ਸਮਰੱਥਾ ਦੇ ਗੁਣ ਦੇ ਆਧਾਰ ਤੇ ਸ਼ਹਿਦ ਮੱਖੀਆਂ ਦਾ ਪ੍ਰਜਣਨ ਇਕ ਮੁੱਖ ਤਰੀਕੇ ਵਜੋਂ ਮੰਨਿਆ ਗਿਆ। ਇਸ ਪ੍ਰਤੀਰੋਧ ਸਮੱਰਥਾ ਨੂੰ ਬਰੂਡ ਅਲਾਮਤਾਂ ਨਾਲ ਨਜਿੱਠਣ ਲਈ ਪਹਿਲੀ ਕਤਾਰ ਦੀ ਸੁਰਖਿਆ ਮੰਨਿਆ ਜਾਂਦਾ ਹੈ। ਕਟੁੰਬਾਂ ਵਿੱਚ ਅਲਾਮਤਾਂ ਦੇ ਟਾਕਰੇ ਲਈ ਕਈ ਗੁਣ ਕੁਦਰਤੀ ਤੌਰ ਤੇ ਮੌਜੂਦ ਹਨ, ਪਰ ਇਹ ਸਮਰੱਥਾ ਕਟੁੰਬਾਂ ਵਿੱਚ ਵੱਧ-ਘੱਟ ਹੋ ਸਕਦੀ ਹੈ। ਭਰਪੂਰ ਗੁਣਾਂ ਵਾਲੇ ਕਟੁੰਬ ਜਿਆਦਾਤਰ ਇਨ੍ਹਾਂ ਅਲਾਮਤਾਂ ਤੋਂ ਵਾਝੇ ਰਹਿੰਦੇ ਹਨ ਜਦ ਕਿ ਇਨ੍ਹਾਂ ਗੁਣਾਂ ਦੀ ਘਾਟ ਵਾਲੇ ਕਟੁੰਬ ਬਰੂਡ ਸਮੱਸਿਆਵਾਂ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ।
ਸ਼ਹਿਦ ਮੱਖੀ ਫਾਰਮ ਦੇ ਸਾਰੇ ਕਟੁੰਬਾਂ ਵਿੱਚ ਇਨ੍ਹਾਂ ਗੁਣਾਂ ਦੀ ਹੋਂਦ ਅਤੇ ਕਾਰਜ਼-ਸ਼ਕਤੀ ਵਧੇਰੇ ਯਕੀਨੀ ਬਣਾ ਕੇ ਬਰੂਡ ਅਲਾਮਤਾਂ ਤੋਂ ਕਟੁੰਬਾਂ ਨੂੰ ਬਚਾਇਆ ਜਾ ਸਕਦਾ ਹੈ। ਅਗਾਂਹ ਵਧੂ ਸ਼ਹਿਦ ਮੱਖੀ ਪਾਲਕ ਸ਼ਹਿਦ ਮੱਖੀ ਕਟੁੰਬਾਂ ਦੀ ਚੋਣ ਮੁੱਖ ਤੌਰ ਤੇ ਉਸ ਕਟੂਬ ਦੀ ਰਾਣੀ ਦੀ ਆਂਡੇ ਦੇਣ ਦੀ ਸਮਰੱਥਾ, ਸ਼ਹਿਦ ਇਕੱਠਾ ਕਰਨ ਦੀ ਸਮਰੱਥਾ ਜਾਂ ਕਟੁੰਬਾਂ ਦੇ ਸਭਾਅ ਦੇ ਅਧਾਰ ਤੇ ਕਰਦੇ ਹਨ ਪਰ ਸਵੱਛਤਾ ਵਿਹਾਰ ਬਾਰੇ ਨਾਮਾਤਰ ਹੀ ਧਿਆਨ ਦਿੰਦੇ ਹਨ ਕਿਉਂਕਿ ਮੁਲਕ ਵਿਚ ਬੀਕੀਪਰਾਂ ਵਿਚ ਇਸ ਬਾਰੇ ਗਿਆਨ ਦੀ ਕਮੀ ਹੈ। ਸਵੱਛਤਾ ਤਾਂ ਸਾਧਾਰਣ ਤੌਰ ਤੇ ਹਾਈਵ ਦੇ ਬੋਟਮ-ਬੋਰਡ ਤੇ ਪਈ ਰਹਿੰਦ-ਖੂੰਹਦ ਦੀ ਤੁਲਨਾ ਰਾਹੀਂ ਵੀ ਮਾਪੀ ਜਾ ਸਕਦੀ ਹੈ।
ਉਪਰ ਲਿਖੇ ਅਨੁਸਾਰ, ਸਵੱਛਤਾ ਵਿਹਾਰ ਇਕ ਆਤਮ-ਸੁਰੱਖਿਆ ਅਤੇ ਇਸ ਤਰ੍ਹਾਂ ਆਰਥਿਕ ਫਾਇਦੇ ਦਾ ਗੁਣ ਹੈ ਜਿਸ ਦੀ ਵਰਤੋਂ ਕਰਕੇ ਸ਼ਹਿਦ ਮੱਖੀ ਕਟੁੰਬਾਂ ਨੂੰ ਬੀਮਾਰੀ/ਪਰਜੀਵੀਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਸਵੱਛਤਾ ਵਿਹਾਰ ਕੀ ਹੈ?
ਸਵੱਛਤਾ ਵਿਹਾਰ ਨੂੰ ਸ਼ਹਿਦ ਮੱਖੀ ਕਟੁੰਬਾਂ ਵਿੱਚ ਲਗਭਗ 15-20 ਦਿਨ ਉਮਰ ਦੀਆਂ ਕਾਮਾ ਮੱਖੀਆਂ ਦੁਆਰਾ ਬੀਮਾਰੀ ਜਾਂ ਪਰਜੀਵੀ ਤੋਂ ਪੀੜਤ ਬਰੂਡ ਦੀ ਪਛਾਣ ਉਪਰੰਤ ਕਟੁੰਬਾਂ ਵਿਚੋਂ ਬਾਹਰ ਕੱਢਣ ਦੀ ਸਮਰੱਥਾ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਸੁਭਾਅ ਦੇ ਦੋ ਹਿੱਸੇ ਹਨ, ਪਹਿਲਾ ਹੈ ਖਰਾਬ ਬਰੂਡ ਵਾਲਾ ਬੰਦ ਸੈਲ ਖੋਲਣਾ ਅਤੇ ਦੂਜਾ ਹੈ ਉਸ ਵਿੱਚੋਂ ਖਰਾਬ ਬਰੂਡ ਨੂੰ ਕੱਢ ਕੇ ਕਟੁੰਬ ਵਿੱਚੋਂ ਬਾਹਰ ਸੁੱਟਣਾ। ਪਹਿਲੇ ਹਿੱਸੇ ਵੱਜੋਂ ਕੁਝ ਕਾਮਾ ਮੱਖੀਆਂ ਦੁਆਰਾ ਮਰੇ ਹੋਏ ਜਾਂ ਬੀਮਾਰ ਪਿਊਪੇ ਦੀ ਪਹਿਚਾਨ ਕਰਨ ਉਪਰੰਤ ਉਨ੍ਹਾਂ ਦੇ ਸੈਲਾਂ ਦੀਆਂ ਟੋਪੀਆਂ ਉਤਾਰ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅਜਿਹੇ ਬਰੂਡ ਨੂੰ ਇਨ੍ਹਾਂ ਸੈਲਾਂ ਵਿਚੋਂ ਬਾਹਰ ਕੱਢ ਕੇ ਕਟੁੰਬ ਤੋਂ ਹੀ ਬਾਹਰ ਸੁੱਟ ਦਿੱਤਾ ਜਾਂਦਾ ਹੈ। ਸਵੱਛਤਾ ਵਿਹਾਰ, ਘਰੋੋਮਨਿਗ (ਸਵਾਰਨ) ਵਿਹਾਰ ਤੋਂ ਭਿੰਨ ਹੈ ਕਿਉਂਕਿ ਘਰੋੋਮਨਿਗ ਵੇਲੇ ਕਾਮਾ ਮੱਖੀਆਂ ਇਕੱਠੇ ਰੱਲ ਕੇ ਬਾਹਰੀ ਜੀਵਾਂ/ ਪਰਜੀਵੀਆਂ ਤੋਂ ਆਪਣੇ ਆਪ ਜਾਂ ਹੋਰ ਕਾਮਾ ਮੱਖੀਆਂ ਨੂੰ ਬਚਾਉਂਦੀਆਂ ਹਨ, ਭਾਵ ਉਹ ਆਪਣੇ ਅਤੇ ਦੂਜਿਆਂ ਦੇ ਸਰੀਰ ਤੋਂ ਚਿਚੜੀਆਂ ਚੁਗ ਜਾਂ ਉਸ ਤੋ ਵੀ ਵੱਧ ਆਪਣੇ ਦੰਦਾਂ ਰਾਹੀਂ ਕੱਟ ਕੇ ਹੇਠਾਂ ਸੁੱਟ ਦਿੰਦੀਆਂ ਹਨ।
ਸਵੱਛਤਾ ਵਿਹਾਰ ਦੀ ਮਹੱਤਤਾ
ਜ਼ਿਆਦਾ ਸਵੱਛਤਾ ਵਿਹਾਰ ਵਾਲੇ ਕਟੁੰਬਾਂ ਦੀਆਂ ਕਾਮਾ ਮੱਖੀਆਂ ਬੀਮਾਰੀ ਜਾਂ ਪਰਜੀਵੀ ਗਰਸਤ ਬਰੂਡ/ ਪਿਊਪੇ ਨੂੰ ਲੱਭ ਕੇ ਕਟੁੰਬ ਵਿੱਚੋਂ ਬਾਹਰ ਸੁੱਟ ਦਿੰਦੀਆਂ ਹਨ, ਜਿਸ ਕਰਕੇ ਬੀਮਾਰੀ ਜਾਂ ਪਰਜੀਵੀ ਕਟੁੰਬ ਅੰਦਰ ਜ਼ਿਆਦਾ ਵੱਧ ਅਤੇ ਫੈਲ ਨਹੀਂ ਸਕਦੇ ਅਤੇ ਹੋਰ ਬਰੂਡ ਦਾ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ। ਇਸ ਲਈ ਸਵੱਛਤਾ ਵਿਹਾਰ ਨੂੰ ਬਰੂਡ ਰੋਗਾਂ ਦੇ ਪ੍ਰਤੀਰੋਧ ਦੀ ਇਕ ਮੁੱਖ ਪ੍ਰਣਾਲੀ ਵੱਜੋਂ ਆਂਕਿਆ ਗਿਆ ਹੈ। ਇਸ ਲਈ ਜਿਨ੍ਹਾਂ ਕਟੁੰਬਾਂ ਵਿੱਚ ਸਵੱਛਤਾ ਵਿਹਾਰ ਜ਼ਿਆਦਾ ਹੁੰਦਾ ਹੈ ਉਹ ਸ਼ਹਿਦ ਮੱਖੀ ਪਾਲਕਾਂ ਲਈ ਆਰਥਿਕ ਤੌਰ ਤੇ ਲਾਭਕਾਰੀ/ ਲਾਹੇਵੰਦ ਹੁੰਦੇ ਹਨ।
ਸਵੱਛਤਾ ਵਿਹਾਰ ਦੀ ਮਾਈਟ ਵਿਰੁੱਧ ਵਰਤੋਂ
ਸਵੱਛਤਾ ਅਤੇ ਘਰੋੋਮਨਿਗ (ਸਵਾਰਨ) ਵਿਹਾਰ ਸ਼ਹਿਦ ਮੱਖੀਆਂ ਵਿੱਚ ਵਰੋਆ ਮਾਈਟ ਦੇ ਵਿਰੁੱਧ ਪਾਏ ਜਾਣ ਵਾਲੇ ਮੁੱਖ ਗੁਣ ਹਨ। ਇਹਨਾਂ ਵਿਚੋਂ ਸਵੱਛਤਾ ਵਿਹਾਰ ਨੂੰ ਵਰੋਆ ਮਾਈਟ ਦੇ ਵਿਰੁੱਧ ਸੁਰੱਖਿਆ ਵਿਧੀ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨਾਲ ਵਰੋਆ ਦਾ ਵਾਧਾ ਘਟਾਇਆ ਜਾ ਸਕਦਾ ਹੈ। ਵਧੀਆ ਸਵੱਛਤਾ ਵਿਹਾਰ ਵਾਲੇ ਕਟੁੰਬਾਂ ਦੀਆਂ ਮੱਖੀਆਂ, ਮਈਟ ਪ੍ਰਭਾਵਿਤ ਬਰੂਡ/ ਪਿਊਪੇ ਨੂੰ ਸੈਲਾਂ ਤੋਂ ਬਾਹਰ ਕੱਢ ਦਿੰਦਿਆਂ ਹਨ ਜਿਸ ਕਾਰਨ ਉਸ ਉਪਰ ਪਲ ਰਹੇ ਮਾਈਟ ਦੇ ਬੱਚੇ ਭੋਜਨ ਅਤੇ ਅਨੁਕੂਲ ਵਾਤਾਵਰਣ ਨਾ ਮਿਲਨ ਕਾਰਨ ਮਰ ਜਾਂਦੇ ਹਨ। ਜਿਸ ਨਾਲ ਇਕ ਮਾਈਟ ਤੋਂ ਘੱਟ ਗਿਣਤੀ ਵਿਚ ਉਸਦੇ ਬੱਚੇ ਪੂਰੀ ਤਰ੍ਹਾਂ ਵਿਕਸਿਤ ਹੋ ਪਾਉਂਦੇ ਹਨ।
ਸਵੱਛਤਾ ਵਿਹਾਰ ਦਾ ਮੁਲਾਂਕਣ
ਸ਼ਹਿਦ ਮੱਖੀਆਂ ਵਿੱਚ ਆਰਥਿਕ ਮਹੱਤਤਾ ਦੇ ਗੁਣ (ਜਿਹਨਾਂ ਵਿੱਚ ਸਵੱਛਤਾ ਵਿਹਾਰ ਵੀ ਇੱਕ ਹੈ) ਪੂਰੇ ਕਟੁੰਬ ਦੇ ਵਿਹਾਰ ਦਾ ਨਤੀਜਾ ਹੁੰਦੇ ਹਨ। ਇਸ ਕਾਰਨ ਇਹਨਾਂ ਦਾ ਮੁਲਾਂਕਣ ਵੀ ਕਟੁੰਬ ਪੱਧਰ ਤੇ ਕੀਤਾ ਜਾਂਦਾ ਹੈ। ਸਵੱਛਤਾ ਵਿਹਾਰ ਗੁਣ ਦੇ ਮੁਲਾਂਕਣ ਦੇ ਵੱਖ-ਵੱਖ ਤਰੀਕਿਆਂ ਵਿਚੋਂ ਸੱਭ ਤੋਂ ਆਮ, ਸੌਖਾ ਅਤੇ ਘੱਟ ਖਰਚੇ ਵਾਲਾ ਤਰੀਕਾ ਹੈ ‘ਬਰੂਡ ਦਾ ਪਿੰਨ ਖੋਭ ਢੰਗ।
ਪਿੰਨ ਖੋਭ ਵਿਧੀ ਕਿਵੇਂ ਵਰਤੀਏ?
ਕਿਸੇ ਕਟੁੰਬ ਸਵੱਛਤਾ ਵਿਹਾਰ ਨੂੰ ਪਿੰਨ ਖੋਭ ਢੰਗ ਰਾਹੀਂ ਮੁਲਾਂਕਣ ਕਰਨ ਲਈ ਹੇਠ ਲਿਖੇ ਵਿਧੀ ਨੂੰ ਲੜੀਵਾਰ ਅਪਣਾਉ:
ਕ) ਸਭ ਤੋਂ ਪਹਿਲਾਂ ਛਤਿਆਂ ਉਪਰ ਲਗਾਤਾਰਤਾ ਵਾਲੇ ਬੰਦ ਕਾਮਾ ਬਰੂਡ ਦੀ ਚੋਣ ਕਰੋ।
ਖ) ਇਹਨਾਂ ਬਰੂਡ ਸੈਲਾਂ ਵਿਚੋਂ 1-2 ਪਿਊਪੇ ਕੱਢ ਕੇ ਉਨ੍ਹਾਂ ਦੀ ਅਵਸਥਾ ਦੀ ਜਾਂਚ ਕਰੋ। ਜੇਕਰ ਕੱਢੇ ਹੋਏ ਪਿਊਪੇ ਦੀਆਂ ਅੱਖਾਂ ਗੁਲਾਬੀ ਰੰਗ ਦੀਆਂ ਹਨ ਤਾਂ ਇਹ ਠੀਕ ਅਵਸਥਾ ਹੈ।
ਤਜ਼ਰਬੇਕਾਰ ਸ਼ਹਿਦ ਮੱਖੀ ਪਾਲਕ ਆਪਣੇ ਤਜ਼ਰਬੇ ਨਾਲ ਸੈਲਾਂ ਦੀਆਂ ਟੋਪੀਆਂ ਦੀ ਰੰਗਤ ਵੇਖ ਕੇ ਵੀ ਅਜਿਹੇ ਬਰੂਡ ਦੀ ਪਛਾਣ ਕਰ ਸਕਦੇ ਹਨ।
ਗ) ਇਸ ਬੰਦ ਬਰੂਡ ਨੂੰ ਇੱਕ ਬਹੁਤ ਹੀ ਬਰੀਕ ਪਿੰਨ ਦੀ ਵਰਤੋਂ ਕਰਕੇ ਟੋਪੀਆਂ ਰਾਹੀਂ ਵਿੰਨੋ੍ਹ। ਧਿਆਨ ਰੱਖਣ ਦੀ ਲੋੜ ਹੈ ਕਿ ਪਿੰਨ ਬਿਲਕੁਲ ਹੀ ਸਿੱਧੀ ਸੈਲਾਂ ਵਿੱਚ ਖੋਭੋ ਅਤੇ ਇਸ ਨੂੰ ਛੱਤੇ ਦੇ ਮੱਧ ਤੱਕ ਲੈ ਕੇ ਜਾਉ।
ਘ) ਇਸ ਤਰ੍ਹਾਂ 100 ਸੈਲਾਂ ਦੇ ਪਿਊਪੇ ਪਿੰਨ ਖੋਭ ਕੇ ਮਾਰ ਦਿਉ ਅਤੇ ਪਿੰਨ ਖੋਭੇ ਹੋਏ ਸੈਲਾਂ ਦੇ ਖੇਤਰ ਨੂੰ ਰੰਗੀਨ ਪਿੰਨਾਂ ਲਗਾ ਕੇ ਨਿਸ਼ਾਨ-ਦੇਹੀ ਕਰੋ (ਚਿੱਤਰ-2)।
ਙ) ਇਸ ਤੋਂ ਬਾਅਦ ਛੱਤੇ ਨੂੰ ਕਟੁੰਬ ਵਿੱਚ ਵਾਪਸ ਰੱਖ ਦਿਓ।
ਚ) ਪਿੰਨ ਖੋਭੇ ਬਰੂਡ ਵਾਲੇ ਛੱਤਿਆਂ ਨੂੰ 24 ਘੰਟੇ ਬਾਅਦ ਜਾਚੋਂ ਅਤੇ ਨਿਸ਼ਾਨ ਲਗਾਏ ਖੇਤਰ ਵਿਚੋਂ ਸੈਲਾਂ, ਜਿਨਾਂ ਵਿੱਚੋਂ ਬਰੂਡ ਨੂੰ ਮੱਖੀਆਂ ਨੇ ਬਾਹਰ ਸੁੱਟ ਦਿੱਤਾ ਹੋਵੇ, ਦੀ ਗਿਣਤੀ ਕਰੋ (ਚਿੱਤਰ-3)। ਇਹਨਾਂ ਸੈਲਾਂ ਦੀ ਗਿਣਤੀ ਦਾ ਪ੍ਰਤੀਸ਼ਤ ਕੱਢ ਲਵੋ। ਇਸ ਪ੍ਰਤੀਸ਼ਤ ਦੇ ਅਧਾਰ ਤੇ ਕਟੁੰਬਾਂ ਦਾ ਤੁਲਨਾਤਮਕ ਸਵੱਛਤਾ-ਵਿਹਾਰ ਜਾਣਿਆ ਜਾ ਸਕਦਾ ਹੈ। ਹਰ 24 ਘੰਟੇ ਦੇ ਵਕਫੇ ਤੇ ਤਿੰਨ ਵਾਰੀ ਇਸ ਤਰੀਕੇ ਨਾਲ ਛੱਤਿਆਂ ਨੂੰ ਜਾਚੋ ਅਤੇ ਹੇਠ ਦਿੱਤੀ ਪ੍ਰਤੀਸ਼ਤ ਦੇ ਹਿਸਾਬ ਨਾਲ ਕਟੁੰਬਾਂ ਦਾ ਵਰਗੀਕਰਨ ਕਰੋ:-
ਪ੍ਰਤੀਸ਼ਤ ਸੈਲ ਸਾਫ ਨਤੀਜਾ
80% ਤੋਂ ਜ਼ਿਆਦਾ ਸਵੱਛਤਾ ਵਿਹਾਰ ਵਾਲੇ ਕਟੁੰਬ
80-70 % ਵਿਚਕਾਰ ਦਰਮਿਆਨੇ ਸਵੱਛਤਾ ਵਿਹਾਰ ਵਾਲੇ ਕਟੁੰਬ
70% ਤੋਂ ਘੱਟ ਘੱਟ ਸਵੱਛਤਾ ਵਿਹਾਰ ਵਾਲੇ ਕਟੁੰਬ
ਸ਼ਹਿਦ ਮੱਖੀ ਕਟੁੰਬਾਂ ਵਿੱਚ ਸਵੱਛਤਾ ਵਿਹਾਰ ਇਕ ਵਿਰਾਸਤੀ ਗੁਣ ਹੈ ਜੋ ਕਿ ਰਾਣੀ ਮੱਖੀ ਆਪਣੀ ਸੰਤਾਨ ਨੂੰ ਦਿੰਦੀ ਹੈ। ਇਸ ਲਈ ਚੰਗੇ ਸਵੱਛਤਾ ਵਿਹਾਰ ਵਾਲੇ ਕਟੁੰਬਾਂ ਨੂੰ ਜੇਕਰ ਸ਼ਹਿਦ ਮੱਖੀ ਪਾਲਕ ਰਾਣੀ ਮੱਖੀ ਦੇ ਪ੍ਰਜਣਨ ਲਈ ਬਰੀਡਰ ਕਟੁੰਬ ਵੱਜੋਂ ਵਰਤਦੇ ਹਨ ਤਾਂ ਉਸ ਤੋਂ ਪੈਦਾ ਹੋਣ ਵਾਲੀਆਂ ਨਵੀਆਂ ਰਾਣੀਆਂ ਵੀ ਸਵੱਛਤਾ ਵਿਹਾਰ ਦਰਸਾਉਣਗੀਆਂ। ਇਸ ਨਾਲ ਸ਼ਹਿਦ ਮੱਖੀਆਂ ਦੇ ਬਰੂਡ ਦੀਆਂ ਸਮੱਸਿਆਵਾਂ ਤੋਂ ਕੁਦਰਤੀ ਤੌਰ ਤੇ ਬਚਾੳ ਰਹੇਗਾ। ਇਸ ਨਾਲ ਕਟੁੰਬ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਘੱਟੇਗੀ, ਸਹਿਦ ਮੱਖੀ ਪਾਲਕਾਂ ਦਾ ਖਰਚਾ ਘਟੇਗਾ ਅਤੇ ਹਾਈਵ ਉਤਪਾਦਾਂ ਦੀ ਗੁਣਵੱਤਾ ਵੀ ਬਰਕਰਾਰ ਰਹੇਗੀ ।
ਭਾਰਤੀ ਮੋਹਿੰਦਰੂ, ਪਰਦੀਪ ਕੁਮਾਰ ਛੁਨੇਜਾ ਅਤੇ ਅਮਿਤ ਚੌਧਰੀ
ਕੀਟ ਵਿਗਿਆਨ ਵਿਭਾਗ
ਭਾਰਤੀ ਮੋਹਿੰਦਰੂ: 98722-59602
Summary in English: The scientific method of hygiene testing in bees is the pin digging method