ਪਾਣੀ ਦੇਣ ਨਾਲੋਂ ਝੋਨੇ ਦੀ ਕਰੰਡ ਤੋੜਨ ਨੂੰ ਪਹਿਲ ਦੇਣ ਕਿਸਾਨ (ਕਰੰਡ ਖੇਤਾਂ ਵਿੱਚ ਸਰੀਏ ਵਾਲੀ ਕਰੰਡੀ ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ )। ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਚ ਮੀਂਹ ਪੈਣ ਕਰਕੇ ਅਗੇਤੀ ਬੀਜੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਕਰੰਡ ਹੋਣ ਅਤੇ ਉਸ ਦਾ ਹੱਲ ਕਰਨ ਅਤੇ ਮੀਂਹ ਦਾ ਸਿੱਧੀ ਬੀਜੀ ਫ਼ਸਲ ਦੇ ਫੁਟਾਰਾ ਕਰਨ ਅਤੇ ਬਾਹਰ ਨਿਕਲਣ ਬਾਰੇ ਕਿਸਾਨਕਿਸਾਨਾਂ ਵੱਲੋਂ ਕਾਫ਼ੀ ਸੁਆਲ ਆ ਰਹੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫ਼ਸਲ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਮੀਂਹ ਪੈਣ ਕਰਕੇ ,ਦੂਸਰੀਆਂ ਫਸਲਾਂ ਵਾਂਗ ,ਝੋਨੇ ਦੀ ਫਸਲ ਵੀ ਕਰੰਡ ਹੋ ਸਕਦੀ ਹੈ ਪਰ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ । ਕਰੰਡੀ ਖੇਤਾਂ ਵਿੱਚ ਸਰੀਏ ਵਾਲੀ ਕਰੰਡੀ ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ । ਜੇਕਰ ਕਰੰਡੀ ਨਾ ਮਿਲੇ ਤਾਂ ਕੋਈ ਵੀ ਜ਼ੀਰੋ ਟਿੱਲ ਡਰਿੱਲ ਨੂੰ ਅੱਧਾ ਇੰਚ ਡੂੰਘਾਈ ਨੂੰ ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ ।ਜੇਕਰ ਖੇਤ ਵਿੱਚ ਝੋਨਾ ਕਾਫ਼ੀ ਬਾਹਰ ਆ ਗਿਆ ਹੈ ਅਤੇ ਕੁਝ ਥਾਵਾਂ ਤੇ ਕਰੰਡ ਕਾਰਨ ਬਾਹਰ ਆਉਣ ਤੋਂ ਰੁਕਿਆ ਹੈ, ਉਨ੍ਹਾਂ ਥਾਵਾਂ ਤੇ ਹੱਥ ਨਾਲ ਚੱਲਣ ਵਾਲੀ ਕਰੰਡੀ ਵਰਤ ਕੇ ਕਰੰਡ ਤੋੜੀ ਜਾ ਸਕਦੀ ਹੈ । ਡਾ:ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਝੋਨੇ ਦੀ ਸਿੱਧੀ ਬਿਜਾਈ ਤੋਂ 1.0 -1.5 ਇੰਚ ਡੂੰਘਾਈ ਤੇ ਹੀ ਕੀਤੀ ਜਾਵੇ ਤਾਂ ਜੋ ਮੀਂਹ ਪੈਣ ਦੀ ਸੰਭਾਵਨਾ ਵਾਲੇ ਦਿਨਾਂ ਵਿੱਚ ਵੀ ਝੋਨਾ ਸੌਖਾ ਬਾਹਰ ਆ ਸਕੇ । ਇਸ ਤੋਂ ਜ਼ਿਆਦਾ ਡੂੰਘਾਈ ਤੇ ਝੋਨਾ ਬੀਜਣ ਨਾਲ ਜੇਕਰ ਉੱਪਰ ਜ਼ਿਆਦਾ ਮੀਂਹ ਪੈ ਜਾਵੇ ਤਾਂ ਬੀਜ ਵਾਲੇ ਸਿਆੜ ਮਿੱਟੀ ਨਾਲ ਭਰਨ ਕਰਕੇ ਝੋਨੇ ਦੇ ਬੀਜ ਦੇ ਬਾਹਰ ਆਉਣ ਵਿੱਚ ਸਮੱਸਿਆ ਆ ਸਕਦੀ ਹੈ । ਜਿਨ੍ਹਾਂ ਖੇਤਾਂ ਵਿੱਚ ਝੋਨਾ ਕਰੰਡ ਹੋ ਗਿਆ ਹੈ ਉੱਥੇ ਪਾਣੀ ਦੇਣ ਨਾਲੋਂ ਕਰੰਡ ਤੋੜਨ ਨੂੰ ਤਰਜੀਹ ਦਿਓ ਕਿਉਂਕਿ ਮੀਂਹ ਪੈਣ ਕਰਕੇ ਸਲਾਬ ਖੇਤ ਵਿੱਚ ਪਹਿਲਾਂ ਹੀ ਬਹੁਤ ਹੁੰਦੀ ਹੈ ਅਤੇ ਪਾਣੀ ਦੇਨ ਨਾਲ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ। ਪਰ ਜੇ ਕਿਤੇ ਕਰੰਡ ਤੋੜਨ ਵਾਲਾ ਕੋਈ ਵੀ ਬਦਲ ਨਾ ਹੋਵੇ ਤਾਂ ,ਸਿਰਫ ਉਨ੍ਹਾਂ ਹਾਲਾਤਾਂ ਵਿੱਚ ਹੀ ਖੇਤ ਨੂੰ ਹਲਕਾ ਪਾਣੀ ਦੇ ਦਿਓ ਉਸ ਨਾਲ ਵੀ ਝੋਨਾ ਬਾਹਰ ਆ ਜਾਵੇਗਾ ।
ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਜੇਕਰ ਅਗਲੇ ਦੋ ਤਿੰਨ ਦਿਨਾਂ ਵਿੱਚ ਮੀਂਹ ਆਉਣ ਦੀ ਸੰਭਾਵਨਾ ਹੋਵੇ ਤਾਂ ਬਿਜਾਈ ਥੋੜ੍ਹਾ ਦੇਰੀ ਨਾਲ ਕਰਨ ਵਿੱਚ ਹੀ ਸਮਝਦਾਰੀ ਹੈ ਤਾਂ ਜੋ ਕਰੰਡ ਹੋਣ ਤੋਂ ਬਚਿਆ ਜਾ ਸਕੇ ।
ਦਵਿੰਦਰਪਾਲ ਸਿੰਘ ਬਡਵਾਲ, ਰਾਜਪ੍ਰੀਤ ਕੌਰ
ਖੇਤੀਬਾੜੀ ਵਿਗਿਆਨ ਵਿਭਾਗ,
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਲੰਧਰ, ਪੰਜਾਬ
ਪੱਤਰ ਪ੍ਰੇਰਕ ਲੇਖਕ: dpsrsgk@gmail.com
Summary in English: Tips to break crust in Direct Seeded Rice Technique in Punjab