ਫ਼ਸਲ ਉਤਪਾਦਨ ਲਈ ਪਾਣੀ ਦੀ ਅਹਿਮ ਭੂਮਿਕਾ ਸਦਾ ਤੋਂ ਹੀ ਰਹੀ ਹੈ। ਪਾਣੀ ਦੀ ਘਾਟ ਅਤੇ ਵਾਧਾ ਦੋਵੇਂ ਹੀ ਪੌਦੇ ਦੇ ਵਿਕਾਸ ਨੂੰ ਪ੍ਰਭਾਵਤ ਕਰਦੇ ਹਨ ਅਤੇ ਨਤੀਜੇ ਵਜੋਂ ਫ਼ਸਲ ਦੇ ਝਾੜ ਅਤੇ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ। ਪਾਣੀ ਦੀ ਗੈਰ-ਜ਼ਿੰਮੇਦਰਾਨਾ ਵਰਤੋਂ ਇਸ ਕੁਦਰਤੀ ਸਰੋਤ ਨੂੰ ਹਾਨੀ ਪਹੁੰਚਾਉਣ ਦੇ ਨਾਲ -ਨਾਲ ਪੈਦਾਵਾਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਵੱਡੀ ਰੁਕਾਵਟ ਹੈ। ਇਸ ਤੋਂ ਉਲਟ ਸਿੰਚਾਈ ਤਰੀਕਿਆਂ ਅਤੇ ਖੇਤੀ ਉਤਪਾਦਨ ਕਾਰਜਾਂ ਦਾ ਸਹੀ ਸੁਮੇਲ, ਫ਼ਸਲਾਂ ਦੇ ਝਾੜ ਨੂੰ ਕਈ ਗੁਣਾ ਵਧਾ ਸਕਦਾ ਹੈ। ਇਸ ਲਈ ਵਧ ਉਤਪਾਦਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਢੁੱਕਵੇਂ ਸਿੰਚਾਈ ਢੰਗ ਅਤੇ ਨੀਤੀਆਂ ਨੂੰ ਅਪਨਾਉਣ ਦੀ ਫ਼ੌਰੀ ਲੋੜ ਹੈ।
ਸਿੰਚਾਈ ਦੇ ਪਾਣੀ ਦੀ ਸਹੀ ਵਰਤੋਂ ਦੇ ਤਰੀਕੇ
1. ਲੇਜ਼ਰ ਕਰਾਹੇ ਦੀ ਵਰਤੋਂ ਕਰਕੇ ਖੇਤ ਨੂੰ ਪੱਧਰ ਕਰੋ।
2. ਰਵਾਇਤੀ ਸਿੰਚਾਈ ਦੇ ਬਦਲ ਵਿੱਚ ਆਧੁਨਿਕ ਸਿੰਚਾਈ ਤਕਨੀਕਾਂ ਨੂੰ ਅਪਣਾਓ।
3. ਸਿੰਚਾਈ ਲਈ ਤਿਆਰ ਕੀਤੇ ਵੱਡੇ ਕਿਆਰਿਆਂ ਨੂੰ ਛੋਟੇ ਕਿਆਰਿਆਂ ਵਿੱਚ ਬਦਲੋ।
4. ਫ਼ਸਲੀ ਰਹਿੰਦ-ਖੂੰਹਦ ਨੂੰ ਮਲਚ ਦੇ ਤੌਰ ਤੇ ਖੇਤਾਂ ਵਿੱਚ ਹੀ ਵਰਤੋ।
5. ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਵਾਢੀ ਵੇਲੇ ਜੇ ਖੇਤ ਦਾ ਵੱਤਰ ਚੰਗਾ ਹੈ ਤਾਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।
6. ਸਿੰਚਾਈ ਵਾਲੇ ਕੱਚੇ ਖਾਲਿਆਂ ਨੂੰ ਸਾਫ਼ ਰੱਖੋ ਅਤੇ ਭੂਮੀਗਤ ਪਾਈਪ ਲਾਈਨ ਪ੍ਰਣਾਲੀ ਨੂੰ ਤਰਜੀਹ ਦਿਓ।
7. ਮਾੜੇ ਪਾਣੀ ਦੀ ਵਰਤੋਂ ਦਾਲਾਂ ਦੀਆਂ ਫਸਲ ਵਿੱਚ ਨਾ ਕਰੋ।
ਹਾੜੀ ਦੀਆਂ ਫ਼ਸਲਾਂ ਲਈ ਸਹੀ ਸਿੰਚਾਈ ਪ੍ਰਬੰਧ ਹੇਠ ਲਿਖੇ ਅਨੁਸਾਰ ਕਰੋ ।
ਕਣਕ: ਕਣਕ ਦੀ ਬਿਜਾਈ 10 ਸੈਂਟੀਮੀਟਰ ਦੀ ਭਰਵੀਂ ਰੌਣੀ ਪਿੱਛੋਂ ਕਰੋ। ਰੌਣੀ ਨਾਲ ਖੇਤ ਬਿਜਾਈ ਲਈ ਚੰਗੀ ਤਰਾਂ ਤਿਆਰ ਹੋ ਜਾਂਦਾ ਹੈ ਅਤੇ ਖੇਤ ਵਿੱਚ ਜ਼ਰੂਰੀ ਨਮੀ ਹੋਣ ਕਰਕੇ ਫ਼ਸਲ ਦਾ ਜੰਮ ਵੀ ਵਧੀਆ ਹੁੰਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਵਾਢੀ ਪਿਛੋਂ ਜੇ ਖੇਤ ਦਾ ਵੱਤਰ ਚੰਗਾ ਹੈ ਤਾਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਕ ਸਿੰਚਾਈ ਦੀ ਬੱਚਤ ਹੋ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਭਾਰੀਆਂ ਜ਼ਮੀਨਾਂ ਵਿੱਚ 8 ਕਿਆਰੇ ਪ੍ਰਤੀ ਏਕੜ ਅਤੇ ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਛੋਟੇ ਕਿਆਰਿਆਂ ਵਿੱਚ ਪਾਣੀ ਛੇਤੀ ਲਗਦਾ ਹੈ। ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਹਲਕਾ ਦਿਓ, ਕਿਉਂਕਿ ਭਰਵੇਂ ਪਾਣੀ ਲਗਉਣ ਨਾਲ ਫ਼ਸਲ ਪੀਲੀ ਪੈ ਸਕਦੀ ਹੈ। ਅਕਤੂਬਰ ਵਿੱਚ ਬੀਜੀ ਫ਼ਸਲ ਨੂੰ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਅਤੇ ਇਸ ਤੋਂ ਪਿੱਛੋਂ ਬੀਜੀ ਕਣਕ ਨੂੰ ਚਾਰ ਹਫ਼ਤੇ ਬਾਅਦ ਪਾਣੀ ਦਿਓ। ਹਲਕੀਆਂ ਜ਼ਮੀਨਾਂ ਵਿੱਚ ਪਹਿਲੀ ਸਿੰਚਾਈ ਕੁਝ ਅਗੇਤੀ ਅਤੇ ਭਾਰੀਆਂ ਜ਼ਮੀਨਾਂ ਜਾਂ ਝੋਨੇ ਵਾਲੀਆਂ ਜ਼ਮੀਨਾਂ ਵਿੱਚ ਪਛੇਤੀ ਕਰ ਦਿਓ ਅਤੇ ਇਸ ਤੋਂ ਬਾਅਦ ਦੇ ਪਾਣੀ ਕਣਕ ਦੀ ਬਿਜਾਈ ਦੇ ਸਮੇਂ ਦੇ ਅਨੁਸਾਰ ਲਗਾਓ।ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਉ । ਇਹ ਖ਼ਿਆਲ ਰੱਖੋ ਕਿ ਪਾਣੀ ਉਸ ਵੇਲੇ ਲਾਓ ਜਦੋਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ। ਪੰਜ ਦਸੰਬਰ ਤੋਂ ਬਾਅਦ ਬੀਜੀ ਗਈ ਫ਼ਸਲ ਨੂੰ 10 ਅਪ੍ਰੈਲ ਤੱਕ ਪਾਣੀ ਲਾਉਂਦੇ ਰਹੋ। ਜੇਕਰ ਕਣਕ ਦੀ ਬਿਜਾਈ ਹੈਪੀ ਸੀਡਰ/ਸੁਪਰ ਸੀਡਰ ਨਾਲ ਕਰਨੀ ਹੋਵੇ ਤਾਂ ਝੋਨੇ ਦੇ ਖੇਤ ਨੂੰ ਆਖਰੀ ਪਾਣੀ ਇਸ ਤਰਾਂ ਲਗਾਓ ਕਿ ਬਿਜਾਈ ਸਮੇਂ ਖੇਤ ਦੀ ਨਮੀ ਤਰ ਵੱਤਰ ਹੋਵੇ। ਹੈਪੀ ਸੀਡਰ ਨਾਲ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਨੂੰ ਪਹਿਲਾਂ ਪਾਣੀ ਤਕਰੀਬਨ 25-30 ਦਿਨ ਅਤੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ 30-35 ਦਿਨਾਂ ਤੱਕ ਲਾਓ। ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਪਾਣੀ ਰਵਾਇਤੀ ਬਿਜਾਈ ਲਈ ਕੀਤੀਆਂ ਸਿਫਾਰਸ਼ਾਂ ਮੁਤਾਬਿਕ ਲਗਾਉ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਾਣੀ ਹਲਕਾ ਲੱਗੇ ਅਤੇ ਮੌਸਮ ਦੀ ਬਰਸਾਤ ਸਬੰਧੀ ਜਾਣਕਾਰੀ ਦੇ ਮੱਦੇਨਜ਼ਰ ਹੀ ਪਾਣੀ ਲਾਇਆ ਜਾਵੇ। ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ।
ਭਾਰੀਆਂ ਜਮੀਨਾਂ ਵਿੱਚ ਕਣਕ ਦੀ ਬਿਜਾਈ ਬੈਡ ਪਲਾਂਟਰ (37.5 ਸੈਂਟੀਮੀਟਰ ਚੌੜੇ ਬੈਡ, 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਅਤੇ 30 ਸੈਂਟੀਮੀਟਰ ਚੌੜੀ ਖਾਲੀ) ਨਾਲ ਕਰਨ ਨੂੰ ਤਰਜੀਹ ਦਿਓ। ਇਸ ਵਿਧੀ ਰਾਹੀਂ ਪਾਣੀ ਦੀ ਲਗਭਗ 25 % ਤੱਕ ਬੱਚਤ ਕੀਤੀ ਜਾ ਸਕਦੀ ਹੈ। ਮੱਕੀ-ਕਣਕ-ਗਰਮ ਰੁੱਤ ਦੀ ਮੂੰਗੀ ਅਤੇ ਬਿਨਾਂ ਵਾਹੇ ਸਿੱਧੀ ਬਿਜਾਈ ਵਾਲਾ ਝੋਨਾ-ਕਣਕ ਫ਼ਸਲੀ ਚੱਕਰ ਵਿੱਚ ਕਣਕ ਦੀ ਸਿੰਚਾਈ ਧਰਤੀ ਦੀ ਸਤਾ ਹੇਠ ਤੁਪਕਾ ਸਿੰਚਾਈ ਵਿਧੀ ਰਾਹੀਂ ਕਰਨ ਨਾਲ ਪਾਣੀ ਦੀ ਚੋਖੀ ਬੱਚਤ ਕੀਤੀ ਜਾ ਸਕਦੀ ਹੈ।
ਤੋਰੀਆ, ਰਾਇਆ ਅਤੇ ਸਰੋ: ਇਹਨਾਂ ਫ਼ਸਲਾਂ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਹੀ ਕਰੋ। ਬਾਅਦ ਵਿੱਚ ਤੋਰੀਆ ਦੀ ਫ਼ਸਲ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇੱਕ ਸਿੰਚਾਈ ਕੀਤੀ ਜਾ ਸਕਦੀ ਹੈ। ਰਾਇਆ, ਗੋਭੀ ਸਰੋ ਅਤੇ ਅਫ਼ਰੀਕਨ ਸਰੋ ਨੂੰ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜਾ ਡੂੰਘੀਆਂ ਜਾਣਗੀਆਂ ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਰਾਇਆ ਅਤੇ ਅਫ਼ਰੀਕਨ ਸਰੋ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ । ਗੋਭੀ ਸਰੋ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿੱਗਣ ਦਾ ਡਰ ਰਹਿੰਦਾ ਹੈ। ਗੋਭੀ ਸਰੋ ਦੀ ਪਨੀਰੀ ਰਾਹੀਂ ਸਫ਼ਲ ਕਾਸ਼ਤ ਬੈਡਾਂ ਉਪਰ ਵੀ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ 10-15% ਝਾੜ ਵਿੱਚ ਵਾਧਾ ਹੁੰਦਾ ਹੈ ਅਤੇ 20-25% ਸਿੰਚਾਈ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਰਾਇਆ ਅਤੇ ਗੋਭੀ ਸਰੋ ਦੀ ਫ਼ਸਲ ਨੂੰ ਤੁਪਕਾ ਸਿੰਚਾਈ ਵਿਧੀ ਰਾਹੀਂ ਪਾਣੀ ਲਗਾਉਣ ਨਾਲ ਪਾਣੀ ਦੀ ਵਧ ਤੋਂ ਵਧ ਬੱਚਤ ਕੀਤੀ ਜਾ ਸਕਦੀ ਹੈ ।
ਸੂਰਜਮੁਖੀ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪਾਣੀ ਦੀ ਬੱਚਤ ਲਈ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਤੱਕ ਕਰ ਦੇਵੋ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਮਾਰਚ ਦੇ ਮਹੀਨੇ 2 ਹਫਤਿਆਂ ਦਾ ਵਕਫਾ ਕਰ ਦਿਓ। ਅਪ੍ਰੈਲ-ਮਈ ਦੇ ਗਰਮ ਮਹੀਨਿਆਂ ਵਿੱਚ ਸਿੰਚਾਈਆਂ 8-10 ਦਿਨਾਂ ਦੇ ਵਕਫੇ ਤੇ ਕਰੋ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50% ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਸੂਰਜਮੁਖੀ ਦੀਆਂ ਵੱਟਾਂ ਤੇ ਬਿਜਾਈ ਕਰਨ ਨਾਲ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਵੱਟਾਂ ਤੇ ਕੀਤੀ ਬਿਜਾਈ ਨੂੰ 2-3 ਦਿਨਾਂ ਬਾਅਦ ਪਾਣੀ ਜ਼ਰੂਰ ਲਾ ਦੇਵੋ । ਸਿੰਚਾਈ ਵੇਲੇ ਇਹ ਸਾਵਧਾਨੀ ਵਰਤੋ ਕਿ ਖਾਲੀਆਂ ਵਿੱਚ ਪਾਣੀ ਦਾ ਪੱਧਰ ਬੀਜ ਦੀ ਲਵਾਈ ਤੋਂ ਨੀਵਾਂ ਹੋਵੇ । ਇਸ ਤੋਂ ਇਲਾਵਾ ਪਾਣੀ ਅਤੇ ਖਾਦਾਂ ਦੀ ਚੋਖੀ ਬੱਚਤ ਲਈ ਤੁਪਕਾ ਸਿੰਚਾਈ ਵਿਧੀ ਨੂੰ ਅਪਨਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਛੋਲੇ: ਸੇਂਜੂ ਜ਼ਮੀਨ ਵਿੱਚ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ। ਇਸ ਨਾਲ ਜੜਾ ਡੂੰਘੀਆਂ ਜਾਣਗੀਆਂ ਅਤੇ ਭੂਮੀ ਵਿਚਲੇ ਪਾਣੀ ਦੀ ਯੋਗ ਵਰਤੋਂ ਹੋਵੇਗੀ। ਫ਼ਸਲ ਨੂੰ ਬਾਅਦ ਵਿੱਚ ਲੋੜ ਮੁਤਾਬਿਕ ਕੇਵਲ ਇੱਕ ਪਾਣੀ ਹੀ ਦੇਓ। ਇਹ ਪਾਣੀ ਬਿਜਾਈ ਦੇ ਸਮੇਂ ਅਤੇ ਬਾਰਿਸ਼ ਅਨੁਸਾਰ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿੱਚ ਬਿਜਾਈ ਤੋਂ 4 ਹਫ਼ਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇਕਰ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਇਹ ਪਾਣੀ ਹੋਰ ਪਛੇਤਾ ਕਰ ਦਿਉ। ਬਹੁਤਾ ਪਾਣੀ ਦੇਣ ਨਾਲ ਬੂਟੇ ਦਾ ਫੁਲਾਟ ਬਹੁਤ ਵੱਧ ਜਾਂਦਾ ਹੈ ਅਤੇ ਫ਼ਲ ਘੱਟ ਲੱਗਦਾ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਪਿੱਛੋਂ ਬੀਜੇ ਛੋਲਿਆਂ ਦੀ ਫ਼ਸਲ ਨੂੰ ਪਾਣੀ ਬਿਲਕੁਲ ਨਾ ਲਾਵੋ। ਝੋਨੇ ਵਾਲੇ ਖੇਤਾਂ ਵਿੱਚ ਜੇਕਰ ਪਾਣੀ ਲਾ ਦੇਈਏ ਤਾਂ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ। ਇਸ ਲਈ ਝੋਨੇ ਵਾਲੇ ਖੇਤਾਂ ਵਿੱਚ ਛੋਲਿਆਂ ਦੀ ਬਿਜਾਈ ਲਈ ਬੈਡ ਪਲਾਂਟਰ ਦੀ ਵਰਤੋਂ ਕਰੋ ਅਤੇ ਜੇ ਡੱਡੇ ਬਨਣ ਦੀ ਅਵਸਥਾ ਵੇਲੇ ਪਾਣੀ ਦੀ ਘਾਟ ਮਹਿਸੂਸ ਹੋਵੇ ਤਾਂ, ਬੈੱਡ ਉਤੇ ਬੀਜੇ ਛੋਲਿਆਂ ਨੂੰ ਪਾਣੀ ਲਾਇਆ ਜਾ ਸਕਦਾ ਹੈ। ਬੈਡ ਉਤੇ ਬਿਜਾਈ ਕਰਨ ਨਾਲ ਭਾਰੀਆਂ ਜ਼ਮੀਨਾਂ ਉਤੇ ਬੀਜੀ ਫ਼ਸਲ ਸਿਚਾਈ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੀ ਹੈ।
ਮਸਰ: ਵਰਖਾ ਦੇ ਆਧਾਰ ਤੇ ਮਸਰਾਂ ਨੂੰ ਕੇਵਲ 1-2 ਪਾਣੀਆਂ ਦੀ ਲੋੜ ਹੁੰਦੀ ਹੈ। ਜੇ ਇੱਕ ਪਾਣੀ ਦੇਣਾ ਹੋਵੇ ਤਾਂ ਬਿਜਾਈ ਤੋਂ 6 ਹਫ਼ਤੇ ਬਾਅਦ ਦਿਓ। ਜੇਕਰ ਦੋ ਪਾਣੀ ਲਾਉਣੇ ਹੋਣ ਤਾਂ ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫ਼ਲੀਆਂ ਪੈਣ ਸਮੇਂ ਮੌਸਮ ਅਨੁਸਾਰ ਦਿਓ।
ਅਲਸੀ: ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ 3 ਤੋਂ 4 ਪਾਣੀ ਲਗਾਉਣੇ ਚਾਹੀਦੇ ਹਨ। ਫ਼ਸਲ ਨੂੰ ਫੁੱਲ ਨਿਕਲਣ ਸਮੇਂ ਇੱਕ ਪਾਣੀ ਜ਼ਰੂਰ ਦੇਵੋ।
ਅਮਿਤ ਸਲਾਰੀਆ : 94171-88183
ਅਮਿਤ ਸਲਾਰੀਆ, ਗੋਬਿੰਦਰ ਸਿੰਘ ਅਤੇ ਜੁਗਰਾਜ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ
Summary in English: Use hygienic irrigation methods for rake crops