Commendable Effort: ਗਰਮੀਆਂ ਵਿੱਚ ਪਾਣੀ ਨੂੰ ਅੰਮ੍ਰਿਤ ਦੇ ਸਮਾਨ ਮੰਨਿਆ ਜਾਂਦਾ ਹੈ, ਜੇਕਰ ਮਨੁੱਖ ਨੂੰ ਪਿਆਸ ਲੱਗਦੀ ਹੈ ਤਾਂ ਉਹ ਬੋਲ ਕੇ ਪਾਣੀ ਮੰਗ ਲੈਂਦਾ ਹੈ, ਪਰ ਮੂਕ ਪਸ਼ੂ ਪੰਛੀਆਂ ਨੂੰ ਪਿਆਸ ਦਾ ਸੰਤਾਪ ਹੰਢਾਉਣਾ ਪੈਂਦਾ ਹੈ, ਹਾਲਾਂਕਿ, ਜਦੋਂ ਉਹ ਪਿਆਸੇ ਹੁੰਦੇ ਹਨ ਤਾਂ ਉਹ ਘਰਾਂ ਦੇ ਦਰਵਾਜ਼ਿਆਂ ਤੱਕ ਆ ਕੇ ਖੜ੍ਹੇ ਹੁੰਦੇ ਹਨ, ਪਰ ਅਜਿਹੇ ਬੇਜ਼ੁਬਾਨ-ਬੇਸਹਾਰਾ ਪਸ਼ੂ-ਪੰਛੀਆਂ ਦੀ ਭਾਸ਼ਾ ਅਕਸਰ ਅਸੀਂ ਸਮਝ ਨਹੀਂ ਪਾਉਂਦੇ। ਕੁਝ ਲੋਕ ਤਾਂ ਇਨ੍ਹਾਂ ਭੁੱਖੇ-ਭਾਣੇ ਪਸ਼ੂ-ਪੰਛੀਆਂ ਨੂੰ ਪੀਣ ਲਈ ਪਾਣੀ ਦੇ ਦਿੰਦੇ ਹਨ, ਪਰ ਕਈ ਲੋਕ ਇਨ੍ਹਾਂ ਨੂੰ ਭਜਾ ਵੀ ਦਿੰਦੇ ਹਨ।
ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਕਿ 50 ਡਿਗਰੀ ਤਾਪਮਾਨ ਵਿੱਚ ਅਸੀਂ ਏ.ਸੀ. ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਤਾਂ ਗਰਮੀ ਤੋਂ ਬਚਾ ਰਹੇ ਹਾਂ ਪਰ ਇਨ੍ਹਾਂ ਪਸ਼ੂ-ਪੰਛੀਆਂ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹੋ ਰਹੇ। ਲੋਕਾਂ ਨੂੰ ਇਸ ਗਰਮੀ ਵਿੱਚ ਪਸ਼ੂਆਂ-ਪੰਛੀਆਂ ਦੀ ਪਿਆਸ ਬੁਝਾਉਣ ਲਈ ਉਪਰਾਲੇ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀ ਵੀ ਸੁਰੱਖਿਆ ਕੀਤੀ ਜਾ ਸਕੇ। ਇਸ ਲੜੀ 'ਚ ਪੀ.ਏ.ਯੂ. ਖੇਤੀਬਾੜੀ ਕਾਲਜ, ਬੱਲੋਵਾਲ ਸੌਖੜੀ ਦੇ ਐਨ.ਐਸ.ਐਸ ਯੂਨਿਟ ਦੀ ਟੀਮ ਅੱਗੇ ਆਈ ਹੈ ਅਤੇ ਪੰਛੀਆਂ ਦੀ ਦੇਖਭਾਲ ਦਾ ਉਪਰਾਲਾ ਸ਼ੁਰੂ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ, ਬੱਲੋਵਾਲ ਸੌਖੜੀ ਦੇ ਐਨ.ਐਸ.ਐਸ. ਯੂਨਿਟ ਵੱਲੋਂ ਤਪਦੀ ਗਰਮੀ ਵਿੱਚ ਪੰਛੀਆਂ ਦੇ ਪੀਣ ਲਈ ਪਾਣੀ ਦਾ ਪ੍ਰੰਬਧ ਕੀਤਾ ਗਿਆ। ਤਪਦੀ ਹੋਈ ਗਰਮੀ ਵਿੱਚ ਇਨਸਾਨਾ ਵਾਂਗ ਪੰਛੀਆਂ ਨੂੰ ਵੀ ਪਾਣੀ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਦੇ ਐਨ.ਐਸ. ਐਸ. ਯੂਨਿਟ ਦੁਆਰਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਪੀ.ਏ.ਯੂ. ਖੇਤੀਬਾੜੀ ਕਾਲਜ ਬੱਲੋਵਾਲ ਸੌਖੜੀ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਇਸ ਕੰਮ ਦੀ ਸਲਾਘਾ ਕੀਤੀ ਅਤੇ ਦੱਸਿਆ ਕਿ ਕੁਦਰਤ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ। ਇਸ ਮੌਕੇ ਐਨ.ਐਸ. ਐਸ. ਪ੍ਰੋਗਰਾਮ ਅਫਸਰ ਡਾ. ਬਾਲ ਕ੍ਰਿਸ਼ਨ ਸੌਪਾਨ ਭੋਪਲੇ ਵੀ ਮੌਜੂਦ ਸਨ। ਉਹਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਪਸ਼ੂ ਪੰਛੀਆਂ ਨੂੰ ਬਚਾਵਾਂਗੇ ਤਾਹੀਓ ਸਾਡੀ ਹੋਂਦ ਸੰਭਵ ਹੈ। ਗਰਮੀ ਦੀ ਰੁੱਤ ਵਿੱਚ ਸਾਨੂੰ ਇਹਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਇਹ ਕੰਮ ਆਪਣੇ ਘਰ ਵਿੱਚ ਕਰਨ ਲਈ ਵੀ ਆਖਿਆ। ਇਸ ਮੌਕੇ ਡਾ. ਸਰਵਣ ਕੁਮਾਰ , ਮਿਸ ਵਿਸ਼ਾਲੀ ਅਤੇ ਐਨ.ਐਸ. ਐਸ. ਯੂਨਿਟ ਦੇ 21 ਵਿਦਿਆਰਥੀ ਮੌਜੂਦ ਸਨ।
ਇਹ ਵੀ ਪੜੋ: Ballowal Saunkhri ਵਿਖੇ ਲਾਇਬ੍ਰੇਰੀ ਅਤੇ ਡਿਜੀਟਲ ਸਰੋਤਾਂ ਦੀ ਵਰਤੋਂ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ
ਕਿਹਾ ਜਾਂਦਾ ਹੈ ਕਿ ਭੁੱਖੇ ਨੂੰ ਭੋਜਨ ਖਵਾਉਣਾ ਅਤੇ ਪਿਆਸੇ ਨੂੰ ਪਾਣੀ ਪਿਲਾਉਣਾ ਪੁੰਨ ਦਾ ਕੰਮ ਹੁੰਦਾ ਹੈ। ਪਰ ਜੇਕਰ ਤੁਸੀਂ ਬੇਜ਼ੁਬਾਨ-ਬੇਸਹਾਰਾ ਭੁੱਖੇ-ਭਾਣੇ ਪੰਛੀਆਂ ਨੂੰ ਭੋਜਨ ਅਤੇ ਪਾਣੀ ਦਿੰਦੇ ਹੋ ਤਾਂ ਤੁਸੀਂ ਇਹ ਕੰਮ ਕਰਕੇ ਬਹੁਤ ਵੱਡੀ ਨੇਕੀ ਕਮਾ ਸਕਦੇ ਹੋ। ਤੁਸੀਂ ਪਾਣੀ ਨਾਲ ਭਰੇ ਬਰਤਨ ਘਰ ਦੇ ਬਾਹਰ ਟੰਗ ਦਿਓ ਜਾਂ ਕੋਈ ਵੱਡਾ ਘੜਾ ਜਾਂ ਡੱਬਾ ਪਾਣੀ ਨਾਲ ਭਰ ਕੇ ਰੱਖੋ, ਜਿਸ ਕਾਰਨ ਪਸ਼ੂ-ਪੰਛੀ ਪਾਣੀ ਨੂੰ ਦੇਖ ਕੇ ਆਕਰਸ਼ਿਤ ਹੋਣ ਅਤੇ ਉਸ ਪਾਣੀ ਨੂੰ ਪੀ ਕੇ ਆਪਣੀ ਪਿਆਸ ਬੁਝਾਉਣ। ਛੱਤ 'ਤੇ ਵੀ ਪਾਣੀ ਦਾ ਇੰਤਜ਼ਾਮ ਕਰੋ, ਛਾਂਦਾਰ ਜਗ੍ਹਾ ਬਣਾਓ ਅਤੇ ਉੱਥੇ ਪਾਣੀ ਨਾਲ ਭਰੇ ਬਰਤਨ ਰੱਖੋ। ਪੰਛੀਆਂ ਲਈ ਚਾਰੇ ਦਾ ਇੰਤਜ਼ਾਮ ਕਰੋ ਜਿਵੇਂ ਕਿ ਛੋਲੇ, ਚੌਲ, ਜਵਾਰ, ਕਣਕ ਆਦਿ ਦਾ ਘਰ ਦੀਆਂ ਛੱਤਾਂ 'ਤੇ ਹੀ ਉਪਲਬਧ ਕਰਵਾਓ।
Summary in English: Birds Lover: NSS UNIT came forward to help the helpless birds, arranged drinking water for the birds.