Training Camp: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ-ਅਟਾਰੀ, ਜ਼ੋਨ-1, ਲੁਧਿਆਣਾ ਦੀ ਰਹਿਨੁਮਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵਿਖੇ ਕੁਦਰਤੀ ਖੇਤੀ ਬਾਰੇ ਦੋ ਦਿਨਾਂ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਿੱਚ ਕੁੱਲ 40 ਸਿਖਿਆਰਥੀਆਂ ਨੇ ਲਾਭ ਲਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਕੈਂਪਸ ਵਿਖੇ ਸਿਖਲਾਈ ਦੇ ਪਹਿਲੇ ਦਿਨ, ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਕੇ.ਵੀ.ਕੇ. ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ। ਉਨ੍ਹਾਂ ਨੇ ਕੁਦਰਤੀ ਖੇਤੀ ਦੇ ਮਹੱਤਵ ਅਤੇ ਡੇਅਰੀ ਜਾਨਵਰਾਂ ਖਾਸ ਕਰਕੇ ਦੇਸੀ ਗਾਂ ਦੀ ਕੁਦਰਤੀ ਖੇਤੀ ਵਿੱਚ ਭੂਮਿਕਾ ਬਾਰੇ ਚਾਨਣਾ ਪਾਇਆ।
ਡਾ. ਸੁਖਵਿੰਦਰ ਸਿੰਘ ਔਲਖ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਕੇ.ਵੀ.ਕੇ, ਹੁਸ਼ਿਆਰਪੁਰ, ਨੇ ਸਿਖਲਾਈ ਦੌਰਾਨ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ, ਇਸਦੇ ਸਿਧਾਂਤਾਂ ਅਤੇ ਹਿੱਸੇ ਜਿਵੇਂ ਕਿ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਮਲਚਿੰਗ ਅਤੇ ਵੱਖ-ਵੱਖ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁਦਰਤੀ ਖੇਤੀ ਵਿੱਚ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਅਗਨੀ ਅਸਤਰ, ਬ੍ਰਹਮ ਅਸਤਰ, ਖੱਟੀ ਲੱਸੀ ਦੀ ਵਰਤੋਂ ਵਰਗੇ ਉਪਾਅ ਦੱਸੇ ਅਤੇ ਉਨ੍ਹਾਂ ਨੇ ਸਿਖਿਆਰਥੀਆਂ ਨੂੰ ਆਪਣੀ ਜ਼ਮੀਨ ਦੇ ਕੁਝ ਹਿੱਸੇ ਨੂੰ ਕੁਦਰਤੀ ਖੇਤੀ ਵਿੱਚ ਤਬਦੀਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸ੍ਰੀ. ਗੁਰਪ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਐਗਰੋਨੋਮੀ), ਕੇ.ਵੀ.ਕੇ. ਹੁਸ਼ਿਆਰਪੁਰ ਵੱਲੋਂ ਕੁਦਰਤੀ ਖੇਤੀ ਵਿੱਚ ਅੰਤਰ ਫ਼ਸਲਾਂ ਦੀ ਭੂਮਿਕਾ ਅਤੇ ਚੋਣ ਬਾਰੇ ਚਾਨਣਾ ਪਾਇਆ। ਸ਼੍ਰੀ. ਹਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ, ਬਲਾਕ ਮਾਹਿਲਪੁਰ ਨੇ ਫਲਦਾਰ ਫਸਲਾਂ ਦੀ ਕਾਸ਼ਤ ਦੀਆਂ ਵੱਖ-ਵੱਖ ਤਕਨੀਕਾਂ ਅਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ।
ਇਹ ਵੀ ਪੜੋ: SUBSIDY: ਕਪਾਹ ਦੀ ਖੇਤੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਯਤਨ
ਸਿਖਲਾਈ ਦੇ ਦੂਜੇ ਦਿਨ, ਪਿੰਡ ਟੂਟੋ ਮਜਾਰਾ ਵਿਖੇ ਸ਼੍ਰੀ. ਸੁਖਵਿੰਦਰ ਸਿੰਘ ਦੇ ਫਾਰਮ ਤੇ ਕਿਸਾਨਾਂ ਨੇ ਜੀਵ ਅੰਮ੍ਰਿਤ, ਬੀਜਾ ਅੰਮ੍ਰਿਤ ਅਤੇ ਸਪਤਧੰਕੁਰ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਆਪ ਤਿਆਰ ਕੀਤੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਸ਼੍ਰੀ. ਸੁਰਜੀਤ ਸਿੰਘ, ਪਿੰਡ ਚੱਗਰਾਂ, ਸ਼੍ਰੀ. ਮਲਕੀਤ ਸਿੰਘ, ਪਿੰਡ ਬੂੜੋਬਾੜੀ, ਸ਼੍ਰੀ. ਦਿਲਬਾਗ ਸਿੰਘ, ਪਿੰਡ ਭੀਲੋਵਾਲ, ਸ੍ਰੀ. ਸੰਜੀਵ ਕੁਮਾਰ, ਪਿੰਡ ਪਚਨੰਗਲ, ਸ੍ਰੀ. ਹਰਦੀਪ ਸਿੰਘ, ਪਿੰਡ ਢੱਕੋਂ, ਸ੍ਰੀ. ਅਵਤਾਰ ਸਿੰਘ, ਪਿੰਡ ਖਨੂਰ, ਸ਼੍ਰੀ. ਬਲਦੇਵ ਸਿੰਘ, ਪਿੰਡ ਬੋਹਣ ਨੇ ਵੀ ਹਾਜ਼ਰੀਨ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਦੱਸ ਦੇਈਏ ਕਿ ਸਿਖਿਆਰਥੀਆਂ ਨੂੰ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਕਰਨ ਲਈ ਖੇਤੀ ਸਾਹਿਤ, ਪਿਆਜ ਦੀ ਪਨੀਰੀ, ਨਿੰਮ ਦਾ ਤੇਲ ਵੀ ਦਿੱਤਾ ਗਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: A two-day training camp on natural farming was held at Hoshiarpur