1. Home
  2. ਖਬਰਾਂ

World Water Day: ਵਿਸ਼ਵ ਜਲ ਦਿਵਸ ਦੇ ਮੌਕੇ 'ਤੇ ਸੁਚੱਜਾ ਸਿੰਚਾਈ ਪ੍ਰਬੰਧਨ ਕਰਨ ਵਾਲੇ 15 ਅਗਾਂਹਵਧੂ ਕਿਸਾਨ ਸਨਮਾਨਿਤ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਵਿਸ਼ਵ ਜਲ ਦਿਵਸ ਦਾ ਆਯੋਜਨ, 650 ਦੇ ਕਰੀਬ ਅਗਾਂਹਵਧੂ ਕਿਸਾਨਾਂ, ਕਿਸਾਨ ਬੀਬੀਆਂ ਅਤੇ ਵਿਦਿਆਰਥੀਆਂ ਨੇ ਲਿਆ ਭਾਗ

Gurpreet Kaur Virk
Gurpreet Kaur Virk
ਵਿਸ਼ਵ ਜਲ ਦਿਵਸ (World Water Day)

ਵਿਸ਼ਵ ਜਲ ਦਿਵਸ (World Water Day)

KVK Sangrur: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਸੈਂਟਰ ਫਾਰ ਵਾਟਰ ਟੈਕਨੋਲੋਜੀ ਅਤੇ ਮੈਨੇਜਮੈਂਟ, ਪੀ.ਏ.ਯੂ., ਲੁਧਿਆਣਾ ਵੱਲੋਂ ਪੰਜਾਬ ਜਲ ਨਿਯੰਤਰਨ ਅਤੇ ਵਿਕਾਸ ਅਥਾਰਟੀ, ਚੰਡੀਗੜ੍ਹ ਦੇ ਨਾਲ ਮਿਲ ਕੇ ਵਿਸ਼ਵ ਜਲ ਦਿਵਸ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿੱਚ 650 ਦੇ ਕਰੀਬ ਅਗਾਂਹਵਧੂ ਕਿਸਾਨਾਂ, ਕਿਸਾਨ ਬੀਬੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਮਾਗਮ ਵਿੱਚ ਸ਼੍ਰੀ ਵਿਜੋਏ ਕੁਮਾਰ ਸਿੰਘ, ਚੇਅਰਪਰਸਨ, ਪੰਜਾਬ ਜਲ ਨਿਯੰਤਰਨ ਅਤੇ ਵਿਕਾਸ ਅਥਾਰਟੀ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਮੌਜੂਦਾ ਸਮੇਂ ਵਿੱਚ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਪ੍ਰਗਟਾਉਂਦੇ ਹੋਏ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਪਾਣੀ ਪ੍ਰਬੰਧਨ ਉੱਤੇ ਖੋਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਹੇਠ ਰਕਬਾ ਵਧਾਉਣ ਅਤੇ ਝੋਨੇ ਨੂੰ ਪਾਣੀ ਸੁਕਾ-ਸੁਕਾ ਕੇ ਲਗਾਉਣ ਦੀ ਵਿਧੀ ਨੂੰ ਵਧੇਰੇ ਪ੍ਰਚੱਲਿਤ ਕਰਨ ਦੀ ਅਪੀਲ ਵੀ ਕੀਤੀ।

ਸ਼੍ਰੀ ਰਾਜੇਸ਼ ਵਸ਼ਿਸਟ, ਤਕਨੀਕੀ ਸਲਾਹਕਾਰ, ਪੰਜਾਬ ਜਲ ਨਿਯੰਤਰਨ ਅਤੇ ਵਿਕਾਸ ਅਥਾਰਟੀ, ਚੰਡੀਗੜ੍ਹ ਨੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਪੰਜਾਬ ਸਰਕਾਰ ਅਤੇ ਪੀ.ਏ.ਯੂ., ਲੁਧਿਆਣਾ ਦੇ ਸਾਂਝੇ ਖੋਜ ਪ੍ਰਾਜੈਕਟਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਬਲਾਕ ਵਿੱਚ ਚੱਲ ਰਹੇ ਪਾਣੀ ਰਿਚਾਰਜ ਦੇ ਪ੍ਰਾਜੈਕਟ ਸਬੰਧੀ ਪੇਸ਼ਕਾਰੀ ਵੀ ਕੀਤੀ।

ਇਸ ਪ੍ਰੋਗਰਾਮ ਦੇ ਵਿਸ਼ੇਸ ਮਹਿਮਾਨ ਡਾ. ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ, ਪੀ.ਏ.ਯੂ., ਲੁਧਿਆਣਾ ਨੇ ਅਜੋਕੇ ਸਮੇਂ ਵਿੱਚ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਇਹਨਾਂ ਵਿੱਚ ਸਿੰਚਾਈ ਪ੍ਰਬੰਧਨ ਦੀਆਂ ਤਕਨੀਕਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਝੋਨੇ ਦੀਆਂ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ, ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨ ਲਈ ਆਖਿਆ ਅਤੇ ਝੋਨੇ ਦੀ ਲੁਆਈ 20 ਜੂਨ ਤੋਂ ਬਾਅਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪਾਣੀ ਦੀ ਸੰਭਾਲ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ।

ਡਾ. ਪ੍ਰਭਜੋਧ ਸਿੰਘ ਸੰਧੂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਨੇ ਪੰਜਾਬ ਰਾਜ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਨਾਉਣ ਵਿੱਚ ਪੰਜਾਬ ਦੀ ਭੂਮਿਕਾ ਉੱਤੇ ਚਾਨਣਾ ਪਾਇਆ ਉਨ੍ਹਾਂ ਦੱਸਿਆ ਕਿ ਪੰਜਾਬ, ਭਾਰਤ ਦੇ ਕੁੱਲ ਭੁਗੋਲਿਕ ਖੇਤਰ ਦਾ ਸਿਰਫ 1.53% ਹੋਣ ਦੇ ਬਾਵਜੂਦ, ਕੇਂਦਰੀ ਪੂਲ ਵਿੱਚ ਲੱਗਪਗ 21.2 % ਝੋਨਾ ਅਤੇ 51.3% ਕਣਕ ਦਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਤੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਵਧੇਰੇ ਉਤਸ਼ਾਹ ਨਾਲ ਅਪਨਾਉਣ ਲਈ ਪ੍ਰੇਰਿਤ ਕੀਤਾ।

ਡਾ. ਅਜਮੇਰ ਸਿੰਘ ਬਰਾੜ, ਇੰਚਾਰਜ, ਸੈਂਟਰ ਫਾਰ ਵਾਟਰ ਟੈਕਨਾਲੋਜੀ ਅਤੇ ਮੈਨੇਜਮੈਂਟ, ਪੀ.ਏ.ਯੂ., ਲੁਧਿਆਣਾ ਨੇ ਝੋਨੇ ਵਿੱਚ ਪਾਣੀ ਸੁਕਾ ਕੇ ਲਾਉਣ ਦੀ ਵਿਧੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨ ਅਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਸਭਨਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਪਾਣੀ ਦੀ ਸੰਭਾਲ ਵਿੱਚ ਆਪੋ-ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਕਿਸਾਨ ਵੀਰੋਂ! Smart Farming ਹੀ ਹੈ ਚੰਗੇ ਭਵਿੱਖ ਦੀ ਕੁੰਜੀ, ਨਵੀਆਂ ਤਕਨੀਕਾਂ ਨਾਲ ਬਣਾਓ ਆਪਣੀ ਪਛਾਣ

ਡਾ. ਧਰਮਿੰਦਰਜੀਤ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸੰਗਰੂਰ ਨੇ ਪੰਜਾਬ ਸਰਕਾਰ ਦੀਆਂ ਮੌਜੂਦਾ ਕਿਸਾਨ ਭਲਾਈ ਸਕੀਮਾਂ ਅਤੇ ਖੇਤੀਬਾੜੀ ਵਿਭਾਗ ਦੀਆਂ ਸਬਸਿਡੀਆਂ ਦੀ ਜਾਣਕਾਰੀ ਦਿੱਤੀ।

ਤਕਨੀਕੀ ਸ਼ੈਸਨ ਦੌਰਾਨ ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ, ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀ ਇੰਜੀ.) ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਘਰੇਲੂ ਪੱਧਰ ‘ਤੇ ਪਾਣੀ ਬਚਾਉਣ ਦੇ ਤਰੀਕਿਆਂ ਸਬੰਧੀ ਕਿਸਾਨਾਂ ਅਤੇ ਕਿਸਾਨ ਸੁਆਣੀਆਂ ਨੂੰ ਜਾਗਰੂਕ ਕੀਤਾ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਡਾ. ਸੁਖਪ੍ਰੀਤ ਸਿੰਘ, ਸੀਨੀਅਰ ਫਸਲ ਵਿਗਿਆਨੀ-ਕਮ-ਪ੍ਰੋਜੈਕਟ ਇੰਚਾਰਜ, ਪੀ.ਏ.ਯੂ., ਲੁਧਿਆਣਾ ਨੇ ਕਣਕ-ਝੋਨੇ ਦੇ ਫਸਲੀ-ਚੱਕਰ ਵਿੱਚ ਪਾਣੀ ਪ੍ਰਬੰਧਨ ਦੀ ਸੈਂਸਰ ਅਧਾਰਿਤ ਤਕਨੀਕ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ।

ਡਾ. ਵਿਨੈ ਕੁਮਾਰ ਸਿੰਧੂ, ਸੀਨੀਅਰ ਫਸਲ ਵਿਗਿਆਨੀ, ਡਾ. ਨਵੀਨ ਗੁਪਤਾ, ਭੌਤਿਕ ਮਿੱਟੀ ਵਿਗਿਆਨੀ, ਪੀ.ਏ.ਯੂ., ਲੁਧਿਆਣਾ ਅਤੇ ਡਾ. ਵਜਿੰਦਰ ਪਾਲ ਕਾਲੜਾ, ਫਸਲ ਵਿਗਿਆਨੀ ਨੇ ਪ੍ਰੋਗਰਾਮ ਸੰਚਾਲਨ ਵਿੱਚ ਆਪਣਾ ਯੋਗਦਾਨ ਪਾਇਆ।

ਮੰਚ ਸੰਚਾਲਕਾਂ ਦੁਆਰਾ, ਮੁੱਖ ਮਹਿਮਾਨ ਦੀ ਹਾਜ਼ਰੀ ਵਿੱਚ ਸਿੰਚਾਈ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਾਰਮ ਉੱਤੇ ਲਗਾਏ ਪ੍ਰਦਰਸ਼ਨੀ ਪਲਾਟਾਂ ਦਾ ਨਿਰੀਖਣ ਕੀਤਾ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਦਿਲ-ਖਿੱਚਵੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਝੋਨੇ ਦੇ ਬੀਜਾਂ ਅਤੇ ਖੇਤੀ ਸਾਹਿਤ ਦੀ ਵਿਕਰੀ ਕੀਤੀ ਗਈ।

ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਕੇ.ਵੀ.ਕੇ., ਸੰਗਰੂਰ ਨੇ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

ਸਰੋਤ: ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (Krishi Vigyan Kendra, Sangrur)

Summary in English: 15 progressive farmers of Punjab honoured for good irrigation management on World Water Day

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters