Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਥਾਲੋਜੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇੰਡੀਅਨ ਵੈਟਨਰੀ ਰਿਸਰਚ ਇੰਸਟੀਚਿਊਟ, ਬਰੇਲੀ, ਉਤਰ ਪ੍ਰਦੇਸ਼ ਵਿਖੇ ਹੋਈ ਵੈਟਨਰੀ ਪਥਾਲੋਜੀ ਕਾਨਫਰੰਸ ਵਿਚ ਹਿੱਸਾ ਲਿਆ ਅਤੇ ਕਈ ਸਨਮਾਨ ਹਾਸਿਲ ਕੀਤੇ।
ਡਾ. ਕੁਲਦੀਪ ਗੁਪਤਾ, ਡਾ. ਅਮਰਜੀਤ ਸਿੰਘ, ਡਾ. ਨਰੇਸ਼ ਕੁਮਾਰ ਸੂਦ ਅਤੇ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਕਾਨਫਰੰਸ ਵਿਚ ਮੁਲਕ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 250 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਡਾ. ਪ੍ਰਿਯੰਕਾ ਸਿਆਲ, ਪੀਐਚ.ਡੀ ਖੋਜਾਰਥੀ ਨੂੰ ਪੋਸਟਰ ਪੇਸ਼ਕਾਰੀ ਵਿਚ ਦੂਸਰਾ ਸਨਮਾਨ ਮਿਲਿਆ ਉਨ੍ਹਾਂ ਨੇ ਇਹ ਖੋਜ ਕਾਰਜ ਡਾ. ਨਿਤਿਨ ਦੇਵ, ਗੀਤਾ ਦੇਵੀ, ਕੁਲਦੀਪ ਗੁਪਤਾ ਅਤੇ ਹਰਮਨਜੀਤ ਸਿੰਘ ਬਾਂਗਾ ਨਾਲ ਕੀਤਾ ਸੀ।
ਡਾ. ਸੋਨਮ ਸਰਿਤਾ ਬਲ, ਪੀਐਚ.ਡੀ ਖੋਜਾਰਥੀ ਨੂੰ ਕਲੀਨਿਕਲ ਕੇਸ ਪੇਸ਼ਕਾਰੀ ਵਿਸ਼ੇ ’ਤੇ ਪਹਿਲਾ ਸਨਮਾਨ ਹਾਸਿਲ ਹੋਇਆ। ਉਨ੍ਹਾਂ ਦੀ ਖੋਜ ਵਿਚ ਗੀਤਾ ਦੇਵੀ, ਉਮੇਸ਼ਵਰੀ ਦੇਵੀ, ਮੋਹਨਪ੍ਰਿਯਾ ਅਤੇ ਨਿਤਿਨ ਦੇਵ ਸਿੰਘ ਨੇ ਸਾਥ ਦਿੱਤਾ। ਡਾ. ਰਜਤ ਸੂਦ ਐਮ ਵੀ ਐਸ ਸੀ ਵਿਦਿਆਰਥੀ ਨੂੰ ਇਸੇ ਖੇਤਰ ਵਿਚ ਦੂਸਰਾ ਸਨਮਾਨ ਹਾਸਿਲ ਹੋਇਆ। ਡਾ. ਹਿਮਾਂਸ਼ੂ ਗਰਗ ਨੂੰ ਹੌਸਲਾ ਵਧਾਊ ਇਨਾਮ ਪ੍ਰਾਪਤ ਹੋਇਆ।
ਇਹ ਵੀ ਪੜੋ: ਹੁਣ ਮੱਛੀ 'ਚ ਮਿਲਾਵਟ ਦਾ ਪਤਾ ਲਗਾਉਣਾ ਆਸਾਨ, ਜ਼ਹਿਰੀਲੇ ਕੈਮੀਕਲ ਦਾ ਪਤਾ ਲਗਾਏਗਾ ਇਹ ਸੈਂਸਰ
ਡਾ. ਕੁਲਦੀਪ ਗੁਪਤਾ ਨੇ ਮੁੱਖ ਪੱਤਰ ਪੜ੍ਹਿਆ ਅਤੇ ਯੁਵਾ ਵਿਗਿਆਨੀ ਸਨਮਾਨ ਸੈਸ਼ਨ ਦੀ ਸਹਿ-ਪ੍ਰਧਾਨਗੀ ਵੀ ਕੀਤੀ। ਡਾ. ਨਰੇਸ਼ ਸੂਦ ਨੇ ਵੀ ਪਾਲਤੂ ਜਾਨਵਰਾਂ ਸੰਬੰਧੀ ਮੁੱਖ ਪਰਚਾ ਪੜ੍ਹਿਆ ਅਤੇ ਇਕ ਸੈਸ਼ਨ ਦੀ ਪ੍ਰਧਾਨਗੀ ਕੀਤੀ। ਡਾ. ਕੁਲਦੀਪ ਗੁਪਤਾ ਅਤੇ ਡਾ. ਨਰੇਸ਼ ਸੂਦ ਨੇ ਖੁਰਦਬੀਨ ਸਲਾਈਡਾਂ ਨੂੰ ਵੇਖਣ ਅਤੇ ਸਮਝਣ ਸੰਬੰਧੀ ਵਿਹਾਰਕ ਗਿਆਨ ਵੀ ਸਾਂਝਾ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਸਾਇੰਸ ਕਾਲਜ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Awards received by scientists at the conference on animal disease prevention