Krishi Jagran Punjabi
Menu Close Menu

ਅੰਗੂਰਾਂ ਵਿੱਚ ਚੈਫਰ ਬੀਟਲ ਦਾ ਸਰਵ-ਪੱਖੀ ਪ੍ਰਬੰਧ

Tuesday, 04 May 2021 05:04 PM
Grapes

Grapes

ਚੈਫਰ ਬੀਟਲ/ਕੋਕਚੈਫਰ ਬੀਟਲ ਜਾਂ ਚਿੱਟਾ ਸੁੰਡ ਮਿੱਟੀ ਵਿੱਚ ਰਹਿਣ ਵਾਲਾ ਬਹੁ–ਪੱਖੀ ਕੀੜਾ ਹੈ, ਜੋ ਕਿ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਚਿੱਟਾ ਸੁੰਡ ਪੰਜਾਬ ਵਿੱਚ ਅੰਗੂਰ, ਬੇਰ, ਆਲੂ ਬੁਖਾਰਾ, ਆੜੂ ਅਤੇ ਕਈ ਹੋਰ ਫ਼ਲਦਾਰ ਬੂਟਿਆਂ ਅਤੇ ਸਜਾਵਟੀ ਬੂਟਿਆਂ ਦਾ ਪ੍ਰਮੁੱਖ ਕੀੜਾ ਹੈ। ਇਸ ਕੀੜੇ ਦੀਆਂ ਭੂੰਡੀਆਂ ਜੂਨ-ਜੁਲਾਈ ਵਿੱਚ ਪਹਿਲੇ ਮੀਂਹ ਨਾਲ ਮਿੱਟੀ ਵਿਚੋਂ ਨਿਕਲ ਆਉਂਦੀਆਂ ਹਨ। ਭਾਰੀ ਬਰਸਾਤ ਹੋਣ ਕਾਰਨ ਇਸ ਕੀੜੇ ਦੀ ਗਤੀਵਿਧੀ ਘੱਟ ਜਾਂਦੀ ਹੈ।

ਭੂੰਡੀਆਂ ਮਈ-ਜੂਨ ਦੇ ਮਹੀਨੇ ਬਾਗਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ ਮਈ/ਜੂਨ ਬੀਟਲ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਭੂੰਡੀਆਂ ਰਾਤ ਨੂੰ ਖੁਰਾਕ ਖਾਣ ਲਈ ਬਾਹਰ ਆਉਂਦੀਆਂ ਹਨ ਅਤੇ ਪੱਤਿਆਂ ਉੰਤੇ ਹਮਲਾ ਕਰਦੀਆਂ ਹਨ। ਦਿਨ ਚੜ੍ਹਨ ਤੋਂ ਪਹਿਲਾਂ ਇਹ ਭੂੰਡੀਆਂ ਦਰੱਖਤਾਂ ਥੱਲੇ ਜ਼ਮੀਨ ਵਿੱਚ ਚਲੀਆਂ ਜਾਂਦੀਆਂ ਹਨ ਜਾਂ ਫਿਰ ਤਰੇੜਾਂ ਵਿੱਚ ਲੁਕੀਆਂ ਰਹਿੰਦੀਆਂ ਹਨ। ਇਸ ਕੀੜੇ ਦੁਆਰਾ ਅੰਡੇ ਮਿੱਟੀ ਵਿੱਚ ਹੀ ਦਿੱਤੇ ਜਾਂਦੇ ਹਨ। ਸੁੰਡੀਆਂ ਜੜ੍ਹਾਂ ਅਤੇ ਜੈਵਿਕ ਮਾਦਾ ਖਾਂਦੀਆਂ ਹਨ। ਚਿੱਟੇ ਸੁੰਡ ਫ਼ਸਲ ਦੀਆਂ ਜੜ੍ਹਾਂ ਉਪਰਲੀਆਂ ਗੰਢਾਂ ਅਤੇ ਬਾਰੀਕ ਜੜ੍ਹਾਂ ਨੂੰ ਖਾ ਜਾਂਦੇ ਹਨ, ਇਸ ਨਾਲ ਬੂਟੇ ਮਰ ਜਾਂਦੀ ਹਨ। ਅੰਡੇ ਜੂਨ–ਜੁਲਾਈ ਦੇ ਮਹੀਨੇ ਮੀਂਹ ਕਰਕੇ ਗਿੱਲ ਜਾਂ ਨਮੀ ਹੋਈ ਜ਼ਮੀਨ ਵਿੱਚ ਦਿੱਤੇ ਜਾਂਦੇ ਹਨ। ਜਵਾਨ ਮਾਦਾ 40 ਤੋਂ 65 ਤੱਕ ਅੰਡੇ ਦੇ ਸਕਦੀ ਹੈ। ਅੰਡੇ ਚਿੱਟੇ ਅੰਡਾਕਾਰ ਅਕਾਰ ਦੇ ਹੁੰਦੇ ਹਨ ਜੋ ਕਿ ਨਮ ਜ਼ਮੀਨ (ਜੂਨ–ਜੁਲਾਈ) ਵਿੱਚ 50–150 ਮਿਲੀਮੀਟਰ ਦੀ ਡੂੰਘਾਈ ਤੇ ਦਿੱਤੇ ਜਾਂਦੇ ਹਨ। ਅੰਡਿਆਂ ਵਿੱਚੋਂ ਨਿਕਲੀਆਂ ਚਿੱਟੀਆਂ ਸੁੰਡੀਆਂ ਬੂਟਿਆਂ ਦੀਆਂ ਜੜ੍ਹਾਂ ਨੂੰ ਖਾ ਜਾਂਦੀਆਂ ਹਨ। ਕਈ ਵਾਰੀ ਅੰਗੂਰਾਂ ਵਿੱਚ ਇਹ ਕੀੜੇ ਮੁੱਖ ਜੜ੍ਹ ਨੂੰ ਵੀ ਖੋਖਲਾ ਕਰ ਦਿੰਦੇ ਹਨ। ਸੁੰਡ ਦਾ ਰੰਗ ਚਿੱਟਾ ਹੁੰਦਾ ਹੈ ਅਤੇ ਆਕਾਰ ਅੰਗਰੇਜ਼ੀ ਦੇ ਅੱਖਰ 'C' ਵਰਗਾ ਹੁੰਦਾ ਹੈ। ਕੋਏ ਅਤੇ ਜਵਾਨ ਕੀੜੇ ਨਵੰਬਰ ਤੋਂ ਅਪ੍ਰੈਲ ਤੱਕ ਜ਼ਮੀਨ ਵਿੱਚ ਪਏ ਰਹਿੰਦੇ ਹਨ । ਇਨ੍ਹਾਂ ਕੀੜਿਆਂ ਦੀ ਸਾਲ ਵਿੱਚ ਇੱਕ ਪੀੜ੍ਹੀ ਹੀ ਹੁੰਦੀ ਹੈ।

ਨੁਕਸਾਨ : ਬਾਲਗ ਕੀੜੇ (ਭੂੰਡੀਆਂ) ਰਾਤ ਸਮੇਂ ਪੱਤੇ ਖਾਂਦੇ ਹਨ ਅਤੇ ਦਿਨ ਵੇਲੇ ਜ਼ਮੀਨ ਵਿੱਚ ਲੁਕੇ ਰਹਿੰਦੇ ਹਨ। ਭੂੰਡੀਆਂ ਦੇ ਝੁੰਡ ਪੱਤਿਆਂ ਉੱਤੇ ਹਮਲਾ ਕਰਦੇ ਹਨ, ਜਿਸ ਕਰਕੇ ਪੱਤਿਆਂ ਵਿੱਚ ਮੋਰੀਆਂ ਹੋ ਜਾਂਦੀਆਂ ਹਨ। ਜ਼ਿਅਦਾ ਹਮਲੇ ਦੀ ਹਾਲਤ ਵਿੱਚ ਸਾਰੇ ਪੱਤੇ ਹੀ ਖਾਧੇ ਜਾਂਦੇ ਹਨ, ਜਿਸ ਕਰਕੇ ਦਰੱਖਤਾਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਿਆਂ ਦੀ ਫ਼ਲ ਲੱਗਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਕਈ ਵਾਰੀ ਫ਼ਲ ਵੀ ਸਿਰਿਆਂ ਤੋਂ ਖੁਰਚੇ ਹੁੰਦੇ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸਾਰੇ ਦਰੱਖਤ ਦੇ ਪੱਤੇ ਝੜ ਜਾਂਦੇ ਹਨ। ਰੇਤਲੀਆਂ ਜ਼ਮੀਨਾਂ ਵਿੱਚ ਇਸ ਕੀੜੇ ਦਾ ਜ਼ਿਆਦਾ ਹਮਲਾ ਵੇਖਣ ਨੂੰ ਮਿਲਦਾ ਹੈ, ਜਦੋਂ ਕਿ ਚੀਕਣੀ ਜਾਂ ਭਾਰੀਆਂ ਜ਼ਮੀਨਾਂ ਵਾਲੇ ਬਾਗ ਇਸ ਕੀੜੇ ਦੇ ਹਮਲੇ ਤੋਂ ਬਚੇ ਰਹਿੰਦੇ ਹਨ। ਇਸ ਕੀੜੇ ਦੇ ਸੰਯੁਕਤ ਪ੍ਰਬੰਧ ਲਈ ਕੁਝ ਨੁਕਤੇ ਹੇਠ ਲਿਖੇ ਅਨੁਸਾਰ ਹਨ:

  • ਸਾਫ ਸੁਥਰੀ ਖੇਤੀ ਕਾਸ਼ਤਕਾਰੀ ਢੰਗ ਅਪਣਾਅ ਕੇ ਇਸ ਕੀੜੇ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।
  • ਸਰਦੀਆਂ ਵਿੱਚ ਦਰੱਖਤਾਂ ਦੇ ਆਲੇ–ਦੁਆਲੇ ਦੀ ਜ਼ਮੀਨ ਨੂੰ ਵਾਹੋ, ਜਿਸ ਨਾਲ ਇਹ ਕੀੜੇ ਜ਼ਮੀਨ ਤੋਂ ਬਾਹਰ ਜਾਣ ਅਤੇ ਪੰਛੀ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਣ।
  • ਬਾਗਾਂ ਨੂੰ ਸਿਫਾਰਸ਼ ਕੀਤੇ ਸਮੇਂ ਤੇ ਹੀ ਪਾਣੀ ਲਗਾਓ ਤਾਂ ਜੋ ਭੂੰਡੀਆਂ ਅੰਡੇ ਨਾ ਦੇ ਸਕਣ ਅਤੇ ਸੁੰਡੀਆਂ/ਜਵਾਨ ਕੀੜੇ ਮਰ ਜਾਣ।
  • ਬਹੁ-ਗਿਣਤੀ ਵਿੱਚ ਚੈਫਰ ਬੀਟਲ ਨੂੰ ਖ਼ਤਮ ਕਰਨ ਲਈ ਅਪ੍ਰੈਲ ਦੇ ਅਖੀਰਲੇ ਹਫ਼ਤੇ ਬਾਗਾਂ ਵਿੱਚ ਐਨੀਸੋਲ ਅਧਾਰਿਤ ਪੀ.ਏ.ਯੂ. ਚੈਫਰ ਬੀਟਰ ਟਰੈਪ ਲਗਾਓ। ਇੱਕ ਏਕੜ ਲਈ 12 ਟਰੈਪ ਵਰਤੋ। ਇਨ੍ਹਾਂ ਟਰੈਪਾਂ ਨੂੰ ਜ਼ਮੀਨ ਦੇ ਪੱਧਰ ਤੇ ਲਗਾਓ ਅਤੇ ਲੋੜ ਪੈਣ ਤੇ ਬਦਲਦੇ ਰਹੋ।

ਪੀ..ਯੂ. ਚੈਫਰ ਬੀਟਲ ਟਰੈਪ

ਪੀ.ਏ.ਯੂ. ਦੁਆਰਾ ਚੈਫਰ ਬੀਟਲ ਨੂੰ ਬਹੁ-ਗਿਣਤੀ ਵਿੱਚ ਨਸ਼ਟ ਕਰਨ ਲਈ ਐਨੀਸੋਲ (ਮੀਥੋਔਕਸੀ ਬੈਨਜ਼ੀਨ) ਅਧਾਰਿਤ ਟਰੈਪ ਦਾ ਨਿਰਮਾਣ ਕੀਤਾ ਗਿਆ ਹੈ। ਐਨੀਸੋਲ ਨਾਮੀ ਫੀਰੋਮੋਨ ਲਿਓਰ ਆਸਾਨੀ ਨਾਲ ਬਾਜ਼ਰ ਵਿੱਚ ਉਪਲਬੱਧ ਹੋ ਜਾਂਦਾ ਹੈ। ਇਸ ਟਰੈਪ ਦੀ ਮੱਦਦ ਨਾਲ ਬਹੁ-ਗਿਣਤੀ ਵਿੱਚ ਭੂੰਡੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਜਿਸ ਨਾਲ ਜਿੱਥੇ ਅਸੀਂ ਪੱਇਤਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ, ਉਥੇ ਹੀ ਸਾਨੂੰ ਆਪਣੇ ਬਾਗਾਂ ਵਿੱਚ ਇਸ ਕੀੜੇ ਦੇ ਹੋਣ ਜਾਂ ਨਾ ਹੋਣ ਦਾ ਵੀ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ। ਟਰੈਪਾਂ ਦੀ ਵਰਤੋਂ ਇਸ ਕੀੜੇ ਦੇ ਸੰਯੁਕਤ ਕੀਟ ਪ੍ਰਬੰਧ ਪ੍ਰੋਗਰਾਮ ਵਿੱਚ ਪੂਰੀ ਤਰ੍ਹਾਂ ਸਹਾਈ ਹੈ। ਇਨ੍ਹਾਂ ਟਰੈਪਾਂ ਵਿੱਚ ਵਰਤਿਆ ਜਾਣ ਵਾਲਾ ਲਿਓਰ ਤਕਰੀਬਨ ਇੱਕ ਮਹੀਨੇ ਤੱਕ ਅਸਰਦਾਰ ਰਹਿੰਦਾ ਹੈ।

ਚੈਫਰ ਬੀਟਲ ਟਰੈਪ ਬਣਾਉਣ ਦੀ ਵਿਧੀ/ਤਰੀਕਾ

  • ਕਿਸੇ ਵੀ ਪਲਾਸਟਿਕ ਦੇ ਡੱਬੇ (ਤਕਰੀਬਨ 5 ਲਿਟਰ) ਵਿੱਚ ਦੋਹਾਂ ਪਾਸਿਆਂ ਤੇ ਦੋ ਚੌਰਸਾਕਾਰ ਖਿੜਕੀਆਂ (7x7 ਸੈਂਟੀਮੀਟਰ) ਕੱਟ ਲਵੋ ਅਤੇ ਇਸ ਦੇ ਢੱਕਣ ਵਿੱਚ ਮੋਰੀ ਕਰ ਲਵੋ।
  • ਤਕਰੀਬਨ 72 ਘੰਟਿਆਂ ਲਈ ਪਲਾਈ ਦੇ ਟੁਕੜੇ (ਸੈਪਟਾ) 7.5 0 x2.0 ਸੈਂਟੀਮੀਟਰ) ਨੂੰ ਕੱਚ ਦੇ ਜਾਰ ਵਿੱਚ ਐਨੀਸੋਲ ਵਿੱਚ ਡੁਬੋ ਲਵੋ ਤਾਂ ਕਿ ਸੈਪਟਾ ਪੂਰੀ ਤਰ੍ਹਾਂ ਰਸਾਇਣ ਨੂੰ ਜਜ਼ਬ ਕਰ ਲਵੇ। ਇੱਕ ਸੈਪਟਾ ਲਈ ਸਾਨੂੰ ਲਗਭਗ 20 ਮਿਲੀਲਿਟਰ ਐਨੀਸੋਲ ਦੀ ਲੋੜ ਪੈਂਦੀ ਹੈ।
  • ਢੱਕਣ ਵਿਚਲੇ ਛੇਕ ਵਿੱਚੋਂ ਕਿਸੇ ਵੀ ਰੱਸੀ/ਤਾਰ ਦੀ ਮੱਦਦ ਨਾਲ ਸੈਪਟਾ ਪਲਾਸਟਿਕ ਦੇ ਡੱਬੇ ਵਿੱਚ ਟੰਗ ਦੇਵੋ।
  • ਟਰੈਪ ਨੂੰ ਜ਼ਮੀਨ ਦੇ ਪੱਧਰ ਤੇ ਰੱਖੋ ਅਤੇ ਬਾਗਾਂ ਵਿੱਚ ਅੰਗੂਰਾਂ ਦੀਆਂ ਵੇਲਾਂ ਨਾਲ ਬੰਨ ਦੇਵੋ।

ਟਰੈਪ ਦੀ ਕੀਮਤ : ਇੱਕ ਟਰੈਪ ਲਈ 20 ਮਿਲੀਲਿਟਰ ਐਨੀਸੋਲ ਦੀ ਲੋੜ ਪੈਂਦੀ ਹੈ, ਜਿਸ ਦੀ ਕੀਮਤ ਲਗਭਗ 39.28 ਰੁਪਏ ਹੈ। ਇੱਕ ਡੱਬੇ ਦੀ ਕੀਮਤ 20 ਰੁਪਏ ਅਤੇ ਇੱਕ ਸੈਪਟਾ ਦੀ ਕੀਮਤ 7 ਰੁਪਏ ਹੈ। ਇੱਕ ਟਰੈਪ ਦੀ ਕੀਮਤ 66.28 ਰੁਪਏ ਹੈ। ਇੱਕ ਏਕੜ ਵਿੱਚ 12 ਟਰੈਪ ਲੱਗਦੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 796 ਰੁਪਏ ਬਣਦੀ ਹੈ।  

ਸੰਦੀਪ ਸਿੰਘ, ਰਾਜਵਿੰਦਰ ਕੌਰ ਸੰਧੂ ਅਤੇ ਜਸਰੀਤ ਕੌਰ*

ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ, ਲੁਧਿਆਣਾ

*ਖੇਤਰੀ ਖੋਜ ਕੇਂਦਰ ਬਠਿੰਡਾ

beetles in grapes Grapes Agricultural news
English Summary: Universal arrangement of chaff beetles in grapes

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.