1. Home
  2. ਖਬਰਾਂ

DAP ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਸੁਝਾਅ

ਇਹ ਸੁਝਾਅ ਮਿੱਟੀ ਪਰਖ ਦੇ ਨਮੂਨਿਆਂ ਬਾਰੇ ਹੋਈ ਖੋਜ ਉੱਪਰ ਅਧਾਰਿਤ ਹਨ ਅਤੇ ਇਨ੍ਹਾਂ ਦਾ ਉਦੇਸ਼ ਕਿਸਾਨਾਂ ਦਾ ਮੁਨਾਫ਼ਾ ਵਧਾਉਣਾ ਹੈ।

Gurpreet Kaur Virk
Gurpreet Kaur Virk
ਸੁਝਾਅ ਮਿੱਟੀ ਪਰਖ ਦੇ ਨਮੂਨਿਆਂ ਬਾਰੇ ਹੋਈ ਖੋਜ ਉੱਪਰ ਅਧਾਰਿਤ

ਸੁਝਾਅ ਮਿੱਟੀ ਪਰਖ ਦੇ ਨਮੂਨਿਆਂ ਬਾਰੇ ਹੋਈ ਖੋਜ ਉੱਪਰ ਅਧਾਰਿਤ

Fertilizers: ਪੀਏਯੂ ਦੇ ਉੱਚ ਅਧਿਕਾਰੀਆਂ ਨੇ ਇਕ ਵਿਸ਼ੇਸ਼ ਸਿਫ਼ਾਰਸ਼ ਜਾਰੀ ਕਰਦਿਆਂ ਸੂਬੇ ਵਿਚ ਕਣਕ-ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਡੀਏਪੀ ਦੀ ਸੁਚੱਜੀ ਵਰਤੋਂ ਕਰਨ ਦੇ ਸੁਝਾਅ ਦਿੱਤੇ। ਇਹ ਸੁਝਾਅ ਯੂਨੀਵਰਸਿਟੀ ਵੱਲੋਂ ਮਿੱਟੀ ਪਰਖ ਦੇ ਨਮੂਨਿਆਂ ਬਾਰੇ ਹੋਈ ਖੋਜ ਉੱਪਰ ਅਧਾਰਿਤ ਹਨ ਅਤੇ ਇਹਨਾਂ ਦਾ ਉਦੇਸ਼ ਕਿਸਾਨਾਂ ਦਾ ਮੁਨਾਫ਼ਾ ਵਧਾਉਣਾ ਹੈ।

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਣਕ-ਝੋਨਾ ਫ਼ਸਲੀ ਚੱਕਰ ਵਿਚ ਡੀਏਪੀ ਦੀ ਵਰਤੋਂ ਮਹਿੰਗੀ ਲਾਗਤ ਹੈ। ਉਹਨਾਂ ਕਿਹਾ ਕਿ ਮਿੱਟੀ ਦੀ ਪਰਖ ਦੇ ਅਧਾਰ ਤੇ ਖਾਦਾਂ ਦੀ ਲਾਗਤ ਨੂੰ ਘੱਟ ਕਰਨ ਲਈ ਇਹਨਾਂ ਦੀ ਸੁਚੱਜੀ ਵਰਤੋਂ ਕਰਨੀ ਬੇਹੱਦ ਲਾਜ਼ਮੀ ਹੈ। ਡਾ. ਗੋਸਲ ਨੇ ਕਿਹਾ ਕਿ ਡੀਏਪੀ ਦੀ ਵੱਧ ਵਰਤੋਂ ਦੇ ਸਿੱਟੇ ਵਜੋਂ ਪੰਜਾਬ ਦੀ 31% ਜ਼ਮੀਨ ਵਿਚ ਫਾਸਫੋਰਸ ਤੱਤ ਦੀ ਬਹੁਤ ਜ਼ਿਆਦਾ ਮਾਤਰਾ ਹੈ ਅਤੇ 30% ਜ਼ਮੀਨ ਵਿਚ ਇਹ ਮਾਤਰਾ ਵਧੇਰੇ ਮਿਕਦਾਰ ਵਿਚ ਹੈ।

19% ਜ਼ਮੀਨ ਵਿਚ ਫਾਸਫੋਰਸ ਤੱਤ ਦੀ ਮਿਕਦਾਰ ਦਰਮਿਆਨੇ ਦਰਜ਼ੇ ਵਿਚ ਹੈ ਜਿੱਥੇ ਇਸ ਖਾਦ ਦੀ ਸਿਫ਼ਾਰਸ਼ ਮਾਤਰਾ ਪਾਉਣ ਦੀ ਲੋੜ ਹੈ। ਜ਼ਮੀਨ ਵਿਚਲੇ ਵਧੇਰੇ ਫਾਸਫੋਰਸ ਤੱਤ ਪਾਏ ਜਾਣ ਦਾ ਕਾਰਨ ਵੱਖ-ਵੱਖ ਫ਼ਸਲਾਂ ਨੂੰ ਇਸ ਖਾਦ ਦੀ ਲੋੜੀਂਦੀ ਤੋਂ ਵਧੇਰੇ ਮਾਤਰਾ ਵਰਤਣਾ ਹੈ। ਇਸਦੇ ਨਾਲ ਹੀ ਪਰਾਲੀ ਨੂੰ ਖੇਤ ਵਿਚ ਵਾਹੁਣ ਤੋਂ ਵੀ ਮਿੱਟੀ ਵਿਚ ਜੈਵਿਕ ਮਾਦਾ ਅਤੇ ਫਾਸਫੋਰਸ ਤੱਤ ਦੀ ਮਾਤਰਾ ਵੱਧਦੀ ਹੈ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਦਰਮਿਆਨੀਆਂ ਫਾਸਫੋਰਸ ਵਾਲੀਆਂ ਜ਼ਮੀਨਾਂ ਲਈ ਪੀ.ਏ.ਯੂ. ਵੱਲੋਂ ਕਣਕ ਜਾਂ ਆਲੂ ਦੀ ਫ਼ਸਲ ਵਿਚ 55 ਕਿੱਲੋ ਡੀ ਏ ਪੀ ਪ੍ਰਤੀ ਏਕੜ ਦੀ ਸਿਫ਼ਾਰਸ਼ ਹੈ। ਜੇਕਰ ਪਰਾਲੀ ਨੂੰ ਖੇਤ ਵਿਚ ਵਾਹਿਆ ਜਾਂਦਾ ਹੈ ਤਾਂ ਇਹ ਵਰਤੋਂ 65 ਕਿੱਲੋ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਮਿੱਟੀ ਪਰਖ ਵਿਚ ਫਾਸਫੋਰਸ ਤੱਤ ਦੀ ਘਾਟ ਨਜ਼ਰ ਆਵੇ ਤਾਂ ਇਹ ਮਾਤਰਾ 25 ਪ੍ਰਤੀਸ਼ਤ ਤੱਕ ਵਧਾਈ ਜਾ ਸਕਦੀ ਹੈ। ਵਧੇਰੇ ਫਾਸਫੋਰਸ ਵਾਲੀਆਂ ਜ਼ਮੀਨਾਂ ਵਿਚ ਡੀ ਏ ਪੀ ਦੀ ਮਾਤਰਾ ੫੦% ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ Stubble Burning ਦੀਆਂ ਘਟਨਾਵਾਂ ਵਿੱਚ ਵਾਧਾ

ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਮਿੱਟੀ ਵਿਚ 9-20 ਕਿਲੋਗ੍ਰਾਮ ਫਾਸਫੋਰਸ ਅਤੇ ਜੈਵਿਕ ਮਾਦਾ 0.6 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਕਣਕ ਨੂੰ ਡੀ ਏ ਪੀ ਪਾਉਣ ਦੀ ਲੋੜ ਨਹੀਂ। ਜਿਨ੍ਹਾਂ ਜ਼ਮੀਨਾਂ ਵਿਚ ਜੈਵਿਕ ਖਾਦਾਂ ਦੀ ਨਿਰੰਤਰ ਵਰਤੋਂ ਕੀਤੀ ਜਾਂਦੀ ਹੋਵੇ ਉਥੇ ਕਣਕ ਵਿਚ ਡੀ ਏ ਪੀ ਦੀ ਮਾਤਰਾ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਇਸ ਤੋਂ ਬਿਨਾਂ ਜਿਨ੍ਹਾਂ ਜ਼ਮੀਨਾਂ ਵਿਚ ਮੁਰਗੀਆਂ ਜਾਂ ਰੂੜੀ ਦੀ ਖਾਦ ਜਾਂ ਗੋਬਰ ਗੈਸ ਦੀ ਸਲਰੀ 2.5 ਟਨ ਪ੍ਰਤੀ ਏਕੜ ਪਾਈ ਜਾਵੇ ਉਹਨਾਂ ਵਿਚ ਵੀ ਡੀਏਪੀ ਦੀ ਮਾਤਰਾ ਅੱਧੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਿੱਥੇ ਕਣਕ ਤੋਂ ਪਹਿਲਾਂ ਆਲੂ ਦੀ ਫ਼ਸਲ ਵਿਚ 10 ਟਨ ਰੂੜੀ ਦੀ ਵਰਤੋਂ ਹੋਈ ਹੋਵੇ ਉਥੇ ਡੀ ਏ ਪੀ ਦੀ ਵਰਤੋਂ ਕਰਨ ਦੀ ਲੋੜ ਨਹੀਂ।

ਡਾ. ਧਨਵਿੰਦਰ ਸਿੰਘ ਨੇ ਕਿਹਾ ਕਿ ਫਾਸਫੋਰਸ ਖਾਦਾਂ ਦੀ ਵਧੇਰੇ ਵਰਤੋਂ ਨਾਲ ਫ਼ਸਲਾਂ ਵਿਚ ਜ਼ਿੰਕ ਦੀ ਘਾਟ ਦੇਖਣ ਵਿਚ ਆਉਂਦੀ ਹੈ। ਉਹਨਾਂ ਕਿਹਾ ਕਿ ਜੇਕਰ ਡੀਏਪੀ ਉਪਲੱਬਧ ਨਾ ਹੋਵੇ ਤਾਂ ਸਿੰਗਲ ਸੁਪਰ ਫਾਸਫੇਟ (16 ਪ੍ਰਤੀਸ਼ਤ ਫਾਰਸਫੋਰਸ) ਜਾਂ ਨਾਈਟ੍ਰੋ ਫਾਸਫੇਟ (20 ਪ੍ਰਤੀਸ਼ਤ ਫਾਸਫੋਰਸ) ਕਣਕ ਨੂੰ ਪਾਇਆ ਜਾ ਸਕਦਾ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Advice to farmers on proper use of DAP

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters