Biogas Plant Technology: ਪੀ.ਏ.ਯੂ. ਨੇ ਅੱਜ ਦਿੱਲੀ ਸਥਿਤ ਇਕ ਗੈਰ ਸਰਕਾਰੀ ਸੰਸਥਾ ਪਾਰਟਨਰਜ਼ ਇਨ ਪਰਾਸਪੈਰਿਟੀ ਨਾਲ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ। ਇਹ ਸਮਝੌਤਾ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ (Biogas Plant) ਹਰ ਰੋਜ਼ 1 ਘਣਮੀਟਰ ਪ੍ਰਤੀ ਦਿਨ ਤੋਂ ਲੈ ਕੇ 25 ਘਣਮੀਟਰ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਸ ਦੇ ਨਾਲ ਹੋਰ ਕੀ ਕੁਝ ਖ਼ਾਸ ਹੈ ਆਓ ਜਾਣਦੇ ਹਾਂ...
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਸਬੰਧਿਤ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਰੇਸ਼ ਚੌਧਰੀ ਨੇ ਇਸ ਸਮਝੌਤੇ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਸਬੰਧਤ ਫਰਮ ਨੂੰ ਇਸ ਬਾਇਓ ਗੈਸ ਪਲਾਂਟ ਦੀ ਤਕਨਾਲੋਜੀ ਦਾ ਵਪਾਰੀਕਰਨ ਕਰਨ ਦਾ ਅਧਿਕਾਰ ਹੋਵੇਗਾ।
ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਹੋਏ ਸਮਝੌਤੇ ਦੌਰਾਨ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਐਸ.ਐਸ. ਸੂਚ ਨੇ ਦੱਸਿਆ ਕਿ ਇੱਟਾਂ ਨਾਲ ਅਜਿਹਾ ਪਲਾਂਟ ਬਣਾਇਆ ਜਾ ਸਕਦਾ ਹੈ। ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁਕਵਾਂ ਹੈ। ਇਸ ਤਰ੍ਹਾਂ ਬਣਾਏ ਜਾਣ ਵਾਲੇ ਬਾਇਓਗੈਸ ਪਲਾਂਟ ਦੀ ਲਾਗਤ ਰਵਾਇਤੀ ਪਲਾਂਟਾਂ ਨਾਲੋਂ 60-70 ਫੀਸਦੀ ਘੱਟ ਹੈ ਅਤੇ ਇਸ ਦੀ ਸਾਂਭ-ਸੰਭਾਲ ਦੀ ਲਾਗਤ ਵੀ ਘੱਟ ਜਾਂਦੀ ਹੈ।
ਇਹ ਵੀ ਪੜ੍ਹੋ : ਕਣਕ ਦੀ ਬਿਜਾਈ ਲਈ ਘੱਟ ਸਿੰਚਾਈ, ਘੱਟ ਨਦੀਨ ਅਤੇ ਘੱਟ ਖਰਚੇ ਵਾਲੀ Technique, ਕਿਸਾਨਾਂ ਨੂੰ ਮੁਨਾਫ਼ਾ ਹੀ ਮੁਨਾਫ਼ਾ
ਇਸ ਮੌਕੇ ਟੈਕਨਾਲੋਜੀ ਮਾਰਕੀਟਿੰਗ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਉਦੇਸ਼ ਕੁਦਰਤੀ ਸਰੋਤਾਂ ਤੋਂ ਪੈਦਾ ਹੋਣ ਵਾਲੀ ਊਰਜਾ ਦੀ ਤਕਨੀਕ ਨਾ ਸਿਰਫ਼ ਕਿਸਾਨ ਭਾਈਚਾਰੇ ਨੂੰ ਸਗੋਂ ਆਮ ਨਾਗਰਿਕਾਂ ਨੂੰ ਵੀ ਮੁਹੱਈਆ ਕਰਵਾਉਣਾ ਹੈ।
Summary in English: Agreement for expansion of fixed dome biogas plant technology