Violation of Instructions: ਹੁਸ਼ਿਆਰਪੁਰ ਵਿੱਚ ਝੋਨੇ ਦੀ ਪਨੀਰੀ ਦੀ ਲੁਆਈ ਲਈ 21 ਜੂਨ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਦੌਰਾਨ ਫਸਲ ਲਈ ਪਾਣੀ ਦੀ ਪੂਰਤੀ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਦੀ ਵੀ ਯੋਜਨਾ ਹੈ। ਪਰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਈ ਕਿਸਾਨ ਤੈਅ ਨਿਯਮਾਂ ਦੇ ਉਲਟ ਝੋਨੇ ਦੀ ਅਗੇਤੀ ਬਿਜਾਈ ਕਰਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ...
ਤੁਹਾਨੂੰ ਦੱਸ ਦੇਈਏ ਕਿ ਕੱਦੂ ਕੀਤੇ ਝੋਨੇ ਦੀ ਅਗੇਤੀ ਬਿਜਾਈ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡ ਪੱਟੀ, ਬਲਾਕ ਹੁਸ਼ਿਆਰਪੁਰ-2 ਵਿਖੇ ਖੇਤੀਬਾੜੀ ਵਿਭਾਗ, ਬਲਾਕ ਹੁਸ਼ਿਆਰਪੁਰ-2 ਦੀ ਟੀਮ ਪੁਲਿਸ ਪ੍ਰਸ਼ਾਸਨ ਨਾਲ ਮੌਕੇ ’ਤੇ ਪਹੁੰਚੀ।
ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਹੁਸ਼ਿਆਰਪੁਰ-2 ਧਰਮਵੀਰ ਸ਼ਰਦ ਨੇ ਦੱਸਿਆ ਕਿ ਪਿੰਡ ਪੱਟੀ, ਬਲਾਕ ਹੁਸ਼ਿਆਰਪੁਰ-2 ਦੇ ਵਸਨੀਕ ਕਿਸਾਨ ਚਰਨਜੀਤ ਸਿੰਘ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਅਣਦੇਖੀ ਕਰਦਿਆਂ ਮਿੱਥੇ ਗਏ ਸਮੇਂ ਤੋਂ ਪਹਿਲਾਂ ਹੀ ਕੁੱਲ 5 ਕਨਾਲ ਰਕਬੇ ’ਤੇ ਕੱਦੂ ਕੀਤੇ ਗਏ ਝੋਨੇ ਦੀ ਲੁਆਈ ਕੀਤੀ ਜਾ ਰਹੀ ਸੀ, ਜਿਸ ਨੂੰ ਮੌਕੇ ’ਤੇ ਹੀ ਰੋਟਾਵੇਟਰ ਨਾਲ ਵਾਹ ਦਿੱਤਾ ਗਿਆ।
ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਸ 'ਤੇ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਦੂ ਕੀਤੇ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਣ ਦੀ ਹਦਾਇਤ ਕੀਤੀ ਗਈ ਸੀ।
ਕਿਸਾਨ ਨੇ ਇਸ ਸਬੰਧੀ ਆਪਣੀ ਗਲਤੀ ਮੰਨਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਹੋਵੇਗੀ। ਖੇਤੀਬਾੜੀ ਵਿਭਾਗ ਨੇ ਬਲਾਕ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਦੂ ਕੀਤੇ ਝੋਨੇ ਦੀ ਬਿਜਾਈ 21 ਜੂਨ ਤੋਂ ਹੀ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ : 15 June ਤੋਂ Weather Change, ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸੰਦੇਸ਼
ਜ਼ਿਕਰਯੋਗ ਹੈ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ 15 ਮਈ, 2023 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੂਰੇ ਪੰਜਾਬ ਵਿੱਚ ਝੋਨੇ ਦੀ ਲੁਆਈ ਅਤੇ ਕੱਦੂ ਕਰਕੇ ਝੋਨੇ ਦੀ ਕਾਸ਼ਤ ਲਈ ਪਨੀਰੀ ਦੀ ਖੇਤਾਂ ਵਿੱਚ ਲੁਆਈ ਦੀਆਂ ਮਿਤੀਆਂ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਝੋਨੇ ਦੀ ਬਿਜਾਈ ਲਈ 21 ਜੂਨ ਦਾ ਦਿਨ ਮਿੱਥਿਆ ਗਿਆ ਹੈ ਅਤੇ ਇਸ ਦੌਰਾਨ ਫ਼ਸਲ ਨੂੰ ਪਾਣੀ ਦੇਣ ਲਈ ਲੋੜੀਂਦੀ ਬਿਜਲੀ ਵੀ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : September Kisan Mela: ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ, ਆਖ਼ਿਰੀ ਮਿਤੀ ਤੋਂ ਪਹਿਲਾਂ ਭੇਜੋ ਨਾਮਜ਼ਦਗੀਆਂ
ਉਨ੍ਹਾਂ ਕੱਦੂ ਕਰਕੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਅਗੇਤੀ ਲੁਆਈ ਤੋਂ ਗੁਰੇਜ਼ ਕਰਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ ਅਤੇ ਉਪਲਬਧ ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਅਗੇਤੀ ਲੁਆਈ ਵਾਲੇ ਝੋਨੇ ਦੀ ਫਸਲ ’ਤੇ ਪਿਛਲੇ ਸਾਲ ਦੌਰਾਨ ਝੋਨੇ ਦੀ ਮਧਰੇਪਣ ਦੀ ਬਿਮਾਰੀ ਵੱਧ ਦੇਖਣ ਨੂੰ ਮਿਲੀ ਸੀ। ਇਸ ਲਈ ਨਿਰਧਾਰਤ ਮਿਤੀ ਤੋਂ ਹੀ ਝੋਨੇ ਦੀ ਲੁਆਈ ਖੇਤਾਂ ਵਿੱਚ ਕੀਤੀ ਜਾਵੇ ਤਾਂ ਜੋ ਪਾਣੀ ਦੀ ਹੋਣ ਵਾਲੀ ਵਧੇਰੇ ਖਪਤ ਨੂੰ ਘਟਾਇਆ ਜਾ ਸਕੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ (District Public Relations Office Hoshiarpur)
Summary in English: Action by the Agriculture Department on the farmer who violates the instructions