Tomato Cultivation: ਟਮਾਟਰ ਗਰਮ ਰੁੱਤ ਦੀ ਫ਼ਸਲ ਹੈ ਅਤੇ ਵਧਣ ਫੁੱਲਣ ਲਈ ਲੰਮਾ ਸਮਾਂ ਲੈਂਦੀ ਹੈ, ਇਸ ਨੂੰ ਭਰਪੂਰ ਧੁੱਪ ਅਤੇ ਦਿਨ ਦਾ ਤਾਪਮਾਨ 20-28 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ। ਕੋਰਾ ਇਸ 'ਤੇ ਬੁਰਾ ਅਸਰ ਕਰਦਾ ਹੈ। ਘੱਟ ਤਾਪਮਾਨ 'ਤੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਫ਼ਲ ਘੱਟ ਬਣਦਾ ਹੈ।
ਟਮਾਟਰ ਦੀ ਫ਼ਸਲ ਉੱਪਰ ਕਈ ਕਿਸਮ ਦੇ ਕੀੜੇ ਹਮਲਾ ਕਰਦੇ ਹਨ। ਜੇਕਰ ਸੁਚੱਜੇ ਤਰੀਕਿਆਂ ਨਾਲ ਕੀੜਿਆਂ ਦੀ ਰੋਕਥਾਮ ਕੀਤੀ ਜਾਵੇ ਤਾਂ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਲਈ ਕੀੜਿਆਂ ਦੇ ਹਮਲੇ ਦੀ ਸਹੀ ਅਤੇ ਸਮੇਂ ਸਿਰ ਪਹਿਚਾਣ ਅਤੇ ਸਿਫਾਰਸ਼ ਕੀਤੇ ਗਏ ਰੋਕਥਾਮ ਦੇ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਟਮਾਟਰ ਦੇ ਮੁੱਖ ਕੀੜੇ ਮਕੌੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ।
1. ਫਲ ਦਾ ਗੰਡੂਆ
ਇਹ ਟਮਾਟਰ ਉੱਪਰ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ ਜੋ ਟਮਾਟਰ ਤੋਂ ਇਲਾਵਾ ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫਲਾਂ ਵਿੱਚ ਮੋਰੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫਲ ਮੰਡੀਕਰਣ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਹੈ।
ਰੋਕਥਾਮ
● ਇਸ ਦੀ ਰੋਕਥਾਮ ਲਈ 2 ਹਫਤੇ ਦੇ ਵਕਫੇ ਤੇ 3 ਛਿੜਕਾਅ ਫੁੱਲ ਪੈਣ ਸਮੇਂ ਕਰੋ। 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਤੋਂ ਪਹਿਲਾਂ ਮੰਡੀਕਰਣ ਯੋਗ ਅਤੇ ਪੱਕੇ ਹੋਏ ਫਲ ਤੋੜ ਲਵੋ।
● ਕੋਰਾਜਨ ਦੇ ਛਿੜਕਾਅ ਤੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ 3 ਦਿਨ ਉਡੀਕ ਦਾ ਸਮਾਂ ਰੱਖ ਕੇ ਫਲ ਤੋੜਣੇ ਚਾਹੀਦੇ ਹਨ।
ਇਹ ਵੀ ਪੜ੍ਹੋ: PAU Team ਵੱਲੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦਾ ਦੌਰਾ, ਵਿਗਿਆਨੀਆਂ ਨੇ ਫਸਲਾਂ ਦੀ ਸਥਿਤੀ ਦਾ ਲਿਆ ਜਾਇਜ਼ਾ
2. ਚੇਪਾ
ਟਮਾਟਰ ਉੱਪਰ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਚੇਪਾ ਕਾਫੀ ਹੱਦ ਤੱਕ ਨੁਕਸਾਨ ਕਰਦਾ ਹੈ। ਟਮਾਟਰ ਉੱਪਰ ਬੱਚੇ ਅਤੇ ਬਾਲਗ ਦੋਨੋਂ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਬੱਦਲਵਾਈ ਅਤੇ ਠੰਡਾ ਮੌਸਮ ਇਸ ਕੀੜੇ ਦਾ ਵਾਧਾ ਕਰਦੇ ਹਨ।
3. ਚਿੱਟੀ ਮੱਖੀ
ਇਹ ਬਹੁਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਤਿੰਨ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ; ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ ਕਿਉਂਕਿ ਪੱਤਿਆਂ ਉੱਪਰ ਕਾਲੀ ਉੱਲੀ ਲੱਗ ਜਾਂਦੀ ਹੈ। ਝਾੜ 'ਤੇ ਵੀ ਕਾਫੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ।
ਰੋਕਥਾਮ
ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।
ਸਾਵਧਾਨੀਆਂ
1) ਛਿੜਕਾਅ ਕਰਨ ਤੋਂ ਪਹਿਲਾਂ ਤਿਆਰ/ਪੱਕੇ ਫ਼ਲ ਤੋੜ ਲਓ।
2) ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ।
Summary in English: Tomato Crop: Know about comprehensive pest control and precautions in tomato crop