Paddy Breeding Program: ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਝੋਨਾ ਬ੍ਰੀਡਿੰਗ ਪ੍ਰੋਗਰਾਮ ਲਈ ਭਰਪੂਰ ਪ੍ਰਸ਼ੰਸਾ ਮਿਲੀ। ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸੀਨੀਅਰ ਝੋਨਾ ਵਿਗਿਆਨੀਆਂ ਨੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸੀਨੀਅਰ ਵਿਗਿਆਨੀ ਡਾ. ਗੈਰੀ ਐਟਲਿਨ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ ਫਿਲੀਪੀਨਜ਼ ਦੇ ਨਿਰਦੇਸ਼ਕ ਅਤੇ ਮੁਖੀ ਡਾ ਹੰਸ ਰਾਜ ਭਰਦਵਜ ਨਿਗਰਾਨੀ ਹੇਠ ਆਈ ਟੀਮ ਦੇ ਨਾਲ ਵਿਸ਼ੇਸ਼ ਵਫ਼ਦ ਦਾ ਸਵਾਗਤ ਕੀਤਾ ਗਿਆ।
ਮਹਿਮਾਨ ਟੀਮ, ਜਿਸ ਵਿੱਚ ਆਈਆਰਆਰਆਈ ਦੇ ਵਿਗਿਆਨੀ ਡਾ. ਸ਼ਲਭ ਦੀਕਸ਼ਿਤ, ਡਾ. ਸੰਕਲਪ ਭੋਸਲੇ, ਡਾ. ਵਿਕਾਸ ਕੁਮਾਰ ਸਿੰਘ, ਡਾ. ਕਿਸ਼ੋਰ ਰਾਓ, ਅਤੇ ਡਾ. ਛੱਲਾ ਵੈਂਕਟੇਸ਼ਨਰਲੂ ਵੀ ਸ਼ਾਮਲ ਸਨ, ਨੇ ਪੀਏਯੂ ਵੱਲੋਂ ਝੋਨਾ ਬਰੀਡਿੰਗ ਪਹਿਲਕਦਮੀਆਂ ਦੀ ਸਮੀਖਿਆ ਕੀਤੀ, ਜਿਸਦਾ ਉਦੇਸ਼ ਖੇਤਰੀ ਅਤੇ ਸੰਸਾਰ ਖੇਤੀ ਚੁਣੌਤੀਆਂ ਨੂੰ ਹੱਲ ਕਰਕੇ ਲੋਕਾਂ ਲਈ ਭੋਜਨ ਪ੍ਰਦਾਨ ਕਰਨਾ ਹੈ।
ਮੀਟਿੰਗ ਦੌਰਾਨ, ਡਾ. ਐਟਲਿਨ ਨੇ ਪੀਏਯੂ ਦੇ ਸਪੀਡ ਬਰੀਡਿੰਗ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਇਸਨੂੰ "ਯੁੱਗ ਪਲਟਾਊ ਵਿਗਿਆਨਕ ਤਰੀਕਾ" ਕਿਹਾ ਜੋ ਖਿੱਤੇ ਦੇ ਕਿਸਾਨਾਂ ਲਈ ਮਹੱਤਵਪੂਰਨ ਕਿਸਮਾਂ ਦੀ ਪਛਾਣ ਕਰਨ ਵਿੱਚ ਅਹਿਮ ਮੋੜ ਬਣ ਗਿਆ ਹੈ। ਉਨ੍ਹਾਂ ਨੇ ਉਤਪਾਦਨ ਬਰਕਰਾਰ ਰੱਖਣ ਅਤੇ ਵਾਤਾਵਰਨ ਪੱਖੀ ਕਿਸਮਾਂ ਦੇ ਵਿਕਾਸ ਲਈ ਸਭ ਤੋਂ ਵਧੀਆ ਪ੍ਰਜਨਣਨ ਲਾਈਨਾਂ ਦੀ ਚੋਣ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਸ ਖੇਤਰ ਵਿੱਚ ਕਿਸਾਨਾਂ ਦੀਆਂ ਲੋੜਾਂ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਖੋਜ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ। ਡਾ. ਐਟਲਿਨ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਲਈ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਝੋਨੇ ਵਿਚ ਉੱਨਤ ਸਕਰੀਨਿੰਗ ਪ੍ਰਣਾਲੀਆਂ ਨੂੰ ਵਿਕਸਤ ਕਰਨ ਲਈ ਆਈ ਆਰ ਆਰ ਆਈ ਅਤੇ ਪੀਏਯੂ ਦਰਮਿਆਨ ਵਧੇਰੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ।
ਡਾ. ਹੰਸ ਭਾਰਦਵਾਜ ਨੇ ਆਈ ਆਰ ਆਰ ਆਈ ਅਤੇ ਪੀ ਏ ਯੂ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਹਰੀ ਕ੍ਰਾਂਤੀ ਦਾ ਪ੍ਰਮੁੱਖ ਕਾਰਕ ਆਖਿਆ। ਉਨ੍ਹਾਂ ਨੇ ਸਥਾਈ ਭਾਈਵਾਲੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਦੋਵਾਂ ਸੰਸਥਾਵਾਂ ਦਾ ਸਹਿਯੋਗ ਇਕੱਠੇ ਸਿੱਖਣ, ਵਧਣ ਅਤੇ ਮੌਕੇ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਬਾਇਓਟਿਕ ਤਣਾਅ ਅਤੇ ਸਿੱਧੀ ਬਿਜਾਈ ਦੇ ਮਸ਼ੀਨੀਕਰਨ ਵਿੱਚ ਖੋਜ ਯਤਨਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਈ ਆਰ ਆਰ ਆਈ ਤੋਂ ਪ੍ਰਾਪਤ ਸਹਾਇਤਾ ਬਾਰੇ ਵਿਸਥਾਰ ਨਾਲ ਦੱਸਿਆ, ਜਿਸ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਦੇਸ਼ ਨਾਲ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾ: ਢੱਟ ਨੇ ਕੋਵਿਡ-19 ਦੇ ਲੌਕਡਾਊਨ ਦੌਰਾਨ ਪੀਏਯੂ ਵਲੋਂ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕਰਦਿਆਂ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਤਕਨੀਕਾਂ ਨੂੰ ਲਾਗੂ ਕਰਨ ਬਾਰੇ ਗੱਲ ਕੀਤੀ।
ਡਾ. ਆਰ.ਐਸ. ਗਿੱਲ, ਪਲਾਂਟ ਡਾਇਰੈਕਟ ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ, ਨੇ ਪੀਏਯੂ ਵੱਲੋਂ ਝੋਨੇ ਦੇ ਵਿਆਪਕ ਖੋਜ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇਸ ਖੋਜ ਪ੍ਰੋਗਰਾਮ ਦਾ ਉਦੇਸ਼ ਅਨਾਜ ਦੀ ਗੁਣਵੱਤਾ ਨੂੰ ਸੁਧਾਰਨ 'ਤੇ ਕੇਂਦਰਿਤ ਹੈ। ਪੀਏਯੂ ਦੁਆਰਾ ਵਿਕਸਤ ਕੀਤੀਆਂ ਝੋਨੇ ਦੀਆਂ 48 ਕਿਸਮਾਂ ਵਿੱਚੋਂ 30 ਗੈਰ-ਬਾਸਮਤੀ ਅਤੇ 18 ਬਾਸਮਤੀ ਕਿਸਮਾਂ ਬਾਰੇ ਉਨ੍ਹਾਂ ਵਿਸਥਾਰ ਨਾਲ ਦੱਸਿਆ। ਇਨ੍ਹਾਂ ਵਿਚ ਘੱਟ ਮਿਆਦ ਵਿਚ ਪੱਕਣ ਵਾਲੀ ਕਿਸਮ ਪੀ ਆਰ 126 ਦੀ ਪ੍ਰਵਾਨਗੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਿਸਮ 2023 ਵਿੱਚ ਮਾਨਸੂਨ ਦੇ ਹੜ੍ਹਾਂ ਤੋਂ ਬਾਅਦ ਦੁਬਾਰਾ ਲਵਾਈ ਲਈ ਵੀ ਤਿਆਰ ਹੋ ਗਈ ਅਤੇ ਭਰਪੂਰ ਝਾੜ ਦੇਣ ਵਿਚ ਸਫਲ ਰਹੀ। ਡਾ. ਗਿੱਲ ਨੇ ਪਰਾਲੀ ਦੇ ਪ੍ਰਬੰਧਨ ਲਈ ਜੀਨੋਮ ਐਡੀਟਿੰਗ ਵਿੱਚ ਜੜ੍ਹਾਂ ਦੇ ਰੋਗ ਦੀ ਰੋਕਥਾਮ ਲਈ ਪੀਏਯੂ ਦੁਆਰਾ ਵਿਕਸਤ ਕੀਤੇ ਬਾਇਓਕੰਟਰੋਲ ਏਜੰਟ ਟ੍ਰਾਈਕੋਡਰਮਾ ਬਾਰੇ ਵੀ ਦੱਸਿਆ।
ਝੋਨਾ ਵਿਗਿਆਨੀ ਡਾ. ਬੂਟਾ ਸਿੰਘ ਢਿੱਲੋਂ ਨੇ ਸਿੱਧੀ ਬਿਜਾਈ ਵਿੱਚ ਪੀਏਯੂ ਦੀਆਂ ਮੁੱਖ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਇਸ ਤਕਨੀਕ ਦੇ ਅਪਣਾਏ ਜਾਣ ਦੀਆਂ ਮੁੱਖ ਚੁਣੌਤੀਆਂ ਨੂੰ ਉਜਾਗਰ ਕੀਤਾ। ਡਾ. ਰੁਪਿੰਦਰ ਕੌਰ, ਪਲਾਂਟ ਡਾਇਰੈਕਟ ਪ੍ਰੋਜੈਕਟ ਦੇ ਇੱਕ ਮੈਂਬਰ, ਨੇ ਭਵਿੱਖ ਵਿਚ ਸਹਿਯੋਗ ਵਾਲੇ ਖੇਤਰਾਂ 'ਤੇ ਚਰਚਾ ਕੀਤੀ। ਉਨ੍ਹਾਂ ਝੋਨੇ ਦੀ ਬਰੀਡਿੰਗ ਵਿੱਚ ਵਾਤਾਵਰਨ ਪੱਖੀ ਸਰੋਕਾਰਾਂ ਨੂੰ ਉਤਪਾਦਨ ਨਾਲ ਸ਼ਾਮਿਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸਿੱਧੀ ਬਿਜਾਈ ਨੂੰ ਵਧਾਉਣ ਲਈ ਮਸ਼ੀਨੀਕਰਨ ਅਤੇ ਸੂਖਮ ਖੇਤੀ ਵੱਲ ਵਧੇਰੇ ਧਿਆਨ ਦੇਣ ਲਈ ਵੀ ਕਿਹਾ। ਪੀਏਯੂ ਦੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਸਫਲ ਝੋਨਾ ਪ੍ਰਜਣਨ ਪ੍ਰੋਗਰਾਮ ਲਈ ਵਧਾਈ ਦਿੰਦੇ ਹੋਏ, ਡਾ. ਸੰਕਲਪ ਭੋਸਲੇ ਨੇ ਘੱਟ ਮਿਆਦ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੀਏਯੂ ਵਿਖੇ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਵਿਗਿਆਨ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।
ਇਹ ਵੀ ਪੜੋ: Gurdaspur ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ Kisan Mela ਆਯੋਜਿਤ, ਬੀਜ ਵਿਕਰੀ ਕੇਂਦਰ ਦਾ ਹੋਇਆ ਉਦਘਾਟਨ
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮਾਪਤੀ ਭਾਸ਼ਣ ਵਿੱਚ ਪੰਜਾਬ ਲਈ ਝੋਨੇ ਦੀ ਮਹੱਤਤਾ ਰੋਗ ਪ੍ਰਤੀਰੋਧਕ ਅਤੇ ਪੋਸ਼ਕਤਾ ਦੇ ਉਦੇਸ਼ ਨਾਲ ਕਿਸਮਾਂ ਦੇ ਵਿਕਾਸ ਲਈ ਚੱਲ ਰਹੇ ਯਤਨਾਂ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਖਾਦਾਂ ਦੀ ਸੁਚੱਜੀ ਵਰਤੋਂ, ਹਰੀ ਖਾਦ, ਅਤੇ ਪਰਾਲੀ ਦੀ ਸੰਭਾਲ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੇ ਨਾਲ ਹੀ ਸਿੱਧੀ ਬਿਜਾਈ ਅਤੇ ਤਰ ਵੱਤਰ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਪੀਏਯੂ ਦੀਆਂ ਪਹਿਲਕਦਮੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਖੋਜ ਸਮਰੱਥਾਵਾਂ ਨੂੰ ਵਧਾਉਣ ਲਈ ਪੀਏਯੂ ਵਿਖੇ ਆਰਟੀਫਿਸ਼ਲ ਇੰਟੈਲੀਜੈਂਸ ਸਕੂਲ ਦੀ ਸਥਾਪਨਾ ਦਾ ਐਲਾਨ ਕੀਤਾ। ਡਾ. ਗੋਸਲ ਨੇ ਕਿਹਾ ਕਿ ਮੀਟਿੰਗ ਦੇ ਵਿਚਾਰ-ਵਟਾਂਦਰੇ ਨਾਲ ਪੀਏਯੂ ਅਤੇ ਆਈ ਆਰ ਆਰ ਆਈ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਜੋ ਝੋਨੇ ਦੀ ਖੋਜ ਅਤੇ ਪ੍ਰਜਣਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮੀਟਿੰਗ ਦੀ ਸਮਾਪਤੀ ਡਾ. ਵੀ.ਐਸ. ਸੋਹੂ, ਮੁਖੀ, ਪਲਾਂਟ ਬਰੀਡਿੰਗ ਵਿਭਾਗ ਦੇ ਸ਼ਬਦਾਂ ਨਾਲ ਹੋਈ। ਇਸ ਤੋਂ ਪਹਿਲਾਂ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਰਸਮੀ ਸਵਾਗਤ ਕੀਤਾ। ਬਾਸਮਤੀ ਬਾਰੇ ਇੱਕ ਬੁਲੇਟਿਨ ਇਸ ਮੌਕੇ ਜਾਰੀ ਕੀਤਾ ਗਿਆ, ਅਤੇ ਆਈ ਆਰ ਆਰ ਆਈ ਟੀਮ ਨੂੰ ਰਵਾਇਤੀ ਪੰਜਾਬੀ ਫੁਲਕਾਰੀਆਂ, ਯਾਦਗਾਰੀ ਚਿੰਨ੍ਹ ਅਤੇ ਪੀਏਯੂ ਪ੍ਰਕਾਸ਼ਨਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਗਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: A special visit to PAU by eminent scientist Dr. Gary Atlin, appreciated the paddy breeding program