Milk Controversy: ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਵੱਲੋਂ ਦੁੱਧ ਉਤਪਾਦਾਂ ਨੂੰ A1 ਜਾਂ A2 ਦੇ ਤੌਰ ’ਤੇ ਲੇਬਲ ਲਗਾਉਣ ਸੰਬੰਧੀ ਦਿੱਤੇ ਨੋਟਿਸ ਨੇ ਖ਼ਪਤਕਾਰਾਂ ਅਤੇ ਉਤਪਾਦਕਾਂ ਵਿਚ ਇਕ ਭਰਮ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਦੁੱਧ ਅਤੇ ਦੁੱਧ ਦੇ ਉਤਪਾਦਾਂ ਨੂੰ A1 ਜਾਂ A2 ਵਜੋਂ ਲੇਬਲ ਨਹੀਂ ਕੀਤਾ ਜਾਣਾ ਚਾਹੀਦਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਦੱਸਿਆ ਕਿ A2 ਦੁੱਧ ਤੋਂ ਭਾਵ ਉਹ ਦੁੱਧ ਹੈ ਜਿਸ ਵਿਚ ਸਿਰਫ A2 ਕਿਸਮ ਦਾ ਬੀਟਾ-ਕੇਸਿਨ ਪ੍ਰੋਟੀਨ ਹੁੰਦਾ ਹੈ ਜੋ ਮੁੱਖ ਤੌਰ ’ਤੇ ਜ਼ੇਬੂ ਨਸਲ ਦੀਆਂ ਦੇਸੀ ਗਾਂਵਾਂ, ਮੱਝਾਂ ਅਤੇ ਬੱਕਰੀਆਂ ਵਿਚ ਪਾਇਆ ਜਾਂਦਾ ਹੈ। ਇਤਿਹਾਸਿਕ ਤੌਰ ’ਤੇ ਵਧੇਰੇ ਪਸ਼ੂਆਂ ਵੱਲੋਂ A2 ਕਿਸਮ ਦਾ ਦੁੱਧ ਹੀ ਪੈਦਾ ਕੀਤਾ ਜਾਂਦਾ ਸੀ ਜਦੋਂ ਤਕ ਕੁਝ ਯੂਰਪੀਅਨ ਨਸਲਾਂ ਵਿਚ ਅਣੂਵੰਸ਼ਿਕ ਤਬਦੀਲੀਆਂ ਨਹੀਂ ਹੋਈਆਂ ਜਿਸ ਨਾਲ A2 ਤੋਂ ਇਲਾਵਾ A1 ਬੀਟਾ- ਕੇਸਿਨ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ। ਭਾਰਤੀ ਦੇਸੀ ਨਸਲਾਂ ਜਿਵੇਂ ਕਿ ਸਾਹੀਵਾਲ, ਗਿਰ ਅਤੇ ਲਾਲ ਸਿੰਧੀ ਅਤੇ ਮੱਝਾਂ ਤੇ ਬੱਕਰੀਆਂ ਕੁਦਰਤੀ ਤੌਰ ’ਤੇ A2 ਦੁੱਧ ਪੈਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਦੁਨੀਆਂ ਭਰ ਦੀਆਂ ਡੇਅਰੀ ਜੈਨੇਟਿਕਸ ਕੰਪਨੀਆਂ ਨੇ A2 ਨਸਲ ਦੇ ਬਲਦਾਂ ਨੂੰ ਉਤਸਾਹਿਤ ਕਰਨ, ਇਨ੍ਹਾਂ ਦੀ ਅਬਾਦੀ ਵਧਾਉਣ ਅਤੇ ਨਤੀਜੇ ਵਜੋਂ A2 ਦੁੱਧ ਪੈਦਾ ਕਰਨ ਲਈ ਪ੍ਰਜਣਨ ਨੀਤੀਆਂ ਨੂੰ ਉਤਸ਼ਾਹਿਤ ਕੀਤਾ। ਜੰਮੇ ਹੋਈ ਵੀਰਜ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਵੱਲੋਂ ਬਲਦਾਂ ਦੀ ਵਿਸ਼ੇਸ਼ਤਾ ਵਧਾਉਦੇ ਹੋਏ A2 ਕੇਸਿਨ ਜੀਨ ਸ਼ਾਮਿਲ ਕੀਤੇ ਗਏ ਕਿਉਂਕਿ ਉਨ੍ਹਾਂ ਦੀ ਸਵੀਕਾਰਯੋਗਤਾ ਵਧੇਰੇ ਹੁੰਦੀ ਹੈ। ਹਾਲਾਂਕਿ ਮਨੁੱਖੀ ਸਿਹਤ `ਤੇ ਬੀਟਾ ਕੇਸਿਨ ਦੀਆਂ ਦੋਨਾਂ ਕਿਸਮਾਂ ਦੇ ਫਾਇਦੇ ਅਸਪਸ਼ਟ ਹਨ।
ਡਾ. ਸਿੰਘ ਨੇ ਕਿਹਾ ਕਿ ਹਾਲਾਂਕਿ A 1 ਦੁੱਧ ਵਿਚ ਓਪੀਔਡ ਕਿਸਮ ਦਾ ਮੈਟਾਬਲਿਜ਼ਮ ਮਿਲਦਾ ਹੈ ਪਰ ਮੁੱਖ ਤੌਰ `ਤੇ A1 ਕਿਸਮ ਦਾ ਦੁੱਧ ਪੀਣ ਵਾਲੇ ਲੋਕਾਂ ਵਿੱਚ ਇਸਦੇ ਮਾੜੇ ਪ੍ਰਭਾਵਾਂ ਦੀ ਕੋਈ ਜਾਣਕਾਰੀ ਨਹੀਂ ਪਾਈ ਗਈ। ਇਸ ਦੇ ਬਾਵਜੂਦ, ਸਮਝੇ ਗਏ ਅਤੇ ਜਨਤਕ ਕੀਤੇ ਗਏ ਸਿਹਤ ਲਾਭਾਂ ਕਾਰਨ ਖ਼ਪਤਕਾਰਾਂ ਦੀ ਤਰਜੀਹ A2 ਦੁੱਧ ਵੱਲ ਬਦਲ ਗਈ। ਜਨਤਕ ਮੰਗ ਦੇ ਅਨੁਸਾਰ, ਇਹ ਮਹੱਤਵਪੂਰਨ ਹੈ ਕਿ ਦੁੱਧ ਅਤੇ ਦੁੱਧ ਦੇ ਉਤਪਾਦਾਂ ਨੂੰ ਸੱਚਮੁੱਚ ਹੀ A2 ਵਜੋਂ ਲੇਬਲ ਕੀਤਾ ਜਾਵੇ ਜੇਕਰ ਉਹ ਅਸਲ ਵਿੱਚ A2 ਦੁੱਧ ਤੋਂ ਤਿਆਰ ਕੀਤੇ ਗਏ ਹਨ। ਹਾਲਾਂਕਿ, ਘਿਓ ਜੋ ਕਿ ਚਰਬੀ ਵਾਲਾ ਹੁੰਦਾ ਹੈ ਅਤੇ ਇਸ ਵਿੱਚ ਕੋਈ ਪ੍ਰੋਟੀਨ ਨਹੀਂ ਹੁੰਦਾ, ਉਸ ਨੂੰ A2 ਘਿਓ ਵਜੋਂ ਲੇਬਲ ਨਹੀਂ ਕੀਤਾ ਜਾ ਸਕਦਾ। ਖ਼ਪਤਕਾਰਾਂ ਦੀ ਤਰਜੀਹ ਅਤੇ ਕੁਝ ਆਯੁਰਵੈਦਿਕ ਨੁਸਖਿ਼ਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੰਗ ਰਹਿੰਦੀ ਹੈ ਕਿ ਖ਼ਪਤਕਾਰਾਂ ਨੂੰ ਦੁੱਧ ਦੀ ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਸ ਤੋਂ ਘਿਓ ਤਿਆਰ ਕੀਤਾ ਜਾਂਦਾ ਹੈ।
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਨੇ ਕਿਹਾ ਕਿ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਅਗਲੇ ਹੀ ਦਿਨ ਉਨ੍ਹਾਂ ਵੱਲੋਂ ਵਾਪਸ ਲੈ ਲਿਆ ਗਿਆ ਸੀ। ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ, ਪ੍ਰੈਸ ਦੇ ਇੱਕ ਹਿੱਸੇ ਨੇ ਵੈਟਨਰੀ ਯੂਨੀਵਰਸਿਟੀ ਦੇ ਸਾਹੀਵਾਲ ਘਿਓ ਬਾਰੇ ਖ਼ਬਰਾਂ ਪ੍ਰਕਾਸਿ਼ਤ ਕੀਤੀਆਂ।
ਡਾ. ਸੇਠੀ ਨੇ ਦੱਸਿਆ ਕਿ ਇਸ ਉਤਪਾਦ ਨੂੰ ਸਾਹੀਵਾਲ ਗਾਵਾਂ ਦੇ A2 ਦੁੱਧ ਤੋਂ ਤਿਆਰ ਕੀਤਾ ਗਿਆ ਹੈ, ਜੋ ਖ਼ਪਤਕਾਰਾਂ ਨੂੰ ਸਹੀ ਅਤੇ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਡੇਅਰੀ ਉਤਪਾਦਾਂ ਦੀ ਚੋਣ ਕਰਨ ਸਮੇਂ ਸਹੀ ਅਤੇ ਪ੍ਰਮਾਣਿਤ ਜਾਣਕਾਰੀ `ਤੇ ਭਰੋਸਾ ਕਰਨ ਅਤੇ ਗੁੰਮਰਾਹਕੁੰਨ ਲੇਬਲਾਂ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।
Summary in English: A1 and A2 Milk Controversy: FSSAI's new message to dairy industry, rules on labeling of A1 and A2 milk clarified