1. Home
  2. ਖੇਤੀ ਬਾੜੀ

ਸਬਜ਼ੀਆਂ ਨੂੰ ਸੁਕਾਉਣ ਦੀ ਤਕਨੀਕ ਅਪਣਾਓ

ਸਬਜ਼ੀਆਂ ਨੂੰ ਸੁਰੱਖਿਅਤ ਰੱਖਣ ਲਈ ਡੀਹਾਈਡ੍ਰੇਸ਼ਨ (ਸੁਕਾਉਣਾ) ਸਭ ਤੋਂ ਪੁਰਾਣੀ ਵਿਧੀ ਹੈ। ਸੁੱਕੇ ਭੋਜਨ ਦੀ ਅਜੋਕੇ ਸਮੇਂ ਵਿੱਚ ਲੋੜ ਹੈ ਕਿਉਂ ਕਿ ਇਨ੍ਹਾਂ ਨੂੰ ਘੱਟੋ ਘੱਟ ਪ੍ਰੋਸੈਸਿੰਗ ਯਤਨਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਤੁਰੰਤ ਭੋਜਨ ਦੇ ਅਧੀਨ ਸ਼ੇ੍ਰਣੀਬੱਧ ਕੀਤਾ ਜਾਂਦਾ ਹੈ। ਸਬਜ਼ੀਆਂ ਵਿੱਚ ਜ਼ਿਆਦਾ ਨਮੀ ਹੋਣ ਦੇ ਕਾਰਨ ਇਹ ਸੂਖਮ ਜੀਵ ਜੰਤੂਆਂ ਅਤੇ ਕਿਰਿਆਵਾਂ ਵੱਲੋਂ ਜਲਦੀ ਖਰਾਬ ਹੋ ਸਕਦੇ ਹਨ।

KJ Staff
KJ Staff
Vegetables

Vegetables

ਸਬਜ਼ੀਆਂ ਨੂੰ ਸੁਰੱਖਿਅਤ ਰੱਖਣ ਲਈ ਡੀਹਾਈਡ੍ਰੇਸ਼ਨ (ਸੁਕਾਉਣਾ) ਸਭ ਤੋਂ ਪੁਰਾਣੀ ਵਿਧੀ ਹੈ। ਸੁੱਕੇ ਭੋਜਨ ਦੀ ਅਜੋਕੇ ਸਮੇਂ ਵਿੱਚ ਲੋੜ ਹੈ ਕਿਉਂ ਕਿ ਇਨ੍ਹਾਂ ਨੂੰ ਘੱਟੋ ਘੱਟ ਪ੍ਰੋਸੈਸਿੰਗ ਯਤਨਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਤੁਰੰਤ ਭੋਜਨ ਦੇ ਅਧੀਨ ਸ਼ੇ੍ਰਣੀਬੱਧ ਕੀਤਾ ਜਾਂਦਾ ਹੈ। ਸਬਜ਼ੀਆਂ ਵਿੱਚ ਜ਼ਿਆਦਾ ਨਮੀ ਹੋਣ ਦੇ ਕਾਰਨ ਇਹ ਸੂਖਮ ਜੀਵ ਜੰਤੂਆਂ ਅਤੇ ਕਿਰਿਆਵਾਂ ਵੱਲੋਂ ਜਲਦੀ ਖਰਾਬ ਹੋ ਸਕਦੇ ਹਨ।

ਇਸ ਲਈ ਤਾਜ਼ੀਆਂ ਸਬਜ਼ੀਆਂ ਦੀ ਨਮੀ ਵਿੱਚ ਕਟੌਤੀ ਕਰਕੇ ਭੋਜਨ ਨੂੰ ਸੂਖਮ ਜੀਵ ਜੰਤੂਆਂ ਦੇ ਹਮਲੇ ਸਹਿਣਯੋਗ ਬਣਾਇਆ ਜਾ ਸਕਦਾ ਹੈ ਜਿਸ ਨਾਲ ਅਸੀਂ ਉਸ ਨੂੰ ਲੰਬੇ ਸਮੇਂ ਤੱਕ ਆਮ ਤਾਪਮਾਨ ਤੇ ਰੱਖ ਸਕਦੇ ਹਾਂ। ਸਬਜ਼ੀਆਂ ਵਿੱਚੋਂ ਪਾਣੀ ਨੂੰ ਘਟਾਉਣ ਲਈ ਤਾਪ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਤਾਪ ਆਮ ਤੌਰ ਤੇ ਸੂਰਜੀ ਊਰਜਾ ਜਾਂ ਬਨਾਵਟੀ ਤੌਰ ਤੇ ਤਿਆਰ ਕੀਤੀ ਗਰਮ ਹਵਾ ਦੇ ਰੂਪ ਵਿੱਚ ਡੀਹਾਈਡ੍ਰੇਟਰਾਂ ਦੀ ਵਰਤੋਂ ਨਾਲ ਪ੍ਰਦਾਨ ਕੀਤਾ ਜਾਂਦਾ ਹੈ।

ਸੁਕਾਉਣ ਦੇ ਲਾਭ 

ਭੋਜਨ ਪਦਾਰਥਾਂ ਨੂੰ ਸੁਕਾਉਣ ਦੇ ਹੇਠ ਦੱਸੇ ਲਾਭ ਹਨ : 

  • ਸੁੱਕੀਆਂ ਸਬਜ਼ੀਆਂ ਵਿੱਚ ਪਾਣੀ ਦੀ ਘੱਟ ਕਿਰਿਆ ਜਾਂ ਮਾਤਰਾ, ਜੀਵ ਰਸਾਇਣਕ ਪ੍ਰਤੀਕਿਰਿਆਵਾਂ ਅਤੇ ਸੂਖਮ ਜੀਵ ਦੁਆਰਾ ਹੋਣ ਵਾਲੀ ਖਰਾਬੀ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।

  • ਭੋਜਨ ਸਮੱਗਰੀ ਦੇ ਭਾਰ ਅਤੇ ਅਕਾਰ ਵਿੱਚ ਕਟੌਤੀ ਦੇ ਕਾਰਨ ਆਵਾਜਾਈ ਸਸਤੀ ਅਤੇ ਆਸਾਨ ਹੋ ਜਾਂਦੀ ਹੈ।

  • ਸਾਧਾਰਣ ਅਤੇ ਸਸਤੀ ਪੈਕਿੰਗ ਨਾਲ ਸੁੱਕੇ ਪਦਾਰਥ ਕਮਰੇ ਦੇ ਤਾਪਮਾਨ ਤੇ ਲੰਬੇ ਸਮੇਂ ਤੱਕ ਰਹਿ ਸਕਦੇ ਹਨ।

  • ਵਾਧੂ ਭੋਜਨ ਨੂੰ ਬਚਾਅ ਕੇ ਲੰਬੇ ਸਮੇਂ ਲਈ ਰੱਖਣ ਦਾ ਇਹ ਸੌਖਾ ਅਤੇ ਕਿਫਾਇਤੀ ਤਰੀਕਾ ਹੈ।

  • ਘੱਟ ਚਰਬੀ ਦੇ ਨਾਲ ਫਾਈਬਰ ਅਤੇ ਕਾਰਬੋਹਾਈਡੇ੍ਰੇਟਸ ਦਾ ਵਦਿਆ ਸਰੋਤ ਹੋਣ ਕਾਰਨ ਇਹ ਇਕ ਸਿਹਤਮੰਦ ਬਦਲ ਹੈ।

  • ਸੁਕਾਉਣ ਲਈ ਢੁਕਵੀਆਂ ਸਬਜ਼ੀਆਂ : ਸਾਰੀਆਂ ਸਬਜ਼ੀਆਂ ਨੂੰ ਸੁਕਾਇਆ ਜਾ ਸਕਦਾ ਹੈ ਪਰ ਮੇਥੀ, ਕਰੇਲਾ, ਪਿਆਜ਼, ਗਾਜਰ, ਮਸ਼ਰੂਮ, ਪੁਦੀਨਾ ਆਦਿ ਨੂੰ ਸੁਕਾਉਣਾ ਲਾਭਕਾਰੀ ਹੈ ਕਿਉਂਕਿ ਇਨ੍ਹਾਂ ਦੀ ਖਪਤਕਾਰਾਂ ਵਿੱਚ ਜ਼ਿਆਦਾ ਮੰਗ ਹੈ।

1. ਸਬਜ਼ੀਆਂ ਦੀ ਚੋਣ ਅਤੇ ਮੁੱਢਲੀ ਤਿਆਰੀ

ਚੁਣੀਆਂ ਹੋਈਆਂ ਸਬਜ਼ੀਆਂ ਸਖ਼ਤ ਹੋਣੀਆਂ ਚਾਹੀਦੀਆਂ ਹਨ ਅਤੇ ਇਨਾਂ ਦੀ ਛਾਂਟ ਕਰਦੇ ਸਮੇਂ ਜ਼ਖਮ ਵਾਲੀਆਂ ਅਤੇ ਖਰਾਬ ਸਬਜ਼ੀਆਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ। ਛਾਂਟੇ ਹੋਏ ਉਤਪਾਦ ਨੂੰ ਧੋਣ ਤੋਂ ਬਾਅਦ ਤੇਜ਼ ਚਾਕੂ ਜਾਂ ਹੱਥੀਂ ਪੀਲਰਾਂ ਦੀ ਵਰਤੋਂ ਨਾਲ ਵੱਖ-ਵੱਖ ਰੂਪਾਂ ਵਿੱਚ ਕੱਟਿਆ ਜਾਂਦਾ ਹੈ। ਪੱਤੇਦਾਰ ਸਬਜ਼ੀਆਂ ਵਿੱਚ ਕੋਮਲ ਪੱਤਿਆਂ ਨੂੰ ਤੋੜਨਾ ਚਾਹੀਦਾ ਹੈ। ਕੁੱਝ ਸਬਜ਼ੀਆਂ ਦੀ ਖਾਸ ਦੇਖ-ਭਾਲ ਕਰਨੀ ਚਾਹੀਦੀ ਹੈ ਜਿਵੇਂ ਕਿ ਬੈਂਗਣ ਅਤੇ ਆਲੂ ਨੂੰ ਪੋਟਾਸ਼ੀਅਮ/ਸੋਡੀਅਮ ਮੈਟਾਬਾਈਸਲਫਾਈਟ (400 ਪੀ ਪੀ ਐਮ) ਵਾਲੇ ਪਾਣੀ ਵਿੱਚ ਡੁਬੋਇਆ ਜਾਵੇ ਕਿਉਂਕਿ ਇਹ ਕੱਟਣ ਤੋਂ ਤੁਰੰਤ ਬਾਅਦ ਭੂਰੇ ਹੋ ਜਾਂਦੇ ਹਨ ਅਤੇ ਉਤਪਾਦ ਦੀ ਅੰਤਮ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੱਟੇ ਹੋਏ ਉਤਪਾਦ ਦੀ ਮੋਟਾਈ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਮੋਟੇ ਟੁੱਕੜੇ ਸੁੱਕਣ ਲਈ ਬਹੁਤ ਸਮਾਂ ਲੈਣਗੇ ਅਤੇ ਬਹੁਤ ਪਤਲੇ ਟੁੱਕੜੇ ਸੁਕਾਉਣ ਵਾਲੀਆਂ ਟਰੇਆਂ ਦੇ ਨਾਲ ਜੁੜ ਜਾਣਗੇ।

2. ਸੁਕਾਉਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜ:

ਕੱਟੇ ਹੋਏ ਉਤਪਾਦ ਦੀ ਗੁਣਵੱਤਾ ਨੂੰ ਵਧਾਉਣ ਲਈ ਵੱਖ ਵੱਖ ਤਰ੍ਹਾਂ ਦੀ ਤਿਆਰੀ ਕੀਤੀ ਜਾਂਦੀ ਹੈ ਜਿਵੇਂ ਕਿ ਬਲਾਂਚਿੰਗ ਅਤੇ ਡੀਪਿੰਗ (ਡੁੱਬਕੀ) । ਬਲਾਂਚਿੰਗ ਨੂੰ ਕੁੱਝ ਸਕਿੰਟਾਂ ਤੋਂ ਕੁੱਝ ਮਿੰਟਾਂ ਤੱਕ ਗਰਮ ਪਾਣੀ ਜਾਂ ਭਾਫ਼ ਦੇ ਉਪਚਾਰ ਤੋਂ ਤੁਰੰਤ ਬਾਅਦ ਠੰਡੇ ਪਾਣੀ ਵਿੱਚ ਡੁਬੋਣ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਤਾਂ ਜੋ ਪੌਲੀਫੀਨੋਲ ਆਕਸੀਡੇਜ਼ ਐਂਜ਼ਾਈਮ ਬੇਅਸਰ ਹੋ ਜਾਵੇ ਜੋ ਕਿ ਉਤਪਾਦ ਵਿੱਚ ਭੂਰੇਪਨ ਲਿਆਉਣ ਦਾ ਕਾਰਨ ਬਣਦਾ ਹੈ। ਬਲਾਂਚਿੰਗ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇਹ ਰੰਗ ਨੂੰ ਸੁਰੱਖਿਅਤ ਰੱਖਣ ਅਤੇ ਸੁਕਾਉਣ ਦੇ ਕੰਮ ਵਿੱਚ ਸੁਧਾਰ ਕਰਨ ਲਈ ਮਦਦ ਕਰਦਾ ਹੈ । ਭਾਫ਼ ਬਲਾਂਚਿੰਗ ਇੱਕ ਸਟੀਮਰ ਜਾਂ ਛਣਨੀ ਉਪਰ ਢੱਕਣ ਨਾਲ ਕੀਤੀ ਜਾ ਸਕਦੀ ਹੈ। ਤਿਆਰ ਕੀਤੀਆਂ ਸਬਜ਼ੀਆਂ ਨੂੰ ਸਟੀਮਰ ਜਾਂ ਛਣਨੀ ਵਿੱਚ ਇਸ ਤਰਾਂ ਪਾਇਆ ਜਾਂਦਾ ਹੈ ਕਿ ਡੂੰਘਾਈ 2 ਇੰਚ ਤੋਂ ਵੱਧ ਨਾ ਹੋਵੇ ਅਤੇ ਇਸ ਨੂੰ ਲੋੜੀਂਦੇ ਸਮੇਂ ਤੱਕ ਭਾਫ਼ ਲਵਾਈ ਜਾਂਦੀ ਹੈ। ਗਰਮ ਪਾਣੀ ਵਿੱਚ ਬਲਾਂਚਿੰਗ ਕਰਨ ਲਈ, ਕੱਟੇ ਹੋਏ ਉਤਪਾਦ ਨੂੰ ਮਲਮਲ ਦੇ ਕੱਪੜੇ ਵਿੱਚ ਬੰਨ ਕੇ ਗਰਮ ਪਾਣੀ ਵਿੱਚ ਸਿਫਾਰਸ਼ ਕੀਤੇ ਸਮੇਂ ਲਈ ਡੁਬੋ ਕੇ ਰਖਿਆ ਜਾਂਦਾ ਹੈ । ਸਲਫਰਿੰਗ/ਸਲਫਾਈਟਿੰਗ ਉਪਚਾਰ ਸਬਜ਼ੀਆਂ ਦੇ ਸੁੱਕਣ ਦੌਰਾਨ ਹੋਣ ਵਾਲੇ ਭੂਰੇਪਨ ਦੀਆਂ ਪ੍ਰਤੀਕਿਰਿਆਵਾਂ ਨੂੰ ਰੋਕਣ ਲਈ ਅਤੇ ਉਤਪਾਦ ਦੇ ਅੰਤਮ ਰੰਗ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਂਦਾ ਹੈ। ਸਲਫਰ ਦਾ ਸਭ ਤੋਂ ਆਮ ਸਰੋਤ ਪੋਟਾਸ਼ੀਅਮ ਮੈਟਾਬਾਈਸਲਫਾਈਟ ਹੁੰਦਾ ਹੈ ਜਿਸ ਦੇ ਘੋਲ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਥੋੜੇ ਸਮੇਂ ਲਈ ਡੁਬੋਇਆ ਜਾਂਦਾ ਹੈ।

Fenugreek

Fenugreek

3. ਡੀਹਾਈਡ੍ਰੇਸ਼ਨ

ਇਸ ਤੋਂ ਬਾਦ ਸਬਜ਼ੀਆਂ ਨੂੰ ਇਲੈਕਟਿਕ ਫੋਰਸਡ ਏਅਰ ਡੀਹਾਈਡੇ੍ਰਟਰ ਵਿੱਚ ਜ਼ਿਆਦਾਤਰ ਦੋ ਜਾਂ ਤਿੰਨ ਪੜਾਵਾਂ ਰਾਹੀਂ ਤਾਪਮਾਨ ਵਿੱਚ ਤਬਦੀਲੀ ਕਰਦੇ ਹੋਏ ਸੁਕਾਇਆ ਜਾਂਦਾ ਹੈ। ਉਪਜ ਨੂੰ ਸਟੇਨਲੈਸ ਸਟੀਲ ਤੋਂ ਬਣੀਆਂ ਛੇਕ ਵਾਲੀਆਂ ਟਰੇਆਂ ਵਿੱਚ 2-6 ਸੈਂਟੀਮੀਟਰ ਡੂੰਘੀ ਪਰਤ ਬਣਾ ਕੇ ਰੱਖਿਆ ਜਾਂਦਾ ਹੈ। ਪਹਿਲੇ ਪੜਾਅ ਵਿੱਚ 5-6 ਘੰਟਿਆਂ ਲਈ ਤਾਪਮਾਨ 60 5ਛ ਤੇ ਰੱਖਿਆ ਜਾਂਦਾ ਹੈ ਜਦੋਂ ਤੱਕ ਕਿ ਉਤਪਾਦ ਦੀ ਨਮੀ 20-30 ਪ੍ਰਤੀਸ਼ਤ ਤੱਕ ਘੱਟ ਨਹੀਂ ਜਾਂਦੀ । ਦੂਜਾ ਪੜਾਅ 45 5ਛ ਤਾਪਮਾਨ ਤੇ ਸ਼ੁਰੂ ਹੁੰਦਾ ਹੈ ਅਤੇ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਉਤਪਾਦ ਵਿੱਚ ਨਮੀ ਦੀ ਮਾਤਰਾ 10 ਪ੍ਰਤੀਸ਼ਤ ਤੋਂ ਘੱਟ ਨਹੀਂ ਰਹਿ ਜਾਂਦੀ। ਸੋਲਰ ਡਰਾਇਅਰ ਦੀ ਵਰਤੋਂ ਨਾਲ ਉਤਪਾਦ ਨੂੰ ਸਫਲਤਾਪੂਰਵਕ ਸੁਕਾਉਣ ਲਈ 2 ਦਿਨਾਂ ਲਈ ਪੂਰੀ ਧੁੱਪ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਸੋਲਰ ਡਰਾਇਅਰ ਦੀਆਂ ਅੰਦਰਲੀਆਂ ਪਲਾਸਟਿਕ ਚਾਦਰਾਂ ਵਿੱਚ ਪਾਣੀ ਦੀ ਭਾਫ ਨੂੰ ਸੰਘਣ ਤੋਂ ਰੋਕਣਾ ਹੁੰਦਾ ਹੈ। ਸੁੱਕਣ ਤੋਂ ਬਾਅਦ ਉਤਪਾਦ ਦਾ ਔਸਤ ਭਾਰ (ਝਾੜ) 10-12 ਪ੍ਰਤੀਸ਼ਤ ਹੁੰਦਾ ਹੈ (1 ਕਿਲੋ ਤਾਜ਼ਾ ਉਪਜ ਤੋਂ ਲਗਭਗ 100 ਗਾ੍ਰਮ ਸੁੱਕਾ ਉਤਪਾਦ ਮਿਲਦਾ ਹੈ) ।

4. ਨਿਰੀਖਣ

ਸੁੱਕੇ ਹੋਏ ਉਤਪਾਦ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਛੋਟੇ ਅਤੇ ਜ਼ਿਆਦਾ ਵੱਡੇ ਆਕਾਰ ਦੇ ਕਣ, ਰੰਗਹੀਣ ਕਣ, ਬਾਹਰੀ ਸਮੱਗਰੀ, ਡੰਡੀ ਆਦਿ ਨੂੰ ਹਟਾਉਣ ਲਈ ਜਾਂਚ ਕੀਤੀ ਜਾਂਦੀ ਹੈ।

5. ਪੈਕਿੰਗ

ਸੁੱਕੀਆਂ ਹੋਈਆਂ ਸਬਜ਼ੀਆਂ ਨੂੰ ਫੂਡ ਗਰੇਡ ਪਲਾਸਟਿਕ ਬੈਗਾਂ ਵਿੱਚ ਸਫਾਈ ਨਾਲ ਪੈਕ ਕੀਤਾ ਜਾਂਦਾ ਹੈ ਜਿਵੇਂ ਕਿ ਚਿੱਤਰ 5 ਵਿੱਚ ਦਰਸਾਇਆ ਗਿਆ ਹੈ। ਪੈਕ ਕੀਤੇ ਉਤਪਾਦ ਨੂੰ ਠੰਡੀ ਤੇ ਸੁੱਕੀ ਥਾਂ ਤੇ ਰੱਖਿਆ ਜਾਂਦਾ ਹੈ। ਜੇਕਰ ਸੁੱਕੇ ਉਤਪਾਦ ਨੂੰ ਡਰਾਇਰ ਵਿੱਚੋਂ ਕੱਢਣ ਤੋਂ ਬਾਅਦ 30 ਮਿੰਟਾਂ ਦੇ ਸਮੇਂ ਲਈ ਠੰਡਾ ਨਾ ਹੋਣ ਦਿੱਤਾ ਜਾਵੇ ਅਤੇ ਤੁਰੰਤ ਪੈਕ ਕਰ ਦਿੱਤਾ ਜਾਵੇ ਤਾਂ ਉਸ ਵਿੱਚ ਨਮੀ ਆ ਸਕਦੀ ਹੈ। ਇਸ ਸਥਿਤੀ ਵਿੱਚ ਪਾਣੀ ਦੀ ਭਾਫ਼ ਦੇ ਇੱਕਠਾ ਹੋਣ ਕਾਰਨ ਪੈਕਟ ਦੇ ਅੰਦਰ ਉਲੀ ਦਾ ਵਿਕਾਸ ਹੋ ਸਕਦਾ ਹੈ। ਇਸ ਲਈ ਭੰਡਾਰਨ ਦੌਰਾਨ ਖਰਾਬ ਹੋਣ ਤੋਂ ਬਚਾਉਣ ਲਈ ਸੁੱਕੀਆਂ ਉਪਜਾਂ ਨੂੰ ਪੈਕਿੰਗ ਤੋਂ ਪਹਿਲਾਂ ਚੰਗੀ ਤਰ੍ਹਾਂ ਠੰਡਾ ਕੀਤਾ ਜਾਣਾ ਚਾਹੀਦਾ ਹੈ।

6. ਸੁੱਕੇ ਉਤਪਾਦਾਂ ਦੀ ਮੁੜ ਤਿਆਰੀ

ਸੁੱਕੀਆਂ ਸਬਜ਼ੀਆਂ ਨੂੰ ਖਪਤ ਤੋਂ ਪਹਿਲਾਂ ਪਾਣੀ ਵਿੱਚ ਡੁਬੋ ਕੇ ਨਮੀ ਮੁੜ ਵਾਪਸ ਲਿਆਉਣ ਨੂੰ ਪੁਨਰਗਠਨ ਕਿਹਾ ਜਾਂਦਾ ਹੈ। ਇਸ ਦਾ ਸਮਾਂ ਸੁੱਕੇ ਉਤਪਾਦ ਦੇ ਮਾਪ ਅਤੇ ਆਕਾਰ ਤੇ ਨਿਰਭਰ ਕਰਦਾ ਹੈ। ਸੁੱਕੀਆਂ ਸਬਜ਼ੀਆਂ ਨੂੰ ਜੇਕਰ ਗਰਮ ਪਾਣੀ ਵਿੱਚ ਡੁਬੋਇਆ ਜਾਵੇ ਤਾਂ 1-2 ਘੰਟਿਆਂ ਦੇ ਅੰਦਰ ਜਲਦੀ ਮੁੜ ਸੰਗਠਿਤ ਹੋ ਜਾਂਦੀਆਂ ਹਨ ਜਦੋਂ ਕਿ ਠੰਡੇ ਪਾਣੀ ਵਿੱਚ ਇਸ ਨੂੰ 5-6 ਘੰਟੇ ਲੱਗਦੇ ਹਨ । ਵੱਡੇ ਮਾਪ ਵਾਲਾ ਉਤਪਾਦ ਜ਼ਿਆਦਾ ਸਮਾਂ ਲੈਂਦਾ ਹੈ ਅਤੇ ਛੋਟੇ ਵਾਲਾ ਘੱਟ । ਮੁੜ ਸੰਗਠਿਤ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਵਾਂਗ ਹੀ ਲੱਗਦੀਆਂ ਹਨ ਜਿਵੇਂ ਕਿ ਚਿੱਤਰ 6 ਵਿੱਚ ਦਿਖਾਇਆ ਗਿਆ ਹੈ ਅਤੇ ਅੱਗੇ ਪਕਾਉਣ ਲਈ ਵਰਤੀਆਂ ਜਾ ਸਕਦੀਆਂ ਹਨ।

Dried Tomatoes

Dried Tomatoes

7. ਮੰਡੀਕਰਨ ਸਮਰੱਥਾ

ਜੀਵਨਸ਼ੈਲੀ ਵਿੱਚ ਤਬਦੀਲੀਆਂ ਅਤੇ ਖਪਤਕਾਰਾਂ ਦੇ ਖਰੀਦਣ ਦੇ ਨਜ਼ਰੀਏ ਵਿੱਚ ਬਦਲਾਅ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਡੀਹਾਈਡੇ੍ਰਟਡ (ਸੁੱਕੀਆਂ) ਸਬਜ਼ੀਆਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਜਿਵੇਂ ਕਿ ਭਾਰਤ ਵਿੱਚ ਹਰ ਸਾਲ ਸਬਜ਼ੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ ।

ਇਸ ਲਈ ਡੀਹਾਈਡੇ੍ਰਸ਼ਨ ਇੱਕ ਸੰਭਾਵਿਤ ਤਕਨੀਕ ਹੈ ਜਿਸ ਨਾਲ ਸਬਜ਼ੀਆਂ ਨੂੰ ਘੱਟ ਤੋਂ ਘੱਟ ਪ੍ਰੋਸੈਸਿੰਗ ਕਰਕੇ ਲੰਬੇ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡੀਹਾਈਡ੍ਰੇਸ਼ਨ ਤਕਨੀਕ ਨਿਵੇਸ਼ਕਾਂ ਨੂੰ ਬਹੁਤ ਲਾਭ ਪਹੁੰਚਾ ਸਕਦੀ ਹੈ ਕਿਉਂਕਿ ਇਹ ਉਤਪਾਦ ਦੇ ਖਰਾਬ ਹੋਣ ਦੀ ਦਰ ਨੂੰ ਘਟਾ ਕੇ ਉਸ ਦੀ ਸ਼ੈਲਫ ਲਾਈਫ ਵਧਾ ਦਿੰਦੀ ਹੈ । ਟਾਈਮਜ਼ ਆਫ ਇੰਡੀਆ (2018) ਦੀ ਰਿਪੋਰਟ ਅਨੁਸਾਰ ਭਾਰਤੀ ਬਾਜ਼ਾਰ ਵਿੱਚ ਸੁੱਕੇ ਪਿਆਜ਼ ਅਤੇ ਲਸਣ, ਸੁਕਾਈਆਂ ਹੋਈਆਂ ਸਬਜ਼ੀਆਂ 10 ਪ੍ਰਤੀਸ਼ਤ ਵਿੱਤੀ ਵਾਧੇ ਨੂੰ ਦਰਸਾਉਂਦੇ ਹਨ।

ਇਸ ਤਕਨੀਕ ਨੇ ਕਿਸਾਨਾਂ ਨੂੰ ਵਾਧੂ ਆਮਦਨੀ ਦਾ ਇੱਕ ਨਵਾਂ ਰਾਹ ਦਿਖਾਇਆ ਹੈ ਕਿਉਂਕਿ ਉਹ ਪਹਿਲਾਂ ਪਿਆਜ਼ ਅਤੇ ਲਸਣ ਭਰਮਾਰ ਵਾਲੇ ਮੌਸਮ ਵਿੱਚ ਸੁੱਟ ਦੇਣ ਵਾਲੇ ਭਾਅ ਬਰਾਬਰ ਵੇਚਦੇ ਸਨ। ਉਭਰ ਰਹੇ ਉਦਯੋਗੀ ਅਤੇ ਕਿਸਾਨ ਇਹ ਤਕਨੀਕ ਨਾਲ ਸੁਰੂਆਤ ਕਰ ਸਕਦੇ ਹਨ ਅਤੇ ਆਪਣੀ ਆਮਦਨ ਦੇ ਸਰੋਤ ਨੂੰ ਵਧਾਉਣ ਲਈ ਇਸ ਘੱਟ ਲਾਗਤ ਵਾਲੀ ਤਕਨੀਕ ਦਾ ਲਾਭ ਲੈ ਸਕਦੇ ਹਨ।

ਸਵਾਤੀ ਕਪੂਰ, 80545-57723

ਸਵਾਤੀ ਕਪੂਰ, ਰਮਨਦੀਪ ਕੌਰ ਅਤੇ ਬੀ ਵੀ ਸੀ ਮਹਾਜਨ
ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨੋਲੋਜੀ ਸੈਂਟਰ

Summary in English: Use the technique of drying vegetables

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News