ਮੱਲਚਿੰਗ ਜਾਂ ਘਾਹ ਫੂਸ ਦੇ ਛੋਰੇ ਦੀ ਵਿਧੀ ਰਾਹੀਂ, ਫਸਲੀ ਰਹਿੰਦ ਖੂੰਦ ਅਤੇ ਪਰਾਲੀ ਦੀ ਵਰਤੋਂ ਕਰਕੇ ਭੂਮੀ ਪਾਣੀ ਦਾ ਵਾਸ਼ਪੀਕਰਨ ਰੋਕ ਕੇ ਧਰਤੀ ਦੀ ਨਮੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਜਿਸਦੇ ਫਲਸਰੂਪ ਗਰਮੀ ਅਤੇ ਬਸੰਤ ਰੁੱਤ ਦੀਆਂ ਫਸਲਾਂ ਦਾ ਝਾੜ ਵੱਧਦਾ ਹੈ,
ਨਦੀਨਾਂ ਦੀ ਰੋਕਥਾਮ ਅਤੇ ਪਾਣੀ ਅਤੇ ਖਾਦਾਂ ਦੀ ਬੱਚਤ ਹੁੰਦੀ ਹੈ। ਮੱਲਚ ਪਾਣੀ ਤੋਂ ਭਾਫ਼ ਬਨਾਉਣ ਵਾਲੀ ਉਰਜਾ ਨੂੰ ਜ਼ਮੀਨੀ ਪੱਧਰ ਤੇ ਘਟਾਉਂਦੀ ਹੈ ਅਤੇ ਭਾਫ਼ ਵਾਲੇ ਵਹਾਅ ਨੂੰ ਰੋਕਣ ਵਿਚ ਮਦਦ ਕਰਦੀ ਹੈ। ਚੋੜੇ ਫ਼ਾਸਲੇ ਤੇ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਜਿਵੇਂ ਕਿ ਮੱਕੀ, ਨਰਮਾਂ, ਮਿਰਚਾਂ ਅਤੇ ਕਮਾਦ ਵਿਚ ਮੱਲਚ ਵਾਲੇ ਖੇਤਾਂ ਵਿੱਚ ਬਗੈਰ ਮੱਲਚ ਦੇ ਖੇਤਾਂ ਦੇ ਮੁਕਾਬਲੇ 28-32 % ਘੱਟ ਵਾਸ਼ਪੀਕਰਨ ਹੁੰਦਾ ਹੈ। ਵਾਸ਼ਪੀਕਰਨ ਰੋਕ ਕੇ ਪਾਣੀ ਦੀ ਅਸਲ ਬੱਚਤ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਪਾਣੀ ਜਾਂ ਤਾਂ ਪੌਦਾ ਵਰਤੇਗਾ ਜਾਂ ਇਹ ਜ਼ਮੀਨ ਵਿਚ ਹੀ ਰਹੇਗਾ। ਪੌਦੇ ਦੇ ਇਸ ਪਾਣੀ ਨੂੰ ਵਰਤਣ ਨਾਲ ਝਾੜ ਵਧੇਗਾ ਅਤੇ ਕਈ ਹਾਲਤਾਂ ਵਿਚ ਜ਼ਮੀਨ ਹੇਠਾ ਜ਼ੀਰਨ ਨਾਲ ਧਰਤੀ ਹੇਠਲੇ ਪਾਣੀ ਦਾ ਰੀਚਾਰਜ਼ ਵਧੇਗਾ। ਗਰਮ ਰੁੱਤ ਦੀ ਮੂੰਗੀ, ਸੋਇਆਬੀਨ, ਮੱਕੀ, ਮੈਂਥਾ, ਸੂਰਜਮੁਖੀ, ਨਰਮੇ ਅਤੇ ਆਲੂਆਂ ਵਿਚ ਮੱਲਚ ਦਾ ਚੰਗਾ ਲਾਭ ਮਿਲਦਾ ਹੈ।
ਝੋਨਾ ਅਤੇ ਕਣਕ ਪੰਜਾਬ ਦੀਆਂ ਦੋ ਮੁੱਖ ਫਸਲਾਂ ਹਨ, ਜਿਨ੍ਹਾਂ ਹੇਠ ਪੰਜਾਬ ਪ੍ਰਾਂਤ ਦਾ ਕ੍ਰਮਵਾਰ 31 ਅਤੇ 35 ਲੱਖ ਹੈਕਟੇਅਰ ਰਕਬਾ ਹੈ। ਇਸ ਫਸਲੀ ਚੱਕਰ ਨੇ ਧਰਤੀ ਹੇਠਲੇ ਪਾਣੀ ਦੇ ਸਰੋਤ ਘਟਾਏ ਹਨ ਅਤੇ ਵੱਡੀ ਮਾਤਰਾ ਵਿੱਚ ਫਸਲਾਂ ਦੀ ਰਹਿੰਦ ਖੂੰਦ ਪੈਦਾ ਕੀਤੀ ਹੈ। ਫਸਲਾਂ ਦੀ ਰਹਿੰਦ ਖੂੰਦ ਵਿਚੋਂ ਕਣਕ ਦਾ ਨਾੜ ਤਾਂ ਤੂੜੀ ਵਜੋਂ ਲਾਹੇਵੰਦ ਤਰੀਕੇ ਨਾਲ ਵਰਤਿਆ ਜਾਂਦਾ ਹੈ, ਪ੍ਰਤੂੰ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਦ ਨੂੰ ਕਣਕ ਦੀ ਸਮੇਂ ਸਿਰ ਬਿਜਾਈ ਕਰਨ ਲਈ ਖੇਤਾਂ ਵਿਚ ਹੀ ਸਾੜ ਦਿਤਾ ਜਾਂਦਾ ਹੈ। ਕਣਕ ਵਿੱਚ ਇਸ ਸਮੱਸਿਆ ਦੇ ਹੱਲ ਲਈ ਹੈਪੀਸੀਡਰ ਰਾਹੀਂ ਸਿੱਧੀ ਬੀਜਾਈ ਕਰਕੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਦੀ ਤਹਿ ਤੇ ਰੱਖਿਆ ਜਾਂਦਾ ਹੈ। ਇਸ ਤਕਨੀਕ ਨਾਲ ਨਾ ਸਿਰਫ਼ ਕਣਕ ਦਾ ਝਾੜ ਹੀ ਵੱਧਦਾ ਹੈ ਸਗੋਂ ਰੌਣੀ ਕਰਨ ਵੇਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਪਹਿਲਾ ਪਾਣੀ ਵੀ ਦੇਰੀ ਨਾਲ ਲੱਗਦਾ ਹੈ। ਇਸ ਵੇਲੇ ਪੰਜਾਬ ਵਿੱਚ ਬੁਹਤ ਹੀ ਵੱਡੀ ਮਾਤਰਾ ਵਿਚ ਝੋਨੇ ਦੀ ਪਰਾਲੀ ਪੈਦਾ ਹੋ ਰਹੀ ਹੈ, ਜਿਸ ਨੂੰ ਅੱਗ ਲਗਾ ਕੇ ਸਾੜ ਦਿਤਾ ਜਾਂਦਾ ਹੈ। ਇਹ ਨਾ ਕੇਵਲ ਇੱਕ ਵੱਡਮੁਲੇ ਖਜ਼ਾਨੇ ਦਾ ਨੁਕਸਾਨ ਹੈ ਸਗੋਂ ਇਸ ਨਾਲ ਮਨੁੱਖੀ ਬਿਮਾਰੀਆਂ ਅਤੇ ਵਾਤਾਵਰਣ ਪ੍ਰਦੂਸ਼ਨ ਵਿੱਚ ਵੀ ਵਾਧਾ ਹੁੰਦਾ ਹੈ। ਗਰਮੀ ਰੁੱਤ ਦੀਆਂ ਫਸਲਾਂ ਹੇਠ ਰਕਬਾ ਵਧਾ ਕਿ ਝੋਨੇ ਦੀ ਪਰਾਲੀ ਨੂੰ ਮੱਲਚ ਵਜੋਂ ਵਰਤੋਂ ਕਰਨ ਦਾ ਇਕ ਚੰਗਾ ਮੌਕਾ ਹੈ। ਮਲਚਿੰਗ ਨਾਲ ਬੁਹੱਤ ਸਾਰੀਆ ਫਸਲਾਂ ਦਾ ਝਾੜ ਵੱਧਦਾ ਹੈ। ਇਹ ਬੁਹੱਤ ਕੀਮਤੀ ਪਾਣੀ ਅਤੇ ਖਾਦਾਂ ਦੀ ਵਰਤੋਂ ਘਟਾ ਕਿ ਪਾਣੀ ਦੀ ਵਰਤੋਂ ਕਸ਼ੂਲਤਾ ਵਿੱਚ ਵਾਧਾ ਕਰਦੀ ਹੈ। ਇਹ ਜ਼ਮੀਨ ਨੂੰ ਉਪਜਾਊ ਵੀ ਬਣਾਉਂਦੀ ਹੈ।
ਖੁਸ਼ਕ ਅਤੇ ਅਰਧ ਖੁਸ਼ਕ ਜਲਵਾਯੂ ਹਾਲਤਾਂ ਵਿੱਚ ਹਲਕੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਤਾਪਮਾਨ ਅਤੇ ਪਾਣੀ ਦੇ ਸੋਕੇ ਕਾਰਣ ਫ਼ਸਲਾਂ ਦਾ ਕਾਫੀ ਆਰਥਿਕ ਨੁਕਸਾਨ ਹੰਦਾ ਹੈ। ਮੱਲਚ ਦੀ ਘੱਟ ਥਰਮਲ ਕਨਡਕਟੀਵਿਟੀ ਹੋਣ ਕਰਕੇ ਜ਼ਮੀਨ ਦੇ ਮੁਕਾਬਲੇ ਮੱਲਚ ਸੂਰਜੀ ਕਿਰਨਾ ਨੂੰ ਘੱਟ ਸੋਖ ਕੇ ਜ਼ਿਆਦਾ ਨੂੰ ਵਾਪਸ ਭੇਜ ਦੇਂਦੀ ਹੈ, ਜਿਸ ਨਾਲ ਜ਼ਮੀਨੀ ਤਾਪਮਾਨ ਘੱਟਦਾ ਹੈ। ਭਾਵੇਂ ਕਿ ਇਸ ਦਾ ਪ੍ਰਭਾਵ ਜ਼ਮੀਨੀ ਪਾਣੀ ਦੀ ਮਾਤਰਾ, ਫ਼ਸਲ ਦੀ ਸਟੇਜ਼ ਅਤੇ ਮੱਲਚ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਮੱਕੀ ਦੇ ਸ਼ੁਰਆਤੀ ਵਾਧੇ ਸਮੇ, ਖੇਤਾਂ ਵਿਚ ਮੱਲਚ ਦੀ 6 ਟਨ ਪ੍ਰਤੀ ਹੈਕਟੇਅਰ ਦੀ ਵਰਤੋਂ ਨਾਲ ਜ਼ਮੀਨ ਦੀ 5, 10 ਅਤੇ 20 ਸੈਂਟੀਮੀਟਰ ਡੂੰਗਾਈ ਤੇ ਕਰਮਵਾਰ 10, 7.5 ਅਤੇ 5 ਡਿਗਰੀ ਸੈਲਸੀਅਸ ਤਾਪਮਾਨ ਦੀ ਗਿਰਾਵਟ ਦਰਜ਼ ਕੀਤੀ ਗਈ। ਗਰਮੀਆਂ ਵਿੱਚ ਉਪਰ ਵਾਲੀ ਜ਼ਮੀਨੀ ਤਹਿ ਜਲਦੀ ਸੁੱਕ ਜਾਂਦੀ ਹੈ, ਜਿਸ ਤੋਂ ਪੈਦਾ ਹੋਈ ਪਾਪੜੀ ਬੀਜਾਂ ਦੇ ਜਮ੍ਹਣ ਅਤੇ ਛੋਟੇ ਬੂਟਿਆਂ ਦੇ ਵਾਧੇ ਵਿਚ ਰੁਕਾਵਟ ਪੈਦਾ ਕਰਦੀ ਹੈ। ਮੱਲਚ ਜ਼ਮੀਨ ਨੂੰ ਪਾਣੀ ਨਾਲ ਤਰ ਅਤੇ ਠੰਡਾ ਰੱਖਦੀ ਹੈ, ਜਿਸਦੇ ਫਲਸਰੂਪ ਫ਼ਸਲਾਂ ਦਾ ਵਾਧਾ ਚੰਗਾ ਹੁੰਦਾ ਹੈ।
ਗਰਮੀ ਰੁੱਤ ਦੀਆਂ ਫਸਲਾਂ ਦੀ ਬਿਜਾਈ ਸਮੇਂ ਜ਼ਮੀਨੀ ਤਾਪਮਾਨ ਬੁਹੱਤ ਜ਼ਿਆਦਾ ਹੁੰਦਾ ਹੈ। ਮੱਲਚ ਦੀ ਵਰਤੋਂ ਜ਼ਮੀਨੀ ਤਾਪਮਾਨ ਨੂੰ ਸੰਤੁਲਿਤ ਕਰਕੇ ਫਸਲਾਂ ਦੇ ਝਾੜ ਵਿੱਚ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਇਹ ਬੀਜ਼ ਦੀ ਉਗਣ ਸ਼ਕਤੀ ਵਿੱਚ ਵਾਧਾ, ਜੜ੍ਹਾਂ ਦਾ ਵਾਧਾ ਅਤੇ ਪਾਣੀ ਅਤੇ ਤੱਤਾਂ ਦੀ ਉਪਲੱਬਧਤਾ ਵਿਚ ਵੀ ਵਾਧਾ ਕਰਦੀ ਹੈ। ਪੀ.ਏ.ਯੂ. ਵਿੱਚ ਪਿਛਲੇ 40 ਸਾਲਾਂ ਤੋਂ ਹੋ ਰਹੀ ਇਸ ਉਪਰ ਖੋਜ਼ ਤੋਂ ਪ੍ਰਭਾਵਿਤ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। 4-6 ਟਨ ਪ੍ਰਤੀ ਹੈਕਟੇਅਰ ਪਰਾਲੀ ਦੀ ਮੱਲਚ ਨਾਲ ਵੱਡੀ ਮਾਤਰਾ ਵਿਚ ਫਸਲਾਂ ਅਤੇ ਸਬਜ਼ੀਆ ਦੇ ਝਾੜ ਵਿੱਚ ਵਾਧਾ ਹੋਣ ਨਾਲ ਆਰਥਿਕ ਲਾਭ ਹੋਇਆ ਹੈ। ਜਿਵੇਂ ਕਿ ਕਮਾਦ, ਆਲੂਆਂ, ਸੋਇਆਬੀਨ, ਬਰਾਨੀ ਮੱਕੀ ਦੇ ਝਾੜ ਵਿੱਚ ਕ੍ਰਮਵਾਰ 7, 16, 20 ਅਤੇ 39 % ਵਾਧਾ ਹੋਇਆ ਹੈ। ਇੱਥੇ ਇਹ ਧਿਆਨ ਜੋਗ ਹੈ ਕਿ ਝਾੜ ਵਿੱਚ ਇਹ ਵਾਧਾ ਜ਼ਮੀਨ ਦੀ ਕਿਸਮ, ਪਾਣੀਆ ਦੀ ਗਿਣਤੀ ਅਤੇ ਬਾਰਸ਼ਾ ਨਾਲ ਬੁਹੱਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਇਹ ਲਾਭ ਹਲਕੀਆਂ ਜ਼ਮੀਨਾਂ ਵਿਚ ਭਾਰੀਆਂ ਜ਼ਮੀਨਾਂ ਨਾਲੋਂ ਜਿਆਦਾ ਹੁੰਦਾ ਹੈ ਅਤੇ ਸਿਲੇ੍ਹ ਮੌਸਮ ਨਾਲੋਂ ਗਰਮ ਅਤੇ ਖੁਸ਼ਕ ਮੌਸਮ ਵਿੱਚ ਇਸ ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ।
ਮੱਕੀ ਦਾ ਚਾਰਾ, ਸੋਇਆਬੀਨ, ਗੰਨਾ ਅਤੇ ਸੂਰਜਮੁਖੀ ਵਿੱਚ ਵੀ ਮੱਲਚ ਦੀ ਵਰਤੋਂ ਜ਼ਮੀਨੀ ਵਾਸ਼ਪੀਕਰਨ ਰੋਕ ਕੇ ਤਾਪਮਾਨ ਘਟਾਉਂਦੀ ਹੈ। ਇਹਨਾਂ ਫਸਲਾਂ ਦੇ ਝਾੜ ਵਿੱਚ 4 ਤੋਂ 29% ਅਤੇ ਪਾਣੀ ਦੀ ਬੱਚਤ ਵਿੱਚ 7 ਤੋਂ 40 ਸੈਂਟੀਮੀਟਰ ਤੱਕ ਦਾ ਵਾਧਾ ਵੇਖਿਆ ਗਿਆ ਹੈ। ਘਾਹ ਫੂਸ ਦੇ ਛੌਰੇ ਨਾਲ ਫæਸਲਾਂ ਦੇ ਝਾੜ ਵਿੱਚ ਵਾਧਾ ਹਵਾ ਦੇ ਤਾਪਮਾਨ, ਮੀਂਹ ਦੀ ਮਿਕਦਾਰ ਅਤੇ ਜ਼ਮੀਨ ਦੀ ਕਿਸਮ ਉੱਤੇ ਨਿਰਭਰ ਕਰਦਾ ਹੈ ਅਤੇ ਇਹ ਵਾਧਾ ਜ਼ਿਆਦਾ ਤਾਮਪਾਨ, ਘੱਟ ਮੀਂਹ ਵਾਲੇ ਸਾਲ ਅਤੇ ਹਲਕੀਆਂ ਜ਼ਮੀਨਾਂ ਵਿੱਚ ਜ਼ਿਆਦਾ ਹੁੰਦਾ ਹੈ। ਸੋਇਆਬੀਨ ਦੇ ਝਾੜ ਵਿੱਚ 24 ਕੁਇੰਟਲ ਪ੍ਰਤੀ ਏਕੜ ਘਾਹ ਫੂਸ ਦਾ ਛੌਰਾ ਕਰਨ ਨਾਲ 4.4 ਤੋਂ 68. 3 % ਵਾਧਾ ਦੇਖਿਆ ਗਿਆ ਹੈ ।
ਤਜ਼ਰਬਿਆਂ ਨੇ ਸਿੱਧ ਕੀਤਾ ਹੈ ਕਿ ਘਾਹ ਫੂਸ ਦੇ ਛੌਰੇ ਨਾਲ ਟਮਾਟਰਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ, ਇਸੇ ਤਰ੍ਹਾਂ ਦੋਗਲੀਆਂ ਮਿਰਚਾਂ ਵਿੱਚ 24 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਉਣ ਨਾਲ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਜ਼ਮੀਨ ਤਾਪਮਾਨ ਵਿੱਚ ਕ੍ਰਮਵਾਰ 8.9 ਤੇ 2.2 ਡਿਗਰੀ ਸੈਂਟੀਗਰੇਡ ਘਟਿਆ ਹੈ ਅਤੇ ਦੋਗਲੀਆਂ ਮਿਰਚਾਂ ਦੇ ਝਾੜ ਵਿੱਚ ਨਾ ਸਿਰਫ 16 ਪ੍ਰਤੀਸ਼ਤ ਵਾਧਾ ਹੋਇਆ ਸਗੋਂ 120 ਮਿਲੀਮੀਟਰ ਪਾਣੀ ਦੀ ਬੱਚਤ ਵੀ ਬਿਨਾ ਛੌਰੇ ਵਾਲੇ ਪਲਾਟਾਂ ਦੇ ਮੁਕਾਬਲੇ ਹੋਈ, ਇਹ ਸਾਰਾ ਕੁਝ ਜ਼ਮੀਨ ਦਾ ਤਾਪਮਾਨ ਘੱਟਣ ਕਰਕੇ, ਨਦੀਨਾਂ ਦੀ ਵਧੀਆ ਰੋਕਥਾਨ ਹੋਣ ਕਰਕੇ ਅਤੇ ਜ਼ਮੀਨੀ ਪਾਣੀ ਵਿਚ ਵਾਧਾ ਹੋਣ ਕਰਕੇ ਹੋਇਆ । ਆਲੂਆਂ ਵਿੱਚ ਛੌਰੇ ਵਾਲੇ ਪਲਾਟਾਂ ਵਿੱਚ ਬਿਨਾਂ ਛੌਰੇ ਵਾਲੇ ਪਲਾਟਾਂ ਦੇ ਮੁਕਾਬਲੇ 26.5 % ਝਾੜ ਵੱਧ ਦੇਖਿਆ ਗਿਆ ਅਤੇ ਛੌਰੇ ਵਾਲੇ ਪਲਾਟਾਂ ਦਾ ਵੱਧ ਤੋਂ ਵੱਧ ਜ਼ਮੀਨੀ ਤਾਪਮਾਨ 4.9 ਡਿਗਰੀ ਘਟਿਆ ਅਤੇ ਘੱਟ ਤੋਂ ਘੱਟ ਤਾਪਮਾਨ 1.0 ਡਿਗਰੀ ਵੱਧ ਨੋਟ ਕੀਤਾ ਗਿਆ ਅਤੇ ਨਮੀ ਦੀ ਮਾਤਰਾ ਵੀ ਸੰਭਾਲੀ ਗਈ। ਘਾਹ ਫੂਸ ਦਾ ਛੌਰਾ ਪਾਉਣ ਨਾਲ ਪਾਣੀ ਦੀ ਲੋੜ 12 ਸੈਂਟੀਮੀਟਰ ਤੱਕ ਘੱਟ ਗਈ। ਕੰਡੀ ਇਲਾਕੇ ਵਿੱਚ ਬਸੂਟੀ ਛੌਰਾ ਪਾਉਣ ਨਾਲ ਅਨਾਰ ਦੇ ਫæਲ ਦਾ ਝਾੜ 50% ਵਧਿਆ ਕਿਉਂਕਿ ਬਸੂਤੀ ਛੌਰਾ ਪਾਉਣ ਨਾਲ ਜ਼ਮੀਨੀ ਤਾਪਮਾਨ ਘਟਿਆ ਅਤੇ ਜ਼ਮੀਨ ਵਿੱਚ ਨਮੀ ਦੀ ਮਿਕਦਾਰ ਵਿੱਚ ਵਾਧਾ ਹੋਇਆ । ਫ਼ਸਲਾਂ ਤੋਂ ਇੱਕੋ ਜਿਹਾ ਝਾੜ ਲੈਣ ਲਈ ਘਾਹ ਫੂਸ ਦਾ ਛੌਰਾ ਪਾਉਣ ਨਾਲ ਪਾਣੀ ਦੀ ਲੋੜ 12 ਸੈਂਟੀਮੀਟਰ ਤੱਕ ਘਟ ਗਈ ਅਤੇ ਨਾਲ ਹੀ ਨਾਈਟਰੋਜਨ ਖਾਦ 10 ਕਿੱਲੋ ਮੱਕੀ ਅਤੇ ਚਰੀ ਦੇ ਚਾਰੇ ਵਿੱਚ ਅਤੇ 12 ਕਿੱਲੋ ਮਿਰਚਾ ਵਿੱਚ ਪ੍ਰਤੀ ਏਕੜ ਘੱਟ ਵਰਤੀ ਗਈ ।
ਮੱਲਚ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੇਟ ਦੀ ਮਾਤਰਾ ਬਗੈਰ ਮੱਲਚ ਵਾਲੀਆਂ ਜ਼ਮੀਨਾਂ ਨਾਲੋਂ ਵੱਧ ਹੁੰਦੀ ਹੈ। ਵਧਦੇ ਤਾਪਮਾਨ ਨੂੰ ਨਿਰੰਤਰ ਕਰਕੇ ਗਰਮੀਆਂ ਦੀ ਰੁੱਤ ਵਿਚ ਮਿਆਰੀ ਪੱਧਰ ਤੇ ਲਿਆਉਣ ਵਿੱਚ ਮਲੱਚ ਵਧੀਆ ਭੂਮੀਕਾ ਨਿਭ੍ਹਾ ਸਕਦੀ ਹੈ, ਜਿਸ ਨਾਲ ਨਾਈਟ੍ਰੋਜਨ ਦੀ ਵਧੀਆ ਵਰਤੋ ਹੁੰਦੀ ਹੈ। ਬਰਾਬਰ ਦਾ ਝਾੜ ਲੈਣ ਲਈ ਪਰਾਲੀ ਦੀ ਮੱਲਚ ਵਜੌਂ ਵਰਤੋਂ ਜਪਾਨੀ ਪੂਦੀਨੇ, ਆਲੂਆਂ ਅਤੇ ਚਾਰੇ ਵਾਲੀਆਂ ਫਸਲਾਂ ਵਿਚ ਕ੍ਰਮਵਾਰ 25, 90 ਅਤੇ 50 ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਦੀ ਬੱਚਤ ਹੁੰਦੀ ਹੈ। ਮੱਲਚ ਮਾਈਕਰੋਫਲੋਰਾ ਜਿਵੇਂ ਕਿ ਬੈਕਟੀਰੀਆ, ਪੌਦੇ ਦਾ ਵਾਧਾ ਕਰਨ ਵਾਲੇ ਰਾਈਜੋਬੈਕਟੀਰੀਆ, ਉੱਲੀ ਅਤੇ ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਬੈਕਟੀਰੀਆ ਦੀ ਅਬਾਦੀ ਵਿਚ ਵਾਧਾ ਕਰਦੀ ਹੈ। ਆਲੂਆਂ ਉਪਰ ਕਿਤੇ ਇੱਕ ਤਜ਼ਰਬੇ ਮੁਤਾਬਿਕ ਇਹਨਾਂ ਬੈਕਟੀਰੀਆਂ ਦੀ ਮਾਤਰਾ ਬਗੈਰ ਮੱਲਚ ਦੇ ਮੁਕਾਬਲੇ ਮੱਲਚ ਵਾਲੇ ਖੇਤਾਂ ਵਿਚ ਦੁਗਣੀ ਸੀ। ਚੋੜੀਆਂ ਕਤਾਰਾਂ ਵਿਚ ਬੀਜ਼ੀਆਂ ਜਾਣ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ, ਆਲੂ, ਕਮਾਦ ਆਦਿ ਵਿੱਚ ਮੱਲਚ ਦੀ ਵਰਤੋਂ ਨਾਲ 120-440 ਮੀ.ਮੀ. ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ। ਸਿੰਚਾਈ ਵਾਲੇ ਪਾਣੀ ਦੀ ਬੱਚਤ ਦਾ ਮਤਲਬ ਹੈ, ਬਿਜਲੀ ਦੀ ਬੱਚਤ ਜਿਹੜੀ ਕਿ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਿਚ ਲਗਣੀ ਸੀ। ਇਸ ਨਾਲ ਵੱਖ- ਵੱਖ ਫਸਲਾਂ ਵਿਚ ਪਾਣੀ ਵਰਤੋਂ ਕੁਸ਼ਲਤਾ ਵਿੱਚ 9.4 ਤੋਂ 13.4 % ਦਾ ਵਾਧਾ ਹੁੰਦਾ ਹੈ।
ਮੱਲਚ ਨਾਲ ਨਦੀਨਾਂ ਦੇ ਜਮ੍ਹਣ ਅਤੇ ਨਿਕਲਣ ਵਿੱਚ ਦੇਰੀ ਹੂੰਦੀ ਹੈ ਅਤੇ ਨਦੀਨਾਂ ਦੀ ਗਿਣਤੀ ਘੱਟਦੀ ਹੈ। ਨਦੀਨਾਂ ਦੀ ਗਿਣਤੀ ਅਤੇ ਵਾਧਾ ਮੱਲਚ ਦੀ ਮਾਤਰਾ ਵੱਧਣ ਨਾਲ ਘੱਟਦਾ ਹੈ। ਚਾਰ ਸਾਲਾਂ ਦੇ ਤੁਜਰਬੇ ਤੋਂ ਸਿੱਧ ਹੋਇਆ ਹੈ ਕਿ ਮੱਕੀ ਵਿੱਚ ਮੱਲਚ ਦੀ 6 ਟਨ ਪ੍ਰਤੀ ਹੈਕਟੇਅਰ ਦੀ ਵਰਤੋਂਂ ਨਾਲ 1 ਕਿਲੋ ਐਟਰਾਜ਼ੀਨ ਪ੍ਰਤੀ ਹੈਕਟੇਅਰ ਦੇ ਬਰਾਬਰ ਨਦੀਨ ਨਾਸ਼ਕਾਂ ਦੀ ਬੱਚਤ ਹੋਈ ਹੈ। ਇਥੋਂਂ ਇਹ ਸਿੱਧ ਹੁੰਦਾ ਹੈ ਕਿ ਮੱਲਚ ਦੀ ਵਰਤੋਂ ਨਾਲ ਨਦੀਨ ਨਾਸ਼ਕਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਮੱਲਚ ਜ਼ਮੀਨ ਵਿਚ ਜੈਵਿਕ ਕਾਰਬਨ ਜਮ੍ਹਾਂ ਕਰਕੇ ਗੁਣਵੱਤਾ ਵਿੱਚ ਵੀ ਵਾਧਾ ਕਰਦੀ ਹੈ। ਪਰਾਲੀ ਦੀ ਵਰਤੋਂ ਨਾਲ ਮੀਹਾਂ ਵਾਲੇ ਪਾਣੀ ਦੇ ਤੁਪਕਿਆਂ ਦਾ ਜ਼ਮੀਨ ਉਪਰ ਘੱਟ ਮਾੜਾ ਅਸਰ ਹੁੰਦਾ ਹੈ। ਪਾਣੀ ਦੇ ਜ਼ਮੀਨ ਵਿਚ ਵੱਧ ਜ਼ੀਰਨ ਕਰਕੇ ਘੱਟ ਰੂੜਦਾ ਹੈ ਅਤੇ ਜ਼ਮੀਨ ਦੀ ਬਣਤਰ ਦੀ ਟੁੱਟ ਭੱਜ ਰੋਕ ਕੇ ਅਤੇ ਰੂੜਣ ਵਾਲੇ ਪਾਣੀ ਦੀ ਗਤੀ ਨੂੰ ਕੰਟਰੋਲ ਕਰਕੇ ਇਕ ਰੁਕਾਵਟ ਵਜੋਂ ਮੱਲਚ ਜ਼ਮੀਨ ਨੂੰ ਰੁੜਣ ਤੋਂ ਰੋਕਦੀ ਹੈ । ਜ਼ਮੀਨੀ ਢਲਾਣ ਉਪਰ ਕਿਤੇ ਇੱਕ ਤਜ਼ਰਬੇ ਵਿੱਚ 4 ਟਨ ਪ੍ਰਤੀ ਹੈਕਟੇਅਰ ਮੱਲਚ ਦੀ ਵਰਤੋਂ ਨਾਲ 43 % ਰੁੜਣ ਵਾਲੇ ਪਾਣੀ ਅਤੇ 50 % ਮਿੱਟੀ ਦੇ ਰੋੜ ਨੂੰ ਰੋਕਿਆ ਗਿਆ।
ਇਸ ਲਈ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੇਕਰ ਫ਼ਸਲਾਂ ਦੀ ਰਹਿੰਦ ਖੂੰਦ ਅਤੇ ਪਰਾਲੀ ਨੂੰ ਛੋਰੇ ਜਾਂ ਮੱਲਚ ਵਜੋਂ ਵਰਤਿਆ ਜਾਵੇ ਤਾਂ ਪਾਣੀ ਦੀ ਬੱਚਤ ਅਤੇ ਫਸਲਾਂ ਦੇ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਐਮ ਐਸ ਕਾਹਲੋਂ, ਸੀ ਬੀ ਸਿੰਘ ਅਤੇ ੳ ਪੀ ਚੌਧਰੀ
ਭੂਮੀ ਵਿਗਿਆਨ ਵਿਭਾਗ, ਪੀ.ਏ. ਯੂ. ਲੁਧਿਆਣਾ।
Summary in English: Use of mulch to save water and increase crop yield